Now Reading
ਕੋਵਿਡ-19 : ਦਾਅਵੇ-ਹਕੀਕਤਾਂ ਤੇ ਇਸਦੇ ਪ੍ਰਭਾਵ

ਕੋਵਿਡ-19 : ਦਾਅਵੇ-ਹਕੀਕਤਾਂ ਤੇ ਇਸਦੇ ਪ੍ਰਭਾਵ

ਸਤਨਾਮ ਚਾਨਾ

ਵਾਇਰਸ ਜਾਂ ਲਾਗ ਦੀ ਬਿਮਾਰੀ ਮਨੁੱਖ ਦੇ ਜੀਵਨ ਵਿਚ ਕਦੋਂ ਕੁ ਤੋਂ ਆਉਣੀ ਸ਼ੁਰੂ ਹੋਈ ਹੈ ਇਸਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਫਿਰ ਭੀ ਸੱਤ ਕੁ ਸੌ ਸਾਲ ਦੇ ਇਤਿਹਾਸ ਦੀ ਜਾਣਕਾਰੀ ਤਾਂ ਦੱਸੀ ਹੀ ਜਾ ਰਹੀ ਹੈ । ਜੇਕਰ ਇਸ ਦਾ ਸਬੰਧ ਮਨੁੱਖ ਦੇ ਪ੍ਰਵਾਸ ਜਾਂ ਇਕ ਖਿੱਤੇ ‘ਚੋਂ ਦੂਸਰੇ ਖਿੱਤੇ ਵਿਚ ਜਾਣ ਨਾਲ ਹੈ ਤਾਂ ਫਿਰ ਛੂਤ ਦੀ ਬਿਮਾਰੀ ਓਦੋਂ ਤੋਂ ਹੀ ਹੋਈ ਹੋਣੀ ਚਾਹੀਦੀ ਹੈ ਜਦੋਂ ਤੋਂ ਮਨੁੱਖ ਮਾਈਗ੍ਰੇਟ ਕਰ ਰਿਹਾ ਹੈ ਅਥਵਾ ਉੱਜੜ ਕੇ ਇਕ ਥਾਂ ਤੋਂ ਦੂਜੀ ਥਾਂ ਜਾ ਰਿਹਾ ਹੈ । ਪਰ ਇਸ ਬਾਰੇ ਲੇਖਕ ਕੋਲ ਕੋਈ ਜਾਣਕਾਰੀ ਨਹੀਂ ਹੈ। ਇਸਦਾ ਅੰਦਾਜ਼ਾ ਇਲਾਜ ਪ੍ਰਨਾਲੀ ਦੀ ਜੜ੍ਹ ਖੋਜਣ ਨਾਲ ਲੱਗ ਸਕਦਾ ਹੈ, ਜੋ ਬਿਮਾਰੀਆਂ ਬਾਰੇ ਮਨੁੱਖ ਦੇ ਸੁਚੇਤ ਹੋਣ ਦਾ ਸਮਾਂ ਵੀ ਨਿਸਚਿਤ ਕਰ ਦਿੰਦਾ ਹੈ। ਪਿੱਛਲੀਆਂ ਕੁਝ ਕੁ ਸਦੀਆਂ ਵਿਚ, ਸਮੇਂ-ਸਮੇਂ ਭੈਅ-ਭੀਤ ਕਰਨ ਦੀ ਹੱਦ ਤੱਕ ਮੌਤਾਂ ਹੁੰਦੀਆਂ ਰਹੀਆਂ । ਮਨੁੱਖਾਂ ਨੇ ਤੈਰਦੀਆਂ ਲਾਸ਼ਾਂ ਦੇ ਵਗਦੇ ਦਰਿਆ ਅੱਖੀਂ ਦੇਖੇ (1918)। ਫਿਰ ਭੀ ਮਨੁੱਖ ਨੇ ਹਰ ਵਾਰ ਭਿਆਨਕ ਸਥਿੱਤੀ ਉੱਪਰ ਜਿੱਤ ਪ੍ਰਾਪਤ ਕੀਤੀ ਅਤੇ ਵਧਵੀਂ ਸ਼ਕਤੀ ਨਾਲ ਆਪਣੇ ਚੰਗੇ ਅਤੇ ਮੰਦੇ ਕੰਮਾਂ ਵੱਲ ਅੱਗੇ ਤੋਂ ਅੱਗੇ ਵਧਿਆ। ਪਰ ਹਰ ਵਾਰ ਬਿਮਾਰੀ ਦੀ ਮਾਰ ਦਾ ਘੇਰਾ ਸੀਮਤ ਜਾਂ ਗਿਣਤੀ ਦੇ ਖਿੱਤੇ ਹੀ ਹੁੰਦਾ ਸੀ। ਜਦੋਂ ਕਿ ਇਸ ਵਾਰ (ਕਰੋਨਾ) ਵਾਇਰਸ ਨੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਨੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਹਰ ਵਾਰ ਵਾਇਰਸ ਨਵੇਂ ਤੋਂ ਨਵਾਂ ਕਿਉਂ ਪੈਦਾ ਹੁੰਦਾ ਹੈ ਅਤੇ ਇਹ ਨਿਸਚਿਤ ਜਾਂ ਅਨਿਸਚਿਤ ਸਮੇਂ ਬਾਅਦ ਹੀ ਕਿਉਂ ਹੁੰਦਾ ਹੈ? ਇਸ ਦਾ ਉੱਤਰ ਸ਼ਾਇਦ ਮਨੁੱਖੀ ਪ੍ਰਵਾਸ ਦੇ ਮਨੋਰਥ ਨਾਲ ਅਤੇ ਪ੍ਰਕਿਰਤੀ ਪ੍ਰਤੀ ਉਸਦੇ ਵਿਵਹਾਰ ਨਾਲ ਜੁੜਿਆ ਹੋਇਆ ਹੈ।
ਪ੍ਰਤੀਤ ਹੁੰਦਾ ਹੈ ਕਿ ਮਨੁੱਖ ਨੇ ਜਦੋਂ-ਜਦੋਂ ਆਪਣੀਆਂ ਅਸੀਮ ਲਾਲਸਾਵਾਂ ਕਾਰਨ ਪ੍ਰਕਿਰਤੀ ਨੂੰ ਫੱਟ ਲਾਏ ਹਨ, ਉਸਦਾ ਸੰਤੁਲਨ ਵਿਗਾੜਿਆਂ ਹੈ ਤਾਂ ਪ੍ਰਕਿਰਤੀ ਨੇ ਆਪਣੀ ਤੰਦਰੁਸਤੀ ਲਈ ਮੋੜਵੀਂ ਕਾਰਵਾਈ ਕੀਤੀ ਹੈ। ਮਨੁੱਖ ਨੇ ਇਹ ਦੁਰ ਉਪਯੋਗ ਭਾਵੇਂ ਪਰਵਾਸ ਕਰਕੇ ਕੀਤਾ ਹੋਵੇ ਜਾਂ ਇਕ ਥਾਂ ਬੈਠਕੇ ਕੀਤਾ ਹੋਵੇ। ਪ੍ਰੰਤੂ, ਕੁਦਰਤ ਦੀਆਂ ਨਿਆਮਤਾਂ ਦੇ ਦੁਰ ਉਪਯੋਗ ਦਾ ਫਲ ਜਿੱਥੇ-ਜਿੱਥੇ ਵੀ ਪਹੁੰਚਦਾ ਹੈ ਪ੍ਰਕਿਰਤੀ ਉੱਥੋਂ ਤੱਕ ਕਾਰਵਾਈ ਕਰਦੀ ਹੈ। ਜਿਸ ਕਰਕੇ ਇਹ ਮਨੁੱਖੀ ਆਵਾਜਾਈ ਅਤੇ ਉਸ ਰਾਹੀਂ ਕੀਤੇ ਜਾਂਦੇ ਵਪਾਰ ਦੇ ਪਸਾਰ ਨਾਲ ਜੁੜਿਆ ਹੋਇਆ ਹੈ। ਵਿਸ਼ਵੀਕਰਨ ਦਾ ਸਮਾਂ ਚੱਲ ਰਿਹਾ ਹੈ। ਇਹ ਮੰਨ ਵੀ ਲਿਆ ਗਿਆ ਹੈ ਕਿ ਵਿਸ਼ਵ ਇਕ ਪਿੰਡ ਬਣ ਚੁਕਾ ਹੈ। ਹਾਂ, ਇਸ ਵਾਰ ਵਾਇਰਸ ਸਾਰੇ ਪਿੰਡ ਵਿਚ ਫੈਲ ਗਿਆ ਹੈ ਕਿਸੇ ਇਕ ਜਾਂ ਦੋ-ਚਾਰ ਪਰਿਵਾਰਾਂ ਤੱਕ ਸੀਮਤ ਨਹੀਂ ਰਿਹਾ।
ਵਾਇਰਸ ਜੇਕਰ ਮਨੁੱਖੀ ਸਰਗਰਮੀਆਂ ਦਾ ਹੀ ਸਿੱਟਾ ਹੈ ਤਾਂ ਕੀ ਇਹ ਸਾਰੀ ਮਨੁੱਖ ਜਾਤੀ ਦੀਆਂ ਸਰਗਰਮੀਆਂ ਦਾ ਸਿੱਟਾ ਹੈ? ਹਾਂ ਮਨੁੱਖ ਜਾਤੀ ਦੀ ਸਾਂਝੀ ਸਰਗਰਮੀ ਦਾ ਸਿੱਟਾ ਤਾਂ ਹੈ ਪਰ ਉਨ੍ਹਾਂ ਦੀ ਸਾਂਝੀ ਹਵਸ ਦਾ ਸਿੱਟਾ ਨਹੀਂ ਹੈ। ਸਾਰੇ ਮਨੁੱਖ ਆਪਣੀਆਂ ਲਾਲਸਾਵਾਂ ਕਾਰਨ ਪ੍ਰਕਿਰਤੀ ਨੂੰ ਜ਼ਖਮ ਨਹੀਂ ਦਿੰਦੇ ਸਗੋਂ ਮਨੁੱਖਾਂ ਦਾ ਇਕ ਛੋਟਾ ਜਿਹਾ ਹਿੱਸਾ ਹੈ ਜੋ ਵਿਸ਼ਵ ਨੂੰ ਹੜੱਪਣ ਦੇ ਯਤਨਾਂ ਵਿਚ ਪ੍ਰਕਿਰਤੀ ਨੂੰ ਛਾਂਗ ਵੀ ਰਿਹਾ ਹੈ, ਖੋਖਲਾ ਵੀ ਕਰ ਰਿਹਾ ਹੈ ਅਤੇ ਉਸਦੀ ਦੇਹ ਵਿਚ ਜ਼ਹਿਰ ਵੀ ਫੈਲਾ ਰਿਹਾ ਹੈ । ਮਨੁੱਖਾਂ ਦਾ ਬਾਕੀ ਹਿੱਸਾ ਪੇਟ ਦੀ ਭੁੱਖ ਕਾਰਨ ਛੋਟੇ ਹਿੱਸੇ ਦੀਆਂ ਲਾਲਸਾਵਾਂ ਦੀ ਪੂਰਤੀ ਵਿਚ ਭਾਗੀ ਹੈ । ਇਸ ਕਰਕੇ ਪ੍ਰਕਿਰਤੀ ਜਦੋਂ ਮੋੜਵੀਂ ਕਾਰਵਾਈ ਕਰਦੀ ਹੈ ਤਾਂ ਉਸਦੀ ਮਾਰ ਜ਼ਿਆਦਾ ਤਰ ਉਨ੍ਹਾਂ ਨੂੰ ਝੱਲਣੀ ਪੈਂਦੀ ਹੈ ਜਿਨ੍ਹਾਂ ਨੇ ਪ੍ਰਕਿਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਲਾਲਸੀਆਂ ਦੀ, ਅਣਜਾਣੇ ਹੀ ਸਹਾਇਤਾ ਕਰ ਦਿੱਤੀ ਹੁੰਦੀ ਹੈ। ਪਰ ਪ੍ਰਕਿਰਤੀ ਆਪਣੀ ਕਾਰਵਾਈ ਅਣਜਾਣੇ ਨਹੀਂ ਕਰਦੀ। ਸਾਧਨ ਸੰਪੰਨ ਲੋਕ ਸਵੈ ਸੁਰੱਖਿਆ ਦੇ ਸਮੱਰਥ ਹੋ ਚੁਕੇ ਹੁੰਦੇ ਹਨ। ਮੋੜਵੀਂ ਕਾਰਵਾਈ ਕਰਨ ਸਮੇਂ ਪ੍ਰਕਿਰਤੀ ਕੋਈ ਭਿੰਨ-ਭੇਦ ਨਹੀਂ ਕਰਦੀ, ਜਿਸ ਦੀ ਲਪੇਟ ਵਿਚ ਸਾਰੇ ਹੀ ਮਨੁੱਖ ਆ ਜਾਂਦੇ ਹਨ। ਫਿਰ ਭੀ ਏਨੇ ਲੰਬੇ ਇਤਿਹਾਸ ਅਤੇ ਪ੍ਰਕਿਰਤੀ ਦੀਆਂ ਏਨੀਆਂ ਮੋੜਵੀਆਂ ਕਾਰਵਾਈਆਂ ਦੇ ਬਾਵਜੂਦ ਮੁਨਾਫਾਖੋਰ ਮਨੁੱਖ ਪ੍ਰਕਿਰਤੀ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਨਾ ਚਾਹੁੰਦਾ। ਹਾਲਾਂ ਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਵੀ ਲੈਂਦਾ ਹੈ ਕਿ ਪ੍ਰਕਿਰਤੀ ਦੀ ਮੋੜਵੀਂ ਕਾਰਵਾਈ ਉਪਰੰਤ ਸ਼ਿਵਾਲਕ ਦੀਆਂ ਪਹਾੜੀਆਂ ਦੀ ਚਮਕ ਜਲੰਧਰ ਉੱਤੇ ਵੀ ਪੈਣ ਲੱਗ ਪੈਂਦੀ ਹੈ। ਇਸ ਤਰ੍ਹਾਂ ਦੇ ਕਿ੍ਰਸ਼ਮੇਂ ਸਾਰੇ ਵਿਸ਼ਵ ਨੇ ਦੇਖੇ ਹੋਣਗੇ। ਪਰ ਕਿਉਂਕਿ ਹੜੱਪਣ ਪ੍ਰਵਿਰਤੀ ਨੂੰ ਘੁਸਮੁਸਾ ਹੀ ਰਾਸ ਹੈ ਜਿਸ ਕਰਕੇ ਉਹ ਇਸ ਤੋਂ ਕੁਝ ਵੀ ਨਹੀਂ ਸਿੱਖੇਗੀ। ਅਸਲ ਵਿਚ ਪ੍ਰਕਿਰਤੀ ਦੇ ਨਿਯਮਾਂ ਅਤੇ ਮਨੁੱਖਾਂ ਦੀ ਲਾਲਸਾ ਦਰਮਿਆਨ ਜੰਗ ਚੱਲ ਰਹੀ ਹੈ। ਲਾਲਸਾਵਾਂ ਆਫਤਾਂ ਨੂੰ ਸੱਦਾ ਦਿੰਦੀਆਂ ਹਨ ਅਤੇ ਵਿਗਿਆਨੀ ਉਨ੍ਹਾਂ ਤੋਂ ਜਾਨ ਛੁਡਾਉਣ ਲਈ ਆਪਣੀ ਜਾਨ ਵੀ ਦਾਅ ਤੇ ਲਾ ਦਿੰਦੇ ਹਨ ਪਰ ਉਹ ਆਪਣੀਆਂ ਲੱਭਤਾਂ ਦੇ ਉਪਯੋਗ ਬਾਰੇ ਚਿੰਤਾ ਘੱਟ ਹੀ ਕਰਦੇ ਹਨ। ਜਦੋਂ ਕਿ ਮਨੁੱਖ ਪ੍ਰਕਿਰਤੀ ਦੇ ਨਿਯਮਾਂ ਅਧੀਨ ਹੋ ਕੇ ਹੀ ਆਫਤਾਂ ਤੋਂ ਛੁਟਕਾਰਾ ਪਾ ਸਕਦਾ ਹੈ ਅਤੇ ਕੁਦਰਤ ਦੀਆਂ ਨਿਆਮਤਾਂ ਦਾ ਅਨੰਦ ਮਾਣ ਸਕਦਾ ਹੈ, ਜਿਸ ਵਿਚ ਸਮੁੱਚੀ ਮਨੁੱਖਤਾ ਦੇ ਮਾਨਵੀਕਰਨ ਦੀ ਕੁੰਜੀਵਤ ਭੂਮਿਕਾ ਹੈ।
ਕੋਵਿਡ-19 ਨੇ ਵਿਸ਼ਵ ਨੂੰ ਲਪੇਟ ਵਿਚ ਲੈ ਲਿਆ ਹੈ ਅਤੇ ਵਿਸ਼ਵੀ ਧੌਂਸ ਰੱਖਣ ਵਾਲੇ ਸਾਰੇ ਦੇਸ਼ ਲੌਕਡਾਊਨ ਵਿਚ ਹਨ । ਸਾਡਾ ਦੇਸ਼ ਵੀ ਲੌਕਡਾਊਨ ਵਿਚ ਹੈ। ਕਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਜਿਹੜੇ ਕਦਮ ਉਠਾਏ ਗਏ ਹਨ, ਕਈ ਹਲਕਿਆਂ ਤੋਂ ਉਨ੍ਹਾਂ ਦੀ ਸਖਤ ਅਲੋਚਨਾ ਹੋ ਰਹੀ ਹੈ ਕਿ ਵਇਰਸ ਦਾ ਮੁਕਾਬਲਾ ਕਰਨ ਲਈ, ਭਾਰਤ ਵਿਚ ਵਿਕਸਤ ਦੇਸ਼ਾਂ ਨਾਲੋਂ ਹਟਵੇਂ ਕਦਮ ਉਠਾਏ ਜਾਣ ਦੀ ਜ਼ਰੂਰਤ ਸੀ। ਲੌਕਡਾਊਨ ਦਾ ਐਲਾਨ ਕੀਤੇ ਜਾਣ ਤੋਂ ਤਕਰੀਬਨ ਦੋ ਮਹੀਨੇ ਪਹਿਲਾਂ ਕਰੋਨਾ ਵਾਇਰਸ ਦੀ ਦਸਤਕ ਹੋ ਚੁਕੀ ਸੀ ਅਤੇ ਇਹ ਵੀ ਸਪੱਸ਼ਟ ਸੀ ਕਿ ਇਸ ਦੀ ਕੋਈ ਵੈਕਸੀਨ ਉਪਲਭਧ ਨਹੀਂ ਹੈ। ਕੇਵਲ ਬਚਾਓ ਵਿਚ ਹੀ ਬਚਾਓ ਹੈ। ਦੇਸ਼ ਨੂੰ ਚੌਕੰਨੇ ਕਰਨ ਲਈ ਅਤੇ ਲੌਕਡਾਊਨ ਵਾਸਤੇ ਦੇਸ਼ਵਾਸੀਆਂ ਨੂੰ ਤਿਆਰ ਕਰਨ ਲਈ ਇਹ ਕਾਫੀ ਸਮਾਂ ਸੀ । ਘਰਾਂ ਨੂੰ ਜਾਣ ਵਾਲਿਆਂ ਲਈ ਟ੍ਰਾਂਸਪੋਰਟ ਦੇ ਸਾਧਨ ਸਨ ਅਤੇ ਅੰਨ ਦੇ ਭੰਡਾਰ ਸਨ। ਭਾਰਤੀ ਲੋਕਾਂ ਅੰਦਰ ਮੁਸ਼ਕਲਾਂ ਨਾਲ ਲੜਨ ਦਾ ਜਜ਼ਬਾ ਵੀ ਹੈ। ਜਨ ਸਧਾਰਨ ਦੀਆਂ ਲੋੜਾਂ ਅਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਧਿਆਨ ਵਿਚ ਨਹੀਂ ਰੱਖਿਆ ਗਿਆ। ਕਾਰੋਬਾਰ ਠੱਪ ਹੋ ਗਏ ਜਿਸ ਨੇ ਕਾਮਿਆਂ ਨੂੰ ਘਰਾਂ ਵਿਚ ਬੰਦ ਕਰ ਦਿੱਤਾ। ਇਹ ਉਮੀਦ ਲਾਉਣੀ ਅਣਯਥਾਰਥਕ ਸੀ ਕਿ ਕਾਰੋਬਾਰੀ ਲੋਕ ਕਾਮਿਆਂ ਨੂੰ ਫਿਰ ਵੀ ਤਨਖਾਹ ਦੇਈ ਜਾਣਗੇ। ਇਹ ਜ਼ਿਮੇਵਾਰੀ ਸਰਕਾਰ ਦੀ ਹੈ ਕਿ ਲੌਕਡਾਊਨ ਕਾਰਨ ਬੇਕਾਰ ਹੋਇਆਂ ਨੂੰ ਸਰਕਾਰ ਸੰਭਾਲਦੀ। ਅਰਥਚਾਰੇ ਦੀ ਕਿੰਨੀ ਬਰਬਾਦੀ ਹੋਈ ਹੈ, ਜਾਂ ਕੀ ਉਹ ਮੁੜਕੇ ਪੈਰਾਂ ਤੇ ਆ ਸਕੇਗਾ ਜਾਂ ਕਿੰਨਾਂ ਰੋਜ਼ਗਾਰ ਪੈਦਾ ਕਰ ਸਕੇਗਾ, ਉਸਦਾ ਅੰਦਾਜ਼ਾ ਅਜੇ ਨਹੀਂ ਲਾਇਆ ਜਾ ਸਕਦਾ, ਕੇਵਲ ਖਦਸ਼ੇ ਜ਼ਾਹਰ ਕੀਤੇ ਜਾ ਸਕਦੇ ਹਨ। ਇਸ ਗੱਲ ਦੀ ਸਮਝ ਸਭ ਤੋਂ ਪਹਿਲਾਂ ਕਾਮਿਆਂ ਨੂੰ ਲੱਗੀ। ਉਨ੍ਹਾਂ ਦੀ ਇਸ ਸਮਝ ਦਾ ਜ਼ੋਰਦਾਰ ਪ੍ਰਗਟਾਵਾ ਅੰਤਰਰਾਜੀ ਮਜ਼ਦੂਰਾਂ ਰਾਹੀਂ ਹੋਇਆ ਜਿਹੜੇ ਆਪਣੇ ਘਰਾਂ ਤੋਂ ਦੂਰ ਦੁਰਾਡੇ ਪ੍ਰਾਂਤਾਂ ਵਿਚ ਰੋਗ਼ਗਾਰ ਦੀ ਖਾਤਰ ਗਏ ਹੋਏ ਸਨ। ਜੇਕਰ ਉਨ੍ਹਾਂ ਨੂੰ ਨੇੜ ਭਵਿੱਖ ਵਿਚ ਰੋਜ਼ਗਾਰ ਮਿਲ ਜਾਣ ਦੀ ਉਮੀਦ ਹੁੰਦੀ ਤਾਂ ਉਹ ਜਨਤਕ ਰੂਪ ਵਿਚ ਉੱਠਕੇ ਘਰਾਂ ਨੂੰ, ਪੈਦਲ ਹੀ ਨਾ ਤੁਰ ਪੈਂਦੇ। ਉਨ੍ਹਾਂ ਨੇ ਆਪਣੇ ਭਵਿੱਖ ਦਾ ਇਹੋ ਹੀ ਅੰਦਾਜ਼ਾ ਲਗਾਇਆ। ਕਾਰੋਬਾਰੀਆਂ ਨੂੰ ਲੇਬਰ ਦੀ ਘਾਟ ਦਾ ਫਿਕਰ ਵੀ ਸਤਾ ਰਿਹਾ ਹੈ ਅਤੇ ਆਪਣੇ ਉਤਪਾਦਨ ਦੀ ਮੰਡੀ ਦਾ ਵੀ । ਇਸੇ ਤਰ੍ਹਾਂ ਖੇਤੀਬਾੜੀ ਦੀ ਸਥਿੱਤੀ ਵੀ ਕੋਈ ਘੱਟ ਚਿੰਤਾ ਵਾਲੀ ਨਹੀਂ। ਪਿੱਛਲੇ ਕਾਫੀ ਸਮੇਂ ਤੋਂ ਖੇਤੀਬਾੜੀ ਦਾ ਚਰਿਤਰ ਕਾਫੀ ਬਦਲ ਚੁਕਾ ਹੈ। ਮਸ਼ੀਨੀਕਰਨ ਦੇ ਬਾਵਜੂਦ ਖੇਤੀ ਮਜ਼ਦੂਰਾਂ ਦੀ ਭੂਮਿਕਾ ਅਤਿਅੰਤ ਮਹੱਤਵਪੂਰਨ ਹੋ ਚੁਕੀ ਹੈ ਅਤੇ ਸਬੱਬ ਨਾਲ ਖੇਤੀ ਮਜ਼ਦੂਰ ਆਮ ਕਰਕੇ ਦੂਜੇ ਰਾਜਾਂ ਦੇ ਹਨ। ਲੌਕਡਾਊਨ ਵਿਚ ਪੇਂਡੂ ਮਜ਼ਦੂਰਾਂ ਨੂੰ ਖਾਣੇ ਦਾ ਸੰਕਟ ਸ਼ਹਿਰੀ ਮਜ਼ਦੂਰਾਂ ਜਿੰਨਾਂ ਨਹੀਂ ਸੀ। ਪਰ ਫਿਰ ਵੀ ਉਨ੍ਹਾਂ ਨੇ ਵੀ ਘਰਾਂ ਨੂੰ ਜਾਣਾ ਹੀ ਬਿਹਤਰ ਸਮਝਿਆ। ਉਹ ਸ਼ਾਇਦ ਇਸਦੇ ਆਰਥਿਕ ਪ੍ਰਭਾਵਾਂ ਦੇ ਨਾਲ-ਨਾਲ ਰਾਜਨੀਤਕ ਪ੍ਰਭਾਵਾਂ ਦਾ ਵੀ ਅੰਦਾਜ਼ਾ ਲਾ ਰਹੇ ਹਨ।
