Now Reading
ਕੌਮਾਂਤਰੀ ਪਿੜ (ਸੰਗਰਾਮੀ ਲਹਿਰ – ਸਤੰਬਰ 2019)

ਕੌਮਾਂਤਰੀ ਪਿੜ (ਸੰਗਰਾਮੀ ਲਹਿਰ – ਸਤੰਬਰ 2019)

ਰਵੀ ਕੰਵਰ

ਬ੍ਰਾਜੀਲ ਵਿਚ ਔਰਤਾਂ ਦੇ ਅਧਿਕਾਰਾਂ ਲਈ ਮਾਰਚ ਅਤੇ ਸਮਾਗਮ
ਲਾਤੀਨੀ ਅਮਰੀਕਾ ਮਹਾਂਦੀਪ ਦੇ ਪ੍ਰਮੁਖ ਦੇਸ਼ ਬ੍ਰਾਜੀਲ ਦੀ ਰਾਜਧਾਨੀ ਵਿਚ 14 ਅਗਸਤ ਨੂੰ 1 ਲੱਖ ਔਰਤਾਂ ਨੇ ਜੀਵਨ, ਜਮੀਨ ਤੇ ਪਾਣੀ ਦੀ ਰਖਿਆ ਨੂੰ ਕੇਂਦਰਤ ਕਰਦੇ ਹੋਏ ‘ਇਸਤਰੀ ਮਾਰਚ’ ਕੀਤਾ। ਹਰ ਚਾਰ ਸਾਲ ਬਾਅਦ ਦੇਸ਼ ਦੀ ਰਾਜਧਾਨੀ ਵਿਚ ਹੋਣ ਵਾਲਾ ਇਹ ਮਾਰਚ, ਖੇਤ ਮਜਦੂਰਾਂ ਦੀ ਸ਼ਹੀਦ ਆਗੂ ਮਾਰਗਰੀਡਾ ਮਾਰੀਆ ਅਲਵੇਜ ਦੀ ਯਾਦ ਵਿਚ ਕੀਤਾ ਜਾਂਦਾ ਹੈ। ਦੇਸ਼ ਦੇ ਉਤਰ-ਪੂਰਬੀ ਖੇਤਰ ਵਿਚ ਸਥਿਤ ਸੂਬੇ ਪਾਰਾਇਬਾ ਵਿਚ ਭੂਮੀਹੀਣ ਕਾਮਿਆਂ ਦੇ ਹੱਕਾਂ-ਹਿਤਾਂ ਵਿਚ ਲੜਨ ਵਾਲੀ ਇਸ ਵੀਰਾਂਗਣਾ ਦਾ 1983 ਵਿਚ ਜਗੀਰਦਾਰਾਂ ਦੇ ਗੁੰਡਿਆਂ ਨੇ ਕਤਲ ਕਰ ਦਿੱਤਾ ਸੀ। ਉਸਦੀ ਯਾਦ ਵਿਚ 2000 ਸਨ ਤੋਂ ਹਰ ਚਾਰ ਸਾਲ ਬਾਅਦ ਇਕ ਉਤਸਵ ਦਾ ਆਯੋਜਨ ਨੈਸ਼ਨਲ ਕੰਨਫੈਡਰੇਸ਼ਨ ਆਫ ਐਗਰੀਕਲਚਰ ਵਰਕਰਜ਼ (ਕੋਨਟਾਗ) ਵਲੋਂ ਕੀਤਾ ਜਾਂਦਾ ਹੈ। ਇਸ ਚਾਰ ਦਿਨਾਂ ਸਮਾਗਮ ਵਿਚ ਸਭਿਆਚਾਰਕ ਪ੍ਰੋਗਰਾਮ, ਖੇਤ ਮਜਦੂਰਾਂ ਅਤੇ ਦੇਸ਼ ਦੇ ਹੋਰ ਲੋਕਾਂ ਦੇ ਭਖਦੇ ਮਸਲਿਆਂ ਬਾਰੇ ਸੈਮੀਨਾਰ ਤੇ ਵਿਚਾਰ ਵਟਾਂਦਰੇ ਤਾਂ ਕੀਤੇ ਹੀ ਜਾਂਦੇ ਹਨ ਅਤੇ ਨਾਲ ਹੀ ਹਰ ਦਿਨ ਕਿਸੇ-ਨਾ-ਕਿਸੇ ਭਖਦੇ ਮੁੱਦੇ ਨੂੰ ਲੈਕੇ ਦੇਸ਼ ਦੀ ਰਾਜਧਾਨੀ ਵਿਚ ਮੁਜਾਹਰਾ ਵੀ ਕੀਤਾ ਜਾਂਦਾ ਹੈ।
ਇਸ ਸਾਲ ਵੀ ਇਹ ਸਮਾਗਮ 11 ਤੋਂ 14 ਅਗਸਤ ਤੱਕ ਦੇਸ਼ ਦੀ ਰਾਜਧਾਨੀ ਬ੍ਰਾਸੀਲੀਆ ਵਿਚ ਕੀਤਾ ਗਿਆ। 11 ਅਗਸਤ ਦਾ ਪਹੁਫੁਟਾਲਾ ਸਮੂਚੇ ਦੇਸ਼ ਵਿਚੋਂ 100 ਮੂਲ ਨਿਵਾਸੀ ਔਰਤਾਂ ਵਲੋਂ ਪੇਸ਼ ਕੀਤੇ ਸਭਿਆਚਾਰਕ ਪ੍ਰੋਗਰਾਮ ਨਾਲ ਸ਼ੁਰੂ ਹੋਇਆ। ਮੂਲ ਨਿਵਾਸੀ ਔਰਤਾਂ ਦੇ ਕੌਮੀ ਮੰਚ ਦੀਆਂ 1500 ਔਰਤਾਂ ਇਸ ਮੌਕੇ ਹਾਜ਼ਰ ਸਨ। ਇਸਤਰੀ ਆਗੂ ਸੋਨੀਆ ਗੌਜਾਜਾਰਾ ਨੇ 21 ਸੂਬਿਆਂ ਤੋਂ ਇਕੱਠੀਆਂ ਹੋਈਆਂ ਔਰਤ ਕਾਰਕੁੰਨਾਂ ਨੂੰ ”ਖੇਤਰ : ਸਾਡਾ ਸ਼ਰੀਰ, ਸਾਡੀ ਆਤਮਾ” ਵਿਸ਼ੇ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਸੱਦਾ ਦਿੱਤਾ। ਇਹ ਵਿਚਾਰ ਵਟਾਂਦਰਾ ਮੂਲ ਨਿਵਾਸੀ ਔਰਤਾਂ ਦੇ ਸਸ਼ਕਤੀਕਰਨ, ਸਿਹਤ, ਸਿਖਿਆ ਤੇ ਸੁਰਖਿਆ ਅਧਿਕਾਰਾਂ ਦੀ ਉਲੰਘਣਾ, ਭੂਮੀ ਸੰਬੰਧੀ ਅਧਿਕਾਰਾਂ ਤੇ ਪ੍ਰਕ੍ਰਿਆਵਾਂ ਅਤੇ ਰਾਜਨੀਤੀ ਵਿਚ ਮੂਲ ਨਿਵਾਸੀ ਔਰਤਾਂ ਦੀ ਸਥਿਤੀ ਆਦਿ ਮੁੱਦਿਆਂ ਨਾਲ ਸਬੰਧਤ ਠੋਸ ਮੰਗਾਂ ਦੀ ਸਿਰਜਣਾ ਤੇ ਇਨ੍ਹਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਲਈ ਰਣਨੀਤੀ ਦੁਆਲੇ ਕੇਂਦਰਤ ਰਿਹਾ। ਦੁਪਹਿਰ ਬਾਅਦ ਸਮਾਜਕ ਅੰਦੋਲਨਾਂ ਦਰਮਿਆਨ ਤਾਲਮੇਲ ਉਤੇ ਵਿਚਾਰ ਵਟਾਂਦਰਾ ਹੋਇਆ ਜਿਸ ਵਿਚ ਕਈ ਲਾਤੀਨੀ ਅਮਰੀਕੀ ਦੇਸ਼ਾਂ ਦੀਆਂ ਮੂਲ ਨਿਵਾਸੀ ਔਰਤ ਪ੍ਰਤਨਿਧਾਂ, ਜਿਵੇਂ ਪੇਰੂ ਤੇ ਇਕਵਾਡੋਰ ਅਤੇ ਸੰਯੁਕਤ ਰਾਸ਼ਟਰ ਸੰਘ ਦੀਆਂ ਮੂਲ ਨਿਵਾਸੀ ਪ੍ਰਤਿਨਿਧਾਂ ਨੇ ਵੀ ਇਸ ਵਿਚ ਭਾਗ ਲਿਆ। ਇਸੇ ਤਰ੍ਹਾਂ ਸਮਾਜਕ ਜਥੇਬੰਦੀਆਂ ਦੇ ਕੌਮੀ ਗਠਜੋੜਾਂ ਦੇ ਪ੍ਰਤਨਿਧਾਂ ਦੀ ਵੀ ਰਾਉਂਡ ਟੇਬਲ ਕਾਨਫਰੰਸ ਹੋਈ।
