Now Reading
ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਅਪ੍ਰੈਲ 2019)

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਅਪ੍ਰੈਲ 2019)

ਰਵੀ ਕੰਵਰ
ਅਮਰੀਕੀ ਸਾਮਰਾਜ ਦਾ ਵੈਨੇਜੁਏਲਾ ਦੇ ਲੋਕਾਂ ‘ਤੇ ਇਕ ਹੋਰ ਘਿਨਾਉਣਾ ਹਮਲਾ
ਅਮਰੀਕੀ ਸਾਮਰਾਜ ਦੀ ਨਜਾਇਜ਼ ਦਖਲਅੰਦਾਜ਼ੀ ਨਾਲ ਜੂਝ ਰਹੇ ਲਾਤੀਨੀ ਅਮਰੀਕਾ ਦੇ ਖੱਬੇ ਪੱਖੀ ਦੇਸ਼ ਵੈਨੇਜੁਏਲਾ ਉਤੇ ਅਮਰੀਕੀ ਸਾਮਰਾਜ ਵਲੋਂ ਕੀਤੇ ਗਏ ਗੰਭੀਰ ਸਾਈਬਰ ਹਮਲੇ ਨੇ ਉਸ ਦੇ ਬਿਜਲੀ ਨੈਟਵਰਕ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਾਕੇ ਲਗਭਗ ਪੂਰੇ ਦੇਸ਼ ਨੂੰ ਹੀ ਹਨੇਰੇ ਵਿਚ ਡੋਬ ਦਿੱਤਾ ਸੀ। 7 ਮਾਰਚ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਹੋਇਆ ਸੀ, ਇਹ ਹਮਲਾ।
ਦੇਸ਼ ਦੀ ਸਭ ਤੋਂ ਵੱਡੀ ਪਣਬਿਜਲੀ ਪਰਿਯੋਜਨਾ, ਸਾਈਮਨ ਬੋਲੀਵਾਰ ਹਾਇਡਰੋਇਲੈਕਟ੍ਰਿਕ ਪਲਾਂਟ, ਜਿਸਨੂੰ ਕਿ ਗੁਰੀ ਡੈਮ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਸੰਚਾਲਤ ਕਰਨ ਵਾਲੇ ਕੰਪਿਊਟਰ ਸਿਸਟਮ ਉਤੇ 7 ਮਾਰਚ ਨੂੰ ਲਗਭਗ 5 ਵਜੇ ਸ਼ਾਮ ਹਮਲਾ ਹੋਇਆ ਸੀ, ਜਿਸ ਨਾਲ ਦੇਸ਼ ਦੇ ਲਗਭਗ 70% ਭਾਗ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਸੀ। 9 ਮਾਰਚ ਦੀ ਸਵੇਰ ਤੱਕ ਦੇਸ਼ ਦੀ ਰਾਜਧਾਨੀ ਕਾਰਾਕਾਸ ਦੇ ਵੱਡੇ ਹਿੱਸੇ ਅਤੇ ਦੇਸ਼ ਦੇ ਕੇਂਦਰੀ ਹਿੱਸੇ ਵਿਚ ਸਥਿਤ ਰਾਜਾਂ, ਮਿਰਾਂਡਾ, ਅਰਾਗੁਆ ਤੇ ਕਾਰਾਬੋਬੋ ਵਿਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਸੀ। ਪ੍ਰੰਤੂ 9 ਮਾਰਚ ਨੂੰ ਹੀ ਕੀਤੇ ਗਏ ਦੂਜੇ ਸਾਈਬਰ ਹਮਲੇ ਨਾਲ ਦੇਸ਼ ਦੇ ਹੋਰ ਕਈ ਹਿੱਸੇ ਹਨੇਰੇ ਵਿਚ ਡੁੱਬ ਗਏ ਸਨ। ਇਨ੍ਹਾਂ ਹਮਲਿਆਂ ਦਾ ਟਾਕਰਾ ਕਰਦੇ ਹੋਏ 11 ਮਾਰਚ ਤੱਕ ਪੂਰੇ ਦੇਸ਼ ਵਿਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਸੀ।
ਰਾਸ਼ਟਰਪਤੀ ਨਿਕੋਲਸ ਮਾਦੂਰੋ ਅਨੁਸਾਰ ਦੇਸ਼ ਉਤੇ ਪਿਛਲੇ 200 ਸਾਲਾਂ ਦੇ ਇਤਿਹਾਸ ਦਾ ਇਹ ਸਭ ਤੋਂ ਵੱਡਾ ਤੇ ਘਿਨਾਉਣਾ ਹਮਲਾ ਸੀ ਅਤੇ ਲਗਭਗ 60 ਘੰਟਿਆਂ ਤੱਕ ਇਹ ਚੱਲਿਆ।
ਅਮਰੀਕੀ ਸਾਮਰਾਜ ਨੂੰ ਆਪਣੇ ਹਥਠੋਕੇ, ਵਿਰੋਧੀ ਧਿਰ ਦੇ ਆਗੂ ਜੁਆਨ ਗਾਇਡੋ ਨੂੰ ਸਵੈਸਾਜੇ ਰਾਸ਼ਟਰਪਤੀ ਐਲਾਨਿਆਂ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਪ੍ਰੰਤੂ ਉਹ ਦੇਸ਼ ਦੀ ਜਨਤਾ ਦਾ ਸਮਰਥਨ ਪ੍ਰਾਪਤ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਜਦੋਂਕਿ ਉਸ ਨੂੰ ਸਥਾਪਤ ਕਰਨ ਅਤੇ 67% ਦੇ ਬਹੁਮਤ ਨਾਲ ਚੁਣੇ ਹੋਏ ਖੱਬੇ ਪੱਖੀ ਰਾਸ਼ਟਰਪਤੀ ਸਾਥੀ ਮਾਦੂਰੋ ਦਾ ਤਖਤਾ ਪਲਟ ਕਰਨ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤੇ ਜਾ ਚੁੱਕੇ ਹਨ। ਅਮਰੀਕਾ ਨੂੰ ਲੱਗਦਾ ਸੀ ਕਿ ਵੈਨੇਜੁਏਲਾ ਵਿਰੁੱਧ ਆਰਥਕ ਪਾਬੰਦੀਆਂ ਨੂੰ ਹੋਰ ਤਿੱਖੇ ਕਰਦੇ ਹੋਏ ਉਸਦੇ ਆਰਥਕ ਵਸੀਲੇ ਜਿਹੜੇ ਕਿ ਅਮਰੀਕਾ ਅਤੇ ਉਸਦੇ ਸਹਿਯੋਗੀ ਯੂਰਪੀ ਦੇਸ਼ਾਂ ਕੋਲ ਪਏ ਹਨ ਨੂੰ ਜਬਤ ਕਰਨ ਅਤੇ ਉਨ੍ਹਾਂ ਵਸੀਲਿਆਂ ਨੂੰ ਗਾਇਡੋ ਨੂੰ ਮੁਹੱਈਆ ਕਰਵਾਉਣ ਨਾਲ ਉਹ ਦੇਸ਼ ਦੇ ਲੋਕਾਂ ਨੂੰ ਗਾਇਡੋ ਦੇ ਪੱਖ ਵਿਚ ਕਰਨ ਵਿਚ ਸਫਲ ਰਹੇਗਾ। ਇੱਥੇ ਇਹ ਵਰਣਨਯੋਗ ਹੈ ਕਿ ਅਮਰੀਕਾ ਨੇ ਵੈਨੇਜੁਏਲਾ ਸਰਕਾਰ ਦੇ 30 ਅਰਬ ਡਾਲਰ ਜਬਤ ਕਰਕੇ ਗਾਇਡੋ ਨੂੰ ਮੁਹੱਈਆ ਕਰਵਾਏ ਹਨ। ਅਮਰੀਕੀ ਸਾਮਰਾਜ ਵਲੋਂ ਵੈਨੇਜ਼ੁਏਲਾ ਵਾਸੀਆਂ ਲਈ ਅਖੌਤੀ ਰਾਹਤ ਪੈਕੇਜ ਵਜੋਂ ਭੋਜਨ ਵਸਤਾਂ ਆਦਿ ਭੇਜਣ ਦੀ ਵੀ ਉਸਦੀ ਚਾਲ ਨਾਕਾਮ ਹੋ ਗਈ। ਦੇਸ਼ ਦੀ ਖੱਬੇ ਪੱਖੀ ਸਰਕਾਰ ਨੇ ਇਹ ਰਾਹਤ ਲੈਣ ਤੋਂ ਕੋਰਾ ਇਨਕਾਰ ਕਰ ਦਿੱਤਾ ਅਤੇ ਅਖੌਤੀ ਸਵੈਸਾਜੇ ਰਾਸ਼ਟਰਪਤੀ ਗਾਇਡੋ ਵਲੋਂ ਕੋਲੰਬੀਆ ਸਰਹਦ ਰਾਹੀਂ ਇਸ ਰਾਹਤ ਸਮੱਗਰੀ ਨੂੰ ਧੱਕੇ ਨਾਲ ਦੇਸ਼ ਵਿਚ ਲੈ ਕੇ ਆਉਣ ਨੂੰ ਵੀ ਸਰਕਾਰ ਵਲੋਂ ਵਿਆਪਕ ਜਨ ਸਮਰਥਨ ਨਾਲ ਨਾਕਾਮ ਕਰ ਦਿੱਤਾ ਗਿਆ। ਜੁਆਨ ਗਾਇਡੋ ਅਤੇ ਅਮਰੀਕੀ ਸਾਮਰਾਜ ਵਲੋਂ ਦੇਸ਼ ਦੀ ਫੌਜ ਵਿਚ ਫੁੱਟ ਪਾ ਕੇ ਤਖਤਾਪਲਟ ਕਰਵਾਉਣ ਦੀ ਹਰ ਚਾਲ ਵੀ ਅਸਫਲ ਰਹੀ। ਦੇਸ਼ ਦੀ ਫੌਜ ਰਾਸ਼ਟਰਪਤੀ ਮਾਦੂਰੋ ਪਿੱਛੇ ਡੱਟਕੇ ਖਲੋਤੀ ਹੈ।
ਦੇਸ਼ ਵਿਚ ਬਿਜਲੀ ਨੈਟਵਰਕ ਦੇ ਫੇਲ੍ਹ ਹੋਣ ਤੋਂ ਕੁੱਝ ਘੰਟੇ ਹੀ ਪਹਿਲਾਂ ਅਮਰੀਕੀ ਸੀਨੇਟਰ ਮਾਰਕੋ ਰੂਬੀਓ, ਜਿਹੜਾ ਕਿ ਵੈਨੇਜੁਏਲਾ ਦੀ ਖੱਬੇ ਪੱਖੀ ਸਰਕਾਰ ਦਾ ਘੋਰ ਵਿਰੋਧੀ ਹੈ ਅਤੇ ਉਸਨੂੰ ਡੇਗਣ ਦੀ ਮੁਹਿੰਮ ਦੇ ਮੋਢੀਆਂ ਵਿਚੋਂ ਇਕ ਹੈ, ਨੇ ਟਵੀਟ ਕਰਕੇ ਐਲਾਨ ਕਰ ਦਿੱਤਾ ਸੀ -”ਵੈਨੇਜੁਏਲਾ ਵਾਸੀ ਹੁਣ ਤੱਕ ਦੀ ਸਭ ਤੋਂ ਵੱਡੀ ਤੇ ਗੰਭੀਰ ਭੋਜਨ ਤੇ ਗੈਸੋਲੀਨ ਦੀ ਕਮੀ ਦੇ ਸ਼ਿਕਾਰ ਹੋਣਗੇ।” ਅਤੇ ਹੋਇਆ ਵੀ ਇਹ ਹੀ ਕਿ ਸਾਈਬਰ ਹਮਲੇ ਨਾਲ ਦੇਸ਼ ਦਾ ਸਮੁੱਚਾ ਕਾਰੋਬਾਰ, ਆਵਾਜਾਈ ਲਗਭਗ ਸਭ ਕੁੱਝ ਠੱਪ ਹੋ ਗਿਆ। ਪਾਣੀ ਸਪਲਾਈ ਕਰਨ ਵਾਲੇ ਪਲਾਂਟ ਤੱਕ ਵੀ ਠੱਪ ਹੋ ਗਏ। ਸਮੁੱਚੀ ਆਬਾਦੀ ਦੀਆਂ ਨਿੱਤ ਦਿਨ ਦੀਆਂ ਸਰਗਰਮੀਆਂ  ਪੂਰੀ ਤਰ੍ਹਾਂ ਠੱਪ ਹੋਣ ਨਾਲ ਤਰਥੱਲੀ ਮਚ ਗਈ। ਅਸਲ ਵਿਚ, ਇਹ ਹਮਲਾ ਸਖਤ ਆਰਥਕ ਪਾਬੰਦੀਆਂ ਦਾ ਟਾਕਰਾ ਕਰ ਰਹੇ ਇਸ ਦੇਸ਼ ਵਿਚ ਸਮਾਜਕ ਤੇ ਆਰਥਕ ਅਫਰਾ ਤਫਰੀ ਪੈਦਾ ਕਰਨ ਦੀ ਇਕ ਸਾਮਰਾਜੀ ਸਾਜਿਸ਼ ਸੀ ਤਾਂਕਿ ‘ਮਨੁੱਖੀ ਸੰਕਟ’ ਤੇ ‘ਨਾਕਾਮ ਸਰਕਾਰ’ ਦੀਆਂ ਧਾਰਨਾਵਾਂ ਨੂੰ ਸਥਾਪਤ ਕੀਤਾ ਜਾ ਸਕੇ। ਇਨ੍ਹਾਂ ਨੂੰ ਆਧਾਰ ਬਣਾਕੇ ਦੇਸ਼ ਦੀ ਵਿਰੋਧੀ ਧਿਰ ਦੇ ਬਹੁਮਤ ਵਾਲੀ ਸੰਸਦ, ਜਿਸਨੂੰ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਗੈਰ ਕਾਨੂੰਨੀ ਕਰਾਰ ਦਿੱਤਾ ਹੋਇਆ ਹੈ, ਰਾਹੀਂ ਦੇਸ਼ ਵਿਚ ਫੌਜੀ ਦਖਲਅੰਦਾਜ਼ੀ ਕਰਨ ਦੀ ਮੰਗ ਕਰਵਾਉਣ ਦੀ ਸਾਜਿਸ਼ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਇਥੇ ਇਹ ਵੀ ਵਰਣਨਯੋਗ ਹੈ ਕਿ ਇਹ ਅਮਰੀਕੀ ਸਾਮਰਾਜ ਅਤੇ ਉਸ ਦੀਆਂ ਬਦਨਾਮ ਅਜੰਸੀਆਂ ਨੇ ਪਹਿਲੀ ਵਾਰ ਨਹੀਂ ਕੀਤਾ ਹੈ। ਪਿਛਲੀ ਸਦੀ ਦੇ 8ਵੇਂ ਦਹਾਕੇ ਭਾਵ 1980ਵਿਆਂ ਵਿਚ ਵੀ ਇਸ ਮਹਾਂਦੀਪ ਦੇ ਹੀ ਦੇਸ਼ ਨਿਕਾਰਾਗੁਆ ਵਿਚ ਵੀ ਖੱਬੇ ਪੱਖੀ ਸੈਂਡਨਿਸਟਾਂ ਸਰਕਾਰ ਵਿਰੁੱਧ ਆਪਣੇ ਹੱਥਠੋਕਾ ਕੋਂਟਰਾਂ ਬਾਗੀਆਂ ਤੋਂ ਬਿਲਕੁਲ ਅਜਿਹੀਆਂ ਹੀ ਸਾਜਿਸ਼ਾਂ ਕਰਵਾਈਆਂ ਗਈਆਂ ਸਨ। ਉਸ ਵੇਲੇ ਦੇ ਡਿ-ਕਲਾਸੀਫਾਈ ਹੋਏ, ਭਾਵ ਸਾਹਮਣੇ ਆਏ ਖੁਫ਼ੀਆ ਦਸਤਾਵੇਜ਼ ਇਸਦੇ ਮੂੰਹ ਬੋਲਦੇ ਸਬੂਤ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੈਨੇਜੁਏਲਾ ਦੇ ਮਾਮਲੇ ਵਿਚ ਆਪਣਾ ਵਿਸ਼ੇਸ਼ ਦੂਤ ਇਲੀਅਟ ਅਬਰਾਮਸ ਨੂੰ ਬਣਾਇਆ ਹੈ, ਜਿਹੜਾ ਕਿ ਨਿਕਾਰਾਗੁਆ ਵਿਚ ਕੀਤੀਆਂ ਗਈਆਂ ਸਾਮਰਾਜੀ ਸਾਜਸ਼ਾਂ ਦਾ ਮੁੱਖ ਸਿਰਜਣਹਾਰ ਸੀ।
ਅਮਰੀਕੀ ਸਾਮਰਾਜ ਦੇ ਇਸ ਸਾਈਬਰ ਹਮਲੇ ਦਾ ਵੀ ਵੈਨੇਜੁਏਲਾ ਦੀ ਮਿਹਨਤਕਸ਼ ਜਨਤਾ ਵਲੋਂ ਆਪਣੇ ਰਾਸ਼ਟਰਪਤੀ ਮਾਦੂਰੋ ਦੀ ਅਗਵਾਈ ਵਿਚ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਗਿਆ ਹੈ ਅਤੇ ਸਮੁੱਚਾ ਦੇਸ਼ ਇਕਜੁੱਟ ਹੋ ਕੇ ਇਸ ਸੰਕਟ ਨੂੰ ਹੱਲ ਕਰਨ ਵਿਚ ਸਫਲ ਰਿਹਾ ਹੈ। ਸਾਥੀ ਮਾਦੂਰੋ ਨੇ ਦੇਸ਼ ਦੀ ਜਨਤਾ ਦਾ ਇਸ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ। ਨਾਲ ਹੀ ਰਾਸ਼ਟਰਪਤੀ ਮਾਦੂਰੋ ਨੇ ਇਸ ਸਾਈਬਰ ਹਮਲੇ ਦੇ ਪੁਖਤਾ ਸਬੂਤ ਹੋਣ ਅਤੇ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਹਮਣੇ ਪੇਸ਼ ਕਰਨ ਦੀ ਵੀ ਗੱਲ ਕੀਤੀ ਹੈ। ਚੀਨ ਨੇ ਜਿੱਥੇ ਇਸ ਹਮਲੇ ਦੌਰਾਨ ਵੈਨੇਜੁਏਲਾ ਨੂੰ ਇਸਦੇ ਟਾਕਰੇ ਲਈ ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ ਉਥੇ ਹੀ ਰੂਸ, ਈਰਾਨ ਆਦਿ ਹੋਰ ਕਈ ਦੇਸ਼ ਉਸ ਨਾਲ ਮੋਢੇ ਨਾਲ ਮੋਢਾ ਜੋੜਕੇ ਖਲੋ ਗਏ ਸਨ। ਸਮੁੱਚੀ ਦੁਨੀਆਂ ਦੇ ਜਮਹੂਰੀਅਤ ਪਸੰਦ ਤੇ ਇਨਸਾਫ ਪਸੰਦ ਲੋਕ ਵੀ ਅਮਰੀਕੀ ਸਾਮਰਾਜ ਦੀ ਹਰ ਸਾਜਿਸ਼ ਵਿਰੁੱਧ ਵੈਨੇਜੁਏਲਾ ਨਾਲ ਖਲੋਤੇ ਹਨ।

ਬੋਲੀਵੀਆ ਦੀ ਖੱਬੇ ਪੱਖੀ ਸਰਕਾਰ ਦੀ 14 ਸਾਲਾਂ ਦੀ ਸ਼ਾਨਦਾਰ ਕਾਰਕਰਦਗੀ
ਲਾਤੀਨੀ ਅਮਰੀਕਾ ਦਾ ਦੇਸ਼, ਬੋਲੀਵੀਆ, ਇਕ ਅਜਿਹਾ ਦੇਸ਼ ਹੈ, ਜਿੱਥੇ ਪਿਛਲੇ 14 ਸਾਲਾਂ ਤੋਂ ਖੱਬੇ ਪੱਖੀ ਰਾਸ਼ਟਰਪਤੀ ਈਵੋ ਮੋਰਾਲੇਜ ਚੋਣ ਜਿੱਤਕੇ ਨਿਰੰਤਰ ਸੱਤਾਸੀਨ ਹਨ। ਇਹ ਇਕ ਅਜਿਹਾ ਦੇਸ਼ ਹੈ ਜਿਸਨੂੰ ਸਮੁੰਦਰ ਨਹੀਂ ਲੱਗਦਾ। ਇਸ ਸਦੀ ਦੇ ਸ਼ੁਰੂ ਵਿਚ ਵੈਨੇਜੁਏਲਾ ਦੇ ਮਰਹੂਮ ਰਾਸ਼ਟਰਪਤੀ ਤੇ ਖੱਬੇ ਪੱਖੀ ਆਗੂ ਸਾਥੀ ਹੂਗੋ ਸ਼ਾਵੇਜ਼ ਤੋਂ ਪ੍ਰਭਾਵਤ ਹੋ ਕੇ ਸਾਥੀ ਈਵੋ ਮੋਰਾਲੇਜ ਸਾਮਰਾਜ ਵਿਰੋਧੀ ਧਾਰਾ ਵਿਚ ਸ਼ਾਮਲ ਹੋਏ ਸਨ। ਇੱਥੇ ਇਹ ਵਰਣਨਯੋਗ ਹੈ ਕਿ ਸਾਥੀ ਮੋਰਾਲੇਜ ਤੇ ਉਨ੍ਹਾਂ ਦੀ ਪਾਰਟੀ ਐਮ.ਏ.