ਮੰਗਤ ਰਾਮ ਪਾਸਲਾ
ਕੁੱਝ ਕੁ ਦਿਨਾਂ ਦੀ ਆਪਣੀ ਹਾਲੀਆ ਕੈਨੇਡਾ ਫੇਰੀ ਦੌਰਾਨ ਮੈਨੂੰ ਉਥੇ ਵੱਸਦੇ ਪੰਜਾਬੀ ਭੈਣਾਂ ਤੇ ਭਰਾਵਾਂ ਨਾਲ ਆਪਸੀ ਵਿਚਾਰ ਵਟਾਂਦਰੇ ਰਾਹੀਂ ਇਕ ਨਵੀਂ ਕਿਸਮ ਦਾ ਅਨੁਭਵ ਮਹਿਸੂਸ ਹੋਇਆ। ਪਹਿਲਾਂ ਵੀ ਜਨਤਕ ਮੀਟਿੰਗਾਂ ਵਿਚ ਮੈਨੂੰ ਭਾਰਤ, ਤੇ ਖਾਸਕਰ ਪੰਜਾਬ ਦੀਆਂ ਆਰਥਿਕ, ਰਾਜਨੀਤਕ ਤੇ ਸਮਾਜਿਕ ਪ੍ਰਸਥਿਤੀਆਂ ਬਾਰੇ ਵਿਚਾਰ ਰੱਖਣ ਦਾ ਅਵਸਰ ਮਿਲਦਾ ਰਿਹਾ ਹੈ। ਸਰੋਤਿਆਂ ਵਲੋਂ ਪੁਛੇ ਜਾਂਦੇ ਸਵਾਲਾਂ ਦੇ ਉਤਰ ਆਪਣੀ ਰਾਜਸੀ ਸਮਝਦਾਰੀ ਅਨੁਸਾਰ ਦੇਣ ਦਾ ਕੁੱਝ ਕੁ ਤਜਰਬਾ ਵੀ ਮੈਨੂੰ ਹਾਸਲ ਹੈ। ਕੈਨੇਡਾ ’ਚ ਰੇਡੀਓ ਰਾਹੀਂ ਖਬਰਾਂ, ਬਹਿਸਾਂ ਤੇ ਹੋਰ ਅਨੇਕਾਂ ਪ੍ਰੋਗਰਾਮ ਸੁਣਨ ਲਈ ਪੰਜਾਬੀ ਭਾਈਚਾਰਾ ਹਮੇਸ਼ਾ ਉਤਸੁਕ ਰਹਿੰਦਾ ਹੈ। ਜ਼ਿਆਦਾ ਲੋਕ ਟਰਾਂਸਪੋਰਟ ਦੇ ਕਾਰੋਬਾਰ ’ਚ ਲੱਗੇ ਹੋਣ ਕਾਰਨ ਰੇਡੀਓ ਸੁਣਨਾ ਪਸੰਦ ਕਰਦੇ ਹਨ ਕਿਉਂਕਿ ਇਹ ਉਨ੍ਹਾਂ ਲਈ ਮਨੋਰੰਜਨ ਦਾ ਖੂਬਸੂਰਤ ਤੇ ਸਸਤਾ ਸਾਧਨ ਹੈ। ਰੇਡੀਓ ਰਾਹੀਂ ਵਿਚਾਰ ਪ੍ਰਗਟਾਉਂਦੇ ਸਮੇਂ ਬਹੁਤ ਸਾਰੇ ਮਿੱਤਰਾਂ ਨੇ ਟੈਲੀਫੋਨ ਰਾਹੀਂ ਮੈਨੂੰ ਕਈ ਤਿੱਖੇ ਸਵਾਲ ਵੀ ਕੀਤੇ, ਜਿਨ੍ਹਾਂ ਦਾ ਮੈਂ ਠਰੰ੍ਹਮੇ ਨਾਲ ਜੁਆਬ ਦੇਣ ਦਾ ਯਤਨ ਕੀਤਾ। ਮੈਨੂੰ ਮਹਿਸੂਸ ਹੋਇਆ ਕਿ ਸਵਾਲ ਕਰਤਾਵਾਂ ਦਾ ਵੱਡਾ ਹਿੱਸਾ ਮੇਰੇ ਵਲੋਂ ਦਿੱਤੇ ਜੁਆਬਾਂ ਤੋਂ ਇਕ ਹੱਦ ਤੱਕ ਜ਼ਰੂਰ ਸੰਤੁਸ਼ਟ ਹੋਇਆ ਹੋਵੇਗਾ। ਇਹ ਸਵਾਲ ਜ਼ਿਆਦਾਤਰ ਭਾਰਤ ਦੀ ਰਾਜਨੀਤਕ ਅਵਸਥਾ, ਮੋਦੀ ਸਰਕਾਰ ਦੁਆਰਾ ਅਪਣਾਈਆਂ ਜਾ ਰਹੀਆਂ ਸਮੁੱਚੀਆਂ ਨੀਤੀਆਂ, ਖਾਸਕਰ ਆਰ.