ਰਵੀ ਕੰਵਰ
(ਭਾਰਤ ਵਿਚ, ਪਿਛਲੇ ਕੁੱਝ ਕੁ ਸਾਲਾਂ ‘ਚ ਅਜਿਹੇ ਅਦਾਲਤੀ ਫੈਸਲੇ ਸੁਣਾਏ ਗਏ ਹਨ ਜਿਨ੍ਹਾਂ ਤੋਂ ਦੇਸ਼ ਦੇ ਪ੍ਰਗਤੀਸ਼ੀਲ ਹਲਕਿਆਂ ਨੂੰ ਡਾਢੀ ਨਿਰਾਸ਼ਾ ਹੋਈ ਹੈ ਅਤੇ ਫਿਰਕੂ-ਫਾਸ਼ੀ ਤਾਕਤਾਂ ਦੀ ਚੜ੍ਹ ਮਚੀ ਹੈ। 6 ਦਸੰਬਰ 1992 ਨੂੰ ਬਾਬਰੀ ਮਸਜਿੱਦ ਢਾਹੁਣ ਦੇ ਦੋਸ਼ੀਆਂ ਨੂੰ ਸਾਫ਼ ਬਰੀ ਕਰਨ ਵਾਲਾ ਸੀਬੀਆਈ ਅਦਾਲਤ ਦਾ ਫ਼ੈਸਲਾ ਉਕਤ ਕੜੀ ਦਾ ਸਭ ਤੋਂ ਅਚੰਭਾਜਨਕ ਫੈਸਲਾ ਹੈ। ਪਰ ਇਸੇ ਸਮੇਂ ਯੂਰੋਪ ਦੇ ਦੇਸ਼ ਗ੍ਰੀਸ ਵਿਖੇ ਉਥੋਂ ਦੀ ਇਕ ਅਦਾਲਤ ਦਾ ਫ਼ੈਸਲਾ ਸ਼ਲਾਘਾਯੋਗ ਵੀ ਹੈ ਅਤੇ ਰਾਹ ਵਿਖਾਵਾ ਵੀ। ਆਓ ਦੇਖੀਏ ਕੀ ਹੈ ਉਕਤ ਫ਼ੈਸਲਾ।)
ਯੂਰਪੀ ਮਹਾਂਦੀਪ ਦੇ ਦੇਸ਼ ਗ੍ਰੀਸ ਵਿਖੇ ਉਥੋਂ ਦੀ ਇਕ ਅਦਾਲਤ ਨੇ 7 ਅਕਤੂਬਰ ਨੂੰ ਇਕ ਫੈਸਲਾ ਦਿੰਦੇ ਹੋਏ ਧੁਰ-ਕੌਮਪ੍ਰਸਤ, ਸੱਜ ਪਿਛਾਖੜੀ ਤੇ ਫਾਸ਼ੀਵਾਦੀ ਪਾਰਟੀ ‘ਗੋਲਡਨ ਡਾਅਨ’ ਦੇ ਮੈਂਬਰਾਂ ਨੂੰ ਗ੍ਰੀਕ ਸੰਗੀਤਕਾਰ ਪਾਵਲੋਸ ਫਿਸੋਸ ਦੇ ਕਤਲ ਦੇ ਦੋਸ਼ੀ ਠਹਿਰਾਇਆ ਹੈ। ਇਸ ਇਤਿਹਾਸਕ ਫੈਸਲੇ ਵਿਚ ਹੀ ਇਸ ਨਵ-ਨਾਜ਼ੀਵਾਦੀ ਪਾਰਟੀ ਨੂੰ ਕੋਰਟ ਨੇ ਇਕ ਅਪਰਾਧਿਕ ਜਥੇਬੰਦੀ ਵੀ ਐਲਾਨਿਆ ਹੈ। ਖੱਬੇ ਪੱਖੀ ਸੰਗੀਤਕਾਰ ਫਿਸੋਸ ਦਾ ਕਤਲ 2013 ਵਿਚ ਇਸ ਫਾਸ਼ੀਵਾਦੀ ਪਾਰਟੀ ਦੇ ਮੈਂਬਰ ਜਿਉਗੋਸ ਰੌਪਾਕਿਯਾਸ ਨੇ ਦੇਸ਼ ਦੇ ਕੇਰਾਟਸਿਨੀ ਸ਼ਹਿਰ ਵਿਚ ਕਰ ਦਿੱਤਾ ਸੀ। ਇਸੇ ਅਦਾਲਤ ਵਿਚ ‘ਗੋਲਡਨ ਡਾਅਨ’ ਦੇ ਮੈਂਬਰਾਂ ‘ਤੇ ਪ੍ਰਵਾਸੀ ਮਛੁਆਰਿਆਂ ਅਤੇ ਖੱਬੇ ਪੱਖੀ ਟਰੇਡ ਯੂਨੀਅਨ ਪੀ.ਏ.ਐਮ.ਈ. ਦੇ ਕਾਰਕੁੰਨਾਂ ‘ਤੇ ਕੀਤੇ ਗਏ ਹਿੰਸਕ ਹੁਜ਼ੂਮੀ ਹਮਲਿਆਂ ਬਾਰੇ ਵੀ ਕੇਸ ਚਲ ਰਹੇ ਹਨ।
ਅਦਾਲਤ ਨੇ ਜਿੱਥੇ ਜਿਉਗੋਸ ਰੌਪਾਕਿ ਯਾਸ ਨੂੰ ਪਾਵਲੋਸ ਫਿਸੋਸ ਦੇ ਕਤਲ ਦਾ ਦੋਸ਼ੀ ਗਰਦਾਨਿਆ ਹੈ ਉਥੇ ਹੀ ‘ਗੋਲਡਨ ਡਾਅਨ’ ਦੇ 15 ਹੋਰ ਮੈਂਬਰਾਂ ਨੂੰ ਸਾਜਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ੀ ਵੀ ਠਹਿਰਾਇਆ ਹੈ। ਅਤੇ ਨਾਲ ਹੀ ਇਸ ਪਾਰਟੀ ਦੇ ਮੁੱਖ ਆਗੂ ਨਿਕੋਲ ਮਿਕਾਲਿਉਕੋਸ ਤੇ ਸਾਬਕਾ ਸੰਸਦ ਮੈਂਬਰਾਂ ਇਲੀਆਸ ਕਾਸੀਦਿਰਸ, ਲੋਆਨਿਸ ਲਾਗੋਸ, ਕ੍ਰਿਸਟੋਸ ਪਾਪਾਸ, ਜਿਉਗੌਸ ਜਰਮੇਨਿਸ ਆਦਿ ਨੂੰ ਇਕ ਅਪਰਾਧਿਕ ਜਥੇਬੰਦੀ ਚਲਾਉਣ ਦਾ ਦੋਸ਼ੀ ਠਹਿਰਾਇਆ ਹੈ। ਗੋਲਡਨ ਡਾਅਨ ਦੇ 5 ਮੈਂਬਰਾਂ ਨੂੰ ਪ੍ਰਵਾਸੀ ਮਛੁਆਰਿਆਂ ‘ਤੇ ਕਾਤਲਾਨਾ ਹਮਲੇ ਅਤੇ 4 ਮੈਂਬਰਾਂ ਨੂੰ ਕਮਿਊਨਿਸਟ ਕਾਰਕੁੰਨਾਂ ਤੇ ਪੀ.ਏ.ਐਮ.ਈ. ਕਾਰਕੁੰਨਾਂ ‘ਤੇ ਹਮਲੇ ਦਾ ਦੋਸ਼ੀ ਠਹਿਰਾਇਆ ਗਿਆ ਹੈ। ਗੋਲਡਨ ਡਾਅਨ ਪਾਰਟੀ ਦੇ ਕੁੱਲ 68 ਮੈਂਬਰਾਂ ਨੂੰ ਵੱਖ-ਵੱਖ ਕੇਸਾਂ ਵਿਚ ਦੋਸ਼ੀ ਐਲਾਨਿਆ ਗਿਆ ਹੈ। ਇਨ੍ਹਾਂ ਨੂੰ ਘੱਟ-ਘੱਟ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਅਦਾਲਤ ਵਲੋਂ ਕੁੱਝ ਹੋਰ ਦਿਨ ਕਾਨੂੰਨੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਵਿਚ ਲੱਗਣਗੇ, ਉਸਤੋਂ ਬਾਅਦ ਸਜ਼ਾਵਾਂ ਬਾਰੇ ਫੈਸਲਾ ਦਿੱਤਾ ਜਾਵੇਗਾ।
ਇੱਥੇ ਇਹ ਵਰਣਨਯੋਗ ਹੈ ਕਿ ‘ਗੋਲਡਨ ਡਾਅਨ’ ਇਕ ਨਵ-ਨਾਜ਼ੀਵਾਦੀ, ਫਾਸ਼ੀਵਾਦੀ ਰਾਜਨੀਤਕ ਪਾਰਟੀ ਸੀ। ਜਿਸਦੀ ਸਥਾਪਨਾ ਜਰਮਨ ਤਾਨਾਸ਼ਾਹ ਹਿਟਲਰ ਦੀ ਵਿਚਾਰਧਾਰਾ ਨਾਜ਼ੀਵਾਦ ਤੋਂ ਪ੍ਰੇਰਤ ਹੋਕੇ 1985 ਵਿਚ ਕੀਤੀ ਗਈ ਸੀ। 1920 ਵਿਚ ਹਿਟਲਰ ਨੇ ਜਰਮਨੀ ਵਿਚ ‘ਨੈਸ਼ਨਲ ਸੋਸ਼ਲਿਸਟ ਜਰਮਨ ਪਾਰਟੀ’ ਦੀ ਸਥਾਪਨਾ ਕੀਤੀ ਸੀ। ਇਸ ਵਿਚ ਦੇਸ਼ ਦੇ ਮਜ਼ਦੂਰਾਂ-ਮਿਹਨਤਕਸ਼ਾਂ ਨੂੰ ਪ੍ਰਭਾਵਤ ਕਰਨ ਲਈ ਸੋਸ਼ਲਿਸਟ ਸ਼ਬਦ ਸ਼ਾਮਲ ਕੀਤਾ ਗਿਆ ਸੀ, ਪ੍ਰੰਤੂ ਵਿਚਾਰਧਾਰਕ ਤੌਰ ‘ਤੇ ਇਹ ਇਕ ਸੱਜ-ਪਿਛਾਖੜੀ ਵਿਚਾਰਧਾਰਾ ਨਾਜ਼ੀਵਾਦ, ਦੀ ਪੈਰੋਕਾਰ ਸੀ, ਜਿਹੜਾ ਕਿ ਫਾਸ਼ੀਵਾਦ ਦਾ ਇਕ ਰੂਪ ਹੈ। ਇਹ ਆਰੀਅਨ ਨਸਲ ਦੀ ਸ਼ੁੱਧਤਾ ਦੀ ਅਲੰਬਰਦਾਰ, ਯਹੂਦੀ ਵਿਰੋਧੀ, ਕਮਿਉਨਿਸਟ ਵਿਰੋਧੀ ਪਾਰਟੀ ਸੀ। ਜਿਸਨੇ ਲੱਖਾਂ ਯਹੂਦੀਆਂ ਨੂੰ ਆਰੀਅਨ ਨਸਲ ਦੀ ਸ਼ੁੱਧਤਾ ਕਾਇਮ ਰੱਖਣ ਦੇ ਨਾਂਅ ਉਤੇ ਗੈਸ ਚੈਂਬਰਾਂ ਵਿਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਾਡੇ ਦੇਸ਼ ਵਿਚ ਵੀ ਆਰ.ਐਸ.ਐਸ., ਜਿਸਦਾ ਰਾਜਨੀਤਕ ਵਿੰਗ ਬੀ.ਜੇ.ਪੀ. ਕੇਂਦਰ ਵਿਚ ਸੱਤਾ ‘ਤੇ ਕਾਬਜ ਹੈ, ਹਿਟਲਰ ਦੀ ਨਾਜ਼ੀਵਾਦੀ ਵਿਚਾਰਧਾਰਾ ਤੋਂ ਪ੍ਰੇਰਣਾ ਲੈਂਦੀ ਹੈ। ਜਿਵੇਂ ਨਾਜ਼ੀਵਾਦ ਵਿਚ ਯਹੂਦੀਆਂ ਨੂੰ ਨਸਲੀ ਸ਼ੁੱਧਤਾ ਲਈ ਖਤਰਾ ਮੰਨਿਆ ਜਾਂਦਾ ਹੈ ਉਸੇ ਤਰ੍ਹਾਂ ਆਰ.ਐਸ.ਐਸ. ਵੀ ਮੁਸਲਮਾਨਾਂ ਅਤੇ ਦੂਸਰੀਆਂ ਘੱਟ ਗਿਣਤੀਆਂ ਨੂੰ ਦੇਸ਼ ਵਿਚ ਦੂਜੇ ਦਰਜੇ ਦੇ ਸ਼ਹਿਰੀ ਬਣਾਉਣ ਵਿਚ ਵਿਸ਼ਵਾਸ ਰੱਖਦੀ ਹੈ ਅਤੇ ਆਰੀਅਨ ਨਸਲ ਦੀ ਸ਼ੁੱਧਤਾ ਤੇ ਹਿੰਦੂ ਰਾਸ਼ਟਰ ਦੀ ਕਾਇਮੀ ਦੀ ਪੈਰੋਕਾਰ ਹੈ।
ਜਿਵੇਂ ਸਾਡੇ ਦੇਸ਼ ਵਿਚ ਬੀ.ਜੇ.ਪੀ. 2014 ਵਿਚ ਕਾਂਗਰਸ ਸਰਕਾਰ ਦੇ ਅੱਤ ਦੇ ਭਰਿਸ਼ਟਾਚਾਰ ਤੇ ਨਵਉਦਾਰਵਾਦੀ ਆਰਥਕ ਨੀਤੀਆਂ ਕਰਕੇ ਫੈਲੀ ਮਹਿੰਗਾਈ ਤੇ ਬੇਰੁਜ਼ਗਾਰੀ ਦਾ ਲਾਹਾ ਲੈ ਕੇ ਸੱਤਾ ‘ਤੇ ਕਾਬਜ਼ ਹੋਈ ਸੀ ਉਸੇ ਤਰ੍ਹਾਂ 2009 ਤੋਂ ਸ਼ੁਰੂ ਹੋਏ ਗ੍ਰੀਕ ਕਰਜ਼ਾ ਸੰਕਟ ਦਾ ਲਾਹਾ ਲੈ ਕੇ ‘ਗੋਲਡਨ ਡਾਅਨ’ ਦੇਸ਼ ਦੀ 300 ਮੈਂਬਰੀ ਸੰਸਦ ਵਿਚ 21 ਸੀਟਾਂ ਹਾਸਲ ਕਰਨ ਵਿਚ ਸਫਲ ਹੋਈ ਸੀ ਅਤੇ ਦੇਸ਼ ਦੀ ਸਭ ਤੋਂ ਵੱਡੀ ਤੀਜੀ ਪਾਰਟੀ ਦਾ ਰੁਤਬਾ ਹਾਸਲ ਕਰ ਗਈ ਸੀ। ਪ੍ਰੰਤੂ, ਯੂਰਪ ਦੇ ਲੋਕ ਹਿਟਲਰ ਦੇ ਨਾਜ਼ੀਵਾਦ ਤੇ ਫਾਸ਼ੀਵਾਦ ਦੇ ਪ੍ਰਕੋਪ ਨੂੰ ਆਪਣੇ ਹੱਡੀਂ ਹੰਢਾਅ ਚੁੱਕੇ ਹਨ। 1941 ਵਿਚ ਹਿਟਲਰ ਦੀਆਂ ਫੌਜਾਂ ਨੇ ਗ੍ਰੀਸ ‘ਤੇ ਕਬਜਾ ਕਰ ਲਿਆ ਸੀ। ਇਸੇ ਲਈ ਉਹ ਇਸ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਹਨ। ਇਨ੍ਹਾਂ ਜਨ ਭਾਵਨਾਵਾਂ ਕਰਕੇ ਹੀ 2019 ਦੀਆਂ ਚੋਣਾਂ ਵਿਚ ‘ਗੋਲਡਨ ਡਾਅਨ’ ਇਕ ਵੀ ਸੀਟ ਜਿੱਤਣ ਵਿਚ ਸਫਲ ਨਹੀਂ ਸੀ ਰਹੀ। ਅਤੇ ਹੁਣ ਇਹ ਪਾਰਟੀ ਆਪਣੀ ਹੋਂਦ ਦੇ ਖਾਤਮੇਂ ਦੇ ਕੰਢੇ ‘ਤੇ ਪਹੁੰਚ ਗਈ ਹੈ।