ਐਸ. (ਮੂਵਮੈਂਟ ਟੁਵਾਰਡਸ ਸੋਸ਼ਲਿਜ਼ਮ), ਦੇਸ਼ ਦੇ ਕੁਦਰਤੀ ਵਸੀਲਿਆਂ ਦੇ ਨਿੱਜੀਕਰਨ ਵਿਰੁੱਧ ਚੱਲੇ ਸੰਘਰਸ਼ਾਂ ਦੀ ਪੈਦਾਵਾਰ ਹਨ। ਐਮ.ਏ.ਐਸ., ਉਥੋਂ ਦੇ ਮੂਲ ਨਿਵਾਸੀਆਂ ਦੇ ਸਮਾਜਕ ਅੰਦੋਲਨਾਂ, ਸ਼ਹਿਰੀ ਝੁੱਗੀ ਝੌਪੜੀ ਬਸਤੀਆਂ ਦੇ ਵਸਨੀਕਾਂ ਦੇ ਸਵੈ ਜਥੇਬੰਦ ਅੰਦੋਲਨਾਂ ਅਤੇ ਰਵਾਇਤੀ ਮਾਰਕਸਵਾਦੀਆਂ, ਟਰੇਡ ਯੂਨੀਅਨਾਂ ਤੇ ਬੁੱਧੀਜੀਵੀਆਂ ਦੇ ਕੁੱਝ ਹਿੱਸਿਆਂ ਵਲੋਂ ਚਲਾਏ ਗਏ ਸਾਂਝੇ ਅੰਦੋਲਨਾਂ ਵਿਚੋਂ ਉਭਰੀ ਇਕ ਖੱਬੇ ਪੱਖੀ ਪਾਰਟੀ ਹੈ। ਬੋਲੀਵੀਆ ਦੀ ਕੁੱਲ ਵਸੋਂ ਦਾ ਦੋ ਤਿਹਾਈ ਭਾਗ ਉਥੋਂ ਦੇ ਮੂਲ ਨਿਵਾਸੀ ਹਨ। ਸਾਥੀ ਮੋਰਾਲੇਜ ਵੀ ਉਥੋਂ ਦੇ ਮੂਲ ਕਬੀਲੇ ਅਈਮਾਰਾ ਨਾਲ ਸਬੰਧ ਰੱਖਦੇ ਹਨ।
ਉਨ੍ਹਾਂ ਨੇ 2005 ਵਿਚ ਚੋਣਾਂ ਜਿੱਤਕੇ ਸੱਤਾ ਸੰਭਾਲੀ ਸੀ। ਦੇਸ਼ ਵਿਚ ਕੁਦਰਤੀ ਵਸੀਲਿਆਂ ਦੇ ਨਿੱਜੀਕਰਨ ਵਿਰੁੱਧ ਚਲ ਰਹੇ ਅੰਦੋਲਨ, 500 ਸਾਲਾਂ ਦੇ ਬਸਤੀਵਾਦੀ ਸ਼ਾਸਨ ਕਾਰਨ ਦੇਸ਼ ਦੇ ਮੂਲ ਨਿਵਾਸੀਆਂ ਦੇ ਹਾਸ਼ੀਏ ‘ਤੇ ਚਲੇ ਜਾਣ ਤੋਂ ਪੈਦਾ ਹੋਈ ਪੀੜਾ ਅਤੇ ਸਾਮਰਾਜੀ ਸੰਸਾਰੀਕਰਨ ਅਧਾਰਤ ਨਵਉਦਾਰਵਾਦੀ ਆਰਥਕ ਤੇ ਸਮਾਜਕ ਨੀਤੀਆਂ ਕਰਕੇ ਲੋਕਾਂ ਵਿਚ ਪਸਰੀ ਕੰਗਾਲੀ ਤੇ ਬੇਚੈਨੀ ਵਿਰੁੱਧ ਲੋਕਾਂ ਦਾ ਇਹ ਫਤਵਾ ਸੀ। 2005 ਤੋਂ ਹੀ ਦੇਸ਼ ਵਿਚ ਹੋ ਰਹੀਆਂ ਵੱਖ ਵੱਖ ਪੱਧਰਾਂ ‘ਤੇ ਜਮਹੂਰੀ ਚੋਣਾਂ ਵਿਚ ਜਿੱਤ ਹਾਸਲ ਕਰਕੇ ਇਹ ਸਾਮਰਾਜ ਵਿਰੋਧੀ ਖੱਬੇ ਪੱਖੀ ਧਿਰ ਨਿਰੰਤਰ ਸੱਤਾ ਵਿਚ ਬਣੀ ਰਹੀ ਹੈ। ਦੇਸ਼ ਦੇ ਨਿੱਜੀ ਖੇਤਰ ਦੇ ਕੰਟਰੋਲ ਵਾਲੇ ਮੀਡੀਆ ਦੇ ਲਗਾਤਾਰ ਕੂੜ ਪ੍ਰਚਾਰ ਅਤੇ ਸੱਜ ਪਿਛਾਖੜੀ ਸਿਆਸੀ ਧਿਰਾਂ ਵਲੋਂ ਸਾਮਰਾਜ ਦੀ ਸ਼ਹਿ ਨਾਲ ਹਰ ਤਰ੍ਹਾਂ ਦੇ ਯਤਨਾਂ ਦੇ ਬਾਵਜੂਦ ਦੇਸ਼ ਦੀ ਖੱਬੇ ਪੱਖੀ ਸਰਕਾਰ 13 ਸਾਲਾਂ ਤੋਂ ‘ਤਬਦੀਲੀ ਦੀ ਪ੍ਰਕਿਰਿਆ’ ਨੂੰ ਨਿਰੰਤਰ ਸਫਲਤਾ ਸਹਿਤ ਅੱਗੇ ਵਧਾ ਰਹੀ ਹੈ। ਕਿਸੀ ਵੀ ਦੇਸ਼ ਦੀ ਸਫਲਤਾ ਦੇ ਮੁੱਖ ਸੰਕੇਤਕਾਂ ਆਰਥਕ ਵਿਕਾਸ, ਸਿਹਤ ਤੇ ਸਿੱਖਿਆ, ਵਿਦੇਸ਼ੀ ਨੀਤੀ ਆਦਿ ਦੇ ਮਾਮਲੇ ਵਿਚ ਜਦੋਂ ਮੋਰਾਲੇਜ ਦੀ ਖੱਬੇ ਪੱਖੀ ਸਰਕਾਰ ਨੇ ਸੱਤਾ ਸੰਭਾਲੀ ਸੀ ਤਾਂ ਦੇਸ਼ ਤੇ ਦੁਨੀਆਂ ਦੇ ਉਘੇ ਮਾਹਰ ਜਿਹੜੇ ਕਿ ਪੂੰਜੀਵਾਦੀ ਧਾਰਾ ਨਾਲ ਸੰਬੰਧ ਰੱਖਦੇ ਸਨ ਨੇ ਉਸਦੇ ਪੂਰੀ ਤਰ੍ਹਾਂ ਨਾਕਾਮ ਰਹਿਣ ਅਤੇ ਆਫਤ ਵਿਚ ਫਸ ਜਾਣ ਦੀਆਂ ਭਵਿੱਖਬਾਣੀਆਂ ਕੀਤੀਆਂ ਸਨ। ਪਰ ਖੱਬੇ ਪੱਖੀ ਸਰਕਾਰ ਵਲੋਂ ਉਪਰੋਕਤ ਸਭ ਖੇਤਰਾਂ ਵਿਚ ਮਾਰੀਆਂ ਮੱਲਾਂ ਨੂੰ ਅਜੇਹੇ ਪੂੰਜੀਵਾਦੀ ਮਾਹਿਰ ਵੀ ਝੁਠਲਾਉਣ ‘ਚ ਬੇਬਸ ਹੋ ਗਏ ਹਨ।
ਅਰਥਚਾਰਾ
