ਮਹੀਪਾਲ
ਪਿਛਲੇ ਦਿਨੀਂ, (ਇਕ ਤੋਂ 10 ਜੂਨ ਤੱਕ) ਪੰਜਾਬ ਦੇ ਲੋਕਾਂ ਨੂੰ ਇਕ ਬੜੇ ਹੀ ਕੁੱਢਰ ਅਤੇ ਨਿਰਦਈ ਕਿਸਮ ਦੇ ਅਖੌਤੀ ਕਿਸਾਨ ਅੰਦੋਲਨ ਦੇ ਜਬਰੀ ‘ਦਰਸ਼ਨ ਦੀਦਾਰ’ ਹੋਏ।
ਸਾਡੀ ਜਾਚੇ, ਇਹ ਕਿਸਾਨ ਅੰਦੋਲਨ ਅਸਲ ‘ਚ ਕਿਸਾਨ ਸੰਘਰਸ਼ ਨਾ ਹੋ ਕੇ, ਕਿਸਾਨ ਸੰਗਰਾਮਾਂ ਨੂੰ ਆਮ ਸ਼ਹਿਰੀਆਂ ਦੇ ਮਨਾਂ ‘ਚ ਬੱਦੂ ਕਰਨ ਅਤੇ ਕਿਸਾਨੀ ਵਸੋਂ ਨੂੰ ਸਮੁੱਚੇ ਕਿਰਤੀ ਵਰਗ ਨਾਲੋਂ ਨਿਖੇੜਣ ਦਾ ਹਾਕਮ ਜਮਾਤੀ ਸਾਜਿਸ਼ੀ ਪੈਂਤੜਾ ਸੀ।
ਇਸ ਨਾਮ-ਨਿਹਾਦ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਆਪੂੰ ਸਜੇ ਕਿਸਾਨ ਆਗੂਆਂ ਬਾਬਤ ਪੰਜਾਬ ਦਾ ਬੱਚਾ-ਬੱਚਾ ਇਸ ਤੱਥ ਤੋਂ ਭਲੀਭਾਂਤ ਜਾਣੂੰ ਹੈ ਕਿ ਇਹ ‘ਭੱਦਰ ਪੁਰਸ਼’ ਹਾਕਮ ਜਮਾਤਾਂ ਦੀਆਂ ਵਖੋ-ਵੱਖ ਰਾਜਸੀ ਪਾਰਟੀਆਂ ਦੇ ਹੱਥਠੋਕੇ ਹਨ ਅਤੇ ਸਮੇਂ-ਸਮੇਂ ‘ਤੇ ਕਿਸਾਨ ਯਕਯਹਿਤੀ ਤੇ ਸੰਗਰਾਮਾਂ ਦੀ ਪਿੱਠ ‘ਚ ਛੁਰਾ ਮਾਰ ਕੇ ਵਖ਼ਤ ਦੀਆਂ ਸਰਕਾਰਾਂ ਤੋਂ ਅਨੇਕਾਂ ਲਾਭ ਲੈਂਦੇ ਰਹੇ ਹਨ, ਇਹ ਸਾਰੇ ਅਖੌਤੀ ਕਿਸਾਨ ਆਗੂ, ਬਿਨਾ ਕਿਸੇ ਮਤਭੇਦ ਦੇ, ਭਾਰਤ ਵਰਗੇ ਨਵੇਂ ਆਜ਼ਾਦ ਹੋਏ ਮੁਲਕਾਂ ਦੀ ਕਿਸਾਨੀ ਅਤੇ ਖੇਤੀ ਨੂੰ ਤਬਾਹ ਕਰਨ ਵਾਲੀਆਂ ਨਵਉਦਾਰਵਾਦੀ ਨੀਤੀਆਂ ਲਾਗੂ ਕਰਨ ਵਾਲੀਆਂ ਰੰਗ ਬਿਰੰਗੀਆਂ ਸਰਕਾਰਾਂ ਦੀ ਹਾਂ ‘ਚ ਹਾਂ ਮਿਲਾਉਣ ਦੇ ਬੁਲੰਦ ”ਕੀਰਤੀਮਾਨ” ਸਥਾਪਤ ਕਰ ਚੁੱਕੇ ਹਨ।
