Now Reading
ਕੌਮਾਂਤਰੀ ਪਿੜ : ਸੰਗਰਾਮੀ ਲਹਿਰ-ਦਸੰਬਰ 2020

ਕੌਮਾਂਤਰੀ ਪਿੜ : ਸੰਗਰਾਮੀ ਲਹਿਰ-ਦਸੰਬਰ 2020

ਰਵੀ ਕੰਵਰ
‘ਅੱਤਵਾਦ ਵਿਰੁੱਧ ਅਖੌਤੀ ਅਮਰੀਕੀ ਜੰਗ’ ਸੰਸਾਰ ਦਾ ਉਜਾੜਾ
ਅਮਰੀਕੀ ਫੌਜਾਂ ਵਲੋਂ ਨਿਉਯਾਰਕ ਸ਼ਹਿਰ ਦੇ ਵਰਲਡ ਟਰੇਡ ਸੈਂਟਰ ਦੀ ਬਿਲਡਿੰਗ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੁਨੀਆਂ ਭਰ ਵਿਚ ‘ਅੱਤਵਾਦ ਵਿਰੁੱਧ ਜੰਗ’ ਦੇ ਨਾਂਅ ਉਤੇ ਚਲਾਈ ਗਈ ਜੰਗੀ ਮੁਹਿੰਮ ਬਾਰੇ ਅਮਰੀਕਾ ਦੀ ਬਰਾਉਨ ਯੂਨੀਵਰਸਿਟੀ ਵਲੋਂ ਕੀਤਾ ਗਿਆ ਅਧਿਐਨ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹੈ।
ਅਮਰੀਕੀ ਸਾਮਰਾਜ ਵਲੋਂ 9 ਸਿਤੰਬਰ 2001 ਨੂੰ ਇਸ ਅੱਤਵਾਦੀ ਹਮਲੇ ਤੋਂ ਬਾਅਦ ਸ਼ੁਰੂ ਕੀਤੀ ਗਈ ਜੰਗ ਦੀ ਲਾਗਤ ਤੇ ਇਸਦੇ ਵਿਆਪਕ ਪੱਧਰ ‘ਤੇ ਨਿਕਲੇ ਘਾਤਕ ਪਰਿਣਾਮਾਂ ਦਾ ਆਕਲਨ ਕਰਦੀ ਇਸ ਰਿਪੋਰਟ ਦਾ ਸਿਰਲੇਖ ਹੀ ”ਪਨਾਹਗੀਰ ਸਿਰਜਣਾ : ਅਮਰੀਕਾ ਦੀਆਂ 9/11 ਤੋਂ ਬਾਅਦ ਦੀਆਂ ਜੰਗਾਂ ਦੇ ਸਿੱਟੇ ਵਜੋਂ ਹੋਇਆ ਉਜਾੜਾ” (Creating Refugees : Displacement Caused by the United States’ post 9/11 wars) ਹੈ।
ਇਸ ਅਧਿਐਨ ਦਾ ਸੰਖੇਪ ਰੂਪ ‘ਜਾਕੋਬੀਨ’ ਮੈਗਜ਼ੀਨ ਵਿਚ ਛਪਿਆ ਹੈ, ਜਿਸ ਮੁਤਾਬਕ ਅਮਰੀਕੀ ਸਾਮਰਾਜ ਵਲੋਂ ਇਹ ਜੰਗ ਅਨੇਕਾਂ ਦੇਸ਼ਾਂ ਵਿਚ ਲੜੀ ਗਈ ਜਿਸ ਨਾਲ ਮੋਟੇ ਰੂਪ ਵਿਚ 3 ਕਰੋੜ 70 ਲੱਖ ਲੋਕ ਉੱਜੜੇ ਜਾਂ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਛੱਡਕੇ ਭੱਜਣ ਲਈ ਮਜ਼ਬੂਰ ਹੋਣਾ ਪਿਆ। ਅੱਤਵਾਦ ਖਤਮ ਕਰਨ ਦੇ ਨਾਂਅ ਉਤੇ ਚਲਾਈ ਗਈ ਜੰਗ ਨੇ ਇਨ੍ਹਾਂ ਦੇਸ਼ਾਂ ਵਿਚ ਭਿਆਨਕ ਤਬਾਹੀ ਮਚਾਈ। ਇਕੱਲੇ ਅਫਗਾਨਿਸਤਾਨ ਵਿਚ 53 ਲੱਖ ਲੋਕ ਉਜੜੇ। ਇਸੇ ਤਰ੍ਹਾਂ ਪਾਕਿਸਤਾਨ ਵਿਚ 37 ਲੱਖ, ਇਰਾਕ ਵਿਚ 92 ਲੱਖ, ਲੀਬੀਆ ਵਿਚ 12 ਲੱਖ, ਸੀਰੀਆ ਵਿਚ 71 ਲੱਖ, ਯਮਨ ਵਿਚ 44 ਲੱਖ, ਸੋਮਾਲੀਆ ਵਿਚ 42 ਲੱਖ ਅਤੇ ਫਿਲੀਪੀਂਜ ਵਿਚ 17 ਲੱਖ ਲੋਕ ਉਜਾੜੇ ਗਏ। ਇਹ ਤਦਾਦ ਵੀਹਵੀਂ ਸਦੀ ਵਿਚ, ਦੂਜੀ ਸੰਸਾਰ ਜੰਗ ਨੂੰ ਛੱਡਕੇ, ਦੁਨੀਆਂ ਵਿਚ ਆਈ ਕਿਸੇ ਵੀ ਹੋਰ ਜੰਗ ਜਾਂ ਆਫ਼ਤ ਸਮੇਂ ਉਜੜਨ ਵਾਲੇ ਲੋਕਾਂ ਨਾਲੋਂ ਕਿਤੇ ਵਧੇਰੇ ਸੀ।
ਇਸ ਰਿਪੋਰਟ ਦੇ ਲੇਖਕਾਂ ਵਿਚੋਂ ਇਕ ਪ੍ਰੋ. ਡੇਵਿਡ ਵਾਇਨ ਅਨੁਸਾਰ ”ਅਮਰੀਕਾ ਦੀ ਇਨ੍ਹਾਂ ਦੇਸ਼ਾਂ ਵਿਚ ਦਖਲਅੰਦਾਜ਼ੀ ਐਨੀ ਭਿਆਨਕ ਤਬਾਹਕੁੰਨ ‘ਤੇ ਹਾਨੀ ਪਹੁੰਚਾਉਣ ਵਾਲੀ ਸੀ, ਜਿਸ ਬਾਰੇ ਅਮਰੀਕਾ ਦੇ ਲੋਕ ਅੰਦਾਜਾ ਵੀ ਨਹੀਂ ਲਗਾ ਸਕਦੇ।” ਆਸਟ੍ਰੇਲੀਆ ਦੇ ਲੋਕਾਂ ਨੂੰ ਸੰਬੋਧਨ ਹੁੰਦੇ ਹੋਏ ਉਹ ਕਹਿੰਦੇ ਹਨ ”ਆਸਟ੍ਰੇਲੀਅਨਾਂ ਨੂੰ ਇਹ ਮਨ ਵਿਚ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਦੇਸ਼ ਇਸ ਦੋ ਦਹਾਕੇ ਤੋਂ ਚੱਲ ਰਹੀ ਜੰਗ ਵਿਚ ਅਮਰੀਕਾ ਦੇ ਮੋਢੇ ਨਾਲ ਮੋਢਾ ਜੋੜਕੇ ਖਲੋਤਾ ਰਿਹਾ ਹੈ ਅਤੇ ਅਮਰੀਕਾ ਦੀ ਇਸ ‘ਅੱਤਵਾਦ ਵਿਰੁੱਧ ਜੰਗ’ ਨੇ ਲੱਖਾਂ ਪਨਾਹਗੀਰ ਪੈਦਾ ਕੀਤੇ ਹਨ।”
ਇਸ ਸੰਸਾਰਕ ਜੰਗ ਬਾਰੇ ਇਕ ਹੋਰ ਗੱਲ ਜਿਹੜੀ ਉੱਘੜਕੇ ਲੋਕਾਂ ਸਾਹਮਣੇ ਨਹੀਂ ਆਈ ਹੈ, ਉਹ ਹੈ, ਇਸ ਉਤੇ ਹੋਇਆ ਹੈਰਾਨਕੁੰਨ ਖਰਚਾ। ਬਰਾਉਨ ਯੂਨੀਵਰਸਿਟੀ ਦੀ ਇਸ ਰਿਪੋਰਟ ਮੁਤਾਬਕ ਅਮਰੀਕੀ ਸਰਕਾਰ 46 ਲੱਖ 89 ਹਜ਼ਾਰ ਕਰੋੜ ਰੁਪਏ (6.4 ਟ੍ਰਿਲੀਅਨ ਅਮਰੀਕੀ ਡਾਲਰ) ਦੂਜੇ ਦੇਸ਼ਾਂ ਵਿਚ ਲੜੀਆਂ ਜਾ ਰਹੀਆਂ ਜੰਗਾਂ ਉਤੇ ਖਰਚ ਚੁੱਕੀ ਹੈ। ਇਸ ਕਾਲ ਦੌਰਾਨ ਲਗਭਗ ਸਾਰੇ ਹੀ ਰਾਸ਼ਟਰਪਤੀਆਂ ਨੇ ਇਸ ਲਈ ਪੈਸੇ ਦੀ ਨਿਰਵਿਘਣ ਉਪਲੱਭਧਤਾ ਬਣਾਈ ਰੱਖੀ ਅਤੇ ਇਹ ਪੈਸਾ ਨਿਰੰਤਰ ਵੱਧਦਾ ਹੀ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਹਾਲਤ ਇਹ ਹੈ ਕਿ ਤੂਫ਼ਾਨ ‘ਮਾਰੀਆ’ ਦੀ ਮਾਰ ਹੇਠ ਆਉਣ ਕਰਕੇ ਬੁਰੀ ਤਰ੍ਹਾਂ ਬਰਬਾਦ ਹੋਇਆ ਅਮਰੀਕਾ ਦਾ ਖੇਤਰ ਪੁਇਰਤੋ ਰੀਕੋ ਅੱਜ ਤਿੰਨ ਸਾਲ ਬਾਅਦ ਵੀ ਫੰਡਾਂ ਦੀ ਘਾਟ ਸਦਕਾ ਆਪਣੇ ਬਿਜਲੀ ਤੇ ਸਿੱਖਿਆ ਢਾਂਚੇ ਦੀ ਪੁਨਰ ਉਸਾਰੀ ਲਈ ਜੂਝ ਰਿਹਾ ਹੈ।
ਰਿਪੋਰਟ ਸਿੱਟੇ ਵਿਚ ਕਹਿੰਦੀ ਹੈ ਕਿ ਅਮਰੀਕਾ ਦੇ ਵਧਦੇ ਜਾ ਰਹੇ ਪਰਿਆਵਰਣਕ ਤੇ ਮਨੁੱਖੀ ਸੰਕਟ ਦੇ ਮੱਦੇਨਜ਼ਰ ਫੌਜੀ ਲੋੜਾਂ ਲਈ ਨਿਰੰਤਰ ਪਾਣੀ ਦੀ ਤਰ੍ਹਾਂ ਬਹਾਏ ਜਾ ਰਹੇ ਪੈਸੇ ਨੂੰ ਰੋਕ ਦੇਣਾ ਚਾਹੀਦਾ ਹੈ। ਇਕ ਸੁਰੱਖਿਅਤ ਤੇ ਹੰਢਣਸਾਰ ਅਰਥਚਾਰਾ ਮੁੜ ਉਸਾਰਕੇ ਅਸੀਂ ਅਜਿਹੇ ਸਮਾਜਾਂ ਵੱਲ ਨੂੰ ਵੱਧ ਸਕਦੇ ਹਾਂ ਜਿਨ੍ਹਾਂ ਵਿਚ ਕਾਰਪੋਰੇਟ ਮੁਨਾਫਿਆਂ ਦੀ ਥਾਂ ਮਨੁੱਖੀ ਤੇ ਸਮਾਜਕ ਲੋੜਾਂ ਨੂੰ ਤਰਜੀਹ ਦਿੱਤੀ ਜਾਂਦੀ ਹੋਵੇ। ਅਮਰੀਕੀ ਜਨਰਲਾਂ ਤੇ ਜੰਗੀ ਉਤਪਾਦਨ ਕਰਦੇ ਇਨ੍ਹਾਂ ਜੰਗਾਂ ਤੋਂ ਮੁਨਾਫ਼ਾ ਕਮਾਉਣ ਵਾਲੇ ਕਾਰਪੋਰੇਟਾਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਪਾਗਲਪਨ ਭਰੀਆਂ ਨੀਤੀਆਂ ਨੂੰ ਲਾਗੂ ਕਰਨ ਕਰਕੇ ਸਮਾਜਾਂ ਨੂੰ ਹੋਏ ਨੁਕਸਾਨਾਂ ਨੂੰ ਦਰੁਸਤ ਕਰਨ ਤੇ ਉਨ੍ਹਾਂ ਦੀ ਮੁੜ ਉਸਾਰੀ ‘ਤੇ ਹੋਣ ਵਾਲੇ ਖਰਚਿਆਂ ਦੀ ਭਰਪਾਈ ਕਰਨ ਲਈ ਉਨ੍ਹਾਂ ਨੂੰ ਮਜ਼ਬੂਰ ਕੀਤਾ ਜਾਣਾ ਚਾਹੀਦਾ ਹੈ।

ਬੋਲੀਵੀਆ ਰਾਸ਼ਟਰਪਤੀ ਚੋਣ ਵਿਚ ਖੱਬੇ ਪੱਖੀਆਂ ਦੀ ਸ਼ਾਨਦਾਰ ਜਿੱਤ
ਲਾਤੀਨੀ ਅਮਰੀਕੀ ਦੇਸ਼ ਬੋਲੀਵੀਆ ਵਿਚ 18 ਅਕਤੂਬਰ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਹੋਈ ਚੋਣ ਵਿਚ ਖੱਬੇ ਪੱਖੀ ਪਾਰਟੀ ‘ਐਮ.ਏ.ਐਸ.’ (ਮੂਵਮੈਂਟ ਟੁਵਾਰਡਜ ਸੋਸ਼ਲਿਜ਼ਮ) ਦੇ ਉਮੀਦਵਾਰ ਲੁਈਸ ਆਰਕ ਜੇਤੂ ਰਹੇ ਹਨ। ਇਸ ਚੋਣ ਲਈ 87% ਵੋਟਰਾਂ ਨੇ ਵੋਟਾਂ ਪਾਈਆਂ ਅਤੇ 90% ਵੋਟਾਂ ਦੀ ਗਿਣਤੀ ਹੋਣ ਸਮੇਂ ਤੱਕ ਆਰਕ ਨੇ 54.5% ਵੋਟਾਂ ਹਾਸਲ ਕੀਤੀਆਂ ਸਨ ਜਦੋਂਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਕਾਰਲੋਸ ਮੇਸਾ ਨੂੰ ਸਿਰਫ 29.26% ਵੋਟਾਂ ਹੀ ਮਿਲੀਆਂ ਸਨ। ਦੇਸ਼ ਦੇ ਸੰਵਿਧਾਨ ਮੁਤਾਬਕ ਪਹਿਲੇ ਗੇੜ ਵਿਚ ਹੀ ਜਿੱਤ ਲਈ ਜੇਤੂ ਉਮੀਦਵਾਰ ਨੂੰ 50% ਵੋਟਾਂ ਜਾਂ 40% ਵੋਟਾਂ ਜਿਹੜੀਆਂ ਕਿ ਨੇੜਲੇ ਦੂਜੀ ਥਾਂ ਰਹਿਣ ਵਾਲੇ ਉਮੀਦਵਾਰ ਤੋਂ 10% ਵੱਧ ਹੋਣੀਆਂ ਚਾਹੀਦੀਆਂ ਹਨ, ਲੋੜੀਂਦੀਆਂ ਹਨ।
ਇਸ ਤਰ੍ਹਾਂ ਲੁਈਸ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਜੇਤੂ ਰਹੇ ਹਨ। ਦੇਸ਼ ਦੇ ਅੰਤਰਮ ਰਾਸ਼ਟਰਪਤੀ ਨੇ ਵੀ ਇਸਨੂੰ ਤਸਦੀਕ ਕਰਦੇ ਹੋਏ ਕਿਹਾ ਹੈ ਕਿ-”ਰਾਸ਼ਟਰਪਤੀ ਅਹੁਦੇ ਲਈ ਲੁਈਸ ਆਰਕ ਤੇ ਉਪ ਰਾਸ਼ਟਰਪਤੀ ਲਈ ਉਨ੍ਹਾਂ ਦੇ ਸਾਥੀ ਡੇਵਿਡ ਚੌਕਉਹੁਆਂਕਾ ਜੇਤੂ ਰਹੇ ਹਨ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਨੂੰ ਜਮਹੂਰੀ ਢੰਗ ਨਾਲ ਬੋਲੀਵੀਆ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਾਸਨ ਚਲਾਉਣ ਦੀ ਬੇਨਤੀ ਕਰਦਾ ਹਾਂ।”
ਇਸ ਚੋਣ ਨੇ ਇਕ ਵਾਰ ਮੁੜ ਇਹ ਦਰਸਾ ਦਿੱਤਾ ਹੈ ਕਿ ਲਾਤੀਨੀ ਅਮਰੀਕੀ ਮਹਾਂਦੀਪ ਵਿਚ ਖੱਬੀਆਂ ਧਿਰਾਂ ਵਿਚ ਅਜੇ ਵੀ ਐਨਾ ਦਮਖ਼ਮ ਹੈ ਕਿ ਉਹ ਅਮਰੀਕੀ ਸਾਮਰਾਜ ਦੀਆਂ ਚਾਲਾਂ ਨੂੰ ਭਾਂਜ ਦਿੰਦੇ ਹੋਏ, ਉਸਦੇ ਫਾਸ਼ੀਵਾਦੀ ਹਥਠੋਕਿਆਂ ਨੂੰ ਨਿਰਪੱਖ ਚੋਣਾਂ ਦੀਆਂ ਸਥਿਤੀਆਂ ਨਾ ਹੋਣ ਦੇ ਬਾਵਜੂਦ ਵੀ ਜਮਹੂਰੀ ਪਿੜ ਵਿਚ ਹਰਾ ਸਕਦੇ ਹਨ। ਇੱਥੇ ਇਹ ਵਰਣਨਯੋਗ ਹੈ ਕਿ 2019 ਵਿਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਰਾਸ਼ਟਰਪਤੀ ਈਵੋ ਮੋਰਾਲੇਜ ਦੇ ਸਪੱਸ਼ਟ ਜੇਤੂ ਰਹਿਣ ਦੇ ਬਾਵਜੂਦ ਅਮਰੀਕੀ ਸਾਮਰਾਜ ਦੀ ਹੱਥਠੋਕਾ ਸੰਸਥਾ ‘ਆਰਗੇਨਾਈਜੇਸ਼ਨ ਆਫ ਅਮਰੀਕਾ ਸਟੇਟਸ’ (ਓ.ਏ.ਐਸ.) ਤੇ ਪੱਛਮੀ ਦੇਸ਼ਾਂ ਦੀ ਜੁੰਡਲੀ ਨੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜ਼ਬੂਰ ਕਰ ਦਿੱਤਾ ਸੀ। ਉਨ੍ਹਾਂ ਨੂੰ 48% ਵੋਟਾਂ ਮਿਲੀਆਂ ਸਨ ਅਤੇ ਨੇੜਲੇ ਵਿਰੋਧੀ ਤੋਂ ਅੰਤਰ ਵੀ 10% ਤੋਂ ਵੱਧ ਹੀ ਸੀ। ਅਤੇ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਦੂਸਰੇ ਗੇੜ ਦੀਆਂ ਚੋਣਾਂ ਕਰਾਉਣ ਲਈ ਤਿਆਰ ਹਨ। ਪ੍ਰੰਤੂ ਫਿਰ ਵੀ ਅਮਰੀਕੀ ਸਾਮਰਾਜ ਅਤੇ ਉਸਦੀਆਂ ਹੱਥਠੋਕਾ ਵਿਰੋਧੀ ਪਾਰਟੀਆਂ ਤੇ ਫੌਜ ਨੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜ਼ਬੂਰ ਕੀਤਾ ਅਤੇ ਉਨ੍ਹਾਂ ਨੂੰ ਦੇਸ਼ ਛੱਡ ਕੇ ਮੈਕਸੀਕੋ ਤੇ ਅਰਜਨਟੀਨਾ ਵਿਚ ਪਨਾਹ ਲੈਣੀ ਪਈ ਸੀ।
ਸਾਥੀ ਈਵੋ ਮੋਰਾਲੇਜ, ਬੋਲੀਵੀਆ ਦੇ ਮੂਲ ਨਿਵਾਸੀ ਹਨ ਅਤੇ ਕੋਕੋਆ ਉਤਪਾਦਕਾਂ ਦੇ ਆਗੂ ਹਨ। ਉਹ ਲਾਤੀਨੀ ਅਮਰੀਕੀ ਮਹਾਂਦੀਪ ਵਿਚ ਵੈਨੇਜੁਏਲਾ ਦੇ ਮਰਹੂਮ ਰਾਸ਼ਟਰਪਤੀ ਹੂਗੋ ਸ਼ਾਵੇਜ, ਜਿਨ੍ਹਾਂ ਨੇ ਸਾਮਰਾਜੀ ਸੰਸਾਰੀਕਰਨ ਦਾ ਵਿਰੋਧ ਕਰਦੇ ਹੋਏ ਅਮਰੀਕੀ ਸਾਮਰਾਜ ਦੇ ਇਸ ਗੁਆਂਢੀ ਮਹਾਂਦੀਪ ਵਿਚ ਖੱਬੀ ਤੇ ਲੋਕ ਪੱਖੀ ਰਾਜਨੀਤੀ ਨੂੰ ਸਥਾਪਤ ਕੀਤਾ ਸੀ, ਤੋਂ ਪ੍ਰੇਰਿਤ ਹੋ ਕੇ ਲੋਕ ਪੱਖੀ ਰਾਜਨੀਤੀ ਦਾ ਹਿੱਸਾ ਬਣੇ ਸਨ ਅਤੇ 2006 ਵਿਚ ਉਨ੍ਹਾਂ ਵੇਨੇਜੁਏਲਾ ਤੋਂ ਬਾਅਦ ਬੋਲੀਵੀਆ ਨੂੰ ਦੂਜਾ ਦੇਸ਼ ਬਣਾ ਦਿੱਤਾ ਸੀ ਜਿੱਥੇ ਕਿ ਲੋਕ ਪੱਖੀ ਰਾਜਨੀਤੀ ਦੇ ਝੰਡੇ ਗੱਡੇ ਗਏ ਸਨ। ਉਨ੍ਹਾਂ ਸੱਤਾ ਸੰਭਾਲਦਿਆਂ ਹੀ ਦੇਸ਼ ਦੇ ਗੈਸ ਭੰਡਾਰਾਂ ਦਾ ਕੌਮੀਕਰਨ ਕਰਦੇ ਹੋਏ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਜ਼ੋਰਦਾਰ ਸੱਟ ਮਾਰੀ ਸੀ ਅਤੇ ਇਸਤੋਂ ਹੋਣ ਵਾਲੀ ਕਮਾਈ ਨੂੰ ਦੇਸ਼ਵਾਸੀਆਂ ਦੇ ਕਲਿਆਣ ਲਈ ਖਰਚਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਹੀ ਖੱਬੇ ਪੱਖੀ ਪਾਰਟੀ ‘ਐਮ.ਏ.ਐਸ.’ ਦੀ ਸਥਾਪਨਾ ਕੀਤੀ ਸੀ।
ਸਾਥੀ ਈਵੋ ਮੋਰਾਲੇਜ ਦੇ ਤਖਤਾਪਲਟ ਦਾ ਇਕ ਹੋਰ ਕਾਰਨ ਦੇਸ਼ ਵਿਚ ਲੀਥੀਅਮ ਖਣਿਜ ਦਾ ਭਰਪੂਰ ਮਾਤਰਾ ਵਿਚ ਹੋਣਾ ਵੀ ਸੀ। ਜਿਵੇਂ 20ਵੀਂ ਸਦੀ ਵਿਚ ਤੇਲ ਦੇ ਜਖੀਰਿਆਂ ‘ਤੇ ਕਬਜ਼ੇ ਲਈ ਮੱਧ-ਪੂਰਬੀ ਏਸ਼ੀਆ ਜੰਗਾਂ ਦਾ ਅਖਾੜਾ ਬਣਿਆ ਰਿਹਾ ਹੈ, ਸਾਮਰਾਜੀਆਂ ਵਲੋਂ ਲਗਭਗ ਉਹੀ ਹਾਲਾਤ ਲੀਥੀਅਮ ਖਣਿਜ਼ ਦੇ ਭੰਡਾਰਾਂ ‘ਤੇ ਕਬਜ਼ੇ ਲਈ ਬੋਲੀਵੀਆ ਦੇ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਹੁਣ ਜਦੋਂ ਦੁਨੀਆਂ ਭਰ ਵਿਚ ਚੁਗਿਰਦੇ ਦੇ ਪ੍ਰਦੂਸ਼ਣ ਦਾ ਮੁੱਦਾ ਗੰਭੀਰ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ ਅਤੇ ਪੈਟਰੋਲ ਦੀ ਥਾਂ ਬਿਜਲੀ ਨਾਲ ਕਾਰਾਂ ਆਦਿ ਨੂੰ ਚਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਲੀਥੀਅਮ ਇਨ੍ਹਾਂ ਕਾਰਾਂ ਤੇ ਆਵਾਜਾਈ ਸਾਧਨਾਂ ਵਿਚ ਵਰਤੋਂ ਹੋਣ ਵਾਲੀਆਂ ਬੈਟਰੀਆਂ ਦਾ ਇਕ ਮਹੱਤਵਪੂਰਨ ਭਾਗ ਹੈ ਜਿਸ ਦੇ ਬੋਲੀਵੀਆ ਵਿਚ ਦੁਨੀਆਂ ਦੇ ਸਭ ਤੋਂ ਵੱਡੇ ਭੰਡਾਰ ਹਨ। 