12 ਅਗਸਤ ਦਾ ਦਿਨ ”ਮੂਲ ਨਿਵਾਸੀ ਸਿਹਤ ਸਬੰਧੀ ਕਾਨੂੰਨ ਐਸ.ਏ.ਐਸ.ਆਈ.- ਐਸ.ਯੂ.ਐਸ. ਦੀ ਰਖਿਆ ਵਿਚ ਮੂਲ ਨਿਵਾਸੀ ਔਰਤਾਂ” ਵਿਸ਼ੇ ‘ਤੇ ਕੇਂਦਰਤ ਸੀ। ਰਾਜਧਾਨੀ ਬ੍ਰਾਸੀਲੀਆ ਦੀਆਂ ਸੜਕਾਂ ‘ਤੇ ਮਾਰਚ ਕਰਦੇ ਹੋਏ ਨਿਰੋਲ ਮੂਲ ਨਿਵਾਸੀ ਔਰਤਾਂ ਦਾ ਇਹ ਮਾਰਚ ਮੂਲ ਨਿਵਾਸੀ ਸਿਹਤ ਬਾਰੇ ਵਿਸ਼ੇਸ਼ ਸਕਤਰੇਤ ਵੱਲ ਵਧਿਆ। ਇਸ ਦੀਆਂ ਮੰਗਾਂ ਸਨ, ਮੂਲ ਨਿਵਾਸੀ ਸਿਹਤ ਪ੍ਰਣਾਲੀ ਦਾ ਨਿਗਮੀਕਰਣ ਖਤਮ ਕੀਤਾ ਜਾਵੇ ਅਤੇ ਇਸਦੀ ਮੌਜੂਦਾ ਕੋ-ਆਰਡੀਨੇਟਰ ਸਿਲਵੀਆ ਨੋਬਰੇ ਦੀ ਛੁੱਟੀ ਕੀਤੀ ਜਾਵੇ। ਸਕਤਰੇਤ ਦੇ ਗੇਟ ‘ਤੇ ਇਸਤਰੀ ਆਗੂਆਂ ਨੂੰ ਮਿਲਟਰੀ ਪੁਲਸ ਨੇ ਅੰਦਰ ਜਾਣੋ ਰੋਕ ਦਿੱਤਾ, ਪਰ ਫੇਰ ਵੀ ਉਹ ਅੰਦਰ ਜਾਕੇ ਧਰਨਾ ਦੇਣ ਵਿਚ ਸਫਲ ਹੋ ਗਈਆਂ। ਇਸ ਦਾ ਅੰਤ ਸੁਪਰੀਮ ਕੋਰਟ ਵਲੋਂ ਇਸ ਮੁੱਦੇ ‘ਤੇ ਹੋਣ ਵਾਲੀ ਸੁਣਵਾਈ ਵਿਚ ਇਸਤਰੀ ਪ੍ਰਤਨਿਧਮੰਡਲ ਦੀ ਸ਼ਮੂਲੀਅਤ ਨਾਲ ਹੋਇਆ।
13 ਅਗਸਤ ਨੂੰ ਮੂਲ ਨਿਵਾਸੀ ਔਰਤਾਂ ਦਾ ਮਾਰਚ ਸਬੇਰੇ 7 ਬਜੇ ਹੀ ਠਹਿਰ ਵਾਲੀ ਥਾਂ ਤੋਂ ਦੇਸ਼ ਦੀਆਂ ਕੇਂਦਰੀ ਵਜਾਰਤਾਂ ਵਾਲੇ ਚੌਂਕ ਵੱਲ ਨੂੰ ਰਵਾਨਾ ਹੋ ਗਿਆ ਜਿੱਥੇ ਉਹ 9 ਬਜੇ ਜਨਤਕ ਸਿਖਿਆ ਨੂੰ ਖਤਮ ਕਰਨ ਵਾਲੇ ਕਾਨੂੰਨ ਵਿਰੁਧ ਵਿਦਿਆਰਥੀਆਂ, ਅਧਿਆਪਕਾਂ ਤੇ ਮਿਹਨਤਕਸ਼ਾਂ ਵਲੋਂ ਕੀਤੇ ਜਾਣ ਵਾਲੇ ਰੋਸ ਮਾਰਚ ਵਿਚ ਸ਼ਾਮਲ ਹੋ ਗਿਆ। ਉਸੇ ਦਿਨ ਬਾਅਦ ਦੁਪਹਿਰ ਸਿਟੀ ਪਾਰਕ ਵਿਚ ਇਸ ਸਮਾਗਮ ਦੇ ਹਿੱਸੇ ਵਜੋਂ ਕਈ ਵਰਕਸ਼ਾਪਾਂ ਤੇ ਸਰਗਰਮੀਆਂ ਹੋਈਆਂ।
ਇਸ ਸਮਾਗਮ ਦੇ ਅੰਤਲੇ ਦਿਨ, 14 ਅਗਸਤ ਨੂੰ, ਦੇਸ਼ ਦੀ ਰਾਜਧਾਨੀ ਬ੍ਰਾਸੀਲੀਆ ਵਿਚ ਨਿਰੋਲ ਔਰਤਾਂ ਦਾ ਮਾਰਚ ਹੁੰਦਾ ਹੈ। ਇਸ ਮਾਰਚ ਨੂੰ ਦੇਸ਼ ਦੇ ਖੂਬਸੂਰਤ ਫੁੱਲ ‘ਡੇਜੀ’ ਦੇ ਨਾਂਅ ‘ਤੇ ‘ਡੇਜੀਜ ਮਾਰਚ’ ਵੀ ਕਿਹਾ ਜਾਂਦਾ ਹੈ। ਇਸ ਸਮਾਗਮ ਦਾ ਆਯੋਜਨ ਕਰਨ ਵਾਲੀ ਖੇਤ ਮਜਦੂਰਾਂ ਦੀ ਕੌਮੀ ਕੰਨਫੈਡਰੇਸ਼ਨ-ਕੋਨਟਾਗ ਮੁਤਾਬਕ ਇਸ ਸਾਲ ਇਕ ਲੱਖ ਔਰਤਾਂ ਨੇ ਇਸ ਮਾਰਚ ਵਿਚ ਭਾਗ ਲਿਆ। ਇਸ ਵਿਚ ਭਾਗ ਲੈਣ ਲਈ ਸਮੂਚੇ ਦੇਸ਼ ‘ਚੋਂ ਆਈਆਂ ਔਰਤਾਂ ਦੇਸ਼ ਦੀ ਰਾਜਧਾਨੀ ਵਿਚ ਸਥਿਤ ਵਜਾਰਤਾਂ ਦੇ ਸਾਹਮਣੇ ਵਾਲੇ ਚੌਂਕ ਵਿਚ ਇਕੱਠੀਆਂ ਹੋਈਆਂ। ਇਹ ਮਾਰਚ ਜੀਵਨ, ਜਮੀਨ ਅਤੇ ਪਾਣੀ ਦੀ ਰਖਿਆ ਦੇ ਨਾਲ-ਨਾਲ ਜਮੀਨੀ ਸੁਧਾਰਾਂ ਦੀ ਰੱਖਿਆ ਕਰਨ ਅਤੇ ਲਿੰਗਕ ਹਿੰਸਾ ਤੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਵਿਰੁਧ ਸੀ।
ਇਸ ਮਾਰਚ ਦੇ ਸਬੰਧ ‘ਚ ਗੱਲ ਕਰਦੇ ਹੋਏ ਦੇਸ਼ ਦੀ ਸੰਸਦ ਵਿਚ ਕਮਿਊਨਿਸਟ ਪਾਰਟੀ ਦੀ ਪ੍ਰਤਨਿਧ ਜੰਦੀਰਾ ਫੇਘਾਲੀ ਨੇ ਕਿਹਾ-”ਬ੍ਰਾਜੀਲ ਦੀਆਂ ਔਰਤਾਂ ਦੀਆਂ ਮੰਗਾਂ ਦਾ ਅਜੰਡਾ ਵਿਆਪਕ ਹੈ, ਇਸ ਵਿਚ ਜਮੀਨੀ ਸੁਧਾਰਾਂ ਤੋਂ ਲੈ ਕੇ ਤਕਨੀਕ, ਉਤਪਾਦਨ, ਸਮਾਜਕ ਅਧਿਕਾਰਾਂ, ਸਿਖਿਆ ਤੇ ਵਿੱਤ ਤੱਕ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਦੇਸ਼ ਦੀ ਸੰਸਦ ਇਸ ਅਜੰਡੇ ਦਾ ਵਿਸ਼ਲੇਸ਼ਣ ਕਰੇਗੀ ਅਤੇ ਇਸ ਨਾਲ ਸਬੰਧਤ ਚਲ ਰਹੀਆਂ ਜਨਤਕ ਪਰਿਯੋਜਨਾਵਾਂ ਦੀ ਨਜਰਸਾਨੀ ਕਰੇਗੀ। ਇਹ ਇਨ੍ਹਾਂ ਖੇਤਰਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਵਸੀਲਿਆਂ ਨੂੰ ਨਹੀਂ ਘਟਾ ਸਕਦੀ।”
ਇਸ ਡੈਜੀਜ ਮਾਰਚ ਦੀ ਕੋ-ਆਰਡੀਨੇਟਰ ਮਾਜ਼ ਮੋਰਾਇਸ ਨੇ ਦਸਿਆ- ”ਇਸ ਸਾਲ ਦਾ ਮਾਰਚ ਪਹਿਲਿਆਂ ਨਾਲੋਂ ਵਖਰਾ ਸੀ, ਜਿੱਥੇ ਕਿ ਅਪਣੀਆਂ ਮੰਗਾਂ ਸਬੰਧੀ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਈ ਮੰਗ-ਪੱਤਰ ਜਾਂ ਪਟੀਸ਼ਨ ਨਹੀਂ ਦਿੱਤੀ ਗਈ, ਜਿਹੜਾ ਕਿ ਮਿਹਨਤਕਸ਼ ਜਮਾਤ, ਖਾਸ ਕਰਕੇ ਕੰਮਕਾਜੀ ਔਰਤਾਂ ਦੇ ਅਧਿਕਾਰਾਂ ‘ਤੇ ਛਾਪੇ ਮਾਰ ਰਿਹਾ ਹੈ।” ਇੱਥੇ ਇਹ ਵਰਨਣਯੋਗ ਹੈ ਕਿ ਦੇਸ਼ ਵਿਚ ਇਸ ਵੇਲੇ ਜੈਰ ਬੋਲਸੋਨਾਰੋ ਰਾਸ਼ਟਰਪਤੀ ਹਨ, ਜਿਹੜੇ ਕਿ ਧੁਰ-ਨਸਲਪ੍ਰਸਤ ਤੇ ਸੱਜ ਪਿਛਾਖੜੀ ਹਨ।
ਵਰਕਰਜ਼ ਪਾਰਟੀ ਦੀ ਕਾਰਕੁੰਨ, ਬੇਨੇਡਿਟਾ ਦਾ ਸਿਲਵਾ ਨੇ ਬ੍ਰਾਜੀਲ ਦੇ ਮਿਹਨਤਕਸ਼ਾਂ ਦੇ ਅਧਿਕਾਰਾਂ ‘ਤੇ ਕੀਤੇ ਜਾ ਰਹੇ ਹਮਲਿਆਂ ਬਾਰੇ ਗੱਲ ਕਰਦਿਆਂ ਦੱਸਿਆ-”ਕਿਰਤੀਆਂ ਤੋਂ ਔਤਵਾਰ ਤੇ ਛੁੱਟੀ ਵਾਲੇ ਦਿਨਾਂ ‘ਤੇ ਕੰਮ ਲਏ ਜਾਣ ਉਤੇ ਲੱਗੀ ਮਾਲਕਾਂ ਉਤੇ ਪਾਬੰਦੀ ਖਤਮ ਕਰ ਦਿੱਤੀ ਗਈ ਹੈ।”
ਸੰਸਦ ਦੀ ਅਫਰੀਕੀ-ਬ੍ਰਾਜੀਲੀ ਸੰਸਦ ਮੈਂਬਰ ਨੇ ਦਸਿਆ ਕਿ ਸੰਸਦ ਵਿਚ ਸੱਜ ਪਿਛਾਖੜੀ ਰਾਜਨੀਤੀਵਾਨਾਂ ਨੇ ਇਕ ਬਿਲ ਪੇਸ਼ ਕੀਤਾ ਹੈ ਜਿਸ ਵਿਚ ਐਤਵਾਰ ਤੇ ਛੁੱਟੀਆਂ ਵਾਲੇ ਦਿਨਾਂ ‘ਤੇ ਕੰਮ ਨਾ ਕਰਨ ਵਾਲਿਆਂ ਨੂੰ ਤਨਖਾਹ ਨਾ ਦੇਣ ਦੀ ਤਜਵੀਜ ਹੈ।
ਸਮਾਜਕ ਭਾਈਚਾਰਿਆਂ ਦੀਆਂ ਜੱਥੇਬੰਦੀਆਂ ਦੇ ਅੰਦੋਲਨ ਦੀ ਕਾਰਕੁੰਨ ਅਦੀਲਾ ਦਾ ਮਾਟਾ ਨੇ ਕਿਹਾ- ”ਅਸੀਂ ਨਾਕਸ ਪ੍ਰਸ਼ਾਸਨ ਅਤੇ ਗਲਬੇ, ਦਾਬੇ ਅਤੇ ਹਿੰਸਾ ਦੇ ਸਭ ਰੂਪਾਂ ਤੋਂ ਆਜਾਦੀ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਾਂ। 2019 ਸਾਡੇ ਲਈ ਅਨੁਕੂਲ ਨਹੀਂ ਹੈ ਅਸੀਂ ਬਹੁਤ ਕੁੱਝ ਜਿਹੜਾ ਅਸੀਂ ਪਹਿਲਾਂ ਜਿੱਤਿਆ ਸੀ, ਗੁਆ ਚੁੱਕੇ ਹਾਂ। ਸਾਡੇ ਸਾਹਮਣੇ ਮੁਖ ਚੁਣੌਤੀ ਅਪਣੇ ਅਧਿਕਾਰਾਂ ਦੀ ਰਾਖੀ ਕਰਨ ਦੀ ਹੈ।”
ਇਸ ਨਿਰੋਲ ਇਸਤਰੀ ਮਾਰਚ ਦੀ ਖਾਸੀਅਤ ਇਹ ਸੀ ਕਿ ਪਹਿਲੀ ਵਾਰ ਦੇਸ਼ ਭਰ ਦੇ 100 ਕਬੀਲਿਆਂ ਦੀਆਂ ਮੂਲ ਨਿਵਾਸੀ ਔਰਤਾਂ ਨੇ ਇਸ ਵਿਚ ਭਾਗ ਲਿਆ। ਇਸ ‘ਡੈਜੀਜ ਮਾਰਚ’ ਨੇ ਅਮੇਜਨ ਜੰਗਲਾਂ ਦੀ ਰਾਖੀ ਅਤੇ ਸਾਬਕਾ ਰਾਸ਼ਟਰਪਤੀ ਲੂਲਾ ਦੀ ਰਿਹਾਈ ਲਈ ਵੀ ਆਵਾਜ ਬੁਲੰਦ ਕੀਤੀ।

ਰੋਜਾਵਾ ਕਾਇਮ ਕਰ ਰਿਹਾ ਵਾਤਾਵਰਣ ਸੁਰੱਖਿਆ ਦੀ ਨਵੇਕਲੀ ਮਿਸਾਲ
ਅਰਬ ਬਸੰਤ ਦੌਰਾਨ 2011 ਵਿਚ ਮੱਧ-ਪੂਰਬ ਦੇ ਦੇਸ਼ ਸੀਰੀਆ ਵਿਚ ਖਾਨਾਜੰਗੀ ਚਲ ਰਹੀ ਸੀ ਅਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਲ ਦੇ ਰਾਜ ਵਿਰੁੱਧ ਕਈ ਹਥਿਆਰਬੰਦ ਗਰੁੱਪ ਲੜਾਈ ਲੜ ਰਹੇ ਸਨ। ਉਤਰੀ ਸੀਰੀਆ ਵਿਚ ਤੇਜ਼ੀ ਨਾਲ ਕੁਰਦਿਸ਼ ਬਹੁਲ ਗਠਜੋੜ ਜਿਸਦੀ ਅਗਵਾਈ ਡੈਮੋਕ੍ਰੇਟਿਕ ਯੂਨੀਅਨ ਪਾਰਟੀ (ਪੀ.ਵਾਈ.ਡੀ.) ਕਰ ਰਹੀ ਸੀ ਨੇ ਕੁੱਝ ਹੋਰ ਕੁਰਦ, ਅਰਬ, ਸੀਰੀਆਈ, ਅਸੀਰੀਆਈ ਤੇ ਤੁਰਕਿਸ਼ ਪਾਰਟੀਆਂ ਤੇ ਗਰੁੱਪਾਂ ਨੂੰ ਨਾਲ ਲੈ ਕੇ ਇਕ ਖੁਦਮੁਖਤਾਰ ਖੇਤਰ, ਰੋਜਾਵਾ, ਕਾਇਮ ਕਰ ਲਿਆ ਸੀ। 2016 ਵਿਚ ਨਵੇਂ ਸੰਵਿਧਾਨ ਦੇ ਅਪਨਾਉਣ ਤੋਂ ਬਾਅਦ ਇਹ ‘ਡੈਮੋਕ੍ਰੇਟਿਕ ਫੈਡਰੇਸ਼ਨ ਆਫ ਨਾਰਦਰਨ ਸੀਰੀਆ’ ਬਣ ਗਿਆ ਹੈ।
ਰੋਜ਼ਾਵਾ, ਕੌਮਾਂਤਰੀ ਧਿਆਨ ਦਾ ਕੇਂਦਰ ਉਸ ਵੇਲੇ ਬਣਿਆ ਜਦੋਂ ਉਸਦੇ ਗੁਰੀਲਾ ਗਰੁੱਪਾਂ-ਪੀਪਲਜ਼ ਡੀਫੈਂਸ ਯੂਨਿਟ (ਵਾਈ.ਪੀ.ਜੀ.) ਅਤੇ ਔਰਤਾਂ ‘ਤੇ ਅਧਾਰਤ ਗੁਰੀਲਾ ਗਰੁੱਪ ਵਾਈ.ਪੀ.ਜੇ. ਨੇ ਜਾਲਮ ਮੁਸਲਿਮ ਬਨਿਆਦਪ੍ਰਸਤ ਸੁੰਨੀ ਫਾਸ਼ੀਵਾਦੀ ਜਥੇਬੰਦੀ ਆਈ.ਐਸ.ਆਈ.ਐਸ. ਵਿਰੁੱਧ ਜ਼ਮੀਨੀ ਜੰਗ ਵਿਚ ਉਸਨੂੰ ਬੁਰੀ ਤਰ੍ਹਾਂ ਭਾਂਜ ਦਿੱਤੀ। ਇਨ੍ਹਾਂ ਗੁਰੀਲਾ ਗਰੁੱਪਾਂ ਦੀ ਬਹਾਦਰਾਨਾ ਗੁਰੀਲਾ ਜੰਗ, ਜਿਸ ਵਿਚ ਸਭ ਤੋਂ ਮੁਹਰੇ ਗੁਰੀਲਾ ਮੁਟਿਆਰਾਂ ਸਨ, ਦਾ ਹੀ ਸਿੱਟਾ ਹੈ ਕਿ ਉਨ੍ਹਾਂ ਨੇ ਇੰਚ-ਇੰਚ ਤੇ ਸ਼ਹਿਰ-ਸ਼ਹਿਰ 8 ਸਾਲ ਲੰਬੀ ਲੜਾਈ ਲੜਦੇ ਹੋਏ ਇਸ ਸਾਲ ਦੇ ਆਰੰਭ ਵਿਚ ਉਸ ਭਿਆਨਕ ਜਥੇਬੰਦੀ ਆਈ.ਐਸ.ਆਈ.ਐਸ. ਦਾ ਸੀਰੀਆ ਤੇ ਇਰਾਕ ਵਿਚੋਂ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਹੈ।