ਵੈਸੇ ਤਾਂ ਪੰਜਾਬ ਦੇ ਲੋਕੀਂ, ਇਨ੍ਹਾਂ ਨੂੰ ਨਾ ਹੀ ਕਿਸਾਨ ਆਗੂ ਤਸਲੀਮ ਕਰਦੇ ਹਨ ਅਤੇ ਨਾ ਹੀ ਗੰਭੀਰਤਾ ਨਾਲ ਲੈਂਦੇ ਹਨ। ਪਰ ਅੰਦੋਲਨ ਦੇ ਨਾਂਅ ‘ਤੇ ਇਸ ਵਾਰ ਇਨ੍ਹਾਂ ਦੇ ਉਕਸਾਵੇ ‘ਤੇ ਇਨ੍ਹਾਂ ਦੇ ਮੁੱਠੀ ਭਰ ਪਿਛਲੱਗਾਂ ਵਲੋਂ ਕੀਤੀ ਗੁੰਡਾਗਰਦੀ ਨੇ ਲੋਕਾਂ ਦੇ ਸਬਰ ਦੇ ਪਿਆਲੇ ਛਲਕਾ ਦਿੱਤੇ ਅਤੇ ਹਰ ਸਾਵੀਂ ਸੋਚਣੀ ਵਾਲੇ ਨੇ ਇਸ ਖਰੂਦੀ ਟੋਲੇ ਦੀ ਵੱਖੋ-ਵੱਖ ਮੰਚਾਂ ਤੋਂ ਵੱਖੋ ਵੱਖ ਢੰਗਾਂ ਨਾਲ ਖਾਸੀ ਲਾਹ-ਪਾਹ ਕੀਤੀ, ਜਿਸ ਦੇ ਇਹ ਲੱਕੜਸਿਰੇ ਪੂਰੇ-ਪੂਰੇ ਹੱਕਦਾਰ ਵੀ ਸਨ। ਇਨ੍ਹਾਂ ਦੀਆਂ ਕਰਤੂਤਾਂ ਦੇ ਵਿਰੋਧ ਦਾ ਸੇਕ ਕੁਝ ਹੱਦ ਤੱਕ ਸੰਗਰਾਮੀ ਕਿਸਾਨ ਧਿਰਾਂ ਨੂੰ ਵੀ ਝੱਲਣਾ ਪਿਆ, ਪਰ ਉਨ੍ਹਾਂ ਨੇ ਵੇਲੇ ਸਿਰ ਸਿਆਣਪ ਤੋਂ ਕੰਮ ਲੈਂਦਿਆਂ ਆਪਣੇ-ਆਪ ਨੂੰ ਇਨ੍ਹਾਂ ਅਖੌਤੀ ‘ਸੰਗਰਾਮੀਆਂ’ ਨਾਲੋਂ ਨਿਖੇੜ ਲਿਆ।
ਸਾਨੂੰ ਇਸ ਗੱਲ ਦਾ ਡਾਢਾ ਅਫਸੋਸ ਹੈ ਕਿ ਸਾਨੂੰ ਇਨ੍ਹਾਂ ਰਾਜਸੱਤਾ ਦੇ ਪਿੱਠੂਆਂ ਖਿਲਾਫ ਆਪਣੇ ਕੀਮਤੀ ਸਫ਼ੇ ਕਾਲੇ ਕਰਨੇ ਪੈ ਰਹੇ ਹਨ। ਜਦਕਿ ਕਿਰਤੀ ਵਰਗਾਂ ਦੇ ਵਿਸ਼ਾਲ ਏਕੇ ‘ਤੇ ਅਧਾਰਤ ਸਾਂਝੇ ਫੈਸਲਾਕੁੰਨ ਸੰਗਰਾਮ ਸਮੇਂ ਦੀ ਸਭ ਤੋਂ ਵੱਡੀ ਲੋੜ ਹਨ। ਪਰ ਇਸ ਅੰਦੋਲਨ ਪਿੱਛੇ ਲੁਕੇ, ਕੋਝੇ ਲੋਕ ਦੋਖੀ ਮੰਸ਼ੇ ਉਜਾਗਰ ਕਰਨੇ ਵੀ ਅਸੀਂ ਆਪਣਾ ਫਰਜ਼ ਸਮਝਦੇ ਹਾਂ। ਇਸ ਅੰਦੋਲਨ ਨੇ ਪਹਿਲੇ ਦਿਨ ਤੋਂ ਹੀ ਆਪਣਾ ਅਤੇ ਆਪਣੇ ਅਖੌਤੀ ਕਿਸਾਨ ਆਗੂਆਂ ਦਾ ਲੋਕ ਦੋਖੀ ਚਿਹਰਾ ਲੋਕਾਂ ਸਾਹਮਣੇ ਉਜਾਗਰ ਕਰ ਦਿੱਤਾ ਸੀ। ਅੰਦੋਲਨਕਾਰੀਆਂ ਦੇ ਭੇਸ ‘ਚ ਲੁਕੇ ਇਨ੍ਹਾਂ ਨਿਕਬੁਰਜੁਰਆ ਅਰਾਜਕਤਾਵਾਦੀਆਂ ਨੇ ਪਹਿਲਾ ਐਲਾਨ-ਫ਼ੁਰਮਾਨ ਇਹ ਕੱਢ ਮਾਰਿਆ ਕਿ ਪਿੰਡਾਂ ‘ਚੋਂ ਕੁੱਝ ਵੀ, ਭਾਵ ਦੁੱਧ, ਸਬਜ਼ੀਆਂ, ਹਰੇ ਪੱਠੇ, ਤੂੜੀ ਆਦਿ ਸ਼ਹਿਰਾਂ ਨੂੰ ਨਹੀਂ ਜਾਣ ਦਿੱਤੀਆਂ ਜਾਣਗੀਆਂ। ਇਸ ਦੇ ਪਿੱਛੇ ਇਨ੍ਹਾਂ ‘ਆਗੂਆਂ’ ਦੇ ਦੋ ਮੁੱਖ ਮਕਸਦ ਸਨ। ਪਹਿਲਾ, ਸਮੁੱਚੀ ਪੇਂਡੂ ਵਸੋਂ ਖਾਸ ਕਰ ਕਿਸਾਨੀ ਦੇ ਮਨ ‘ਚ ਇਹ ਜਚਾਉਣਾ ਕਿ ਸਮੁੱਚੀ ਸ਼ਹਿਰੀ ਵਸੋਂ ਹੀ ਪਿੰਡਾਂ ਅਤੇ ਕਿਸਾਨਾਂ/ਖੇਤੀ ਕਾਮਿਆਂ ਦੀ ਅਸਲ ਵੈਰੀ ਹੈ। ਅਤੇ ਦੂਜਾ ਸ਼ਹਿਰੀ ਕਿਰਤੀਆਂ ਦੇ ਮਨਾਂ ‘ਚ ਕਿਸਾਨਾਂ ਅਤੇ ਕਿਸਾਨ ਸੰਗਰਾਮ ਵਿਰੁੱਧ ਜ਼ਹਿਰ ਭਰਨੀ। ਐਸਾ ਨਹੀਂ ਕਿ ਇਸ ਅੰਦੋਲਨ ਦੇ ਸੂਤਰਧਾਰਾਂ ਨੂੰ ਇਸ ਗੱਲ ਦਾ ਪਤਾ ਨਾ ਹੋਵੇ ਕਿ ਸ਼ਹਿਰੀ ਵਸੋਂ ਦਾ ਵਿਸ਼ਾਲ ਭਾਗ ਮਜ਼ਦੂਰੀ ਕਰਨ ਵਾਲੇ, ਨਿਮਨ ਮੱਧ ਵਰਗੀ, ਰੇੜ੍ਹੀ ਫੜ੍ਹੀ ਵਾਲੇ ਹਾਸ਼ੀਆਗ੍ਰਸਤ (ਅਸਲ ਅਰਥਾਂ ‘ਚ ਦਿਹਾੜੀਦਾਰ) ਕਾਰੋਬਾਰੀ ਅਤੇ ਵਿਉਪਾਰੀ ਹਨ, ਜਿਨ੍ਹਾਂ ਨੂੰ ਕਿਵੇਂ ਵੀ ਕਿਸਾਨ-ਦੁਸ਼ਮਨਾਂ ਦੇ ਖਾਨੇ ‘ਚ ਨਹੀਂ ਰੱਖਿਆ ਜਾ ਸਕਦਾ। ਪਰ ਜਦੋਂ ਮਕਸਦ ਹੀ ਪੁੱਠੀ ਜਚਾਉਣ ਤੇ ਲੋਕ ਸੰਗਰਾਮਾਂ ਨੂੰ ਸਾਬੋਤਾਜ ਕਰਨ ਦਾ ਹੋਵੇ ਤਾਂ ਫਿਰ ਅਜਿਹੇ ਫ਼ਰੇਬੀ ਨਾਹਰੇ ਹੀ ਫਿਜ਼ਾ ‘ਚ ਗੂੰਜਿਆ ਕਰਦੇ ਹਨ। ਇਹੀ ਚਾਲ ਸੀ ਕਿਸਾਨੀ ਨੂੰ ਸਮੁੱਚੀ ਸ਼ਹਿਰੀ ਵਸੋਂ ਨਾਲੋਂ ਨਿਖੇੜਣ ਦੀ ਜਿਸ ‘ਤੇ ਪੇਂਡੂ ਕਿਸਾਨ ਵਸੋਂ ਨੇ ਉੱਕਾ ਹੀ ਕੰਨ ਨਹੀਂ ਧਰਿਆ।
ਬੌਖਲਾ ਕੇ ਇਹ ਹਾਕਮਾਂ ਦੇ ਸ਼ਿਸ਼ਕਾਰੇ ਖਰੂਦੀ, ਆਮ ਪੇਂਡੂ ਲੋਕਾਂ ਖਾਸ ਕਰ ਦੋਧੀਆਂ, ਸਬਜ਼ੀ ਵਾਲਿਆਂ, ਤੂੜੀ, ਹਰੇ ਪੱਠੇ ਅਤੇ ਅਜਿਹੀਆਂ ਹੋਰ ਵਸਤਾਂ ਪਿੰਡਾਂ ‘ਚੋਂ ਲਿਆ ਕੇ ਮੰਡੀਆਂ-ਕਸਬਿਆਂ-ਸ਼ਹਿਰਾਂ ‘ਚ ਵੇਚਣ ਵਾਲਿਆਂ ਨੂੰ ਜਬਰੀ ਵਾਪਸ ਮੋੜਣ ਲੱਗ ਪਏ। ਦੋਧੀਆਂ ਅਤੇ ਸਬਜ਼ੀਆਂ ਵਾਲਿਆਂ ਨਾਲ ਬਦਸਲੂਕੀ ਅਤੇ ਕੁੱਟਮਾਰ ਦੀਆਂ ਘਟਨਾਵਾਂ ਦਾ ਹੜ੍ਹ ਆ ਗਿਆ। ਕੀਮਤੀ ਦੁੱਧ ਸੜਕਾਂ ‘ਤੇ ਡੋਲ੍ਹਣ ਲੱਗ ਪਏ ਇਹ ਖਰੂਦੀ ਟੋਲੇ।
ਪਿੰਡਾਂ ਦੇ ਹਾਸ਼ੀਆਗ੍ਰਸਤ ਕਿਸਾਨਾਂ, ਖੇਤੀ ਕਾਮਿਆਂ, ਦਸਤਕਾਰਾਂ ਦੇ ਬੇਰੋਜ਼ਗਾਰੀ ਅਤੇ ਮੰਦੇ ਦੇ ਝੰਬੇ ਪਰਿਵਾਰਕ ਜੀਅ, ਜੋ ਮਜ਼ਬੂਰੀ ਵਸ ਢਿੱਡ ਨੂੰ ਝੁਲਕਾ ਦੇਣ ਲਈ ਉਕਤ ਕਾਰੋਬਾਰਾਂ ‘ਚ ਲੱਗੇ ਹਨ ਅਜਿਹੀਆਂ ਕਰਤੂਤਾਂ ਤੋਂ ਕੁਰਲਾ ਉਠੇ। ਹਰ ਅਮਨ ਦਾ ਇੱਛੁਕ ਅਤੇ ਇਨਸਾਫ ਪਸੰਦ ਅਜਿਹੀਆਂ ਕਰਤੂਤਾਂ ਦਾ ਬਣਦਾ ਭੰਡੀ ਪ੍ਰਚਾਰ ਕਰਦਾ ਦੇਖਿਆ ਗਿਆ। ਸਿੱਟੇ ਵਜੋਂ ਛੋਟੇ ਪੇਂਡੂ ਕਾਰੋਬਾਰੀਆਂ ਵਲੋਂ ਇਸ ਭੁਲੇਖਾ ਪਾਊ ਸਾਜਿਸ਼ੀ ਕਿਸਾਨ ਅੰਦੋਲਨ ਦਾ ਵਿਰੋਧ ਸ਼ੁਰੂ ਹੋ ਗਿਆ। ਬਠਿੰਡੇ ਦੀ ਨਹਿਰ ਕੋਲ ਲਾਗਲੇ ਪਿੰਡ ਦੇ ਇਕ ਕਿਸਾਨ ‘ਘੁਲਾਟੀਏ’ ਨੇ ਆਪਣੇ ਹੀ ਪਿੰਡ ਦਾ ਦੋਧੀ ਰੋਕ ਲਿਆ। ਜਦੋਂ ਇਹ ”ਸੰਗਰਾਮੀਆਂ” ਦੋਧੀ ਦਾ ਦੁੱਧ ਸੜਕ ‘ਤੇ ਡੋਲ੍ਹਣ ਲੱਗਾ ਤਾਂ ਅੱਗੋਂ ਦੋਧੀ ਕਹਿੰਦਾ, ”ਪ੍ਰਧਾਨ ਜੀ ਮੇਰੀ ਸੁਣ ਲਾ ਗੱਲ, ਇਹ ਦੁੱਧ ਥੋਡਿਊਂ ਆਇਆ ਐ, ਜੇ ਡੁੱਲ੍ਹ ਗਿਆ ਤਾਂ ਮੈਂ ਦਵਾਨੀ ਨੀ ਦੇਣੀ।” ਕਿਸਾਨ ਲੀਡਰ ਕੱਚਾ ਜਿਹਾ ਹੋ ਕੇ ਪਿਛਾਂਹ ਹਟ ਗਿਆ ਅਤੇ ਕੋਲ ਖੜ੍ਹੇ ਲੋਕਾਂ ਨੇ ਹਾਸੜ ਚੁੱਕ ਲਿਆ। ਪਰ ਸਾਡੇ ਲਈ ਇਹ ਹਾਸੇ ਦੀ ਨਹੀਂ ਡਾਢੀ ਤਕਲੀਫ਼ ਦੀ ਗੱਲ ਹੈ ਕਿ ਹਾਕਮਾਂ ਦੇ ਟੱਟੂਆਂ ਨੇ ਇਕੋ ਹੀ ਝਟਕੇ ਨਾਲ ਕਿਸਾਨੀ ਨੂੰ ਦੂਜੀ ਪੇਂਡੂ ਵਸੋਂ, ਇੱਥੋਂ ਤੱਕ ਕਿ ਆਪਣੇ ਹੀ ਪਰਵਾਰਾਂ ਵਿਰੁੱਧ ਖੜ੍ਹਾ ਕਰ ਦਿੱਤਾ। ਇਸੇ ਤਰ੍ਹਾਂ ਸਮੁੱਚੀ ਕਿਰਤੀ ਵਸੋਂ, ਜੋ ਸ਼ਹਿਰਾਂ ‘ਚ ਵਸਦੀ ਹੈ, ਨੂੰ ਵੀ ਕਿਸਾਨੀ ਤੇ ਕਿਸਾਨ ਸੰਗਰਾਮਾਂ ਵਿਰੁੱਧ ਖੜ੍ਹਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਦੁੱਧ ਨੂੰ ਤੇਰ੍ਹਵਾਂ ਰਤਨ ਜਾਂ ਅੰਮ੍ਰਿਤ ਸਮਝਣ ਵਾਲੇ ਲੋਕਾਂ ਨੇ, ਦੁੱਧ ਸੜਕਾਂ ‘ਤੇ ਡੋਲ੍ਹੇ ਜਾਣ ਦਾ ਵਿਸ਼ੇਸ਼ ਕਰ ਕੇ ਬੁਰਾ ਮਨਾਇਆ। ਦੁੱਧ ਕਾਰੋਬਾਰ ਰਾਹੀਂ ਪਰਵਾਰ ਪਾਲਣ ਵਾਲੇ ਲੱਖਾਂ ਲੋਕਾਂ ਨੇ ਵੀ ਅਖੌਤੀ ਅੰਦੋਲਨਕਾਰੀਆਂ ਖਿਲਾਫ਼ ਖੂਬ ਭੜਾਸ ਕੱਢੀ। ਉਕਤ ਮੂਰਖਾਨਾ ਸੱਦਾ ਕਿਉਂ ਦਿੱਤਾ ਗਿਆ?