21ਵੀਂ ਸਦੀ ਵਿਚ ਲੀਥੀਅਮ ‘ਤੇ ਕਬਜ਼ਾ ਵੀ 20ਵੀਂ ਸਦੀ ਵਿਚ ਤੇਲ ‘ਤੇ ਕਬਜ਼ੇ ਦੀ ਤਰ੍ਹਾਂ ਬਹੁਕੌਮੀ ਕਾਰਪੋਰੇਸ਼ਨਾਂ ਲਈ ਤਰਜੀਹ ਬਣ ਗਿਆ ਹੈ। ਸਾਥੀ ਮੋਰਾਲੇਜ ਨੇ ਤਖਤਾ ਪਲਟ ਹੋਣ ਤੋਂ ਬਾਅਦ ਕਿਹਾ ਵੀ ਸੀ ਕਿ ਉਸਦਾ ਤਖਤਾ ਪਲਟੇ ਜਾਣ ਦਾ ਮੁੱਖ ਕਾਰਨ ਲੀਥੀਅਮ ਦੀਆਂ ਖਾਨਾਂ ਨੂੰ ਚੀਨ ਨੂੰ ਦੇਣਾ ਹੈ, ਕਿਉਂਕਿ ਅਮਰੀਕਾ ਅਤੇ ਯੂਰਪੀ ਦੇਸ਼ ਇਨ੍ਹਾਂ ਉਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਸਾਥੀ ਈਵੋ ਮੋਰਲੇਜ ਬੇਸ਼ੱਕ ਦੇਸ਼ ਛੱਡਕੇ ਚਲੇ ਗਏ ਸਨ, ਪ੍ਰੰਤੂ ਐਮ.ਏ.ਐਸ. ਦੇ ਉਹ ਰੂਹੇ-ਰਵਾਂ ਰਹੇ ਅਤੇ ਪਾਰਟੀ ਮੂਲ ਨਿਵਾਸੀਆਂ ਵਿਚ ਆਧਾਰ ਨੂੰ ਲਾਮਬੰਦ ਕਰਦੀ ਹੋਈ ਇਸ ਤਖਤਾਪਲਟ ਵਿਰੁੱਧ ਸੰਘਰਸ਼ ਕਰਦੀ ਰਹੀ ਸੀ। ਇਸ ਵਿਚ ਉਸਨੂੰ ਦੇਸ਼ ਦੀ ਸੰਸਦ ਦੇ ਐਮ.ਏ.ਐਸ. ਨਾਲ ਸੰਬੰਧਤ ਮੈਂਬਰਾਂ ਦੇ ਬਹੁਮਤ ਵਲੋਂ ਸਮਰਥਨ ਮਿਲਦਾ ਰਿਹਾ ਸੀ। ਅਮਰੀਕੀ ਸਾਮਰਾਜ ਦੇ ਹਥਠੋਕਿਆਂ ਵਲੋਂ ਥਾਪੀ ਗਈ ਸੱਜ ਪਿਛਾਖੜੀ ਰਾਸ਼ਟਰਪਤੀ ਜੀਨੀਨ ਅਨੇਜ਼ ਵਲੋਂ ਇਸ ਸੰਘਰਸ਼ ਉਤੇ ਸਖਤ ਤਸ਼ੱਦਦ ਕੀਤਾ ਗਿਆ ਜਿਸ ਵਿਚ 30 ਤੋਂ ਵੱਧ ਲੋਕ ਸ਼ਹੀਦ ਹੋਏ। ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਵਿਚ ਵੀ ਅਨੇਜ਼ ਸਰਕਾਰ ਪੂਰੀ ਤਰ੍ਹਾਂ ਨਾਕਾਮ  ਰਹੀ। ਇਸ ਕਰਕੇ ਦੇਸ਼ ਦੇ ਸ਼ਹਿਰਾਂ ਅਤੇ ਦਰਮਿਆਨੇ ਵਰਗ ਵਿਚ ਵੀ ਐਮ.ਏ.ਐਸ. ਨੂੰ ਵਿਆਪਕ ਸਮਰਥਨ ਮਿਲਿਆ ਸੀ।
ਐਮ.ਏ.ਐਸ. ਦੇ ਜਿੱਤਣ ਵਾਲੇ ਆਗੂ ਲੁਈਸ ਆਰਕ, ਸਾਥੀ ਈਵੋ ਮੋਰਾਲੇਜ ਦੇ 14 ਸਾਲ ਦੇ ਰਾਜ ਦੌਰਾਨ ਉਨ੍ਹਾਂ ਨਾਲ ਵਿੱਤ ਮੰਤਰੀ ਰਹੇ ਹਨ ਅਤੇ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਡੇਵਿਡ ਚੌਕੁਉਹੁਆਂਕਾ ਦੇਸ਼ ਦੇ ਮੂਲ ਨਿਵਾਸੀਆਂ ਦੇ ਉਘੇ ਆਗੂ ਹਨ। ਦੇਸ਼ ਦੇ ਚੋਣ ਕਮੀਸ਼ਨ ਦੇ ਮੁਖੀ ਸਲਵਾਡੋਰ ਰੋਮੇਰੋ ਅਨੁਸਾਰ ਨਵੰਬਰ ਮਹੀਨੇ ਦੇ ਅੱਧ ਤੱਕ ਨਵੇਂ ਚੁਣੇ ਗਏ ਰਾਸ਼ਟਰਪਤੀ ਤੇ ਉਪ-ਰਾਸ਼ਟਰਪਤੀ ਆਪਣਾ ਅਹੁਦਾ ਸੰਭਾਲ ਲੈਣਗੇ।  ਲੁਈਸ ਆਰਕ ਨੇ ਐਲਾਨ ਕੀਤਾ ਹੈ ਕਿ ਉਹ ਸੱਤਾ ਸੰਭਾਲਦਿਆਂ ਹੀ ਆਪਣੇ ਚੋਣ ਵਾਅਦੇ ਅਨੁਸਾਰ ਸਭ ਤੋਂ ਪਹਿਲਾ ਕੰਮ ਦੇਸ਼ ਵਿਚੋਂ ਭੁਖਮਰੀ ਦੂਰ ਕਰਨ ਅਤੇ ਅੰਦਰੂਨੀ ਮੰਗ ਵਧਾਉਣ ਲਈ ਲੋਕਾਂ ਦੇ ਖਾਤਿਆਂ ਵਿਚ ਪੈਸੇ ਤਬਦੀਲ ਕਰਨ ਦਾ ਕਰਨਗੇ।
ਉਨ੍ਹਾਂ ਐਲਾਨ ਕੀਤਾ ਕਿ ਪਰਸਪਰ ਸਨਮਾਨ ਤੇ ਪ੍ਰਭੂਸੱਤਾ ਦੇ ਆਧਾਰ ‘ਤੇ ਉਹ ਆਪਣੇ ਦੇਸ਼ ਦੇ ਸੰਬੰਧ  ਸਾਰੇ ਦੇਸ਼ਾਂ ਨਾਲ ਸੁਖਾਵੇਂ ਬਣਾਉਣਗੇ  ਅਤੇ ਵੈਨੇਜ਼ੁਏਲਾ, ਕਿਊਬਾ, ਈਰਾਨ ਨਾਲ ਸੰਬੰਧ ਮੁੜ ਸਥਾਪਤ ਕਰਨਗੇ ਜਿਹੜੇ ਕਿ ਅੰਤਰਮ ਸਰਕਾਰ ਨੇ ਤੋੜ ਲਏ ਸਨ। ਉਨ੍ਹਾਂ ਚੀਨ ਨਾਲ ਆਪਣੇ ਆਰਥਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਇੱਛਾ ਜਾਹਿਰ ਕਰਨ ਦੇ ਨਾਲ ਨਾਲ ਅਮਰੀਕੀ ਸਾਮਰਾਜ ਦੇ ਕੰਟਰੋਲ ਵਾਲੀ ਸੰਸਥਾ ਉ.ਏ.ਐਸ. ਦੀ ਇਸ ਸਮੇਂ ਦੌਰਾਨ ਨਿਭਾਈ ਗਈ ਭੂਮਿਕਾ ਦੀ ਵੀ ਸਖ਼ਤ ਨਿਖੇਧੀ ਕੀਤੀ।
ਲੁੲਂੀਸ ਆਰਕ ਨੇ ਇਕ ਟਵੀਟ ਕਰਦੇ ਹੋਏ ਵੈਨਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ, ਜਿਹੜੇ ਕਿ ਆਪਣੇ ਦੇਸ਼ ਵਿਚ ਨਿਰੰਤਰ ਹੁੰਦੇ ਸਾਮਰਾਜੀ ਹਮਲਿਆਂ ਦਾ ਬਹਾਦੁਰੀ ਨਾਲ ਮੁਕਾਬਲਾ ਕਰ ਰਹੇ ਹਨ, ਨੂੰ ਆਪਣੀ ਜਿੱਤ ਲਈ ਪ੍ਰੇਰਣਾ ਦੱਸਦੇ ਹੋਏ ਕਿਹਾ ”ਬਹੁਤ-ਬਹੁਤ ਧੰਨਵਾਦ ਰਾਸ਼ਟਰਪਤੀ ਨਿਕੋਲਸ ਮਾਦੂਰੋ! ਲੋਕਾਂ ਦੀ ਸਿਆਣਪ ਤੇ ਵਿਸ਼ਵਾਸ ਨਾਲ ਅਸੀਂ ਜਮਹੂਰੀਅਤ ਤੇ ਆਸ ਨੂੰ ਮੁੜ ਜਿਉਂਦਾ ਕਰ ਲਿਆ ਹੈ। ਇਹ ਜਿੱਤ ਹਰ ਬੋਲੀਵੀਆਵਾਸੀ ਦੀ ਜਿੱਤ ਹੈ। ਅਸੀਂ ਅਗਾਂਹ ਵਧਾਂਗੇ।”
ਪਿਛਲੇ ਹਫਤੇ ਸਾਥੀ ਈਵੋ ਮੋਰਾਲੇਜ਼ ਦਾ ਤਖਤਾ ਪਲਟਣ ਤੋਂ ਬਾਅਦ ਸੱਤਾ ਵਿਚ ਆਈ ਅਮਰੀਕੀ ਹਥਠੋਕਾ ਸਰਕਾਰ ਨੇ ਬੋਲੀਵੀਆ ਵਿਚ ਪਿਛਲੀ ਸਦੀ ਦੇ 70ਵਿਆਂ ਵਿਚ ਉਸ ਵੇਲੇ ਦੀ ਪਿਛਾਖੜੀ ਬੋਲੀਵੀਆ ਸਰਕਾਰ ਵਲੋਂ ਸ਼ਹੀਦ ਕਰ ਦਿੱਤੇ ਗਏ ਮਹਾਨ ਕਮਿਊਨਿਸਟ ਨਾਇਕ ਅਰਨੈਸਟੋ ਚੇ ਗੁਵੇਰਾ ਦੇ ਕਤਲ ਦੀ ਵਰ੍ਹੇਗੰਢ ਮਨਾਈ ਸੀ। ਉਸ ਵੇਲੇ ਅੰਤਰਮ ਰਾਸ਼ਟਰਪਤੀ ਜੀਨੀਨ ਅਨੇਜ ਨੇ ਐਲਾਨ ਕੀਤਾ ਸੀ ”ਗੁਵੇਰਾ ਦੀ ਮੌਤ ਦਾ ਸਬਕ ਇਹ ਹੈ ਕਿ ਕਮਿਊਨਿਸਟਾਂ ਲਈ ਇਸ ਦੇਸ਼ ਵਿਚ ਕੋਈ ਥਾਂ ਨਹੀਂ।” ਬੋਲੀਵੀਆ ਦੇ ਮਹਾਨ ਲੋਕਾਂ ਨੇ ਖੱਬੇ ਪੱਖੀ ਪਾਰਟੀ ਐਮ.ਏ.ਐਸ. ਦੇ ਆਗੂਆਂ ਨੂੰ ਚੋਣ ਵਿਚ ਸ਼ਾਨਦਾਰ ਢੰਗ ਨਾਲ ਜਿਤਾਕੇ,  ਜੀਨੀਨ ਅਨੇਜ, ਉਸਦੇ ਪਿਛਾਖੜੀ ਸਾਥੀਆਂ ਤੇ ਉਸਦੇ ਆਕਾ ਅਮਰੀਕੀ ਸਾਮਰਾਜ ਨੂੰ ਢੁਕਵਾਂ ਜਵਾਬ ਦੇ ਦਿੱਤਾ ਹੈ।

ਪਾਕਿਸਤਾਨ ਦੇ ਜਨ ਸੰਘਰਸ਼ ਮਾਂ ਬੋਲੀ ਪੰਜਾਬੀ ਲਾਗੂ ਕਰਵਾਉਣ ਲਈ ਮੁਜਾਹਰਾ
ਸਾਡੇ ਹਮਸਾਇਆ ਦੇਸ਼ ਪਾਕਿਸਤਾਨ ਦੇ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਵੀ ਸਾਡੇ ਦੇਸ਼ ਦੇ ਲੋਕਾਂ ਦੀ ਤਰ੍ਹਾਂ ਉਥੇ ਦੇ ਲੋਕ ਸੰਘਰਸ਼ਰਤ ਹਨ।
7 ਨਵੰਬਰ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪ੍ਰੈਸ ਕਲੱਬ ਸਾਹਮਣੇ ਸੈਂਕੜਿਆਂ ਦੀ ਗਿਣਤੀ ਵਿਚ ਪੰਜਾਬੀ ਪ੍ਰੇਮੀਆਂ ਨੇ ਰੋਸ ਰੈਲੀ ਤੇ ਮੁਜ਼ਾਹਰਾ ਕੀਤਾ ਹੈ। ਪੰਜਾਬੀ ਭਾਸ਼ਾ ਦੇ ਲੇਖਕਾਂ ਤੇ ਬੁੱਧੀਜੀਵੀਆਂ ਦੇ ਨਾਲ ਨਾਲ ਚੋਖੀ ਗਿਣਤੀ ਵਿਚ ਔਰਤਾਂ ਦੀ ਇਸ ਵਿਚ ਸ਼ਾਮਲ ਸਨ। ਇਸ ਮੁਜ਼ਾਹਰੇ ਦਾ ਫੌਰੀ ਕਾਰਨ ਤਾਂ ਬਣਿਆ ਲਾਇਲਪੁਰ ਦੇ ਲੜਕੀਆਂ ਦੇ ਇਕ ਕਾਲਜ ਦੀ ਪ੍ਰਿੰਸੀਪਲ ਵਲੋਂ ਵਿਦਿਆਰਥਣਾਂ ਦੇ ਪੰਜਾਬੀ ਬੋਲਣ ‘ਤੇ ਉਨ੍ਹਾਂ ਨੂੰੂ ਜ਼ੁਰਮਾਨੇ ਕਰਨਾ। ਪਰ ਇਸ ਤੋਂ ਪੈਦਾ ਹੋਇਆ ਗੁੱਸਾ ਵਿਆਪਕ ਰੂਪ ਵਿਚ   ਅਖਤਿਆਰ ਕਰ ਗਿਆ। ਇਹ ਪਹਿਲੀ ਵਾਰ ਹੋਇਆ ਕਿ ਕਈ ਸੰਸਥਾਵਾਂ, ਅਦਾਰੇ ਤੇ ਪੰਜਾਬੀ ਭਾਸ਼ਾ ਨੂੰ ਸੂਬੇ ਤੇ ਦੇਸ਼ ਵਿਚ ਮਾਤ ਭਾਸ਼ਾ ਵਜੋਂ ਢੁਕਵੀਂ ਥਾਂ ਦੁਆਉਣ ਲਈ ਵਰ੍ਹਿਆਂ ਤੋਂ ਆਵਾਜ਼ ਬੁਲੰਦ ਕਰ ਰਹੇ ਲੋਕ ਇਕ ਮੰਚ ‘ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ‘ਪੰਜਾਬੀ ਪੜ੍ਹਾਓ ਤਹਿਰੀਕ’ ਦਾ ਗਠਨ ਕੀਤਾ।
‘ਪੰਜਾਬੀ ਪੜ੍ਹਾਓ ਤਹਿਰੀਕ’ ਦੇ ਬੈਨਰ ਹੇਠ ਹੋਏ ਇਸ ਮੁਜ਼ਾਹਰੇ ਵਿਚ ਜਿਥੇ ਲਾਇਲਪੁਰ ਕਾਲਿਜ ਦੀ ਪ੍ਰਿੰਸੀਪਲ ਖਿਲਾਫ਼ ਗੁੱਸੇ ਦਾ ਸਖਤ ਇਜਹਾਰ ਕੀਤਾ ਗਿਆ। ਉਥੇ ਹੀ ਮੰਗ ਕੀਤੀ ਗਈ ਕਿ ਵਿਦਿਆਰਥਣਾਂ ‘ਤੇ ਕੀਤੇ ਜੁਰਮਾਨੇ ਮਾਫ ਕੀਤੇ ਜਾਣ ਅਤੇ ਪ੍ਰਿੰਸੀਪਲ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਮੁਜ਼ਾਹਰੇ ਦੌਰਾਨ ਦੇਸ਼ ਦੀ ਸਰਕਾਰ ਦੇ ਮੰਤਰੀ ਫਾਇਜ਼-ਅਲ ਚੌਹਾਨ ਦੀ ਉਸ ਵਲੋਂ ਪੰਜਾਬੀ ਭਾਸ਼ਾ ਲਈ ਅਪਸ਼ਬਦਾਂ ਦੀ ਵਰਤੋਂ ਕਰਨ ਵਿਰੁੱਧ ਸਖਤ ਨਿੰਦਾ ਕਰਦੇ ਹੋਏ ਉਸਦਾ ਪੁਤਲਾ ਵੀ ਸਾੜਿਆ ਗਿਆ। ਇਸ ਰੈਲੀ ਤੇ ਮੁਜ਼ਾਹਰੇ ਦੌਰਾਨ ਤੀਜੀ ਸਭ ਤੋਂ ਮਹੱਤਵਪੂਰਨ ਮੰਗ ਜਿਹੜੀ ਕੀਤੀ ਗਈ ਉਹ ਸੀ, ਪੰਜਾਬੀ ਭਾਸ਼ਾ ਨੂੰ ਸਕੂਲ ਪੱਧਰ ‘ਤੇ ਲਾਗੂ ਕੀਤਾ ਜਾਵੇ। ਇਹ ਵੀ ਉਭਾਰਿਆ ਗਿਆ ਕਿ ਲਾਹੌਰ ਹਾਈ ਕੋਰਟ ਇਸ ਬਾਰੇ ਪਹਿਲਾਂ ਹੀ ਫੈਸਲਾ ਦੇ ਚੁੱਕਾ ਹੈ ਪ੍ਰੰਤੂ ਇਸ ਫੈਸਲੇ ਨੂੰ ਸਰਕਾਰ ਲਾਗੂ ਨਹੀਂ ਕਰ ਰਹੀ, ਇਸ ਲਈ ਉਸ ਅਦਾਲਤੀ ਫੈਸਲੇ ਨੂੰ ਫੌਰੀ ਤੌਰ ‘ਤੇ ਲਾਗੂ ਕੀਤਾ ਜਾਵੇ।