2012 ਤੋਂ ਹੀ ਰੋਜਾਵਾ ਵਿਚ ਇਕ ਕੇਂਦਰੀਕ੍ਰਿਤ ਸੱਤਾ ਤੋਂ ਮੁਕਤ, ਇਸਤਰੀ ਆਜ਼ਾਦੀ, ਜਮਹੂਰੀਅਤ ਅਤੇ ਵਾਤਾਵਰਣ ਪੱਖੀ ਕਦਰਾਂ-ਕੀਮਤਾਂ ‘ਤੇ ਆਧਾਰਤ ਇਕ ਨਵੀਂ ਤਰ੍ਹਾਂ ਦੇ ਸਵੈ ਸ਼ਾਸਤ ਸਮਾਜ ਦੀ ਸਥਾਪਨਾ ਹੋ ਚੁੱਕੀ ਹੈ। ਦੁਨੀਆਂ ਦੀਆਂ ਖੱਬੇ ਪੱਖੀ ਵਿਚਾਰਧਾਰਾਵਾਂ ਅਤੇ ਕੁਰਦਿਸ਼ ਲਿਬਰੇਸ਼ਨ ਅੰਦੋਲਨ ਦੀ ਵਿਚਾਰਧਾਰਾ ਤੇ ਉਸਦੇ ਆਗੂ ਅਬਦੁਲਾ ਓਕਲੇਨ, ਜਿਹੜੇ ਕਿ ਇਸ ਵੇਲੇ ਤੁਰਕੀ ਦੀ ਜੇਲ੍ਹ ਵਿਚ ਕੈਦ ਹਨ, ਦੀਆਂ ਲਿਖਤਾਂ ‘ਤੇ ਅਧਾਰਤ ਇਹ ਸਮਾਜਵਾਦ ਦੀਆਂ ਨੀਹਾਂ ‘ਤੇ ਸਥਾਪਤ ਸਮਾਜ ਦੀ ਇਕ ਅਮਲੀ ਉਦਾਹਰਣ ਹੈ, ਜਿਹੜੀ ਕਿ ਸਮੁੱਚੀਆਂ ਖੱਬੇ ਪੱਖੀ ਧਿਰਾਂ ਲਈ ਵਿਚਾਰਨਯੋਗ ਹੈ। ਰੋਜਾਵਾ, ਦਰਸਾਉਂਦਾ ਹੈ ਕਿ ਇਕ ਨਵੇਕਲੇ ਲੋਕ ਪੱਖੀ ਸਮਾਜ ਦੀ ਸਥਾਪਨਾ ਸੰਭਵ ਹੈ।
ਰੋਜਾਵਾ, ਦੇ ਇਸ ਨਵੇਕਲੇ ਸਮਾਜ ਨੇ ਦੁਨੀਆਂ ਭਰ ਦੇ ਲੋਕ ਪੱਖੀ ਕਾਰਕੁੰਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ 2017 ਵਿਚ ਰੋਜਾਵਾ ਯੂਥ ਅੰਦੋਲਨ ਦੀ ਮਦਦ ਨਾਲ ਸਮੁੱਚੀ ਦੁਨੀਆਂ ਦੇ ਕਾਰਕੁੰਨਾਂ ਨੇ ‘ਰੋਜਾਵਾ ਕੌਮਾਂਤਰੀਵਾਦੀ ਕਮਿਊਨ’ ਦੀ ਸਥਾਪਨਾ ਕੀਤੀ। ਇਸਦਾ ਮਕਸਦ ਕੌਮਾਂਤਰੀਵਾਦੀ ਪਰਿਪੇਖ ਰਾਹੀਂ ਗਿਆਨ, ਹੁਨਰਮੰਦੀ ਤੇ ਤਜਰਬਿਆਂ ਨੂੰ ਸਾਂਝਾ ਕਰਦੇ ਹੋਏ ਰੋਜਾਵਾ ਦੇ ਇਨਕਲਾਬ ਤੇ ਪ੍ਰੋੋਜੈਕਟਾਂ ਲਈ ਸਮਰਥਨ ਹਾਸਲ ਕਰਨਾ ਹੈ। ਇਹ ਕਮਿਊਨ ਇਸ ਇਨਕਲਾਬ ਦੇ ਸਮਰਥਨ ਲਈ ਆਉਣ ਵਾਲੇ ਵਿਦੇਸ਼ੀ ਕਾਰਕੁੰਨਾਂ ਨੂੰ ਸਥਾਨਕ ਸਮਾਜ ਵਿਚ ਸਮੋਣ ਵਿਚ ਵੀ ਮਦਦ ਕਰਦਾ ਹੈ। ਇਸਦਾ ਪਹਿਲਾ ਵੱਡਾ ਕਦਮ ਹੈ, ਬ੍ਰਿਟਿਸ਼ ਵਾਈ.ਪੀ.ਜੇ. (ਆਈ.ਐਸ.ਆਈ.ਐਸ. ਵਿਰੁਧ ਲੜ੍ਹਨ ਵਾਲੇ ਗੁਰੀਲਾ ਗਰੁਪ) ਦੇ ਵਲੰਟੀਅਰ ਸ਼ਹੀਦ ਹੇਲਿਨ ਕੁਏਰੇਕੋਕਸ ਦੇ ਨਾਂਅ ਥੱਲੇ ਪਹਿਲੀ ਕੌਮਾਂਤਰੀਵਾਦੀ ਅਕਾਦਮੀ ਦੀ ਸਥਾਪਨਾ ਕਰਨੀ। ਇਸ ਅਕਾਦਮੀ ਤੋਂ ਟਰੇਨਿੰਗ ਲੈ ਕੇ ਕਈ ਵਿਦੇਸ਼ੀ ਕਾਰਕੁੰਨ ਰੋਜਾਵਾ ਦੀ ਸਿਵਲੀਅਨ ਆਬਾਦੀ ਨਾਲ ਰਲਕੇ ਵੱਖ-ਵੱਖ ਕਾਰਜਾਂ ਤੇ ਪ੍ਰੋਜੈਕਟ ਵਿਚ ਕੰਮ ਕਰ ਰਹੇ ਹਨ।
ਅੱਜ ਜਦੋਂ ਸਮੁੱਚੀ ਦੁਨੀਆ ਵਾਤਾਵਰਣ ਸਬੰਧੀ ਤਬਦੀਲੀਆਂ ਕਰਕੇ ਮਚਦੀ ਤਬਾਹੀ ਤੋਂ ਜੂਝ ਰਹੀ ਹੈ ਅਤੇ ਸਾਰੀ ਦੁਨੀਆਂ ਵਿਚ ਵਾਤਾਵਰਣ ਦੀ ਰਖਿਆ ਦਾ ਮੁੱਦਾ ਕੇਂਦਰੀ ਥਾਂ ਹਾਸਲ ਕਰਦਾ ਜਾ ਰਿਹਾ ਹੈ ਤਾਂ ‘ਰੋਜਾਵਾ ਕੌਮਾਂਤਰੀਵਾਦੀ ਕਮਿਊਨ’ ਨੇ ਵੀ ਵਾਤਾਵਰਣ ਰਖਿਆ ‘ਤੇ ਕੇਂਦਰਤ ਕਰਦੇ ਹੋਏ ਇਕ ਸਾਂਝੇ ਪ੍ਰੋਜੈਕਟ ਵੱਲ ਪਹਿਲਕਦਮੀ ਸ਼ੁਰੂ ਕੀਤੀ ਹੈ। ਇਸ ਪ੍ਰੋਜੈਕਟ ਨੂੰ ‘ਰੋਜਾਵਾ ਨੂੰ ਮੁੜ ਹਰਾ-ਭਰਾ ਬਣਾਉਣ’ (ਮੇਕ ਰੋਜਾਵਾ ਗ੍ਰੀਨ ਅਗੇਨ) ਦਾ ਨਾਂਅ ਦਿੱਤਾ ਗਿਆ ਹੈ। ਰੋਜਾਵਾ ਦੇ ਤਿੰਨ ਸੂਬੇ ਹਨ, ਸੀਜ਼ੀਰੇ, ਕੋਬਾਨੇ ਅਤੇ ਅਫਰਿਨ। ਸੀਜ਼ੀਰੇ ਸੂਬੇ ਵਿਚ ਕੌਮਾਂਤਰੀਵਾਦੀ ਕਮਿਊਨ ਵਲੋਂ ‘ਰੋਜਾਵਾ ਨੂੰ ਮੁੜ ਹਰਾ-ਭਰਾ ਬਣਾਉ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸੂਬੇ ਦੀ ਵਾਤਾਵਰਣ ਸਬੰਧੀ ਕਮੇਟੀ ਨਾਲ ਰਲਕੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਮਕਸਦ ਹੈ ਰੋਜਾਵਾ ਦੇ ਇਨਕਲਾਬ ਸਾਹਮਣੇ ਖਲੋਤੀਆਂ ਵਾਤਾਵਰਣ ਸਬੰਧੀ ਸਮਸਿਆਵਾਂ, ਜਿਵੇਂ ਪਾਣੀ ਦੀ ਥੁੜ, ਰੇਗਿਸਤਾਨ ਦਾ ਫੈਲਣਾ ਅਤੇ ਤੇਲ ਉਤਪਾਦਨ ‘ਤੇ ਨਿਰਭਰਤਾ ਦਾ ਹੱਲ ਲਭਣਾ। ਸ਼ੁਰੂ ਵਿਚ ਇਹ ਪ੍ਰੋਜੈਕਟ ਕੁਝ-ਕੁ ਵਿਦੇਸ਼ੀ ਕਾਰਕੁੰਨਾਂ ਦਾ ਪ੍ਰੋਜੈਕਟ ਸੀ ਪਰ ਹੁਣ ਇਹ ਦੁਨੀਆਂ ਭਰ ਵਿਚ ਫੈਲ ਚੁੱਕਾ ਹੈ, ਸਥਾਨਕ ਪਧੱਰ ‘ਤੇ ਕਈ-ਕਈ ਬ੍ਰਾਂਚਾਂ ਹੋਣ ਦੇ ਨਾਲ-ਨਾਲ ਇੰਗਲੈਂਡ, ਜਰਮਨੀ, ਸਵਿਟਜ਼ਰਲੈਂਡ, ਸਪੇਨ ਤੇ ਇਟਲੀ ਵਿਚ ਵੀ ਇਸ ਦੀਆਂ ਬ੍ਰਾਂਚਾਂ ਖੁਲ੍ਹ ਚੁੱਕੀਆਂ ਹਨ।
ਇਸ ਮੁਹਿੰਮ ਦਾ ਪਹਿਲਾ ਨਿਸ਼ਾਨਾ ਰੋਜਾਵਾ ਦੀ ਕੌਮਾਂਤਰੀਵਾਦੀ ਅਕਾਦਮੀ ਨੂੰ ਵਾਤਾਵਰਣ ਨੈਤਿਕਤਾ ਦੀਆਂ ਲੀਹਾਂ ‘ਤੇ ਉਸਾਰਨਾ ਹੈ ਤਾਕਿ ਇਹ ਸਮੂਚੇ ਸਮਾਜ ਲਈ ਅਜਿਹੇ ਪ੍ਰੋਜੈਕਟਾਂ ਤੇ ਵਿਕਾਸ ਮਾਡਲਾਂ ਦੇ ਅਮਲ ਯੋਗ ਉਦਾਹਰਣ ਵਿਕਸਿਤ ਕਰੇ। ਇਸਦਾ ਅੰਤਮ ਨਿਸ਼ਾਨਾ ਹੈ ਜਮਹੂਰੀ ਸਵੈ-ਸ਼ਾਸਤ ਪ੍ਰਸ਼ਾਸਨ ਦੇ ਮੌਜੂਦਾ ਤੇ ਭਵਿਖੀ ਵਾਤਾਵਰਣ ਸਬੰਧੀ ਪ੍ਰੋਜੈਕਟਾਂ ਲਈ ਭੌਤਿਕ ਸਮਰਥਨ ਜੁਟਾਉਣਾ। ਜਿਸ ਵਿਚ ਰੋਜਾਵਾ ਵਿਚ ਕੰਮ ਕਰਦੀਆਂ ਕਮੇਟੀ ਤੇ ਕਾਰਕੁੰਨਾਂ, ਵਿਗਿਆਨਕਾਂ ਤੇ ਮਾਹਿਰਾਂ ਦਰਮਿਆਨ ਗਿਆਨ ਸਾਂਝਾ ਕਰਨਾ ਅਤੇ ਉਤਰੀ ਸੀਰੀਆਈ ਫੈਡਰੇਸ਼ਨ ਲਈ ਇਕ ਵਾਤਾਵਰਣ ਸੁਰਖਿਆ ਨਾਲ ਸਬੰਧਤ ਲੰਮ-ਚਿਰਾ ਪਰਿਪੇਖ ਵਿਕਸਿਤ ਕਰਨਾ। ਰੋਜਾਵਾ ਕੋਲ ਹਰ ਤਰ੍ਹਾਂ ਦੇ ਇੰਜੀਨੀਅਰਾਂ ਦੀ ਘਾਟ ਹੈ, ਇਸ ਲਈ ਇਸਦਾ ਮਕਸਦ ਇਹ ਹੈ ਕਿ ਇਕ ਵਾਤਾਵਰਣ ਪੱਖੀ ਸਮਾਜ ਸਿਰਜਣ ਹਿੱਤ ਦੁਨੀਆਂ ਭਰ ਦੇ ਮਾਹਿਰਾਂ ਨਾਲ ਸਬੰਧ ਸਥਾਪਤ ਕਰਨਾ ਅਤੇ ਉਨ੍ਹਾਂ ਨੂੰ ਸੱਦਾ ਦੇਣਾ।
ਰੋਜਾਵਾ ਦੀ ਇਸ ਮੁਹਿੰਮ ਵਿਚ ਵੱਡਾ ਹਿੱਸਾ ਰੋਜਾਵਾ ਪ੍ਰਤੀ ਇਕਜੁਟਤਾ ਤੇ ਕੌਮਾਂਤਰੀਵਾਦ ਦੇ ਅਧਾਰ ‘ਤੇ ਇਨ੍ਹਾਂ ਪ੍ਰੋਜੈਕਟ ਨੂੰ ਮਿਲੀ ਵਿੱਤੀ ਤੇ ਅਮਲੀ ਮਦਦ ਨੇ ਪਾਇਆ ਹੈ। ਪਰ ਇਸ ਮੁਹਿੰਮ ਦਾ ਮਕਸਦ ਰੋਜਾਵਾ ਦੇ ਇਨਕਲਾਬ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨਾ ਵੀ ਹੈ। ਵਾਤਾਵਰਣ-ਜਮਹੂਰੀ ਸੰਘਵਾਦ ਅਤੇ ਔਰਤਾਂ ਦੀ ਆਜਾਦੀ ਇਕਜੁੱਟ ਰੂਪ ਵਿਚ ਰੋਜਾਵਾ ਦੇ ਇਨਕਲਾਬ ਦਾ ਬੁਨਿਆਦੀ ਤੇ ਜਰੂਰੀ ਥੰਮ ਹੈ। ਇਸਦਾ ਉਦੇਸ਼ ਹੈ, ਇਕ ਕੁਦਰਤੀ, ਜੈਵਿਕ ਸਮਾਜ ਸਿਰਜਣ ਵੱਲ ਵਧੱਣ ਲਈ ਇਕ ਨਵੀਨੀਕ੍ਰਿਤ, ਚੇਤਨ ਤੇ ਗਿਆਨਵਾਨ ਇਕਜੁਟਤਾ। ਪੂੰਜੀਵਾਦੀ ਆਧੁਨਿਕਤਾ, ਵਾਤਾਵਰਣ ਦੀ ਤਬਾਹੀ ਅਤੇ ਵਾਤਾਵਰਣਕ ਸੰਕਟਾਂ ਨੂੰ ਪੈਦਾ ਕਰਦੀ ਹੈ ਅਤੇ ਇਹ ਲੋਕਾਂ ਦੇ ਉਤਪੀੜਨ ਤੇ ਸ਼ੋਸ਼ਣ ਦਾ ਅਨਿਖੜਵਾਂ ਅੰਗ ਹੈ। ਵੱਧ ਚੋਂ ਵੱਧ ਮੁਨਾਫਾ ਹਾਸਲ ਕਰਨ ਦੀ ਲਾਲਸਾ ਨੇ ਸਾਡੇ ਗ੍ਰਹਿ ਨੂੰ ਤਬਾਹੀ ਦੇ ਕੰਢੇ ਲੈ ਆਂਦਾ ਹੈ ਅਤੇ ਮਨੁਖਤਾ ਨੂੰ ਜੰਗਾਂ ਦੀ ਘੁੰਮਣਘੇਰੀ, ਭੁਖਮਰੀ ਤੇ ਸਮਾਜਕ ਸੰਕਟ ਦੇ ਕੁਚੱਕਰ ਵਿਚ ਫਸਾ ਦਿੱਤਾ ਹੈ।
ਪੂੰਜੀਵਾਦ ਦੇ ਇਸ ਸੰਕਟ ਤੋਂ ਨਿਜਾਤ ਪਾਉਣ ਲਈ ਅਤੇ ਸਮਾਜ ਤੇ ਵਾਤਾਵਰਣ ਦੀ ਰਖਿਆ ਲਈ ਜਰੂਰੀ ਹੈ ਕਿ ਇਕ ਰਾਜਨੀਤਕ ਤੇ ਨੈਤਿਕਤਾ ਅਧਾਰਤ ਸਮਾਜ ਸਿਰਜਿਆ ਜਾਵੇ ਜਿੱਥੇ ਮਨੁਖਤਾ ਕੁਦਰਤ ਨੂੰ ਅਪਣਾ ਇਕ ਹਿੱਸਾ ਸਮਝਦੇ ਹੋਏ ਕੁਦਰਤ ਨਾਲ ਅਪਣੇ ਸਬੰਧ ਨੂੰ ਨਵਿਆਵੇ। ਇਹ ਮਨੁੱਖਤਾ ਤੇ ਕੁਦਰਤ ਦਰਮਿਆਨ ਮੇਲ-ਮਿਲਾਪ, ਦਮਨ-ਉਤਪੀੜਨ, ਸ਼ੋਸ਼ਣ ਤੇ ਕੁਦਰਤ ਉਤੇ ਮਨੁਖਤਾ ਦੇ ਗਲਬੇ ਦੇ ਖਾਤਮੇ ਨਾਲ ਸ਼ੁਰੂ ਹੁੰਦਾ ਹੈ। ਮਨੁਖ ਨੂੰ ਕੁਦਰਤ ਨੂੰ ਇਕ ਨਿਰਜੀਵ ਤੇ ਅਨੰਤ ਵਸੀਲੇ ਦੇ ਰੂਪ ਵਿਚ ਦੇਖਣਾ ਬੰਦ ਕਰਨਾ ਹੋਵੇਗਾ।
ਰੋਜਾਵਾ ਵਲੋਂ ਸ਼ੁਰੂ ਕੀਤੀ ਗਈ ਉਪਰੋਕਤ ਵਿਚਾਰਾਂ ‘ਤੇ ਅਧਾਰਤ ‘ਰੋਜਾਵਾ ਨੂੰ ਮੁੜ ਹਰਾ-ਭਰਾ ਬਣਾਉ’ ਮੁਹਿੰਮ, ਜਿੱਥੇ ਉਸਦੇ ਇਨਕਲਾਬ ਨੂੰ ਮਜਬੂਤੀ ਪ੍ਰਦਾਨ ਕਰੇਗੀ ਉਥੇ ਹੀ ਇਹ ਸਮੂਚੀ ਦੁਨੀਆਂ ਦੀਆਂ ਵਾਤਾਵਰਣ ਦੀ ਰੱਖਿਆ ਲਈ ਸੰਘਰਸ਼ ਕਰ ਰਹੀਆਂ ਸ਼ਕਤੀਆਂ ਲਈ ਵੀ ਇਕ ਪ੍ਰੇਰਣਾ ਸਰੋਤ ਬਣੇਗੀ।

Áੈਮੇਜ਼ੋਨ  ਦੇ ਜੰਗਲਾਂ ‘ਚ ਭਿਆਨਕ ਅੱਗ ਲਈ ਜਿਮੇਂਵਾਰ ਰਾਸ਼ਟਰਪਤੀ ਦੀਆਂ ਨੀਤੀਆਂ