ਗ੍ਰੀਸ ਵਿਚ ਨਾਜ਼ੀਵਾਦੀਆਂ ਵਿਰੁੱਧ ਚੱਲ ਰਹੇ ਇਨ੍ਹਾਂ ਮੁਕੱਦਮਿਆਂ ਦੌਰਾਨ ਐਨਾ ਨਾਜ਼ੀਵਾਦ-ਵਿਰੋਧੀ ਉਭਾਰ ਸੀ ਕਿ 7 ਅਕਤੂਬਰ ਬੁੱਧਵਾਰ ਨੂੰ ਇਸ ਮੁਕੱਦਮੇਂ ਦਾ ਫੈਸਲਾ ਆਉਣ ਤੋਂ ਪਹਿਲਾਂ ਸਵੇਰ ਤੋਂ ਹੀ ਦੇਸ਼ ਦੀ ਰਾਜਧਾਨੀ ਏਥੰਸ ਵਿਖੇ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ, ਜਿਹੜਾ ਵਿਸ਼ਾਲ ਰੈਲੀ ਦਾ ਰੂਪ ਅਖਤਿਆਰ ਕਰ ਗਿਆ। ਇਸੇ ਤਰ੍ਹਾਂ ਦੇਸ਼ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਥੇਸਾਲੋਇੰਕੀ, ਅਗਰੀਨੀਓ, ਆਰਤਾ, ਵੋਲੋਸ, ਲੋਆਨਿੰਨ, ਜਾਕਇਨਥੋਸ, ਲਗੌਮੇਨੀ ਤਸਾ, ਇਕਾਰੀਆ, ਕੇਰਾਟਸਿਨੀ, ਕੋਜ਼ਾਨੀ, ਸੇਫਾਲੋਨੀਆਂ, ਲਾਰੀਸਾ, ਪਾਤਰਾਸ, ਪਯਰਗੋਸ, ਸਾਮੋਸ, ਸਾਂਤੋਰੀਨੀ, ਸਾਇਰਰੋਸ, ਟ੍ਰਿਕਾਲਾ, ਤ੍ਰੀਪੋਲੀ ਤੇ ਚਾਨੀਆ ਵਿਚ ਵੀ ਹੋਈਆਂ ਰੈਲੀਆਂ ਵਿਚ ਹਜ਼ਾਰਾਂ ਲੋਕਾਂ ਨੇ ਨਵ-ਨਾਜ਼ੀਵਾਦ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ‘ਗੋਲਡਨ ਡਾਅਨ’ ਦੇ ਨਾਜ਼ੀਵਾਦੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਇਨ੍ਹਾਂ ਰੈਲੀਆਂ ਵਿਚ ਪਾਵਲੋਸ ਫਿਸੋਸ ਸਮੇਤ ਨਾਜ਼ੀਵਾਦੀਆਂ ਦੀ ਹਿੰਸਾ ਦਾ ਸ਼ਿਕਾਰ ਲੋਕਾਂ ਨੂੰ ਸ਼ਰਧਾਂਜਲੀਆਂ ਅਰਪਿਤ ਕਰਦਿਆਂ ਯਾਦ ਵੀ ਕੀਤਾ ਗਿਆ।
ਕੋਰਟ ਦੇ ਬਾਹਰ ਵੀ ਹਜ਼ਾਰਾਂ ਲੋਕ ਅਦਾਲਤ ਦਾ ਫੈਸਲਾ ਸੁਣਨ ਲਈ ਇਕੱਠੇ ਸਨ। ਜਿਵੇਂ ਹੀ ਤਿੰਨ ਮੈਂਬਰੀ ਜਿਊਰੀ ਨੇ ਫੈਸਲਾ ਸੁਣਾਇਆ ਉਥੇ ਹਾਜ਼ਰ ਲੋਕਾਂ ਨੇ ਖੁਸ਼ੀਆਂ ਮਨਾਈਆਂ।