ਇਸੇ ਤਰ੍ਹਾਂ ਹੀ ਸਮਾਜਿਕ ਦੂਰੀ (ਸਰੀਰਕ ਦੂਰੀ) ਦਾ ਸੰਕਲਪ ਭਾਰਤੀ ਸਮਾਜਿਕ ਹਾਲਤਾਂ ਨਾਲ ਮੇਲ ਨਹੀਂ ਖਾਂਦਾ। ਦੇਸ਼ ਦੀ ਭਾਰੀ ਬਹੁ ਸੰਖਿਆ ਦੇ ਗੁਰਬਤ ਭਰੇ ਰਹਿਣ-ਸਹਿਣ ਨੇ ਉਨ੍ਹਾਂ ਨੂੰ ਇਕ ਦੂਜੇ ਵਿਚ ਫਸਕੇ ਰਹਿਣ ਲਈ ਮਜਬੂਰ ਕੀਤਾ ਹੋਇਆ ਹੈ। ਭੀੜੀਆਂ ਗਲੀਆਂ, ਤੰਗ ਝੌਂਪੜਿਆਂ ਵਿਚ ਰਹਿਣ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਕਰਨਾ ਚਾਹੀਦਾ ਸੀ। ਪੁਲਿਸ ਨੇ ਕਰਫਿਊ ਨੂੰ ਮਕਾਨਕੀ ਢੰਗ ਨਾਲ ਲਾਗੂ ਕੀਤਾ । ਆਮ ਕਰਕੇ ਬੇਦਰਦੀ ਤੋਂ ਕੰਮ ਲਿਆ ਗਿਆ। ਵਿਸ਼ੇਸ਼ ਕਰਕੇ ਪਰਵਾਸੀ ਮਜ਼ਦੂਰਾਂ ਦੇ ਸਬੰਧ ਵਿਚ। ਅਜਿਹੀਆਂ ਉਦਾਹਰਣਾਂ ਵੀ ਹਨ ਜਦੋਂ ਪਰਵਾਸੀ ਮਜ਼ਦੂਰਾਂ ਨੂੰ ਖਾਣਾ ਖੁਆਕੇ ਡੰਡੇ ਦੇ ਜ਼ੋਰ ਉੱਥੋਂ ਭਜਾ ਦਿੱਤਾ ਗਿਆ।
ਇਸ ਤੋਂ ਇਲਾਵਾ ਘਰਾਂ ਨੂੰ ਜਾਣ ਵਾਲਿਆਂ ਲਈ ਯੋਗ ਇੰਤਜ਼ਾਮ ਦੀ ਅਣਹੋਂਦ ਕਾਰਨ ਸਮਾਜਿਕ ਦੂਰੀ (ਸਰੀਰਕ ਦੂਰੀ) ਬਣਾਕੇ ਰੱਖਣ ਦੇ ਸੰਕਲਪ ਦਾ ਪਰਦਾ ਹੀ ਚੁੱਕ ਹੋ ਗਿਆ। ਆਪਣੇ-ਆਪਣੇ ਘਰਾਂ ਨੂੰ ਜਾਣ ਵਾਲੇ ਮਜ਼ਦੂਰ ਰੇਲਵੇ ਸਟੇਸ਼ਨਾਂ ’ਤੇ, ਬੱਸ ਅੱਡਿਆਂ ’ਤੇ, ਰਾਹਾਂ ਵਿਚ ਇਕ ਦੂਜੇ ਨਾਲ ਖਹਿ ਕੇ ਹੀ ਚੱਲ ਸਕਦੇ ਸਨ। ਇਸ ਨੂੰ ਲੋਕਾਂ ਦੀ ਕਾਹਲ4 ਜਾਂ ਭੜਕਾਹਟ ਦੇ ਸਿਰ ਲਾਕੇ ਹੀ ਸਰਕਾਰਾਂ ਫਰਜ਼ ਮੁਕਤ ਨਹੀਂ ਹੋ ਜਾਂਦੀਆਂ । ਅਸੀਂ ਟਰਾਲਿਆਂ, ਟਰੱਕਾਂ ਅਤੇ ਟਿੱਪਰਾਂ ਵਿਚ ਤੂੜੇ ਹੋਏ ਮਜ਼ਦੂਰਾਂ ਨੂੰ ਦੇਖਿਆ। ਪਰ ਸਰਕਾਰੀ ਇੰਤਜ਼ਾਮ ਕਰਨ ਸਮੇਂ ਸਮਾਜਿਕ ਦੂਰੀ ਦੀਆਂ ਸ਼ਰਤਾਂ ਤੇ ਪਹਿਰਾ ਦਿੱਤਾ ਗਿਆ। ਇਸ ਨੇ ਮਜ਼ਦੂਰਾਂ ਨੂੰ ਗਹਿਰਾ ਅਹਿਸਾਸ ਕਰਾ ਦਿੱਤਾ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਉਨ੍ਹਾਂ ਨਾਲ ਸੱਚਮੁੱਚ ਹੀ ਬੇਗਾਨੇ ਬੰਦਿਆਂ ਵਾਲਾ ਵਰਤਾਓ ਕਰ ਰਹੇ ਹਨ। ਜਿਵੇਂ ਕਿ ਉਹ ਬੇਲੋੜੇ ਹੋ ਗਏ ਹੋਣ।