ਲੱਖਾਂ ਪਸ਼ਤੂਨਾਂ ਵਲੋਂ ਪਾਕਿਸਤਾਨੀ ਸਰਕਾਰ ਵਿਰੁੱਧ ਰੋਸ ਰੈਲੀ
ਪਾਕਿਸਤਾਨ ਦੇ ਸੂਬੇ ਉਤਰੀ ਵਜੀਰਿਸਤਾਨ ਦੀ ਰਾਜਧਾਨੀ ਮੀਰਨਸ਼ਾਹ ਵਿਖੇ 12 ਨਵੰਬਰ ਨੂੰ ਲੱਖਾਂ ਪਸ਼ਤੂਨਾਂ ਨੇ ਪਸ਼ਤੂਨ ਤਹੱਫੁਜ ਮੂਵਮੈਂਟ (ਪੀ.ਟੀ.ਐਮ.) ਦੇ ਝੰਡੇ ਹੇਠ ਵਿਸ਼ਾਲ ਰੋਸ ਰੈਲੀ ਕੀਤੀ। ਇਹ ਰੈਲੀ ਪਾਕਿਸਤਾਨ ਦੀ ਸਰਕਾਰ ਵਲੋਂ ਪਸ਼ਤੂਨਾਂ ਦੀਆਂ ਝੂਠੇ ਮੁਕਾਬਲਿਆਂ ਵਿਚ ਕੀਤੀਆਂ ਜਾਂਦੀਆਂ ਹੱਤਿਆਵਾਂ, ਉਨ੍ਹਾਂ ਨੂੰ ਘਰਾਂ ਤੋਂ ਧੱਕੇ ਨਾਲ ਉਧਾਉਣ ਅਤੇ ਗੈਰਕਾਨੂੰਨੀ ਰੂਪ ਵਿਚ ਬੰਦੀ ਬਨਾਉਣ ਦੇ ਰੂਪ ਵਿਚ ਕੀਤੀਆਂ ਜਾ ਰਹੀਆਂ ਵਧੀਕੀਆਂ ਵਿਰੁੱਧ ਸੀ।
ਇੱਥੇ ਇਹ ਵਰਣਨਯੋਗ ਹੈ ਕਿ ਉਤਰੀ ਵਜੀਰਿਸਤਾਨ ਜਿਹੜਾ ਕਿ ਪਹਿਲਾਂ ਪਾਕਿਸਤਾਨ ਦੀ ਕੇਂਦਰੀ ਸਰਕਾਰ ਵਲੋਂ ਸ਼ਾਸਤ ਆਦਿਵਾਸੀ ਏਰੀਆ ਸੀ, ਹੁਣ ਇਹ ਖੈਬਰ ਪੱਖਤੂਨਵਾ ਸੂਬੇ ਦੇ ਬਨੂੰ ਡਵੀਜ਼ਨ ਦਾ ਇਕ ਜਿਲ਼੍ਹਾ ਹੈ। 4707 ਮੁਰੱਬਾ ਕਿਲੋਮੀਟਰ ਖੇਤਰ ਵਾਲਾ ਇਹ ਵਿਸ਼ਾਲ ਜ਼ਿਲ੍ਹਾ ਦੇਸ਼ ਦੇ ਉਤਰ-ਪੱਛਮ ਵਿਚ ਅਫਗਾਨਿਸਤਾਨ-ਪਾਕਿਸਤਾਨ ਨੂੰ ਵੰਡਣ ਵਾਲੀ ਡੂਰੰਡ ਲਾਈਨ ‘ਤੇ ਸਥਿਤ ਇਕ ਪਹਾੜੀ ਖੇਤਰ ਹੈ। ਪਸ਼ਤੂਨ ਪਾਕਿਸਤਾਨ ਦਾ ਦੂਜਾ ਵੱਡਾ ਨਸਲੀ ਭਾਈਚਾਰਾ ਹੈ, ਜਿਹੜਾ ਪਾਕਿਸਤਾਨ ਦੀ ਕੁੱਲ ਆਬਾਦੀ ਦਾ 15% ਹੈ। ਡੂਰੰਡ ਲਾਈਨ ਦੇ ਦੋਵੇਂ ਪਾਸੇ ਭਾਵ ਅਫਗਾਨਿਸਤਾਨ ਵਿਚ ਵੀ ਇਸ ਨਾਲ ਲੱਗਦੇ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਪਸ਼ਤੂਨ ਵਸਦੇ ਹਨ।
ਪਸਤਤੂਨ ਲੋਕ ਲੰਬੇ ਸਮੇਂ ਤੋਂ ਪਾਕਿਸਤਾਨ ਦੀ ਫੌਜ ਦੇ ਹੱਥੋਂ ਵਧੀਕੀਆਂ ਦਾ ਸ਼ਿਕਾਰ ਬਣ ਰਹੇ ਹਨ। ਉਨ੍ਹਾਂ ਦੀਆਂ ਝੂਠੇ ਮੁਕਾਬਲਿਆਂ ਵਿਚ ਹੱਤਿਆਵਾਂ, ਜਬਰਦਸਤੀ ਉਧਾਲੇ ਅਤੇ ਗੈਰ ਕਾਨੂੰਨੀ ਨਜ਼ਰਬੰਦੀਆਂ ਆਮ ਗੱਲ ਹੈ। ਇਸ ਜ਼ੁਲਮ-ਤਸ਼ੱਦਦ ਦੇ ਵਿਰੋਧ ਵਿਚ ਹੀ ਪਸ਼ਤੂਨ ਤਹੱਫੁਜ ਮੂਵਮੈਂਟ (ਪੀ.ਟੀ.ਐਮ.) ਦਾ ਜਨਮ ਹੋਇਆ ਅਤੇ ਆਪਣੇ ਜਨਮ ਤੋ ਂਹੀ ਇਹ ਪਾਕਿਸਤਾਨੀ ਫੌਜ ਤੇ ਹੋਰ ਸੁਰਖਿਆ ਬਲਾਂ ਦੇ ਨਾਲ ਨਾਲ ਮੁਸਲਮ ਕੱਟੜਪੰਥੀ ਤੱਤਾਂ ਦੇ ਹਮਲਿਆਂ ਦਾ ਵੀ ਵਿਰੋਧ ਕਰ ਰਹੇ ਹਨ। ਇਸ ਪ੍ਰਤੀਰੋਧ ਸੰਗਰਾਮ ਵਿਚੋਂ ਹੀ ਉਭਰੇ ਖੱਬੇ ਪੱਖੀ ਆਗੂ ਅਲੀ ਵਜੀਰ ਤੇ ਮੋਹਸਿਨ ਡਾਬਰ ਦੇਸ਼ ਦੀ ਸੰਸਦ ਲਈ ਚੁਣੇ ਗਏ ਹਨ।
ਇਸ ਸਾਲ ਦੇ ਮਈ ਮਹੀਨੇ ਵਿਚ ਹੀ ਪੀ.ਟੀ.ਐਮ. ਆਗੂ ਆਰਿਫ ਵਜੀਰ ‘ਤੇ ਵਾਨਾ ਵਿਖੇ ਹਮਲਾ ਕੀਤਾ ਗਿਆ ਸੀ, ਜਿਸ ਕਰਕੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਇਥੇ ਇਹ ਵੀ ਵਰਣਨਯੋਗ ਹੈ ਕਿ ਪਾਕਿਸਤਾਨ ਦਾ ਮੁੱਖ ਧਾਰਾਈ ਮੀਡੀਆ ਉਤਰੀ ਵਜੀਰਿਸਤਾਨ ਵਿਖੇ ਲੋਕਾਂ ‘ਤੇ ਹੋਣ ਵਾਲੇ ਦਮਨ ਤਸ਼ੱਦਦ ਅਤੇ ਉਨ੍ਹਾਂ ਵਿਰੁੱਧ ਹੋਣ ਵਾਲੇ ਪ੍ਰਤੀਰੋਧ ਪ੍ਰਤੀ ਪੂਰੀ ਤਰ੍ਹਾਂ ਚੁੱਪ ਰਹਿੰਦਾ ਹੈ।