ਐਮੇਜ਼ੋਨ ਦੇ ਬਰਸਾਤੀ ਜੰਗਲ, ਦੱਖਣੀ ਅਮਰੀਕਾ ਮਹਾਦੀਪ ਵਿਚ ਸਥਿਤ ਹਨ। 55 ਹਜਾਰ ਮੁਰੱਬਾ ਕਿਲੋਮੀਟਰ ਵਿਚ ਫੈਲੇ ਇਹ ਜੰਗਲ, ਦੁਨੀਆਂ ਦੇ ਸਭ ਤੋਂ ਵੱਡੇ ਜੰਗਲਾਂ ਵਿਚੋਂ ਹਨ। 5 ਕਰੋੜ ਸਾਲਾਂ ਤੋਂ ਵੀ ਵਧੇਰੇ ਪੁਰਾਣੇ ਇਹ ਜੰਗਲ ਸਾਡੀ ਧਰਤੀ ਦੀ ਵਾਤਾਵਰਣ-ਪ੍ਰਣਾਲੀ ਦਾ ਆਧਾਰ ਸਤੰਭ ਹਨ। ਕਿਉਂਕਿ ਧਰਤੀ ਦੇ ਸਮੂਚੇ ਪ੍ਰਾਣੀਆਂ ਦੀ ਜਿੰਦਗੀ ਲਈ ਜਰੂਰੀ ਆਕਸੀਜਨ ਦਾ 20% ਭਾਗ ਇਕੱਲੇ ਇਹ ਐਮੇਜ਼ੋਨ ਦੇ ਜੰਗਲ ਹੀ ਦਿੰਦੇ ਹਨ। ਲਾਤੀਨੀ ਅਮਰੀਕਾ ਮਹਾਂਦੀਪ ਦੇ 9 ਦੇਸ਼ਾਂ ਵਿਚ ਫੈਲੇ ਇਨ੍ਹਾਂ ਜੰਗਲਾਂ ਦਾ 60% ਭਾਗ ਬ੍ਰਾਜੀਲ ਵਿਚ ਸਥਿਤ ਹੈ। 40,000 ਤਰ੍ਹਾਂ ਦੇ 390 ਅਰਬ ਦਰਖਤਾਂ ਵਾਲੇ ਇਹ ਜੰਗਲ 400 ਕਬੀਲਿਆਂ ਨਾਲ ਸਬੰਧਤ 10 ਲੱਖ ਤੋਂ ਵੱਧ ਆਦਿਵਾਸੀਆਂ ਦਾ ਵਸੇਬਾ ਤਾਂ ਹਨ ਹੀ, ਇਹ 1294 ਕਿਸਮ ਦੇ ਪੰਛੀਆਂ, 2200 ਨਸਲਾਂ ਦੀਆਂ ਮੱਛੀਆਂ ਅਤੇ ਸੈਂਕੜੇ ਤਰ੍ਹਾਂ ਦੇ ਹੋਰ ਉਨ੍ਹਾਂ ਜੀਵਾਂ ਦਾ ਘਰ ਹਨ, ਜਿਹੜੇ ਇਸਦੀ ਵਾਤਾਵਰਣ ਪ੍ਰਣਾਲੀ ਦਾ ਸੰਤੁਲਨ ਕਾਇਮ ਕਰਨ ਵਿਚ ਅਪਣਾ ਮਹਤੱਵਪੂਰਣ ਯੋਗਦਾਨ ਪਾਉਂਦੇ ਹਨ।
ਅਪਣੀ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਕਰਕੇ ‘ਧਰਤੀ ਦੇ ਫੇਫੜੇ’ ਦਾ ਖਿਤਾਬ ਹਾਸਲ ਕਰ ਚੁੱਕੇ ਇਨ੍ਹਾਂ ਬਰਸਾਤੀ ਜੰਗਲਾਂ ਦੀ ਹੋਂਦ ਖਤਰੇ ਵਿਚ ਪਈ ਹੋਈ ਹੈ। ਇਨ੍ਹਾਂ ਜੰਗਲਾਂ ਵਿਚ ਇਸ ਵੇਲੇ ਭੀਸ਼ਣ ਅੱਗ ਲੱਗੀ ਹੋਈ ਹੈ। ਬ੍ਰਾਜੀਲ ਦੇ ਸਪੇਸ ਰਿਸਰਚ ਬਾਰੇ ਕੌਮੀ ਇੰਸਟੀਚਿਊਟ ਦੀ ਗਿਣਤੀ ਮੁਤਾਬਕ ਇਸ ਸਾਲ ਦੀ ਜਨਵਰੀ ਤੋਂ ਲੈ ਕੇ ਅਗਸਤ ਤੱਕ ਇਸ ਜੰਗਲ ਵਿਚ ਅੱਗ ਲੱਗਣ ਦੀਆਂ 72843 ਘਟਨਾਵਾਂ ਵਾਪਰੀਆਂ ਹਨ। ਸਿਰਫ ਮਈ ਮਹੀਨੇ ਦੇ 31 ਦਿਨਾਂ ਵਿਚ ਹੀ ਇਨ੍ਹਾਂ ਜੰਗਲਾਂ ਦਾ 739 ਮੁਰੱਬਾ ਕਿਲੋਮੀਟਰ ਹਿੱਸਾ ਸੜ ਚੁੱਕਾ ਹੈ। ਅਮਰੀਕੀ ਸਪੇਮ ਅਜੰਸੀ, ਨਾਸਾ ਅਨੁਸਾਰ 23 ਅਗਸਤ ਨੂੰ ਉਸਦੇ ਉਪਗ੍ਰਹਿਆਂ ਵਲੋਂ ਇਨ੍ਹਾਂ ਜੰਗਲਾਂ ਵਿਚ 9500 ਥਾਵਾਂ ਦੀ ਸ਼ਿਨਾਖਤ ਕੀਤੀ ਹੈ, ਜਿੱਥੇ ਭਿਆਨਕ ਅੱਗ ਲੱਗੀ ਹੋਈ ਹੈ। ਇਹ ਅੱਗਾਂ ਬ੍ਰਾਜੀਲ, ਜਿੱਥੇ ਕਿ ਇਨ੍ਹਾਂ ਜੰਗਲਾਂ ਦਾ 60 % ਹਿੱਸਾ ਹੈ, ਤੋਂ ਸ਼ੁਰੂ ਹੋਈਆਂ ਸਨ ਅਤੇ ਹੁਣ ਇਹ ਦੂਜੇ ਦੇਸ਼ਾਂ ਤੱਕ ਵੀ ਫੈਲ ਗਈਆਂ ਹਨ।
ਕਿਸੇ ਵੀ ਜੰਗਲ, ਚਾਹੇ ਉਹ ਅਮੇਜਨ ਦੇ ਜੰਗਲ ਹੋਣ, ਵਿੱਚ ਅੱਗ ਲੱਗਣਾ ਇਕ ਆਮ ਵਰਤਾਰਾ ਹੈ। ਪਰੰਤੂ ਜਦੋਂ ਤੋਂ ਦੇਸ਼ ਵਿਚ ਸੱਜ ਪਿਛਾਖੜੀ ਤੇ ਗੋਰੇ ਨਸਲਵਾਦੀ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੇ ਸੱਤਾ ਸੰਭਾਲੀ ਹੈ, ਉਸ ਵੇਲੇ ਤੋਂ ਹੀ ਇਨ੍ਹਾਂ ਦੇ ਲਗੱਣ ਦੀ ਰਫਤਾਰ ਤੇਜ ਹੋ ਗਈ ਹੈ। ਜਨਵਰੀ ਤੋਂ ਲੈ ਕੇ ਅਗਸਤ ਤੱਕ ਦੇਸ਼ ਦੀ ਸਪੇਸ ਸੰਸਥਾ ਅਨੁਸਾਰ ਅੱਗ ਲੱਗਣ ਦੀਆਂ ਘਟਨਾਵਾਂ ਦੀ ਗਿਣਤੀ 2018 ਨਾਲੋਂ 83% ਵਧੇਰੇ ਹੈ। ਇੱਥੇ ਇਹ ਵਰਨਣਯੋਗ ਹੈ ਕਿ ਅਪਣੀ ਚੋਣ ਮੁਹਿੰਮ ਦੌਰਾਨ ਰਾਸ਼ਟਰਪਤੀ ਬੋਲਸੋਨਾਰੋ ਨੇ ਵਾਤਾਵਰਣ ਸਬੰਧੀ ਚਿੰਤਾਵਾਂ ਅਤੇ ਪ੍ਰੋਗ੍ਰਾਮਾਂ ਨੂੰ ਬੇਲੋੜਾ ਤੇ ਦੇਸ਼ ਦੇ ਵਿਕਾਸ ਵਿਚ ਬਾਧਕ ਦਸਿਆ ਸੀ ਅਤੇ ਅਮੇਜਨ ਜੰਗਲਾਂ ਦੀ ਜਮੀਨ ਨੂੰ ਸੋਇਆਬੀਨ ਫਾਰਮਾਂ ਤੇ ਪਸ਼ੂਆਂ ਲਈ ਚਰਾਂਦਾਂ ਦੇ ਰੂਪ ਵਿਚ ਵਰਤਣ ਦੀ ਗੱਲ ਕੀਤੀ ਸੀ। ਇਸੇ ਲਈ ਦੇਸ਼ ਦੇ ਤੇ ਕੌਮਾਂਤਰੀ ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਸਾਲ ਅੱਗਾਂ ਵਿਚ ਵੱਡਾ ਵਾਧਾ ਇਸੇ ਲਈ ਹੋਇਆ ਹੈ ਤਾਕਿ ਇਨ੍ਹਾਂ ਜੰਗਲਾਂ ਦੇ ਸੜ ਜਾਣ ਤੋਂ ਬਾਅਦ ਇਨ੍ਹਾਂ ਨੂੰ ਪਸ਼ੂ ਪਾਲਣ ਤੇ ਖੇਤੀ ਫਾਰਮਾਂ ਦੇ ਰੂਪ ਵਿਚ ਤਬਦੀਲ ਕੀਤਾ ਜਾ ਸਕੇ ਅਤੇ ਇਸ ਪਿੱਛੇ ਦੇਸ਼ ਦੇ ਇਨ੍ਹਾਂ ਕਿੱਤਿਆਂ ਨਾਲ ਜੁੱੜੇ ਧਨਾਢਾਂ ਦਾ ਹੱਥ ਹੈ। ਬੋਲਸੋਨਾਰੋ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਇਨ੍ਹਾਂ ਜੰਗਲਾਂ ਵਿਚ ਖਨਨ ਤੇ ਕਟਾਈ ਦੀ ਵੀ ਆਗਿਆ ਦੇ ਦਿੱਤੀ ਸੀ।