ਰਹੀ ਗੱਲ ਉਨ੍ਹਾਂ ਕਾਮਿਆਂ ਉੱਪਰ ਹੋਏ ਜ਼ੁਲਮ ਦੀ। ਉਨ੍ਹਾਂ ਦੀ ਦਸ਼ਾ ਦੇਖਕੇ ਹਰ ਕੋਈ ਭਾਵਕ ਹੋਇਆ ਪਿਆ ਹੈ, ਸਰਕਾਰਾਂ ਨੂੰ ਛੱਡ ਕੇ। ਹਰ ਸੰਵੇਦਨਸ਼ੀਲ ਲੇਖਕ, ਵਿਦਵਾਨ, ਇਥੋਂ ਤੱਕ ਕਿ ਨੇਤਾ ਨੇ ਅਥਰੂ ਚੋਏ ਹਨ। ਇਹ ਨਾਂਅ ਸੈਂਕੜੇ ਹੀ ਨਹੀਂ ਹਜ਼ਾਰਾਂ ਕਿਲੋਮੀਟਰ ਦਾ ਸਫਰ ਪੈਦਲ ਚੱਲ ਪਏ। ਨੰਗੇ ਪੈਰ, ਭੁੱਖੇ-ਪਿਆਸੇ, ਸਿਰਾਂ ਤੇ ਗਠੜੀਆਂ, ਕੁੱਛੜ ਬੱਚੇ, ਮੋਢਿਆਂ ਤੇ ਬੁੱਢੜੀਆਂ ਮਾਵਾਂ ਤੇ ਬਿਮਾਰ ਬਾਪੂ। ਕੁਝ ਅੱਧ ਵਿਚਾਲੇ, ਕੁਝ ਘਰਾਂ ਦੇ ਐਂਨ ਨੇੜੇ ਪਹੁੰਚਕੇ ਮੂੰਹਾਂ ਭਾਰ ਡਿੱਗੇ ਅਤੇ ਮੌਤ ਨੂੰ ਪਿਆਰੇ ਹੋ ਗਏ । ਕਈਆਂ ਨੂੰ ਰੇਲ ਫੀਤਾ-ਫੀਤਾ ਕਰ ਗਈ ਅਤੇ ਕਈ ਟਰੱਕ ਦੁਰਘਟਨਾਵਾਂ ਨੇ ਖਾ ਲਏ। ਜੋ ਰੇਲਾਂ ਦੇ ਉੱਪਰ ਚੜ੍ਹਨ ਵਿਚ ਸਫਲ ਹੋ ਵੀ ਗਏ ਤਾਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਦੂਰ-ਦੂਰ ਦੇ ਰਸਤਿਓਂ ਘੁੰਮਾ ਕੇ ਅਤੇ ਕਈ-ਕਈ ਗੁਣਾ ਵੱਧ ਸਮਾਂ ਲਗਾ ਕੇ ਲਿਜਾਇਆ ਗਿਆ। ਇਕ ਮਰੀ ਪਈ ਮਾਂ ਦੇ ਸਿਰਹਾਣੇ ਦੋ ਨੰਨੇ ਬਾਲ ਉਸਦੇ ਸਿਰ ਉੱਪਰ ਪਾਣੀ ਪਾਉਂਦੇ ਦੇਖੇ ਗਏ ਕਿ ਸ਼ਾਇਦ ਬੇਹੋਸ਼ ਪਈ ਹੈ। ਮਜ਼ਦੂਰਾਂ ਦਾ ਆਪਣੇ ਹੀ ਘਰਾਂ ਨੂੰ ਜਾਣਾ ਵੀ ਰਾਜਨੀਤੀ ਦਾ ਸ਼ਿਕਾਰ ਹੋਇਆ। ਵਿਰੋਧੀ ਧਿਰ ਦੀਆਂ ਬੱਸਾਂ ਦੇਖੀਆਂ ਗਈਆਂ ਉਨ੍ਹਾਂ ਵਿਚ ਬੈਠਣ ਲਈ ਵਿਲਕਦੇ ਮਜ਼ਦੂਰ, ਬੱਚੇ ਤੇ ਬੁੱਢੇ ਨਹੀਂ ਦੇਖੇ ਗਏ । ਇਕ ਰਾਜ ਤੋਂ ਦੂਜੇ ਰਾਜ ਵਿਚ ਪ੍ਰਵੇਸ਼ ਸਮੇਂ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਗਈਆਂ।