ਐਸ.ਐਸ. ਨਾਲ ਜੁੜੇ ਵਿਚਾਰਧਾਰਕ ਮੁੱਦੇ ਤੇ ਪੰਜਾਬ ਦੀ ਵਿਗੜ ਰਹੀ ਆਰਥਿਕ ਤੇ ਸਮਾਜਿਕ ਅਵਸਥਾ ਨਾਲ ਜੁੜੇ ਹੋਏ ਹੁੰਦੇ ਸਨ। ਇਹ ਸਵਾਲ ਪੰਜਾਬ ਦੀ ਧਰਤੀ ਤੋਂ ਰੋਟੀ ਰੋਜ਼ੀ ਲਈ ਕੈਨੇਡਾ ਅੰਦਰ ਪ੍ਰਵਾਸ ਕਰਕੇ ਗਏ ਵਿਅਕਤੀਆਂ ਦੇ ਮਨਾਂ ਅੰਦਰ ਆਪਣੀ ਜਨਮ ਭੌਂਅ ਲਈ ਜੁੜੀਆਂ ਮੋਹ ਦੀਆਂ ਤੰਦਾਂ ਤੇ ਆਪਣੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਡੂੰਘੀ ਚਿੰਤਾ ’ਚੋਂ ਉਪਜਦੇ ਹਨ। ਇਹ ਪ੍ਰਸ਼ਨ ਹਜ਼ਾਰਾਂ ਕੋਹਾਂ ਦੂਰ ਬੈਠੇ ਵਿਅਕਤੀਆਂ ਦੇ ਮਨਾਂ ਅੰਦਰ ਆਪਣੀ ਮਾਤ ਭੂਮੀ ਪ੍ਰਤੀ ਡੂੰਘੀਆਂ ਸੰਵੇਦਨਾਵਾਂ ਤੇ ਸੰਜੀਦਾ ਫਿਕਰਮੰਦੀ ਦਾ ਵੀ ਪ੍ਰਤੀਕ ਸਨ।
ਕੈਨੇਡਾ ’ਚ ਵਸੇ ਪੰਜਾਬੀਆਂ ਦੀ ਚੋਖੀ ਗਿਣਤੀ ਉਹਨਾਂ ਵਿਅਕਤੀਆਂ ਦੀ ਹੈ, ਜੋ ਸੂਬੇ ਦੀ ਕਮਿਊਨਿਸਟ ਲਹਿਰ ਤੇ ਮੁਲਾਜ਼ਮ, ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਨਾਲ ਜੁੜੇ ਰਹੇ ਹਨ। ਵੱਖ-ਵੱਖ ਖੱਬੇ ਪੱਖੀ ਪਾਰਟੀਆਂ ਤੇ ਜਨ ਸੰਗਠਨਾਂ ਦੀ ਕਾਰਜਸ਼ੈਲੀ ਤੇ ਵਿਚਾਰਧਾਰਕ ਪੁਜੀਸ਼ਨਾਂ ਬਾਰੇ ਚੰਗੀ ਜਾਣਕਾਰੀ ਰੱਖਣ ਦੇ ਨਾਲ-ਨਾਲ ਇਹ ਮਿੱਤਰ ਕਮਿਊਨਿਸਟ ਲਹਿਰ ਦੇ ਵੱਖ-ਵੱਖ ਆਗੂਆਂ ਦੇ ਸੁਭਾਅ, ਕਿਰਦਾਰ ਤੇ ਜੀਵਨ ਸ਼ੈਲੀ ਤੋਂ ਵੀ ਖਾਸੇ ਵਾਕਫ਼ ਹਨ। ਉਹ ਦੇਸ਼ ਦੀ ਕਮਿਊਨਿਸਟ ਲਹਿਰ ਅੰਦਰ ਆਈ ਕਮਜ਼ੋਰੀ ਜਾਂ ਖੜੋਤ ਬਾਰੇ ਚਿੰਤਤ ਹਨ ਤੇ ਇਸਦੇ ਪ੍ਰਫੁੱਲਤ ਹੋਣ ਦੀ ਕਾਮਨਾ ਰੱਖਦੇ ਹਨ। ਭਾਵੇਂ ਖੱਬੀ ਲਹਿਰ ਦੀ ਮੌਜੂਦਾ ਸਥਿਤੀ ਬਾਰੇ ਉਨ੍ਹਾਂ ਦੀ ਜਾਣਕਾਰੀ ਕਈ ਵਾਰ ਇਕ ਪਾਸੜ ਤੇ ਅਧੂਰੀ ਜਾਪਦੀ ਹੈ, ਪ੍ਰੰਤੂ ਉਨ੍ਹਾਂ ਦੇ ਮਨਾਂ ਅੰਦਰ ਭਾਰਤ ਦੇ ਮਿਹਨਤੀ ਲੋਕਾਂ ਦੀ ਮੰਦਹਾਲੀ ਤੇ ਗੁਰਬਤ ਬਾਰੇ ਫਿਕਰਮੰਦੀ ਤੇ ਸਮਾਜਿਕ ਬਦਲਾਅ ਦੀ ਇਨਕਲਾਬੀ ਲਹਿਰ ਦੇ ਪਸਾਰੇ ਬਾਰੇ ਸੁਹਿਰਦ ਭਾਵਨਾਵਾਂ ਬਾਰੇ ਕਿਸੇ ਕਿਸਮ ਦੇ ਸ਼ੱਕ ਦੀ ਗੁੰਜਾਇਸ਼ ਨਹੀਂ ਹੋ ਸਕਦੀ। ਉਹ ਕਮਿਊਨਿਸਟ ਲਹਿਰ ਦੀ ਪੁਰਾਣੀ ਤੇ ਮੌਜੂਦਾ ਹਾਲਤ ਬਾਰੇ ਡੂੰਘਾਈ ਨਾਲ ਜਾਣਨ ਦੇ ਇਛੁੱਕ ਹਨ। ਉਹ ਕਮਿਊਨਿਸਟ ਲਹਿਰ ਦੀ ਵੰਡ ਦਰ ਵੰਡ ਬਾਰੇ ਵੀ ਚਿੰਤਤ ਹਨ ਤੇ ਇਸਦੇ ਕਾਰਨਾਂ ਨੂੰ ਜਾਨਣਾ ਚਾਹੁੰਦੇ ਹਨ। ਉਨ੍ਹਾਂ ਦੇ ਦਿਲਾਂ ਅੰਦਰ ਖੱਬੀ ਲਹਿਰ ਦੇ ਇਕਮੁੱਠ ਹੋਣ ਬਾਰੇ ਬਹੁਤ ਹੀ ਤੀਬਰਤਾ ਦਿਖਾਈ ਦਿੰਦੀ ਹੈ ਤੇ ਉਹ ਇਸਦੀ ਏਕਤਾ ਨੂੰ ਸਮਾਂਬੱਧ ਸੰਪੂਰਨ ਹੋਣ ਪ੍ਰਤੀ ਤਿੱਖੇ ਪ੍ਰਸ਼ਨ ਕਰਦੇ ਹਨ। ਇਸ ਵਿਸ਼ੇ ਬਾਰੇ ਨੋਟ ਕਰਨ ਵਾਲੀ ਵਿਸ਼ੇਸ਼ ਗੱਲ ਇਹ ਹੈ ਕਿ ਵਿਦੇਸ਼ਾਂ ’ਚ ਗਏ ਖੱਬੀ ਲਹਿਰ ਸੰਗ ਜੁੜੇ ਰਹੇ ਪੰਜਾਬੀ ਕਮਿਊਨਿਸਟ ਲਹਿਰ ਦੀਆਂ ਪਿਛਲੀਆਂ ਵੰਡਾਂ ਦੇ ਵਿਚਾਰਧਾਰਕ ਅਧਾਰ ਬਾਰੇ ਜ਼ਿਆਦਾ ਬਹਿਸਾਂ ਕਰਨ ਜਾਂ ਉਨ੍ਹਾਂ ਹੀ ਲੀਹਾਂ ਉਪਰ ਵੰਡੇ ਰਹਿਣ ਨਾਲੋਂ ਜ਼ਿਆਦਾ ਜ਼ੋਰ ਇਨਕਲਾਬੀ ਤਾਕਤਾਂ ਦੀ ਭਵਿੱਖੀ ਏਕਤਾ ਤੇ ਸਾਂਝੇ ਸੰਘਰਸ਼ਾਂ ’ਤੇ ਦੇਣ ਪ੍ਰਤੀ ਵਧੇਰੇ ਦਿਲਚਸਪੀ ਰੱਖਦੇ ਹਨ। ਸਭ ਤੋਂ ਜ਼ਿਆਦਾ ਉਹ ਦੇਸ਼ ਅੰਦਰ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀ ਏਜੰਡੇ ਤੇ ਸੰਘ ਦੀਆਂ ਫਿਰਕੂ ਨਫਰਤ ਪੈਦਾ ਕਰਨ ਵਾਲੀਆਂ ਨੀਤੀਆਂ ਬਾਰੇ ਵਧੇਰੇ ਜਾਣਕਾਰੀ ਲੋੜਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਦੌਰਾਨ ਪ੍ਰਯੋਜਤ ਭੀੜ ਵਲੋਂ ‘‘ਮੋਦੀ-ਮੋਦੀ’’ ਵਰਗੇ ਤੋਤਾ ਮਾਰਕਾ ਰਟਨ ਦੇ ਨਾਅਰਿਆਂ ਬਾਰੇ ਜਿੱਥੇ ਕਈ ਲੋਕਾਂ ਦੇ ਮਨਾਂ ਅੰਦਰ ਮੋਦੀ ਸਰਕਾਰ ਦੀ ਕਾਰਗੁਜਾਰੀ ਪ੍ਰਤੀ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਦੇ ਬਹੁਤ ਖੁਸ਼ ਹੋਣ ਦਾ ਭੁਲੇਖਾ ਪੈਂਦਾ ਹੈ, ਉਥੇ ਮੈਨੂੰ ਕੈਨੇਡਾ ’ਚ ਵਸੇ ਪੰਜਾਬੀ ਭੈਣਾਂ ਭਰਾਵਾਂ ਦੇ ਜ਼ਿਹਨ ’ਚ ਮੋਦੀ ਸਰਕਾਰ ਵਲੋਂ ਫਿਰਕਾਪ੍ਰਸਤੀ ਤੇ ਕਾਰਪੋਰੇਟ ਘਰਾਣਿਆਂ ਪ੍ਰਤੀ ਦਿਖਾਈ ਜਾ ਰਹੀ ਉਦਾਰਤਾ ਬਾਰੇ ਨਫਰਤ ਤੇ ਗੁੱਸਾ ਸਪਸ਼ਟ ਨਜ਼ਰ ਆਇਆ ਹੈ। ਇਹ ਰਾਜਨੀਤਕ ਸੂਝ ਉਨ੍ਹਾਂ ਨੂੰ ਆਜ਼ਾਦੀ ਸੰਗਰਾਮ ਦੌਰਾਨ ਸੰਘ ਵਲੋਂ ਸਾਮਰਾਜ ਨਾਲ ਨਿਭਾਈ ਗਈ ਯਾਰੀ ਤੇ ਦੇਸ਼ ਦੇ ਧਰਮ ਨਿਰਪੱਖ ਤੇ ਲੋਕ ਰਾਜੀ ਢਾਂਚੇ ਨੂੰ ਤਬਾਹ ਕਰਕੇ ਧਰਮ ਆਧਾਰਤ ‘ਹਿੰਦੂ ਰਾਸ਼ਟਰ’ ’ਚ ਤਬਦੀਲ ਕਰਨ ਦੀ ਫਾਸ਼ੀ ਸੋਚ ਤੇ ਸੰਘ ਦੇ ਇਸ਼ਾਰੇ ’ਤੇ ਮੋਦੀ ਸਰਕਾਰ ਦੀਆਂ ਮੌਜੂਦਾ ਨੀਤੀਆਂ ਦੇ ਪ੍ਰਤੀਕਰਮ ਵਜੋਂ ਉਪਜੀ ਦਿਸਦੀ ਹੈ। ਪ੍ਰਵਾਸ ਕਰ ਚੁੱਕੇ ਪੰਜਾਬੀ ਪਰਿਵਾਰਾਂ ਦਾ ਖੱਬੀ ਲਹਿਰ ਪ੍ਰਤੀ ਸਨੇਹ ਵੀ ਕਮਿਊਨਿਸਟਾਂ ਵਲੋਂ ਦੇਸ਼ ਦੀ ਆਜ਼ਾਦੀ ਤੇ ਆਜ਼ਾਦ ਭਾਰਤ ਅੰਦਰ ਮਜ਼ਦੂਰਾਂ-ਕਿਸਾਨਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਲੜੇ ਗਏ ਸ਼ਾਨਦਾਰ ਸੰਘਰਸ਼ਾਂ ਦੇ ਇਤਿਹਾਸ ਤੋਂ ਹਾਸਲ ਕੀਤਾ ਜਾਪਦਾ ਹੈ।
ਵੈਨਕੂਵਰ, ਐਡਮੈਨਟਨ ਤੇ ਟਰਾਂਟੋ ’ਚ ਹੋਈਆਂ ਭਰਵੀਆਂ ਜਨਤਕ ਮੀਟਿੰਗਾਂ ਅੰਦਰ ਜਦੋਂ ਮੈਂ ਦੇਸ਼ ਤੇ ਪੰਜਾਬ ਦੀਆਂ ਮੌਜੂਦਾ ਸਥਿਤੀਆਂ ਦਾ ਜ਼ਿਕਰ ਕੀਤਾ ਤੇ ਖੱਬੀ, ਜਮਹੂਰੀ ਤੇ ਧਰਮ ਨਿਰਪੱਖ ਸੋਚ ਪ੍ਰਤੀ ਸਨੇਹ ਰੱਖਣ ਵਾਲੇ ਸਾਰੇ ਸਰੋਤਿਆਂ ਨੇ ਮੇਰੇ ਵਿਚਾਰਾਂ ਨੂੰ ਪੂਰੇ ਧਿਆਨ ਤੇ ਗੰਭੀਰਤਾ ਨਾਲ ਸੁਣਿਆ, ਉਸ ਤੋਂ ਮੈਨੂੰ ਜਾਪਿਆ ਕਿ ਦੂਰ ਪ੍ਰਦੇਸਾਂ ’ਚ ਬੈਠੇ ਇਨ੍ਹਾਂ ਲੋਕਾਂ ਦੇ ਮਨਾਂ ਅੰਦਰ ਆਪਣੀ ਧਰਤੀ ਦੇ ਲੋਕਾਂ ਦੀ ਚੰਗੇਰੀ ਜ਼ਿੰਦਗੀ ਦੇਖਣ ਵਾਸਤੇ ਭਾਰੀ ਉਤਸੁਕਤਾ ਤੇ ਸੱਚੀ ਭਾਵਨਾ ਹੈ। ਬਿਨਾ ਕਿਸੇ ਲੱਗ ਲਗਾਅ ਦੇ ਮੈਂ ਆਰ.ਐਮ.ਪੀ.ਆਈ. ਦੀ ਸਮਝਦਾਰੀ ਮੁਤਾਬਕ ਕਮਿਊਨਿਸਟ ਲਹਿਰ ਦੀਆਂ ਪ੍ਰਾਪਤੀਆਂ ਤੇ ਕਮਜ਼ੋਰੀਆਂ ਨੂੰ ਸਵੀਕਾਰ ਕਰਦਿਆਂ ਇਨ੍ਹਾਂ ’ਤੇ ਕਾਬੂ ਪਾਉਣ ਲਈ ਸਾਂਝੇ ਸੁਹਿਰਦ ਯਤਨਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਤੇ ਕਿਸੇ ਵੀ ਇਕ ਖੱਬੀ ਧਿਰ ਵਲੋਂ ਭਾਰਤੀ ਹਾਲਤਾਂ ਦੀ ਪੂਰਨ ਰੂਪ ’ਚ ਠੋਸ ਜਾਣਕਾਰੀ ਹੋਣ ਤੇ ਇਨਕਲਾਬੀ ਤਬਦੀਲੀ ਲਈ ਅਪਣਾਈ ਗਈ ਯੁਧਨੀਤੀ ਤੇ ਦਾਅ ਪੇਚਾਂ ਦੇ ਸਹੀ ਹੋਣ ਦਾ ਦਾਅਵਾ ਕਰਨ ਨੂੰ ਗੈਰ ਵਾਜਬ ਦੱਸਿਆ, ਤਦ ਹਾਜ਼ਰ ਸਾਰੇ ਵੰਨਗੀਆਂ ਦੇ ਖੱਬੀ ਪੱਖੀ ਮਿੱਤਰਾਂ ਨੇ ਇਸਦੀ ਸ਼ਲਾਘਾ ਕੀਤੀ। ਆਰ.