2005 ਵਿਚ ਜਦੋਂ ਬੋਲੀਵੀਆ ਵਿਚ ਖੱਬੀ ਧਿਰ ਨੇ ਸੱਤਾ ਸੰਭਾਲੀ ਸੀ ਤਾਂ ਦੇਸ਼ ਦੇ ਅਰਥਚਾਰੇ ਵਿਚ ਅਫਰਾ ਤਫਰੀ ਪਸਰੀ ਹੋਈ ਸੀ। ਦੇਸ਼ ਵਿਚ ਰਾਜ ਕਰ ਰਹੀਆਂ ਸਰਕਾਰਾਂ ਪੂੰਜੀਵਾਦੀ ਧਾਰਣਾ ਕਿ ਖੁੱਲ੍ਹੀ ਮੰਡੀ, ਲਚੀਲੀ ਕਿਰਤ ਮੰਡੀ ਤੇ ਮੁਦਰਾ ਸਬੰਧੀ ਨੀਤੀਆਂ ਹੀ ਆਰਥਕ ਵਿਕਾਸ ਦੀ ਕੁੰਜੀ ਹਨ, ਦਾ ਪੂਰੀ ਸ਼ਿੱਦਤ ਨਾਲ ਅਨੁਸਰਣ ਕਰ ਰਹੀਆਂ ਸਨ। ਲਗਭਗ 200 ਜਨਤਕ ਖੇਤਰ ਦੀਆਂ ਕੰਪਨੀਆਂ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਕੌਡੀਆਂ ਦੇ ਭਾਅ ਵੇਚੀਆਂ ਜਾ ਚੁੱਕੀਆਂ ਸਨ ਤੇ ਇਸ ਨਾਲ ਦੇਸ਼ ਦੇ ਅਰਥਚਾਰੇ ਨੂੰ 22 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਸੀ। ਇਸ ਕਰਕੇ ਦੇਸ਼ ਦੀ ਜੀ.ਡੀ.ਪੀ.(ਕੁੱਲ ਘਰੇਲੂ ਉਤਪਾਦ) ਵਿਚ ਤਬਾਹਕੁੰਨ ਨਿਘਾਰ ਆਇਆ ਸੀ ਅਤੇ 1985 ਦੇ ਅੰਤਲੇ ਸਮੇਂ ਵਿਚ ਮੁਦਰਾ ਸਫਿਤੀ ਦੀ ਦਰ 8000% ਸੀ।
ਅਜਿਹੀ ਸਪੱਸ਼ਟ ਨੀਤੀਗਤ ਨਾਕਾਮੀ ਦੇ ਬਾਵਜੂਦ ਜਦੋਂ 2005 ਵਿਚ ਖੱਬੀ ਧਿਰ ਨੇ ਸੱਤਾ ਸੰਭਾਲੀ ਤਾਂ ਕਈ ਨਿਵੇਸ਼ਕ ਇਸ ਡਰ ਕਰਕੇ ਦੇਸ਼ ਛੱਡ ਗਏ ਕਿ ‘ਸਮਾਜਵਾਦ’ ਆਰਥਕ ਬਰਬਾਦੀ ਲੈ ਆਵੇਗਾ।
ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਖੱਬੀ ਧਿਰ ਦੇ 13 ਸਾਲ ਦੇ ਰਾਜ ਦੌਰਾਨ ਇਕ ਆਰਥਕ ਚਮਤਕਾਰ ਹੋਇਆ, ਜਿਸਨੂੰ ਕਿ ਕੌਮਾਂਤਰੀ ਮੁਦਰਾ ਫੰਡ ਵੀ ਪ੍ਰਵਾਨ ਕਰਨ ਲਈ ਮਜ਼ਬੂਰ ਹੈ। ਦੇਸ਼ ਦਾ ਅਰਥਚਾਰਾ 2005 ਦੇ ਮੁਕਾਬਲੇ ਆਕਾਰ ਵਿਚ ਤਿਗਣਾ ਹੋ ਗਿਆ ਹੈ। ਬੋਲੀਵੀਆ ਅੱਜ ਲਾਤੀਨੀ ਅਮਰੀਕਾ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਅਰਥਚਾਰਾ ਬਣ ਗਿਆ ਹੈ, ਇਸ ਗੱਲ ਦੇ ਬਾਵਜੂਦ ਕਿ ਉਸ ਵਲੋਂ ਕੀਤੀਆਂ ਜਾਂਦੀਆਂ ਮੁੱਖ ਬਰਾਮਦਾਂ ਦੀਆਂ ਕੀਮਤਾਂ ਇਸ ਸਮੇਂ ਦੌਰਾਨ ਕਾਫੀ ਘੱਟ ਗਈਆਂ ਹਨ। ਮੁਦਰਾਸਫਿਤੀ ਦਰ ਨਗੂਣੀ ਜਿਹੀ ਸਿਰਫ 1.5 ਫੀਸਦੀ ਹੈ। ਜਦੋਂਕਿ ਉਸਦਾ ਗੁਆਂਢੀ ਅਰਜਨਟੀਨਾ ਜਿਸਨੇ ਨਵਉਦਾਰਵਾਦੀ ਸਮਾਜਕ ਤੇ ਆਰਥਕ ਮਾਡਲ ਅਪਨਾਇਆ ਹੈ, ਅਮਰੀਕੀ ਸਾਮਰਾਜੀ ਸਰਕਾਰਾਂ ਵਲੋਂ ਕੀਤੇ ਗਏ ਗੁਣਗਾਣ ਦੇ ਬਾਵਜੂਦ ਮੁਦਰਾਸਫਿਤੀ ਦੀ ਦਰ ਵਿਚ ਅਸਮਾਨ ਛੋਂਹਦੇ ਵਾਧੇ ਦਾ ਸ਼ਿਕਾਰ ਹੈ। ਐਮ.ਏ.ਐਸ. ਦੀ ਖੱਬੇ ਪੱਖੀ ਸਰਕਾਰ ਦੀ ਆਰਥਕ ਖੇਤਰ ਵਿਚ ਸਭ ਤੋਂ ਵੱਡੀ ਪ੍ਰਾਪਤੀ ਹੈ, ਗਰੀਬੀ ਨੂੰ ਦੂਰ ਕਰਨ ਵਿਚ ਉਸਨੂੰ ਪ੍ਰਾਪਤ ਹੋਈ ਸਫਲਤਾ। 2005 ਵਿਚ ਜਦੋਂ ਸਾਥੀ ਮੋਰਾਲੇਜ ਨੇ ਸੱਤਾ ਸੰਭਾਲੀ ਸੀ ਉਸ ਵੇਲੇ ਦੇਸ਼ ਵਿਚ ਕੁੱਲ ਆਬਾਦੀ ਦਾ 60% ਗਰੀਬੀ ਰੇਖਾ ਤੋਂ ਥੱਲੇ ਜੀਅ ਰਿਹਾ ਸੀ ਅਤੇ ਦੇਸ਼ ਇਕ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਅੱਜ ਦੇਸ਼ ਵਿਚ ਗਰੀਬੀ ਤੋਂ ਹੇਠ ਜੀਣ ਵਾਲਿਆਂ ਦੀ ਦਰ ਘੱਟਕੇ 30% ‘ਤੇ ਪੁੱਜ ਗਈ ਹੈ।
ਖੱਬੇ ਪੱਖੀ ਸਰਕਾਰ ਨੇ ਇਹ ਪ੍ਰਾਪਤੀ ਕੌਮਾਂਤਰੀ ਮੁਦਰਾ ਫੰਡ ਵਲੋਂ ਪੇਸ਼ ਕੀਤੇ ਜਾਂਦੇ ਨਵਉਦਾਰਵਾਦੀ ਆਰਥਕ ਸਮਾਜਕ ਮਾਡਲ ਨੂੰ ਨਕਾਰਦੇ ਹੋਏ ਕੀਤੀ ਹੈ। ਉਸਨੇ ਲੋਕ ਪੱਖੀ ਆਰਥਕ ਤੇ ਸਮਾਜਕ ਮਾਡਲ ਅਪਣਾਇਆ ਹੈ। ਵੱਡੀਆਂ ਮਹੱਤਵਪੂਰਣ ਸਨਅਤਾਂ ਦਾ ਕੌਮੀਕਰਨ ਕੀਤਾ ਗਿਆ। ਹੁਣ ਉਨ੍ਹਾਂ ਸਨਅਤਾਂ ਤੋਂ ਮਿਲਦੇ ਮੁਨਾਫ਼ੇ ਸਿੱਧੇ ਸਰਕਾਰ ਕੋਲ ਆਉਂਦੇ ਹਨ। ਉਨ੍ਹਾਂ ਦੀ ਵਰਤੋਂ ਪੂੰਜੀ ਨਿਵੇਸ਼ ਲਈ ਕੀਤੀ ਜਾਂਦੀ ਹੈ ਅਤੇ ਦੇਸ਼ ਭਰ ਵਿਚ ਬਹੁਤ ਵੱਡੀ ਪੱਧਰ ‘ਤੇ ਆਧਾਰਭੂਤ ਢਾਂਚੇ ਦੇ ਵਿਕਾਸ ਦੇ ਪ੍ਰੋਜੈਕਟ, ਜਿਹੜੇ ਕਿ ਆਰਥਕ ਵਾਧੇ ਦੇ ਵੱਡੇ ਕਾਰਕ ਸਿੱਧ ਹੋਏ ਹਨ, ਸਫਲਤਾ ਸਹਿਤ ਨੇਪਰੇ ਚੜ੍ਹੇ ਹਨ। ਸਰਕਾਰੀ ਖੇਤਰ ਵਿਚ ਟ੍ਰਾਂਸਪੋਰਟ ਅਤੇ ਸਨਅਤੀ ਮੈਨੂੰਫੈਕਚਰਿੰਗ ਨੇ ਵੀ ਆਰਥਕ ਵਿਕਾਸ ਨੂੰ ਵੱਡਾ ਹੁਲਾਰਾ ਦਿੱਤਾ ਹੈ, ਜਿਹੜਾ ਕਿ ਖੁਲ੍ਹੀ ਮੰਡੀ ਵਿਚ ਸੰਭਵ ਨਹੀਂ।
ਸਿਹਤ ਤੇ ਸਿੱਖਿਆ
ਖੱਬੇ ਪੱਖੀ ਸਰਕਾਰ ਦੇ ਵਿਰੋਧੀਆਂ ਵਲੋਂ ਇਹ ਪ੍ਰਚਾਰ ਨਿਰੰਤਰ ਕੀਤਾ ਜਾਂਦਾ ਹੈ ਕਿ ਸਿਹਤ ਤੇ ਸਿੱਖਿਆ ਦੇ ਮਾਮਲੇ ਵਿਚ ਬਹੁਤ ਹੀ ਘੱਟ ਤਰੱਕੀ  ਹੋਈ ਹੈ। ਇਹ ਇਸਦੇ ਬਾਵਜੂਦ ਹੈ, ਜਦੋਂਕਿ ਸਰਕਾਰ ਨੇ ਪਹਿਲੀ ਮਾਰਚ ਤੋਂ ਦੇਸ਼ ਵਿਚ ‘ਸਰਵ ਵਿਆਪੀ ਸਿਹਤ ਸੰਭਾਲ’ ਯੋਜਨਾ ਵੀ ਲਾਗੂ ਕਰ ਦਿੱਤੀ ਹੈ।
ਇਹ ਬਿਲਕੁਲ ਦਰੁਸਤ ਹੈ ਕਿ ਜਿਸ ਤਰ੍ਹਾਂ ਦਾ ਸਿਹਤ ਸੰਭਾਲ ਢਾਂਚਾ ਕਿਊਬਾ ਵਿਚ ਕਾਇਮ ਹੈ, ਉਸ ਤਰ੍ਹਾਂ ਦਾ ਢਾਂਚਾ ਬੋਲੀਵੀਆ ਵਿਚ ਅਜੇ ਨਹੀਂ ਬਣਾਇਆ ਜਾ ਸਕਿਆ ਹੈ। ਫੇਰ ਵੀ ਸਿਹਤ ਸੰਭਾਲ ਤੇ ਸਿੱਖਿਆ ਦੇ ਮਾਮਲੇ ਵਿਚ 2005 ਨਾਲੋਂ ਸਥਿਤੀ ਬਹੁਤ ਸੁਧਰੀ ਹੈ। ਇਹ ਵੀ ਸੱਚ ਹੈ ਕਿ ਇਸਦਾ ਬਹੁਤਾ ਲਾਭ ਦਿਹਾਤੀ, ਦੂਰ ਦੁਰਾਡੇ ਖੇਤਰਾਂ ਵਿਚ ਬੈਠੇ ਉਨ੍ਹਾਂ ਲੋਕਾਂ ਨੂੰ ਪੁੱਜਾ ਹੈ, ਜਿਨ੍ਹਾਂ ਨੂੰ ਸ਼ਹਿਰੀ ਮੀਡੀਆ ਕਵਰ ਨਹੀਂ ਕਰਦਾ ਅਤੇ ਜਿਹੜੇ ਪਹਿਲਾਂ ਅਜਿਹੀਆਂ ਸਹੂਲਤਾਂ ਤੋਂ ਪੂਰੀ ਤਰ੍ਹਾਂ ਵਾਂਝੇ ਸਨ।
2006 ਤੋਂ 2018 ਦਰਮਿਆਨ ‘ਮੀ ਸਾਲੁਦ’ ਪ੍ਰੋਗਰਾਮ ਅਧੀਨ, ਕਿਊਬਾ ਦੇ ਡਾਕਟਰਾਂ ਦੀ ਮਦਦ ਨਾਲ 1 ਕਰੋੜ 64 ਲੱਖ ਮੁਫ਼ਤ ਸਿਹਤ ਚੈਕਅੱਪ ਕੀਤੇ ਗਏ ਹਨ, ਜਿਨ੍ਹਾਂ ਵਿਚ ‘ਆਪਰੇਸ਼ਨ ਮਿਰੇਕਲ’ ਪ੍ਰੋਜੈਕਟ ਅਧੀਨ 7 ਲੱਖ ਅੱਖਾਂ ਦੇ ਅਪਰੇਸ਼ਨ ਵੀ ਮੁਫ਼ਤ ਕੀਤੇ ਗਏ ਹਨ। ਅਤੇ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਦੇਸ਼ ਦੇ ਸਭ ਤੋਂ ਗਰੀਬ ਤੇ ਦੂਰ-ਦੁਰਾਡੇ ਬੈਠੇ ਦੇਸ਼ਵਾਸੀਆਂ ਤੱਕ ਸਿਹਤ ਸੇਵਾਵਾਂ ਪਹੁੰਚਾਈਆਂ ਗਈਆਂ ਹਨ, ਅਮੇਜਨ ਤੇ ਏਂਡੀਅਨ ਖੇਤਰਾਂ ਤੱਕ।
ਸਿੱਖਿਆ ਦੇ ਖੇਤਰ ਵਿਚ ਵੀ ਤਬਦੀਲੀਆਂ ਕਾਇਆਕਲਪ ਕਰ ਦੇਣ ਵਾਲੀਆਂ ਹਨ। ਹਾਂ, ਨਿੱਜੀ ਖੇਤਰ ਦੇ ਕੰਟਰੋਲ ਵਾਲਾ ਮੀਡੀਆ ਇਨ੍ਹਾਂ ਨੂੰ ਦਰਸਾਉਣ ਦੀ ਖੇਚਲ ਨਹੀਂ ਕਰਦਾ। ਸੰਨ 2000 ਵਿਚ ਜਦੋਂ ਵੱਡੇ ਪੱਧਰ ‘ਤੇ ਸਕੂਲਾਂ ਦਾ ਨਿੱਜੀਕਰਨ ਹੋ ਰਿਹਾ ਸੀ ਪ੍ਰਾਇਮਰੀ ਸਕੂਲ ਉਮਰ ਦੇ ਸਿਰਫ 35% ਬੱਚੇ ਹੀ ਸਕੂਲਾਂ ਵਿਚ ਜਾਂਦੇ ਸੀ, ਹੁਣ ਇਹ ਗਿਣਤੀ ਦੁਗਣੀ ਹੋ ਗਈ ਹੈ ਅਤੇ ਇਹ ਨਿਰੰਤਰ ਵੱਧ ਰਹੀ ਹੈ। ਮੁੜ ਇਸਦਾ ਲਾਭ ਦੇਸ਼ ਦੇ ਸਭ ਤੋਂ ਗਰੀਬ, ਦਿਹਾਤੀ ਤੇ ਦੂਰ ਦੁਰਾਡੇ ਖੇਤਰਾਂ ਦੇ ਵਸਨੀਕਾਂ ਨੂੰ ਪੁੱਜ ਰਿਹਾ ਹੈ। ਹਰ ਹਫਤੇ ਲਗਭਗ ਇਕ ਸਰਕਾਰੀ ਸਕੂਲ ਖੁੱਲ੍ਹ ਰਿਹਾ ਹੈ। ਸਿੱਖਿਆ ਖੇਤਰ ਵਿਚ ਹੁੰਦੀ ਇਸ ਪ੍ਰਗਤੀ ਨੂੰ ਵੀ ਸਿਰਫ ਸਰਕਾਰੀ ਮੀਡੀਆ ਹੀ ਦਰਸਾਉਂਦਾ ਹੈ, ਪੂੰਜੀਪਤੀਆਂ ਦੇ ਕਬਜ਼ੇ ਵਾਲਾ ਮੀਡੀਆ ਇਸ ਮਾਮਲੇ ਵਿਚ ਵੀ ਗੁਰੇਜ਼ ਹੀ ਕਰਦਾ ਹੈ।