ਐਮੇਜ਼ੋਨ ਦੇ ਜੰਗਲਾਂ ਵਿਚ ਲੱਗੀ ਇਸ ਅੱਗ ਦੀ ਘਾਤਕਤਾ ਬਾਰੇ ਦੇਸ਼ ਤੇ ਕੌਮਾਂਤਰੀ ਵਾਤਵਰਣ ਪ੍ਰੇਮੀਆਂ ਤੇ ਦੁਨੀਆਂ ਭਰ ਦੀਆਂ ਸਰਕਾਰਾਂ ਨੇ ਅਪਣੀ ਚਿੰਤਾ ਪ੍ਰਗਟ ਕੀਤੀ ਤੇ ਇਨ੍ਹਾਂ ਨੂੰ ਕਾਬੂ ਕਰਨ ਲਈ ਉਪਰਾਲੇ ਕਰਨ ਦੀ ਗੱਲ ਕੀਤੀ। ਪਰ ਰਾਸ਼ਟਰਪਤੀ ਬੋਲਸੋਨਾਰੋ ਦੀਆਂ ਦਲੀਲਾਂ ਬਹੁਤ ਹਾਸੋਹਣੀਆਂ ਤਾਂ ਸਨ ਹੀ ਨਾਲ ਹੀ ਉਸਦੀ ਅਪਰਾਧਕ ਲਾਪਰਵਾਹੀ ਦਾ ਵੀ ਸਬੂਤ ਸਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਦੇਸ਼ ਦੀ ਕੌਮੀ ਸਪੇਮ ਰਿਸਰਚ ਸੰਸਥਾ ਨੇ ਜੂਨ ਵਿਚ ਰਿਪੋਰਟ ਪ੍ਰਕਾਸ਼ਤ ਕੀਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਅਮੇਜਨ ਦੇ ਜੰਗਲਾਂ ਦੇ ਖਤਮ ਹੋਣ ਦੀ ਦਰ ਵਿਚ ਨਾਟਕੀ ਵਾਧਾ ਹੋਇਆ ਹੈ, ਤਾਂ ਰਾਸ਼ਟਰਪਤੀ ਬੋਲਸੋਨਾਰੋ ਨੇ ਇਸਨੂੰ ਝੂਠ ਦਸਦੇ ਹੋਏ ਅਪਣੀ ਹੀ ਸਰਕਾਰੀ ਸੰਸਥਾ ਦੇ ਡਾਇਰੈਕਟਰ ਦੀ ਛੁੱਟੀ ਕਰ ਦਿੱਤੀ ਸੀ।
ਇਨਾਂ ਅੱਗਾਂ ਦੇ ਲੱਗਣ ਬਾਰੇ ਉਸਨੇ ਕਿਹਾ ਇਹ ਦੇਸ਼ ਦੀਆਂ ਵਾਤਾਵਰਣ ਨਾਲ ਸਬੰਧਤ ਸੰਸਥਾਵਾਂ ਨੇ ਲਾਈਆਂ ਹਨ, ਕਿਉਂਕਿ ਮੈਂ ਉਨ੍ਹਾਂ ਦੇ ਫੰਡ ਜਬਤ ਕਰ ਲਏ ਹਨ। ਉਸ ਤੋਂ ਬਾਅਦ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਅੱਗਾਂ ਦੇ ਲੱਗਣ ਦਾ ਮੌਸਮ ਹੈ ਅਤੇ ਉਸਨੇ ਦੁਨੀਆਂ ਭਰ ਦੇ ਵਾਤਵਰਣ ਪ੍ਰੇਮੀਆਂ ਨੂੰ ਟਿੱਚਰ ਕਰਦੇ ਕਿਹਾ ਕਿ ਉਹ ਤਾਂ ਨੀਰੋ ਹੈ, ਜਿਹੜਾ ਅਮੇਜਨ ਦੇ ਜੰਗਲਾਂ ਦੀ ਅੱਗ ਵੇਲੇ ਬੰਸਰੀ ਬਜਾ ਰਿਹਾ ਹੈ। ਜਦੋਂ ਯੂਰਪੀ ਦੇਸ਼ਾਂ ਖਾਸ ਕਰਕੇ ਫਰਾਂਸ, ਜਰਮਨੀ ਤੇ ਨਾਰਵੇ ਆਦਿ ਨੇ ਇਨ੍ਹਾਂ ਅੱਗਾਂ ਨੂੰ ਕੌਮਾਂਤਰੀ ਸੰਕਟ ਦਸਦੇ ਹੋਏ ਇਨ੍ਹਾਂ ਨੂੰ ਬੁਝਾਉਣ ਲਈ ਉਪਰਾਲੇ ਤੇਜ ਕਰਨ ਦੀ ਗੱਲ ਕਹੀ ਤਾਂ ਬੋਸਸੋਨਾਰੋ ਤੇ ਉਸਦੇ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇਹ ਉਸਦੇ ਦੇਸ਼ ਦਾ ਅੰਦਰੂਨੀ ਮਾਮਲਾ ਹੈ ਉਹ ਅਪਣੇ ਦੇਸ਼ ਦੀ ਚਿੰਤਾ ਕਰਨ। ਇੱਥੇ ਇਹ ਵਰਨਣਯੋਗ ਹੈ ਕਿ ਨਾਰਵੇ ਅਤੇ ਜਰਮਨੀ ਨੇ ਇਨ੍ਹਾਂ ਨੂੰ ਅੱਗਾਂ ਬੁਝਾਉਣ ਲਈ ਅਜੇਮਨ ਫੰਡ ਵਿਚ ਲੱਖਾਂ ਡਾਲਰ ਦੇਣ ਦਾ ਐਲਾਨ ਕੀਤਾ ਹੈ।
ਇਹ ਅੱਗਾਂ ਐਮੇਜ਼ੋਨ ਜੰਗਲਾਂ ਦੇ ਉਨ੍ਹਾਂ ਹਿੱਸਿਆਂ ਤੱਕ ਵੀ ਫੈਲ ਗਈਆਂ ਹਨ, ਜਿਹੜੇ ਗੁਆਂਢੀ ਦੇਸ਼ਾਂ ਵਿਚ ਪੈਂਦੇ ਹਨ। ਖੱਬੇ ਪੱਖੀ ਸਰਕਾਰ ਵਾਲੇ ਬੋਲੀਵੀਆ ਵਿਚ, ਇਨ੍ਹਾਂ ਨੂੰ ਬੁਝਾਉਣ ਲਈ ਵੱਡੇ ਉਪਰਾਲੇ ਇਨ੍ਹ    ਾਂ ਦੇ ਦੇਸ਼ ਦੀ ਹੱਦ ਅੰਦਰ ਪਹੁੰਚਦਿਆਂ ਹੀ ਸ਼ੁਰੂ ਕਰ ਦਿੱਤੇ ਸਨ। ਰਾਸ਼ਟਰਪਤੀ ਈਵੋ ਮੋਰਾਲੇਜ ਦੀ ਇਸ ਮਸਲੇ ਪ੍ਰਤੀ ਗੰਭੀਰਤਾ ਦਾ ਪਤਾ ਇਸ ਗੱਲ ਤੋਂ ਲਗੱਦਾ ਹੈ ਕਿ ਬਾਕੀ ਸਭ ਉਪਰਾਲੇ ਕਰਨ ਦੇ ਨਾਲ-ਨਾਲ ਦੇਸ਼ ਦੀ ਸਰਕਾਰ ਨੇ ਦੁਨੀਆ ਦੇ ਸਭ ਤੋਂ ਵੱਡੇ ਹਵਾਈ ਜਹਾਜ ਟੈਂਕਰ-ਬੋਇੰਗ-747 ਸੁਪਰ ਟੈਂਕਰ ਨੂੰ ਇਨ੍ਹਾਂ ਅੱਗਾਂ ਨੂੰ ਬੁਝਾਉਣ ਲਈ ਪਾਣੀ ਸੁਟੱਣ ਵਾਸਤੇ ਲਾਇਆ ਹੈ।
ਸਾਡੀ ਧਰਤੀ ਦੇ ਫੇਫੜਿਆਂ, ਅਮੇਜਨ ਬਰਸਾਤੀ ਜੰਗਲਾਂ ਵਿਚ ਲੱਗੀ ਇਸ ਭਿਆਨਕ ਅੱਗ ਨੇ ਸਮੂਚੀ ਦੁਨੀਆਂ ਦੇ ਲੋਕਾਂ ‘ਤੇ ਪੈਣ ਵਾਲੇ ਘਾਤਕ ਪ੍ਰਭਾਵਾਂ ਦੇ ਮੱਦੇਨਜਰ ਦੁਨੀਆਂ ਭਰ ਦੇ ਵਾਤਾਵਰਣ ਪ੍ਰੇਮੀ ਤੇ ਇਨਸਾਫ ਪਸੰਦ ਲੋਕ ਇਨ੍ਹਾਂ ਅੱਗਾਂ ਨੂੰ ਛੇਤੀ-ਤੋਂ-ਛੇਤੀ ਬੁਝਾਉਣ ਹਿੱਤ ਉਪਰਾਲੇ ਕਰਨ ਲਈ ਬ੍ਰਾਜੀਲ ਦੀ ਸਰਕਾਰ ‘ਤੇ ਦਬਾਅ ਪਾਉਣ ਲਈ ਉਠ ਖਲੋਤੇ ਹਨ। ਵਾਤਾਵਰਣ ਬਾਰੇ ਸੰਸਥਾ ‘ਫਰਾਈਡੇਜ ਫਾਰ ਫਿਉਚਰ ਮੁਵਮੈਂਟ (ਐਫ.ਐਫ.ਐਮ.) ਨੇ ਦੁਨੀਆਂ ਭਰ ਦੇ ਨਾਗਰਿਕਾਂ ਨੂੰ ਅਪਣੇ-ਅਪਣੇ ਦੇਸ਼ ਵਿਚ ਬ੍ਰਾਜੀਲ ਦੇ ਸਫਾਰਤਖਾਨਿਆਂ ਸਾਹਮਣੇ ਮੁਜਾਹਰੇ ਕਰਨ ਦਾ ਸੱਦਾ ਦਿੱਤਾ ਹੈ। ਇਸ ਸੰਸਥਾ ਨੇ ਇਸ ਬਾਰੇ 23 ਅਗਸਤ ਨੂੰ ਬਿਆਨ ਜਾਰੀ ਕਰਦਿਆਂ ਕਿਹਾ- ”ਅਸੀਂ ਕੱਲ ਅਮੇਜਨ ਦੇ ਲੋਕਾਂ ਲਈ ਹੜਤਾਲ ਕਰਾਂਗੇ। ਅਸੀਂ ਇਕ ਵਾਰ ਮੁੜ ਅਪਣੇ ਭਵਿੱਖ ਲਈ ਹੜਤਾਲ ਕਰਾਂਗੇ। ਜੋ ਕੁੱਝ ਅਮੇਜਨ ਘਾਟੀ ਵਿਚ ਹੋ ਰਿਹਾ ਹੈ ਉਹ ਸਥਾਨਕ ਸਮਸਿਆ ਨਹੀਂ ਹੈ, ਬਲਕਿ ਇਕ ਸਮਸਿਆ ਹੈ ਜਿਸਦੇ ਸਿੱਟੇ ਦੁਨੀਆਂ ਭਰ ਨੂੰ ਪ੍ਰਭਾਵਤ ਕਰਨਗੇ।” ਐਫ.ਐਫ.ਐਮ. ਨੇ ਸੰਸਾਰ ਦੇ ਰਾਜਨੀਤਕ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ- ”ਸੰਗਰਾਮ ਕਰੋ ਅਤੇ ਇਸ ਜਰੂਰੀ ਵਾਤਾਵਰਣ ਪ੍ਰਣਾਲੀ ਦੀ ਤਬਾਹੀ ਦੀ ਨਿਖੇਧੀ ਕਰੋ। ਭਾਵੇਂ ਕਿ ਅਸੀਂ ਵੱਖ-ਵੱਖ ਦੇਸ਼ਾਂ ਤੇ ਸਭਿਆਚਾਰਾਂ ਤੋਂ ਹਾਂ, ਸਾਡੀਆਂ ਸੰਸਾਰ ਪ੍ਰਤੀ ਦ੍ਰਿਸ਼ਟੀਆਂ ਵੱਖ-ਵੱਖ ਹਨ, ਅਸੀਂ ਸਾਰੇ ਇਕ ਸਾਂਝੇ ਨਿਸ਼ਾਨੇ ਪ੍ਰਤੀ ਇਕਮੁੱਠ ਰਹਾਂਗੇ। ਬ੍ਰਾਜੀਲ ਸਰਕਾਰ ਦੀਆਂ ਨੀਤੀਆਂ ਵਿਰੁਧ ਨਿਰਾਸ਼ਾਂ ਤੇ ਗੁੱਸਾ ਪ੍ਰਗਟ ਕਰਨ ਲਈ, ਜਿਨ੍ਹਾਂ ਨੇ ਮੌਸਮ ਸੰਕਟ ਨੂੰ ਤੇਜੀ ਨਾਲ ਅੱਗੇ ਵਧਾਇਆ ਹੈ, ਸਾਡਾ ਫਰਜ ਬਣਦਾ ਹੈ ਕਿ ਬ੍ਰਾਜੀਲ ਦੇ ਲੋਕਾਂ ਪ੍ਰਤੀ ਇਕਜੁਟਤਾ ਪ੍ਰਗਟ ਕਰੀਏ। ਖਾਸ ਕਰ ਉਨ੍ਹਾਂ ਪ੍ਰਤੀ ਜਿਹੜੇ ਕਿ ਕਬੀਲਿਆਂ ਨਾਲ ਸਬੰਧ ਰਖਦੇ ਹਨ ਅਤੇ ਉਨ੍ਹਾਂ ਜੰਗਲਾਂ ਦੀ ਹੋ ਰਹੀ ਤਬਾਹੀ ਦਾ ਸ਼ਿਕਾਰ ਬਣ ਰਹੇ ਹਨ।”
ਇਥੇ ਵਰਨਣਯੋਗ ਹੈ ਕਿ ਐਫ.ਐਫ.ਐਮ. ਸੰਸਥਾ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਤੋਂ ਅਜਿਹੀਆਂ ਆਰਥਕ ਤੇ ਵਾਤਵਰਣ ਨਾਲ ਸਬੰਧੀ ਨੀਤੀਆਂ ਲਾਗੂ ਕਰਨ ਦੀ ਮੰਗ ਕਰਦੀ ਹੈ ਜਿਨ੍ਹਾਂ ਨਾਲ ਸਨ 2100 ਤੱਕ ਸੰਸਾਰਕ ਤਾਪਮਾਨ ਵਿਚ 1.5 ਡਿਗਰੀ ਤੋਂ ਵਧੇਰੇ ਵਾਧਾ ਹੋਣ ਨੂੰ ਰੋਕਿਆ ਜਾ ਸਕੇ।
ਐਫ.ਐਫ.ਐਮ. ਦੇ ਸੱਦੇ ‘ਤੇ ਬ੍ਰਾਜੀਲ ਦੇ 20 ਤੋਂ ਵੱਧ ਸ਼ਹਿਰਾਂ ਦੇ ਨਾਲ-ਨਾਲ ਲਾਤੀਨੀ ਅਮਰੀਕੀ ਦੇਸ਼ਾਂ ਅਜਨਟੀਨਾਂ, ਇਕਵਾਡੋਰ, ਪੇਰੂ, ਚਿੱਲੀ ਵਿਖੇ ਬ੍ਰਾਜੀਲ ਦੇ ਸਫਾਰਤਖਾਨਿਆਂ ਸਾਹਮਣੇ ਮੁਜਾਹਰੇ ਹੋਏ ਸਨ। ਯੂਰਪੀ ਦੇਸ਼ਾਂ ਲੰਦਨ, ਪੇਰਿਸ, ਮੈਡਰਿਡ, ਬਾਰਸੀਨੋਨਾ, ਸਲਾਗਾ, ਝੂਗੋ, ਸੇਵੀਲਾ, ਵਾਲੰਸੀਆ, ਸਲਾਮਾਨਕਾ, ਜਾਰਾਗੋਜਾ, ਲਿਸਬਨ, ਡਬਲਿਨ ਆਦਿ ਵਿਚ ਬ੍ਰਾਜੀਲ ਦੇ ਸਫਾਰਤਖਾਨਿਆਂ ਸਾਹਮਣੇ ਮੁਜਾਹਰੇ ਹੋਏ ਹਨ। ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿਚ ਬੈਨਰ ਫੜੇ ਹੋਏ ਸਨ ਜਿਨ੍ਹਾਂ ‘ਤੇ ਲਿਖਿਆ ਸੀ- ”ਇਹ ਅੱਗ ਨਹੀਂ, ਪੂੰਜੀਵਾਦ ਹੈ।”, ”ਬ੍ਰਾਜੀਲ ਸਰਕਾਰ ਅਮੇਜਨ ਨੂੰ ਪੈਸੇ ਦੇ ਭਰਿਆ ਥੈਲਾ ਸਮਝਦੀ ਹੈ।”, ”ਬੋਲਸੋਨਾਰੋ ਦੀਆਂ ਨੀਤੀਆਂ ਵਾਤਾਵਰਣ ਦੀ ਖੁਦਕੁਸ਼ੀ ਹਨ।”, ”ਜੰਗਲਾਂ ਨੂੰ ਨਾ ਤਬਾਹ ਕਰੋ, ਜੰਗਲਾਂ ਦੀ ਰਖਿਆ ਕਰੋ, ਕੁਦਰਤ ਦੀ ਰਖਿਆ ਕਰੋ।”, ”ਬੋਲਸੋਨਾਰੋ, ਐਮੇਜ਼ੋਨ ਦੀ ਤਬਾਹੀ ਬੰਦ ਕਰੋ।”, ”ਧਰਤੀ ਸਿਰਫ ਮਨੁਖਾਂ ਲਈ ਹੀ ਨਹੀਂ।”, ”ਅਮੇਜਨ ਜੰਗਲਾਂ ਦੀ ਰਾਖੀ ਲਈ ਇਕਜੁਟ ਹੋਵੇ।”
ਯੂਰਪੀ ਦੇਸ਼ਾਂ ਵਲੋਂ ਦੱਖਣੀ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਨੂੰ ਖਤਮ ਕਰ ਦੇਣ ਦੀ ਧਮਕੀ ਤੋਂ ਬਾਅਦ ਬ੍ਰਾਜੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੇ ਐਮੇਜ਼ੋਨ ਦੇ ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਦੇਸ਼ ਦੀ ਫੌਜ ਤੈਨਾਤ ਕਰ ਦਿੱਤੀ ਹੈ।
(24-08-2019)

Scroll To Top