ਐਮ.ਪੀ.ਆਈ. ਦੀ ਸਮਝ ਅਨੁਸਾਰ ਮੈਂ ਕਮਿਊਨਿਸਟ ਲਹਿਰ ਵਲੋਂ ਸਮਾਜਕ ਉਤਪੀੜਨ ਦੇ ਮੁੱਦੇ ਭਾਵ ਜਾਤਪਾਤ ਦੇ ਆਧਾਰ ’ਤੇ ਦਲਿਤਾਂ ਤੇ ਦੂਸਰੀਆਂ ਕਥਿਤ ਪੱਛੜੀਆਂ ਜਾਤੀਆਂ ਦੇ ਲੋਕਾਂ ਉਪਰ ਸਦੀਆਂ ਤੋਂ ਜਾਰੀ ਅਸਹਿ ਜਬਰ ਨੂੰ ਪੂਰੀ ਗੰਭੀਰਤਾ ਨਾਲ ਨਾ ਲੈਣ, ਆਪਣੇ ਇਤਿਹਾਸ ਦੀਆਂ ਗੌਰਵਮਈ ਤੇ ਮਾਨਵਵਾਦੀ ਪ੍ਰੰਪਰਾਵਾਂ ਤੇ ਹੱਕ ਸੱਚ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨਾਇਕਾਂ ਦੀਆਂ ਮਾਣ ਮੱਤੀਆਂ ਕੁਰਬਾਨੀਆਂ ਨੂੰ ਨਜ਼ਰ ਅੰਦਾਜ਼ ਕਰਕੇ, ਮਾਰਕਸਵਾਦੀ-ਲੈਨਿਨਵਾਦੀ ਇਨਕਲਾਬੀ ਫਲਸਫੇ ਨੂੰ ਮਕਾਨਕੀ ਢੰਗ ਨਾਲ ਲਾਗੂ ਕਰਨ ਦਾ ਯਤਨ ਕਰਨਾ, ਜਗੀਰੂ ਸੋਚ ਦਾ ਸ਼ਿਕਾਰ ਹੋ ਕੇ ਔਰਤਾਂ ਦੀ ਬਰਾਬਰਤਾ ਤੇ ਸਨਮਾਨ ਦੇ ਘੋਲਾਂ ਪ੍ਰਤੀ ਬਣਦਾ ਧਿਆਨ ਨਾ ਦੇਣਾ ਤੇ ‘ਸਵੈ ਨੁਕਤਾਚੀਨੀ’ ਨੂੰ ਕਮਿਊਨਿਸਟ ਭਾਵਨਾ ਅਧੀਨ ਪਿਛਲੀਆਂ ਭੁੱਲਾਂ ਤੇ ਉਂਗਲ ਧਰਕੇ ਭਵਿੱਖੀ ਰਣਨੀਤੀ ਤੈਅ ਕਰਨ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਸਰੋਤਿਆਂ ਦੇ ਹੁੰਗਾਰੇ ਤੋਂ ਜਾਪਦਾ ਸੀ ਕਿ ਉਹ ਮੇਰੀ ਸਪੱਸ਼ਟ ਤੇ ਸਵੈ-ਪੜਚੋਲਵੀਂ ਸਮਝਦਾਰੀ ਪ੍ਰਤੀ ਹਾਂ ਪੱਖੀ ਨਜ਼ਰੀਆ ਰੱਖ ਰਹੇ ਹਨ। ਸਭ ਤੋਂ ਵੱਧ ਤਸੱਲੀ ਇਸ ਗੱਲ ਦੀ ਸੀ ਕਿ ਮੋਦੀ ਸਰਕਾਰ ਦੇ ਫਾਸ਼ੀ ਹਮਲਿਆਂ ਦਾ ਟਾਕਰਾ ਕਰਨ ਲਈ ਦੇਸ਼, ਤੇ ਖਾਸਕਰ ਪੰਜਾਬ ਅੰਦਰ ਖੱਬੇ ਪੱਖੀ ਧਿਰਾਂ ਦੇ ਸਾਂਝੇ ਯਤਨਾਂ ਦੀ ਸਭ ਨੇ ਸ਼ਲਾਘਾ ਕੀਤੀ। ਜਿਹੜੀਆਂ ਵੀ ਖੱਬੇ ਪੱਖੀ ਧਿਰਾਂ ਤੇ ਜਨਤਕ ਜਥੇਬੰਦੀਆਂ ਇਸ ਸਾਂਝ ਤੋਂ ਅਜੇ ਲਾਂਭੇ ਹਨ, ਉਨ੍ਹਾਂ ਨੂੰ ਇਕਮੁੱਠ ਹੋ ਕੇ ਸੰਘਰਸ਼ ਕਰ ਰਹੀਆਂ ਧਿਰਾਂ ਦਾ ਸਾਥ ਦੇਣ ਦੀ ਕੀਤੀ ਗਈ ਅਪੀਲ ਦਾ ਵੀ ਸਭ ਨੇ ਸਵਾਗਤ ਕੀਤਾ।
ਇਸ ਵਿਚ ਕੋਈ ਦੂਸਰੀ ਰਾਇ ਨਹੀਂ ਹੋ ਸਕਦੀ ਕਿ ਭਾਰਤ ਦੀਆਂ ਲੁਟੇਰੀਆਂ ਜਮਾਤਾਂ ਦੇ ਪੂੰਜੀਵਾਦੀ ਢਾਂਚੇ ਤੇ ਖਾਸਕਰ ਮੋਦੀ ਸਰਕਾਰ ਦੀਆਂ ਫਿਰਕੂ ਫਾਸ਼ੀਵਾਦੀ ਨੀਤੀਆਂ ਵਿਰੁੱਧ ਲਹੂ ਵੀਟਵਂੇ ਘੋਲ ਏਥੋਂ ਦੇ ਕਰੋੜਾਂ ਮਜ਼ਦੂਰਾਂ, ਕਿਸਾਨਾਂ, ਨੌੌਜਵਾਨਾਂ, ਧਾਰਮਿਕ ਘੱਟ ਗਿਣਤੀਆਂ ਨਾਲ ਸੰਬੰਧਤ ਲੋਕਾਂ ਤੇ ਅਗਾਂਹਵਧੂ ਬੁੱਧੀਜੀਵੀਆਂ ਨੇ ਦੇਸ਼ ਦੀ ਧਰਤੀ ’ਤੇ ਆਪ ਵਿੱਢਣੇ ਹਨ, ਪ੍ਰੰਤੂ ਪ੍ਰਦੇਸ਼ਾਂ ਅੰਦਰ ਘੁੱਗ ਵੱਸਦੇ ਮਿਹਨਤਕਸ਼ ਪੰਜਾਬੀਆਂ ਦਾ ਸੰਘਰਸ਼ਸ਼ੀਲ ਰਾਜਨੀਤਕ ਸ਼ਕਤੀਆਂ ਸੰਗ ਖੜ੍ਹਨਾ ਤੇ ਹਮਦਰਦੀ ਭਰੀਆਂ ਸੁਹਿਰਦ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਦੇਸ਼ ਦੇ ਸੰਘਰਸ਼ਸ਼ੀਲ ਲੋਕਾਂ ਨੂੰ ਨਵੀਂ ਊਰਜਾ ਪ੍ਰਦਾਨ ਕਰਦਾ ਹੈ। ਆਰ.ਐਮ.ਪੀ.ਆਈ. ਇਨ੍ਹਾਂ ਭਾਵਨਾਵਾਂ ਦੀ ਬਹੁਤ ਕਦਰ ਕਰਦੀ ਹੈ ਤੇ ਵਿਦੇਸ਼ਾਂ ’ਚ ਬੈਠੇ ਸਨੇਹੀਆਂ ਦੀ ਦਿਲੋਂ ਰਿਣੀ ਹੈ।
ਕੈਨੇਡਾ ਫੇਰੀ ਅਤੇ ਉਸਦੇ ਪ੍ਰਭਾਵ