ਪਹਿਲੀ ਮਾਰਚ ਤੋਂ ਤਾਂ ਦੇਸ਼ ਭਰ ਵਿਚ ‘ਯੂਨੀਫਾਇਡ ਹੈਲਥ ਸਿਸਟਮ’ (ਐਸ.ਯੂ.ਐਸ.) ਦੇ ਨਾਂਅ ਅਧੀਨ ਮੁਫ਼ਤ ‘ਸਰਵਿਆਪੀ ਸਿਹਤ ਸੰਭਾਲ ਸਕੀਮ’ ਵੀ ਲਾਗੂ ਕਰ ਦਿੱਤੀ ਗਈ ਹੈ। ਕੋਚਾਬਾਂਬਾ ਜ਼ਿਲ੍ਹੇ ‘ਚੋਂ ਖੁਦ ਰਾਸ਼ਟਰਪਤੀ ਈਵਾ ਮੋਰਾਲੇਜ ਨੇ ਇਸਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਲਈ ਫੰਡ ਸਰਕਾਰ ਦੀ ਮਾਲਕੀ ਵਾਲੇ ਅਦਾਰੇ ਪ੍ਰਦਾਨ ਕਰਨਗੇ। ਇਸ ਲਈ ਸਰਕਾਰ ਨੇ ਸਾਲ 2019 ਲਈ 20 ਕਰੋੜ ਅਮਰੀਕੀ ਡਾਲਰ ਦੀ ਰਕਮ ਰੱਖੀ ਹੈ। ਸੰਸਾਰ ਸਿਹਤ ਸੰਸਥਾ ਤੇ ਪੈਨ ਅਮਰੀਕਨ ਸਿਹਤ ਸੰਸਥਾ ਨੇ ਬੋਲੀਵੀਆ ਸਰਕਾਰ ਦੀ ਸਿਹਤ ਸਬੰਧੀ ਨੀਤੀ ਨੂੰ ‘ਮਿਸਾਲੀ’ ਅਤੇ ਲਾਤੀਨੀ ਅਮਰੀਕਾ ਲਈ ਮਾਡਲ ਗਰਦਾਨਿਆ ਹੈ।
ਪ੍ਰਭੂਸੱਤਾ
ਬੋਲੀਵੀਆ ਦੇ ਹਾਲੀਆ ਇਤਿਹਾਸ ਵਿਚ 2003 ਦਾ ਸਾਲ ਸਭ ਤੋਂ ਭੈੜਾ ਸਾਲ ਸੀ, ਉਸ ਨਾਲ ‘ਕਾਲਾ ਅਕਤੂਬਰ’ ਹਤਿਆਕਾਂਡ ਹੀ ਨਹੀਂ ਵਾਪਰਿਆ ਸੀ ਬਲਕਿ ਉਸ ਵੇਲੇ ਦੇ ਸੱਤਾਧਾਰੀਆਂ ਵਲੋਂ ਦੇਸ਼ ਦੀ ਪ੍ਰਭੂਸੱਤਾ ਨੂੰ ਵੀ ਅਮਰੀਕੀ ਸਾਮਰਾਜ ਕੋਲ ਗਹਿਣੇ ਰੱਖ ਦਿੱਤਾ ਗਿਆ ਸੀ। ਵੇਲੇ ਦੀ ਸਰਕਾਰ ਨੇ ਅਮਰੀਕਾ ਨਾਲ ਇਕ ਸਮਝੌਤਾ ਕਰਕੇ ਦੇਸ਼ ਵਿਚ ਅਮਰੀਕੀ ਫੌਜੀਆਂ ਤੇ ਨਾਗਰਿਕਾਂ ਨੂੰ ਦੇਸ਼ ਦੇ ਕਾਨੂੰਨ ਤੇ ਨਿਆਂ ਪ੍ਰਣਾਲੀ ਤੋਂ ਛੋਟ ਪ੍ਰਦਾਨ ਕਰ ਦਿੱਤੀ ਸੀ, ਅਤੇ ਉਨ੍ਹਾਂ ਨੂੰ ਸਜ਼ਾ ਦੇਣ ਦਾ ਅਧਿਕਾਰ ਸਿਰਫ ਅਮਰੀਕੀ ਸਰਕਾਰ ਨੂੰ ਦੇ ਦਿੱਤਾ ਸੀ। ਇੱਥੇ ਇਹ ਵਰਣਨਯੋਗ ਹੈ ਕਿ ਪਿਛਲੀ ਸਦੀ ਦੇ ਅੰਤਮ ਦਹਾਕੇ ਵਿਚ ‘ਨਸ਼ੀਲੇ ਪਦਾਰਥਾਂ ਵਿਰੁੱਧ ਜੰਗ’ ਦੇ ਨਾਂਅ ਅਧੀਨ ਅਮਰੀਕਾ ਨੇ ਬੋਲੀਵੀਆ ਸਮੇਤ ਲਗਭਗ ਸਾਰੇ ਹੀ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਫੌਜੀ ਅੱਡੇ ਕਾਇਮ ਕਰ ਲਏ ਸਨ ਅਤੇ ਆਪਣੇ ਸਲਾਹਕਾਰ ਭੇਜ ਦਿੱਤੇ ਸਨ। ਜਿਹੜੇ ਕਿ ਉਨ੍ਹਾਂ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦਿੰਦੇ ਹੋਏ ਬਹੁਕੌਮੀ ਕੰਪਨੀਆਂ ਦੇ ਹਿਤਾਂ ਦੀ ਰਾਖੀ ਲਈ ਸਿੱਧੇ ਅਸਿੱਧੇ ਰੂਪ ਵਿਚ ਮਿਹਨਤਕਸ਼ ਲੋਕਾਂ ‘ਤੇ ਜਬਰ ਢਾਹੁੰਦੇ ਸਨ।
2005 ਵਿਚ ਰਾਸ਼ਟਰਪਤੀ ਮੋਰਾਲੇਜ ਨੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਦੀਆਂ ਅਜਿਹੀਆਂ ਨੀਤੀਆਂ ਵਿਰੁੱਧ ਸਪੱਸ਼ਟ ਸੰਕੇਤ ਦਿੰਦੇ ਹੋਏ ਅਤੇ ਆਪਣੇ ਦੇਸ਼ ਦੀ ਪ੍ਰਭੂਸੱਤਾ ਨੂੰ ਕਾਇਮ ਕਰਨ ਲਈ ਕਦਮ ਚੁੱਕਦੇ ਹੋਏ ਅਮਰੀਕਾ ਦੇ ਫੌਜੀ ਅੱਡਿਆਂ ਨੂੰ ਹੀ ਦੇਸ਼ ਤੋਂ ਬਾਹਰ ਨਹੀਂ ਕੀਤਾ ਬਲਕਿ ਅਖੌਤੀ ਅਮਰੀਕੀ ਸਹਾਇਤਾ ਅਜੰਸੀ ਯੂ.ਐਸ.ਏਡ, ਡੀ.ਈ.ਏ. ਤੇ ਨਾਲ ਹੀ ਅਮਰੀਕੀ ਰਾਜਦੂਤ ਨੂੰ ਵੀ ਦੇਸ਼ ਨਿਕਾਲਾ ਦੇ ਦਿੱਤਾ। ਅਮਰੀਕੀ ਬਹੁਕੌਮੀ ਕੰਪਨੀਆਂ ਦੇ ਵੱਡੇ ਨਿਵੇਸ਼ ਤੋਂ ਬਾਵਜੂਦ ਉਨ੍ਹਾਂ ਦੇ ਹਿੱਤਾਂ ਨੂੰ ਸੱਟ ਮਾਰਦੇ ਹੋਏ ਦੇਸ਼ ਦੀਆਂ ਮਹੱਤਵਪੂਰਨ ਸਨਅਤਾਂ ਦਾ ਸਫਲਤਾਪੂਰਣ ਕੌਮੀਕਰਨ ਕਰ ਦਿੱਤਾ, ਇਸ ਤਰ੍ਹਾਂ ਦੇਸ਼ ਦੇ ਵਿਕਾਸ ਨਾਲ ਸਬੰਧਤ ਕੁੰਜੀਵਤ ਫੈਸਲੇ ਕਰਨ ਦਾ ਅਧਿਕਾਰ ਆਪਣੇ ਹੱਥ ਲੈ ਲਿਆ। ਉਨ੍ਹਾਂ ਦੇ ਇਸ ਫੈਸਲੇ ਨਾਲ ਦੇਸ਼ ਦੇ ਅਰਥਚਾਰੇ ਦਾ ਕਾਇਆਕਲਪ ਹੋ ਗਿਆ।