ਸੰਕਟ ਦੀ ਇਸ ਘੜੀ ਬੇਹੱਦ ਪ੍ਰਸੰਸਾਯੋਗ ਕੰਮ ਸਮਾਜ ਸੇਵੀ ਸੰਸਥਾਵਾਂ, ਖੱਬੇ ਪੱਖੀ ਰਾਜਨੀਤਕ ਦਲਾਂ, ਜਨਤਕ ਜਥੇਬੰਦੀਆਂ  ਅਤੇ ਸਿਹਤ ਕਾਮਿਆਂ ਨੇ ਕੀਤਾ। ਉਹਨਾਂ ਨੇ ਕਰੋਨਾ ਵਾਇਰਸ ਦੇ ਡਰ ਨੂੰ ਛਿੱਕੇ ਟੰਗ ਕੇ ਭੁੱਖਿਆਂ, ਪਿਆਸਿਆਂ ਅਤੇ ਰੋਗੀਆਂ ਦੀ ਅਣਥੱਕ ਸੇਵਾ ਕੀਤੀ। ਜਿਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਕਰੋਨਾ ਨਾਲ ਲੜਨ ਲਈ ਲੋਕ ਆਪਣੇ-ਆਪ ਕਿਤੇ ਚੰਗਾ ਇੰਤਜ਼ਾਮ ਕਰਨ ਦੇ ਸਮੱਰਥ ਹਨ।
ਕੋਵਿਡ-19 ਨੇ ਭਵਿੱਖ ਵਾਸਤੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ ਜਿਨ੍ਹਾਂ ਦਾ ਅਧਿਐਨ ਬਾਰੀਕੀ ਨਾਲ ਕਰਨ ਦੀ ਜ਼ਰੂਰਤ ਹੈ। ਵਿਸ਼ਵ ਭਰ ਦੇ ਦੇਸ਼ਾਂ ਦਰਮਿਆਨ ਹੀ ਨਹੀਂ ਸਗੋਂ ਦੇਸ਼ ਦੇ ਅੰਦਰ ਪ੍ਰਾਂਤਾਂ ਦਰਮਿਆਨ ਵੀ ਸਬੰਧ ਪ੍ਰਭਾਵਤ ਹੋ ਗਏ ਹਨ। ਹਰ ਪ੍ਰਾਂਤ ਪ੍ਰਦੇਸ਼ਕ ਨਜ਼ਰੀਏ ਤੋਂ ਦੇਖਣ ਲੱਗਾ ਹੈ। ਇਸ ਨਾਲ ਵੱਖਰੇ ਕਿਸਮ ਦੀ ਭਾਵਨਾ ਪਣਪ ਰਹੀ ਹੈ। ਹਾਲ ਦੀ ਘੜੀ ਕਿਸੇ ਇਕ ਪ੍ਰਾਂਤ ਨੂੰ ਦੂਜਿਆਂ ਨਾਲੋਂ ਅਲੱਗ ਕੀਤੇ ਬਿਨਾਂ ਹੀ ਬਦਲਦੀ ਹੋਈ ਭਾਵਨਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਫਿਰ ਵੀ ਦੇਸ਼ ਦੇ ਸਭ ਤੋਂ ਵੱਡੇ ਪ੍ਰਾਂਤ (ਯੂ.ਪੀ.) ਦੀ ਸਰਕਾਰ ਦੀਆਂ ਨੀਤੀਆਂ ਅਤੇ ਬਿਆਨਾਂ ਨੂੰ ਉਚੇਚ ਨਾਲ ਦੇਖਣ ਦੀ ਲੋੜ ਹੈ। ਦੇਸ਼ ਦੇ ਨਾਗਰਿਕਾਂ ਨਾਲ ਪ੍ਰਵਾਸੀ ਸ਼ਬਦ ਤਾਂ ਦੇਰ ਤੋਂ ਜੁੜਿਆਂ ਹੋਇਆ ਸੀ ਪਰ ਹੁਣ ਇਸ ਦੇ ਅਰਥ ਵੀ ਪ੍ਰਵਾਸ ਵਾਲੇ ਹੁੰਦੇ ਜਾਪਦੇ ਹਨ। ਇਸ ਤਰਾਂ ਦੇ ਬਿਆਨ ਵੀ ਆ ਰਹੇ ਹਨ ਜਿਵੇਂ ਮਜ਼ਦੂਰਾਂ ਦਾ ਦੂਜੇ ਪ੍ਰਾਂਤਾਂ ਵਿਚ ਜਾਣਾ ਸਰਕਾਰਾਂ ਦੀ ਦੇਖ-ਰੇਖ ਹੇਠ ਹੋਇਆ ਕਰੇਗਾ। ਇਸ ਨਾਲ ਦੇਸ਼ ਦੀ ਸਮੁੱਚੀ ਰਾਜਨੀਤੀ ਪ੍ਰਭਾਵਤ ਹੋਣ ਦੇ ਆਸਾਰ ਹਨ। ਰਾਜਾਂ ਦਰਮਿਆਨ ਅਤੇ ਰਾਜਾਂ ਦੇ ਕੇਂਦਰ ਨਾਲ ਸਬੰਧਾਂ ਤੇ ਵਿਚਾਰ ਚਰਚਾ ਵੀ ਭਖਣ ਦੀ ਉਮੀਦ ਹੈ।

Scroll To Top