ਇਸ ਫੈਸਲੇ ਦਾ ਲਗਭਗ ਦੇਸ਼ ਦੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸਮਰਥਨ ਕੀਤਾ। ਦੇਸ਼ ਦੀ ਰਾਸ਼ਟਰਪਤੀ ਕਟੇਰੀਨਾ ਸਾਕਾਲਾਰੋਪੌਲੋ ਨੇ ਕਿਹਾ ”ਫੈਸਲੇ ਦਾ ਦਿਨ ਜਮਹੂਰੀਅਤ ਲਈ ਇਕ ਮਹੱਤਵਪੂਰਨ ਦਿਨ ਹੈ ਅਤੇ ਇਹ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਗ੍ਰੀਕ ਅਦਾਰੇ ਉਨ੍ਹਾਂ ਨੂੰ ਢਾਅ ਲਾਉਣ ਦੇ ਕਿਸੇ ਵੀ ਯਤਨ ਨੂੰ ਨਾਕਾਮ ਕਰ ਸਕਦੇ ਹਨ।”
ਦੇਸ਼ ਦੇ ਨਸਲਵਾਦ ਵਿਰੋਧੀ ਉਘੇ ਕਾਰਕੁੰਨ ਪੈਟਰੋਸ ਕੋਨਸਟਾਂਟੀਨੌ ਨੇ ਇਸ ਫੈਸਲੇ ਨੂੰ ਇਤਿਹਾਸਕ ਗਰਦਾਨਦੇ ਹੋਏ ਕਿਹਾ ”ਗੋਲਡਨ ਡਾਅਨ ਖਤਮ ਹੋ ਗਈ ਹੈ। ਅੱਜ ਲੋਕਾਂ ਦੇ ਉਤਸ਼ਾਹ ਤੇ ਖੁਸ਼ੀ ਦੀ ਲਹਿਰ ਤੋਂ ਉਹ ਸਮਾਂ ਯਾਦ ਆ ਗਿਆ ਜਦੋਂ ਲੋਕਾਈ ਨੇ ਨਾਜ਼ੀਆਂ ਤੋਂ ਏਥੰਸ ਨੂੰ ਆਜ਼ਾਦੀ ਮਿਲਣ ਸਮੇਂ ਜਸ਼ਨ ਮਨਾਏ ਸਨ। ਅੱਜ ਦਾ ਦਿਨ ਮਹਾਨ ਹੈ।”
ਖੱਬੇ ਪੱਖੀ ਪਾਰਟੀ ‘ਸਾਏਰੀਜ਼ਾ’ ਦੇ ਮੁੱਖੀ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਲੈਕਸਿਸ ਸਿਪਰਾਸ, ਜਿਹੜੇ ਕਿ ਕੋਰਟ ਦੇ ਬਾਹਰ ਜਮ੍ਹਾਂ ਲੋਕਾਂ ਦੀ ਭੀੜ ਵਿਚ ਸਾਮਲ ਸਨ ਨੇ ਕਿਹਾ ”ਕਈ ਸਾਲਾਂ ਤੱਕ ਗ੍ਰੀਕ ਸਮਾਜ ਵਿਚ ਨਫਰਤ ਦੇ ਬੀਜ ਬੀਜਣ ਤੇ ਕਾਤਲਾਨਾ ਹਮਲੇ ਕਰਨ ਵਾਲੇ ‘ਗੋਲਡਨ ਡਾਅਨ’ ਦੇ ਜਨੂਨੀਆਂ ਨੂੰ ਹੁਣ ਆਖਰਕਾਰ ਨਿਆਂ ਦਾ ਸਾਹਮਣਾ ਕਰਨਾ ਹੀ ਪਿਆ ਹੈ। ਉਹ ਮਾਸੂਮ ਨਹੀਂ ਹਨ।”