12 ਨਵੰਬਰ ਨੂੰ ਮੀਰਨਸ਼ਾਹ ਵਿਖੇ ਲੱਖਾਂ ਲੋਕਾਂ ਵਲੋਂ ਕੀਤੀ ਗਈ ਇਸ ਰੋਸ ਰੈਲੀ ਬਾਰੇ ਵੀ ਮੁੱਖ ਧਾਰਾਈ ਮੀਡੀਆ ਵਿਚ ਕੋਈ ਖਬਰ ਨਹੀਂ ਸੀ। ਸੋਸ਼ਲ ਮੀਡੀਆ ‘ਤੇ ਟਵੀਟਾਂ ਰਾਹੀਂ ਹੀ ਇਸ ਬਾਰੇ ਤਫਸੀਲ ਮਿਲਦੀ ਹੈ। ਪੀ.ਟੀ.ਐਮ. ਆਗੂ ਅਤੇ ਪਾਕਿਸਤਾਨੀ ਸੰਸਦ ਦੇ ਉਪਰਲੇ ਸਦਨ ਸੀਨੇਟ ਦੇ ਸਾਬਕਾ ਮੈਂਬਰ, ਅਫਰਾਸਿਆਬ ਖਟਕ ਨੇ ਟਵੀਟ ਕਰਕੇ ਕਿਹਾ ”ਪੀ.ਟੀ.ਐਮ. ਡੂਰੰਡ ਲਾਈਨ ਦੇ ਦੋਵੇਂ ਪਾਸੇ ਪਸ਼ਤੂਨਾਂ ਵਿਰੁੱਧ ਚਲਾਈ ਜਾ ਰਹੀ ਨਵੀਂ ਜੰਗ ਦਾ ਡਟਕੇ ਵਿਰੋਧ ਕਰ ਰਿਹਾ ਹੈ। ਪੀ.ਟੀ.ਐਮ. ਸਰਕਾਰ ਵਲੋਂ ਕੀਤੇ ਜਾਂਦੇ ਤਸ਼ੱਦਦ ਦਾ ਪ੍ਰਤੀਰੋਧ ਕਰਨ ਵਿਚ ਮੁਹਰਲੀਆਂ ਕਤਾਰਾਂ ਵਿਚ ਰਿਹਾ ਹੈ। ਖੁਸ਼ੀ ਦੀ ਗੱਲ ਹੈ ਕਿ ਹੁਣ ਹੋਰ ਰਾਜਨੀਤਕ ਪਾਰਟੀਆਂ ਵੀ ਇਸ ਦਮਨ-ਤਸ਼ੱਦਦ ਲਈ ਜ਼ਿੰਮੇਵਾਰਾਂ ਉਤੇ ਉਂਗਲ ਧਰ ਰਹੀਆਂ ਹਨ।
ਮਨੁੱਖੀ ਅਧਿਕਾਰਾਂ ਬਾਰੇ ਕਾਰਕੁੰਨ ਤੇ ਪੀ.ਟੀ.ਐਮ. ਦੀ ਸਮਰਥਕ ਖੋਰ ਬੀਬੀ ਨੇ ਟਵੀਟ ਕਰਦਿਆਂ ਕਿਹਾ ”ਉਤਰੀ ਵਜੀਰਿਸਤਾਨ ਦੀ ਰਾਜਧਾਨੀ ਮੀਰਨਸ਼ਾਹ ਵਿਖੇ ਸਮੁੱਚੇ ਖੈਬਰ ਪੱਖਤੂਨਵਾ ਸੂਬੇ ਤੋਂ ਲੱਖਾਂ ਪਸ਼ਤੂਨ ਉਨ੍ਹਾਂ ਉਤੇ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਵਿਰੁੱਧ ਪ੍ਰਤੀਰੋਧ ਕਰਨ ਲਈ  ਇਕੱਠੇ ਹੋਏ ਹਨ।” ਇਸਦੇ ਨਾਲ ਹੀ ਉਨ੍ਹਾਂ ਇਸ ਵਿਸ਼ਾਲ ਰੈਲੀ ਦੀ ਫੋਟੋ ਵੀ ਟਵੀਟ ਕੀਤੀ ਹੈ।
ਪੱਤਰਕਾਰ ਮੁਬਾਸ਼ਿਰ ਜੈਦੀ ਨੇ ਟਵੀਟ ਕਰਕੇ ਕਿਹਾ ”ਪ੍ਰਤੀਰੋਧ ਅਮਰ ਰਹੇ…. ਦੇਖਣ ਨੂੰ ਚੰਗਾ ਲੱਗਾ ਕਿ ਦਹਾਕਿਆਂ ਤੋਂ ਦੱਬੇ-ਕੁਚਲੇ ਜਾ ਰਹੇ ਸਾਬਕਾ ਫਾਟਾ ਦੇ ਲੋਕ ਆਪਦੇ ਹੱਕਾਂ-ਹਿਤਾਂ ਦੀ ਰਾਖੀ ਲਈ ਉਠ ਖਲੋਤੇ ਹਨ।”
ਅਮਾਰ ਅਲੀ ਜਾਨ ਨੇ ਟਵੀਟ ਕਰਕੇ ਕਿਹਾ ”ਸਰਹੱਦਾਂ ‘ਤੇ ਬੈਠੇ ਲੋਕ ਸਭ ਤੋਂ ਵਧੇਰੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਦੀਆਂ ਆਵਾਜ਼ਾਂ ਦਮਨ ਤਸ਼ੱਦਦ ਨਾਲ ਖਾਮੋਸ਼ ਕਰ ਦਿੱਤੀਆਂ ਜਾਂਦੀਆਂ ਹਨ। ਪਰ ਹੁਣ ਗਿਲਗਿਤ-ਬਾਲਟਿਸਤਾਨ ਤੋਂ ਲੈ ਕੇ ਫਾਟਾ (ਉਤਰੀ ਵਜੀਰਿਸਤਾਨ) ਤੱਕ ਨੌਜਵਾਨ ਵਧੀਕੀਆਂ ਤੇ ਬੇਇੰਸਾਫੀ ਦੇ ਇਤਿਹਾਸ ਵਿਰੁੱਧ ਉਠ ਰਿਹਾ ਹੈ।”

 

 

See Also

 

ਬਲਾਤਕਾਰ ਵਿਰੁੱਧ ਸੰਘਰਸ਼ ਬਣਿਆ ਸਰਕਾਰ ਵਿਰੁੱਧ ਸੰਘਰਸ਼
ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਸਿਤੰਬਰ ਦੇ ਦੂਜੇ ਹਫਤੇ ਵਿਚ ਇਕ ਔਰਤ ਨਾਲ ਸ਼ਾਹ ਰਾਹ ਉਤੇ ਹੋਏ ਸਮੂਹਕ ਬਲਾਤਕਾਰ ਵਿਰੁੱਧ ਸੰਘਰਸ਼ ਨੇ ਵਿਆਪਕ ਰੂਪ ਅਖਤਿਆਰ ਕਰ ਲਿਆ ਹੈ ਅਤੇ ਹੁਣ ਇਹ ਦੇਸ਼ ਦੀ ਸਰਕਾਰ ਵਿਰੁੱਧ ਸੰਘਰਸ਼ ਦਾ ਰੂਪ ਅਖਤਿਆਰ ਕਰ ਗਿਆ ਹੈ। ਪੰਜਾਬ ਸੂਬੇ ਵਿਚ ਹੀ ਨਹੀਂ ਬਲਕਿ ਸਮੁੱਚੇ ਦੇਸ਼ ਵਿਚ ਇਸ ਬਲਾਤਕਾਰ ਵਿਰੁੱਧ ਤਾਂ ਆਵਾਜ਼ ਬੁਲੰਦ ਹੋਈ ਹੀ ਹੈ। ਉਸ ਤੋਂ ਵੀ ਵਧੇਰੇ ਲੋਕਾਂ ਵਿਚ ਗੁੱਸਾ ਲਾਹੌਰ ਪੁਲਸ ਦੇ ਮੁਖੀ ਵਿਰੁੱਧ ਹੈ ਜਿਸਨੇ ਇਸ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਈ ਔਰਤ ‘ਤੇ ਹੀ ਤੋਹਮਤ ਲਾਉਣ ਦਾ ਯਤਨ ਇਹ ਕਹਿੰਦੇ ਹੋਏ ਕੀਤਾ ਕਿ ”ਉਹ ਇਕੱਲੀ ਦੇਰ ਰਾਤ ਘਰੋਂ ਬਾਹਰ ਕਿਉਂ ਨਿਕਲੀ।”
ਇੱਥੇ ਇਹ ਵਰਣਨਯੋਗ ਹੈ ਕਿ ਸਤੰਬਰ ਦੇ ਦੂਜੇ ਹਫਤੇ ਵਿਚ ਇਕ ਔਰਤ ਦੇਰ ਰਾਤ ਆਪਣੇ ਤਿੰਨ ਬੱਚਿਆਂ ਨੂੰ ਨਾਲ ਲੈ ਕੇ ਕਾਰ ਵਿਚ ਸ਼ਾਹ ਰਾਹ ‘ਤੇ ਜਾ ਰਹੀ ਸੀ। ਰਸਤੇ ਵਿਚ ਉਸਦੀ ਕਾਰ ਦਾ ਪੈਟਰੋਲ ਖਤਮ ਹੋਣ ਕਰਕੇ ਉਸਨੂੰ ਰੁਕਣਾ ਪਿਆ। ਉਸ ਮੌਕੇ ਦਾ ਨਜਾਇਜ਼ ਲਾਭ ਲੈਂਦੇ ਹੋਏ ਦੋ ਵਿਅਕਤੀਆਂ ਨੇ ਉਸ ਨਾਲ ਉਸਦੇ ਛੋਟ-ਛੋਟੇ ਬੱਚਿਆਂ ਸਾਹਮਣੇ ਹੀ ਸਮੂਹਿਕ ਬਲਾਤਕਾਰ ਕੀਤਾ।
ਇਸਦਾ ਪਤਾ ਲੱਗਦਿਆਂ ਹੀ ਦੇਸ਼ ਭਰ ਵਿਚ ਗੁੱਸੇ ਦੀ ਲਹਿਰ ਦੌੜ ਗਈ ਤੇ ਸਮੁੱਚੇ ਦੇਸ਼ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਫਾਹੇ ਲਾਉਣ ਦੀ ਮੰਗ ਹੋਣ ਲੱਗ ਪਈ। ਪਰ ਲਾਹੌਰ ਪੁਲਸ ਦੇ ਮੁਖੀ ਨੇ ਇਸ ਬਾਰੇ ਫੌਰੀ ਕਾਰਵਾਈ ਕਰਨ ਦੀ ਥਾਂ ਔਰਤ ਨੂੰ ਹੀ ਕਟਹਿਰੇ ਵਿਚ ਖੜੇ ਕਰਨ ਦਾ ਯਤਨ ਕੀਤਾ। ਇਥੇ ਇਹ ਵੀ ਨੋਟ ਕਰਨ ਯੋਗ ਹੈ ਕਿ ਲਾਹੌਰ ਪੁਲਸ ਮੁਖੀ ਉਮਰ ਸ਼ੇਖ ਨੂੰ ਇਸ ਅਹੁਦੇ ‘ਤੇ ਵਿਸ਼ੇਸ਼ ਰੂਪ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਤੈਨਾਤ ਕੀਤਾ ਗਿਆ ਹੈ। ਆਈ.ਬੀ. ਅਨੁਸਾਰ ਉਮਰ ਸ਼ੇਖ ਮਸ਼ਕੂਕ ਕਿਰਦਾਰ ਦਾ ਵਿਅਕਤੀ ਹੈ ਅਤੇ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲਿਆਂ ਵਿਚ ਸ਼ਾਮਲ ਹੋਣ ਕਰਕੇ ਸਜ਼ਾਵਾਂ ਪ੍ਰਾਪਤ ਕਰ ਚੁੱਕਾ ਹੈ।
ਦੇਸ਼ ਭਰ ਵਿਚ ਉਠੀ ਰੋਸ ਲਹਿਰ ਦੇ ਦਬਾਅ ਹੇਠ ਸਮੂਹਿਕ ਬਲਾਤਕਾਰ ਦੇ ਦੋਸ਼ੀ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਰੋਸ ਨੂੰ ਠੰਡਾ ਕਰਨ ਲਈ ਅਜਿਹਾ ਕਾਨੂੰਨ ਲਿਆਉਣ ਦੀ ਗੱਲ ਕੀਤੀ ਹੈ ਜਿਸ ਨਾਲ ਬਲਾਤਕਾਰੀ ਨੂੰ ਨਪੁੰਸਕ ਬਨਾਉਣ ਦੀ ਸਜ਼ਾ ਦਿੱਤੀ ਜਾਵੇਗੀ। ਪ੍ਰੰਤੂ ਇਸ ਤੋਂ ਬਾਵਜੂਦ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਉਨ੍ਹਾਂ ਦੀ ਮੰਗ ਹੈ ਕਿ ਬਲਾਤਕਾਰ ਦਾ ਸ਼ਿਕਾਰ ਔਰਤ ਨੂੰ ਹੀ ਤੋਹਮਤਾਂ ਲਾਉਣ ਵਾਲੇ ਅਤੇ ਦੋਸ਼ੀ ਗਰਦਾਨਣ ਵਾਲੇ ਲਾਹੌਰ ਪੁਲਸ ਮੁਖੀ ਨੂੰ ਮੁਅੱਤਲ ਕਰਕੇ ਸਜ਼ਾ ਦਿੱਤੀ ਜਾਵੇੇ। ਪਾਕਿਸਤਾਨ ਦੇ ਚੀਫ਼ ਜਸਟਿਸ ਗੁਲਜਾਰ ਅਹਿਮਦ ਨੇ ਵੀ ਅਜਿਹੇ ਅਫਸਰ ਨੂੰ ਪੁਲਸ ਮੁਖੀ ਬਣਾਏ ਜਾਣ ਵਿਰੁੱਧ ਟਿੱਪਣੀ ਕੀਤੀ ਹੈ।
ਪਾਕਿਸਤਾਨ ਦਾ ਵੀ ਬਲਾਤਕਾਰਾਂ ਦੇ ਮਾਮਲੇ ਵਿਚ ਰਿਕਾਰਡ ਕੋਈ ਚੰਗਾ ਨਹੀਂ ਹੈ। ਇਸ ਸਾਲ ਦੇ ਪਹਿਲੇ 60 ਦਿਨਾਂ ਵਿਚ ਸਿਰਫ ਲਾਹੌਰ ਵਿਚ ਹੀ 73 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ ਹਨ। ਜੂਨ 2013 ਤੋਂ ਫਰਵਰੀ 2015 ਤੱਕ ਦੇਸ਼ ਵਿਚ ਬਲਾਤਕਾਰ ਦੇ ਕੁੱਲ 4960 ਮਾਮਲੇ ਦਰਜ ਕੀਤੇ ਗਏ ਸਨ ਜਿਨ੍ਹਾਂ ਵਿਚ 6632 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਅਪਰਾਧੀ ਸਾਬਤ ਹੋ ਕੇ ਸਜਾਯਾਫਤਾ ਹੋਣ ਵਾਲਿਆਂ ਦੀ ਗਿਣਤੀ ਕੁੱਲ 219 ਹੀ ਸੀ।
ਪਾਕਿਸਤਾਨ ਵਿਚ ਇਸਤਰੀਆਂ ਲਈ ਇਕ ਹੋਰ ਦੁਖਾਂਤ ਹੈ, ਇਸ ਦੇਸ਼ ਦਾ ਧਰਮ ਅਧਾਰਤ ਹੋਣਾ ਅਤੇ ਸ਼ਰੀਅਤ ਕਾਨੂੰਨ ਦਾ ਲਾਗੂ ਹੋਣਾ। ਬਲਾਤਕਾਰ ਤੇ ਔਰਤ ਨਾਲ ਸੰਭੋਗ ਨੂੰ ਬਰਾਬਰ ਹੀ ਸਮਝਿਆ ਜਾਂਦਾ ਹੈ। ਜੇਕਰ ਤੁਸੀਂ ਬਲਾਤਕਾਰ ਕਰਨ ਵਾਲੇ ਨੂੰ ਸਜ਼ਾ ਦੁਆਉਣੀ ਹੈ ਤਾਂ ਘੱਟੋ ਘੱਟ ਚਾਰ ਮਰਦ ਚਸ਼ਮਗਦੀਦ ਗਵਾਹਾਂ ਦੀ ਗਵਾਹੀ ਚਾਹੀਦੀ ਹੈ। ਇਸੇ ਕਰਕੇ ਬਲਾਤਕਾਰ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਪੁਲਸ ਕੋਲ ਮਾਮਲਾ ਲੈ ਕੇ ਨਹੀਂ ਜਾਂਦੀਆਂ। ਇਸ ਬਲਾਤਕਾਰ ਕੇਸ ਵਿਚ ਵੀ ਸ਼ਿਕਾਰ ਇਸਤਰੀ ਨੇ ਕੇਸ ਦੀ ਜਾਂਚ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਦੇਸ਼ ਵਿਚ ਉਠੀ ਇਸ ਬਲਾਤਕਾਰ ਦੇ ਮੱਦੇਨਜ਼ਰ ਵਿਸ਼ਾਲ ਤੇ ਰੋਸ ਭਰਪੂਰ ਪ੍ਰਤੀਰੋਧ ਲਹਿਰ ਤਾਂ ਹੀ ਇਸ ਕਲੰਕ ਨੂੰ ਰੋਕਣ ਵਿਚ ਸਫਲ ਹੋਵੇਗੀ ਜੇਕਰ ਦੇਸ਼ ਦੇ ਰਾਜਨੀਤਕ ਢਾਂਚੇ ਵਿਚ ਵੀ ਲੋਕ ਪੱਖੀ ਤਬਦੀਲੀ ਕੀਤੀ ਜਾਵੇ।

Scroll To Top