ਹਾਲੀਆ ਸਮੇਂ ਵਿਚ ਵਾਪਰੀ ਇਕ ਘਟਨਾ ਦੇਸ਼ ਦੀ ਖੱਬੇ ਪੱਖੀ ਸਰਕਾਰ ਦੀ ਆਪਣੇ ਦੇਸ਼ ਦੇ ਮਾਨ-ਸਨਮਾਨ ਲਈ ਖਲੋਣ ਅਤੇ ਆਜ਼ਾਦ ਵਿਦੇਸ਼ ਨੀਤੀ ‘ਤੇ ਕਾਇਮ ਰਹਿਣ ਦੀ ਤਸਦੀਕ ਕਰਦੀ ਹੈ। ਪਿਛਲੇ ਦਿਨੀਂ ਬ੍ਰਾਜੀਲ ਦੇ ਧੁਰ ਪਿਛਾਖੜੀ ਰਾਸ਼ਟਰਪਤੀ ਜੈਰ ਬੋਲਸੋਨਾਰੋ ਦੀ ਸਰਕਾਰ ਦੇ ਇਕ ਨੁਮਾਇੰਦੇ ਨੇ ਬੋਲੀਵੀਆ ਦੇ ਮੂਲ ਨਿਵਾਸੀਆਂ ਵਿਰੁੱਧ ਇਕ ਨਸਲਵਾਦੀ ਟਿਪਣੀ ਕਰ ਦਿੱਤੀ। ਰਾਸ਼ਟਰਪਤੀ ਮੋਰਾਲੇਜ ਨੇ ਫੌਰੀ ਤੌਰ ‘ਤੇ ਉਸਦੀ ਨਿੰਦਾ ਕਰਦੇ ਹੋਏ ਉਸ ਵਲੋਂ ਮਾਫੀ ਮੰਗੇ ਜਾਣ ਦੀ ਮੰਗ ਕੀਤੀ। ਇੱਥੇ ਇਹ ਵਰਣਨਯੋਗ ਹੈ ਕਿ ਬੋਲੀਵੀਆ ਵੱਡੀ ਮਾਤਰਾ ਵਿਚ ਗੈਸ ਦੀ ਬਰਾਮਦ ਬ੍ਰਾਜੀਲ ਨੂੰ ਕਰਦਾ ਹੈ ਅਤੇ ਨਾਲ ਹੀ ਉਸ ਨਾਲ ਸਰਹੱਦ ਲੱਗਣ ਕਰਕੇ ਉਸ ਨਾਲ ਸਹਿਯੋਗ ਦੀ ਲੋੜ ਹੁੰਦੀ ਹੈ। ਪ੍ਰੰਤੂ ਇਸਦੇ ਬਾਵਜੂਦ ਰਾਸ਼ਟਰਪਤੀ ਮੋਰਾਲੇਜ ਨੇ ਆਪਣੇ ਦੇਸ਼ ਦੀ ਪ੍ਰਭੂਸੱਤਾ ਦੇ ਮੱਦੇਨਜ਼ਰ ਸਖਤ ਰੁੱਖ ਅਖਤਿਆਰ ਕੀਤਾ।
ਜਦੋਂ 2005 ਵਿਚ ਰਾਸ਼ਟਰਪਤੀ ਮੋਰਾਲੇਜ ਨੇ ਦੇਸ਼ ਦੀ ਵਾਗਡੋਰ ਆਪਣੇ ਹੱਥ ਵਿਚ ਸੰਭਾਲੀ ਸੀ, ਉਸ ਵੇਲੇ ਦੇਸ਼ ਨਵਉਦਾਰਵਾਦੀ ਨੀਤੀਆਂ ਦਾ ਝੰਬਿਆ ਹੋਇਆ ਬੁਰੀ ਹਾਲਤ ਵਿਚ ਸੀ। ਅੱਜ ਅਰਥਚਾਰੇ, ਸਿਹਤ, ਸਿੱਖਿਆ, ਵਿਦੇਸ਼ ਨੀਤੀ, ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਦੇ ਮਾਮਲੇ ਵਿਚ ਚੌਖੀ ਪ੍ਰਗ਼ਤੀ ਹੋਈ ਹੈ ਅਤੇ ਉਸ ਵਲੋਂ ਕੀਤੀ ਇਸ ਪ੍ਰਗਤੀ ਨੂੰ ਸਮੁੱਚੀ ਦੁਨੀਆਂ ਮਾਨਤਾ ਪ੍ਰਦਾਨ ਕਰਦੀ ਹੈ। ਦੇਸ਼ ਦੇ ਮੂਲ ਨਿਵਾਸੀਆਂ ਦੇ ਮੁੱਖ ਧਾਰਾ ਵਿਚ ਸ਼ਾਮਲ ਹੋਣ ਨਾਲ ਉਨ੍ਹਾਂ ਦੇ ਮਾਨ ਸਨਮਾਨ ਵਿਚ ਵਾਧਾ ਵੀ ਹੋਇਆ ਹੈ ਅਤੇ ਉਨ੍ਹਾਂ ਵਿਚ ਸਭਿਆਚਾਰਕ ਗੌਰਵ ਦੀ ਭਾਵਨਾ ਵੀ ਪ੍ਰਫੁਲਤ ਹੋਈ ਹੈ। ਵੱਡੀ ਪੂੰਜੀ ਦੇ ਹੱਥਾਂ ਵਿਚੋਂ ਖੋਹਕੇ ਮਹੱਤਵਪੂਰਨ ਸਨਅਤਾਂ ਦੇ ਕੌਮੀਕਰਨ ਨਾਲ ਇਕ ਵਾਰ ਮੁੜ ‘ਸਮਾਜਵਾਦੀ ਮਾਡਲ’ ਦੀ ਸਾਰਥਕਤਾ ਨੂੰ ਸਿੱਧ ਕੀਤਾ ਹੈ, ਜਿਸ ਨੂੰ ਕਿ ਸੋਵੀਅਤ ਯੂਨੀਅਨ ਦੇ ਢਹਿਢੇਰੀ  ਹੋਣ ਤੋਂ ਬਾਅਦ ਸੱਟ ਵੱਜੀ ਸੀ। ਸਾਮਰਾਜੀ ਸੰਸਾਰੀਕਰਣ ਦੇ ਨਵਉਦਾਰਵਾਦੀ ਸਮਾਜਕ ਆਰਥਕ ਨੀਤੀਆਂ ਦੇ ਮੁਕਾਬਲੇ ਮੁੜ ਇਕ ਵਾਰ ਇਸ ਮਾਡਲ ਨੂੰ ਬਲ ਪ੍ਰਾਪਤ ਹੋਇਆ ਹੈ। 20 ਅਕਤੂਬਰ ਨੂੰ ਮੁੜ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਵਿਚ ਲਾਜ਼ਮੀ ਹੀ ਸਾਥੀ ਈਵੋ ਮੋਰਾਲੇਜ ਨੂੰ ਇਸ ਦਾ ਲਾਭ ਮਿਲੇਗਾ। ਅਤੇ ਉਹ ਲਾਤੀਨੀ ਅਮਰੀਕੀ ਮਹਾਂਦੀਪ ਵਿਚ ਅਮਰੀਕੀ ਸਾਮਰਾਜ ਦੇ ਨਵੇਂ ਹਮਲੇ ਨੂੰ ਪਛਾੜਦੇ ਹੋਏ ਮੁੜ ਸ਼ਾਨਦਾਰ ਜਿੱਤ ਹਾਸਲ ਕਰਨਗੇ।

Scroll To Top