ਗ੍ਰੀਸ ਦੇ ਯਹੂਦੀ ਭਾਈਚਾਰੇ ਦੇ ਕੇਂਦਰੀ ਬੋਰਡ ਨੇ ਇਸ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਕਿਹਾ ”ਇਹ ਫੈਸਲਾ ਨਵ-ਨਾਜ਼ੀਵਾਦ ਨੂੰ ਢਾਹ ਲਾਉਂਦਾ ਹੈ ਅਤੇ ਦੇਸ਼ ਵਿਚ ਜਮਹੂਰੀਅਤ ਨੂੰ ਬੱਲ ਪ੍ਰਦਾਨ ਕਰਦਾ ਹੈ। ਪਰ ਇਹ ਸਮਾਂ ਅਵੇਸਲੇ ਹੋਣ ਦਾ ਨਹੀਂ ਹੈ।” ਇੱਥੇ ਇਹ ਵੀ ਵਰਨਣਯੋਗ ਹੈ ਕਿ 1942 ਤੋਂ 1944 ਤੱਕ ਹਿਟਲਰ ਦੀਆਂ ਫੌਜਾਂ ਅਧੀਨ ਰਹਿਣ ਦੌਰਾਨ ਗ੍ਰੀਸ ਦੇ ਲਗਭਗ ਸਾਰੇ ਹੀ ਯਹੂਦੀ ਭਾਈਚਾਰੇ ਨੂੰ ਗੈਸ ਚੈਂਬਰਾਂ ਵਿਚ ਧੱਕਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । ਇਸ ਕਾਲ ਦੌਰਾਨ ਕਮਿਉਨਿਸਟਾਂ ਤੇ ਹੋਰ ਜਮਹੂਰੀ ਸ਼ਕਤੀਆਂ ਨੇ ਇਸਦਾ ਡੱਟਕੇ ਪ੍ਰਤੀਰੋਧ ਕੀਤਾ ਸੀ। ਇਸੇ 5 ਅਕਤੂਬਰ ਨੂੰ ਵੀ ਨਵ-ਨਾਜ਼ੀਵਾਦੀਆਂ ਦੇ ਇਕ ਟੋਲੇ ਨੇ ਰਾਤ ਦੇ ਹਨੇਰੇ ਵਿਚ ਏਥੰਸ ਦੇ ਯਹੂਦੀ ਕਬਰਿਸਤਾਨ ਦੀ ਬੇਹੁਮਤੀ ਕੀਤੀ ਸੀ ਅਤੇ ਕੰਧਾਂ ‘ਤੇ ਨਾਜ਼ੀਵਾਦੀ ਨਾਅਰੇ ਲਿਖ ਦਿੱਤੇ ਸਨ।
ਕਮਿਊਨਿਸਟ ਪਾਰਟੀ ਆਫ ਗਰੀਸ (ਕੇ.ਕੇ.ਈ.) ਦੇ ਜਨਰਲ ਸਕੱਤਰ ਸਾਥੀ ਦਮਿਤਰੀ ਕੌਟਸੌਂਬਾਸ ਨੇ ਇਸ ਫੈਸਲੇ ਬਾਰੇ ਪ੍ਰਤੀਕਰਮ ਦਿੰਦਿਆਂ ਕਿਹਾ ”ਅਦਾਲਤ ਨੇ ਸੱਚਾਈ ਤੋਂ ਸੇਧ ਲੈਂਦੇ ਹੋਏ ਗਵਾਹੀਆਂ ਦੇ ਆਧਾਰ ‘ਤੇ ਅੱਜ ‘ਗੋਲਡਨ ਡਾਅਨ’ ਦੇ ਮੈਂਬਰ ਕਾਤਲਾਂ ਨੂੰ ਦੋਸ਼ੀ ਠਹਿਰਾ ਦਿੱਤਾ ਹੈ। ਦੋਸ਼ੀਆਂ ਨੂੰ ਮਿਸਾਲੀ ਸਜਾ ਹੋਣੀ ਚਾਹੀਦੀ ਹੈ, ਜਿਹੜੀ ਕਿ ਕਾਨੂੰਨ ਮੁਤਾਬਕ ਸਭ ਤੋਂ ਵਧੇਰੇ ਕੈਦ ਉਨ੍ਹਾਂ ਨੂੰ ਜੇਲ੍ਹ ਭੇਜਦਿਆਂ ਹੋਇਆਂ, ਹੋ ਸਕਦੀ ਹੈ। ਮੁਕੱਦਮੇਂ ਦੇ ਦੌਰਾਨ ਇਨ੍ਹਾਂ ਦੇ ਨਾਜ਼ੀਆਂ ਨਾਲ ਸੰਬੰਧ ਵੀ ਉਜਾਗਰ ਹੋਏ, ਜਿਹੜੇ ਕਿ ਉਨ੍ਹਾਂ ਨੂੰ ਹੋਰ ਵਧੇਰੇ ਖਤਰਨਾਕ ਬਣਾ ਦਿੰਦੇ ਹਨ। ਸਜ਼ਾ ਦੇਣ ਦੇ ਮਾਮਲੇ ਵਿਚ ਕੋਈ ਵੀ ਲਾਪਰਵਾਹੀ ਜਾਂ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ। ਮੁੱਖ ਗੱਲ ਇਹ ਹੈ ਕਿ ਨਾਜ਼ੀਵਾਦ ਤੇ ਫਾਸ਼ੀਵਾਦ ਨੂੰ ਜਨਮ ਦੇਣ ਵਾਲੀ ਵਿਵਸਥਾ ਨੂੰ ਤਬਾਹ ਕਰਦੇ ਹੋਏ ਇਸ ਬੁਰਾਈ ਨੂੰ ਜੜ੍ਹੋਂ ਪੁੱਟ ਸੁੱਟਣਾ ਚਾਹੀਦਾ ਹੈ।”
ਗ੍ਰੀਸ ਦੀ ਰਾਜਧਾਨੀ ਏਥੰਸ ਦੀ ਅਦਾਲਤ ਵਿਚ ਨਾਜ਼ੀਵਾਦ ਵਿਰੁੱਧ ਚੱਲਿਆ ਇਹ ਮੁਕੱਦਮਾ ਹਿਟਲਰ ਦੇ ਪਤਨ ਤੋਂ ਬਾਅਦ ਨਾਜ਼ੀਆਂ ਵਿਰੁੱਧ ਚੱਲੇ ‘ਨਿਉਰਮਬਰਗ ਟਰਾਇਲਜ਼’ ਮੁਕੱਦਮਿਆਂ ਤੋਂ ਬਾਅਦ ਦਾ ਸੱਭ ਤੋਂ ਵੱਡਾ ਤੇ ਇਤਿਹਾਸਕ ਮੁਕੱਦਮਾ ਹੈ, ਅਤੇ ਦਿੱਤਾ ਗਿਆ ਫੈਸਲਾ ਵੀ ਬਹੁਤ ਮਹਤਵਪੂਰਣ ਹੈ। ਯਕੀਨਨ ਹੀ ਇਹ ਯੂਰਪ ਵਿਚ ਹੀ ਨਹੀਂ ਬਲਕਿ ਸਾਰੀ ਦੁਨੀਆਂ ਵਿਚ ਨਾਜ਼ੀਵਾਦੀਆਂ, ਫਾਸ਼ੀਵਾਦੀਆਂ ਤੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਵਾਲੇ ਅੰਨ੍ਹੇ ਕੌਮਪ੍ਰਸਤਾਂ ਨੂੰ ਭਾਰੀ ਸੱਟ ਮਾਰੇਗਾ ਅਤੇ ਸੰਸਾਰ ਭਰ ਵਿਚ ਜਮਹੂਰੀਅਤ ਨੂੰ ਹੋਰ ਵਧੇਰੇ ਪ੍ਰਫੁੱਲਤ ਕਰੇਗਾ।