ਇਸੇ ਸਾਲ, ਮਹਾਰਾਸ਼ਟਰਾ ਦੇ ਗਰੀਬ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਆਦਿਵਾਸੀਆਂ ਦੇ ਲੰਮੇ ਮਾਰਚ ਅਤੇ ਮਾਰਚ ‘ਚ ਸ਼ਾਮਲ ਹੋਣ ਵਾਲਿਆਂ ਦੀ ਤਰਸਯੋਗ ਅਵਸਥਾ ਨੇ ਸਮੁੱਚੇ ਦੇਸ਼ ਦਾ ਬਣਦਾ ਧਿਆਨ ਖਿੱਚਿਆ ਸੀ। ਅਗੋਂ ਇਨ੍ਹਾਂ ਥੁੜਾਂ ਮਾਰੇ ਲੋਕਾਂ ਵਲੋਂ ਦਿਖਾਏ ਗਏ ਸਬਰ ਅਤੇ ਅਨੁਸ਼ਾਸਨ ਨੇ ਦੇਸ਼ ਦੇ ਆਮ ਮਿਹਨਤੀ ਅਵਾਮ ਦਾ ਦਿਲ ਜਿੱਤ ਲਿਆ। ਸਰਕਾਰਾਂ ਵਲੋਂ ਇਨ੍ਹਾਂ ਧਰਤ ਦੇ ਜਾਇਆਂ ਪ੍ਰਤੀ ਧਾਰੀ ਮੁਜ਼ਰਮਾਨਾ ਚੁੱਪ ਵਿਰੁੱਧ ਲੋਕ ਮਨਾਂ ‘ਚ ਰੋਸ ਵੀ ਪੈਦਾ ਹੋਇਆ। ਸਭ ਤੋਂ ਵੱਧ ਕੇ ਜਦੋਂ ਇਹ ਲੰਮਾ ਮਾਰਚ ਮੁੰਬਈ ਪੁੱਜਾ ਤਾਂ ਇਸ ਕਾਰੋਬਾਰੀ ਰਾਜਧਾਨੀ ਦੇ ਸੰਵੇਦਨਸ਼ੀਲ ਵਾਸੀਆਂ ਨੇ ਇਨ੍ਹਾਂ ਦੀ ਪ੍ਰਤੀਬੱਧਤਾ ਅਤੇ ਲੋਕ ਪੱਖੀ ਸੋਚ ਨੂੰ ਦੇਖਦਿਆਂ ਇਨ੍ਹਾਂ ਨੂੰ ਆਪਣੀਆਂ ਪਲਕਾਂ ‘ਤੇ ਬਿਠਾ ਲਿਆ। ਸ਼ਹਿਰੀਆਂ ਦੀ ਇਕਮੁਠਤਾ ਦਾ ਵੱਡਾ ਕਾਰਨ ਇਹ ਸੀ ਕਿ ਇਨ੍ਹਾਂ ਸੱਚੇ-ਸੁੱਚੇ ਅੰਦੋਲਨਕਾਰੀਆਂ ਆਪਣਾ ਮੁੰਬਈ ਕੂਚ ਇਸ ਕਰਕੇ ਦਿਨ ਦੀ ਥਾਂ ਰਾਤ ਦਾ ਕਰ ਲਿਆ ਤਾਂਕਿ ਇਮਤਿਹਾਨ ਦੇਣ ਵਾਲੇ ਧੀਆਂ ਪੁੱਤਾਂ ਦੀ ਪੜ੍ਹਾਈ ਦਾ ਹਰਜ ਨਾ ਹੋਵੇ। ਬਸ ਇਹੀ ਦੇਸ਼ ਦੇ ਹਾਕਮਾਂ ਨੂੰ ਸੁਖਾਂਦਾ ਨਹੀਂ। ਲੋਕਾਂ ਦੀ ਏਕਤਾ ਤੇ ਉਹ ਵੀ ਸੰਗਰਾਮੀ ਸਰਗਰਮੀ ‘ਚ, ਹਾਕਮਾਂ ਨੂੰ ਕੰਬਣੀ ਛੇੜ ਦੇਣ ਲਈ ਇਹ ਕਾਫੀ ਸੀ। ਛੇਤੀ ਹੀ ਇਹ ਖੁਸ਼ਗਵਾਰ ਹਵਾਵਾਂ ਦੇ ਬੁੱਲੇ ਪੂਰੇ ਦੇਸ਼ ਦੀ ਫਿਜ਼ਾ ਨੂੰ ਸਰਸ਼ਾਰ ਕਰਨ ਲੱਗੇ ਤਾਂ ਹਾਕਮ ਹੋਰ ਘਬਰਾ ਗਏ। ਇਸ ਤੋਂ ਵੀ ਜ਼ਿਆਦਾ ਘਬਰਾ ਗਏ ਹਾਕਮਾਂ ਨਾਲ ਘਿਓ-ਖਿੱਚੜੀ ਸਾਮਰਾਜੀ ਪ੍ਰਭੂ। ਦੇਸੀ ਹਾਕਮਾਂ ਅਤੇ ਉਨ੍ਹਾਂ ਦੇ ਸਾਮਰਾਜੀ ਜੋਟੀਦਾਰਾਂ ਦਾ ਅਸਲ ਡਰ ਇਹ ਹੈ ਕਿ ਕਿਤੇ ਲੋਕ ਸਾਮਰਾਜ ਨਿਰਦੇਸ਼ਿਤ ਨਵਉਦਾਰਵਾਦੀ ਨੀਤੀਆਂ ਖਿਲਾਫ਼ ਇਕੱਠੇ ਹੋ ਕੇ ਮੈਦਾਨਾਂ ‘ਚ ਨਾ ਨਿੱਤਰ ਪੈਣ। ਅੱਜ ਬੇਸ਼ੱਕ ਕੋਈ ਮੰਨੇ ਜਾਂ ਨਾ ਮੰਨੇ ਪਰ ਹੈ ਇਹ ਸਦੀਵੀਂ ਸੱਚ ਕਿ ਇਕ ਤੋਂ ਦਸ ਜੂਨ ਤੱਕ ਚੱਲਿਆ ਅਖੌਤੀ ਕਿਸਾਨ ਅੰਦੋਲਨ ਉਪਰੋਕਤ ਬਿਆਨੇ ਗਏ ਲੋਕ ਏਕਤਾ ਦੇ ਵਾਤਾਵਰਣ ਨੂੰ ਤਬਾਹ ਕਰਨ ਦੀ ਹਾਕਮ ਜਮਾਤੀ ਸਾਜਿਸ਼ ਦਾ ਹਿੱਸਾ ਸੀ। ਇਹ ਅੰਦੋਲਨ ਆਪਣੇ ਕੋਝੇ ਇਰਾਦਿਆਂ ‘ਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ, ਇਹ ਸੋਚਣਾ ਵੀ ਗਫ਼ਲਤ ਹੋਵੇਗੀ। ਸਮੁੱਚੇ ਮਿਹਨਤੀ ਵਰਗਾਂ ਦੀ ਏਕਤਾ ਅਤੇ ਸਾਂਝੇ ਸੰਗਰਾਮਾਂ ਦੇ ਇੱਛੁਕ ਸਭਨਾਂ ਨੂੰ ਇਸ ਗਿਣਮਿਥ ਕੇ ਕੀਤੀ ਗਈ ਮਾਅਰਕੇਬਾਜ਼ੀ ਦੇ ਮੌਜੂਦਾ ਨੁਕਸਾਨਾਂ ਦੀ ਭਰਪਾਈ ਕਰਨ ਲਈ ਅਤੇ ਭਵਿੱਖ ‘ਚ ਅਜੇਹੀ ਸਾਜਿਸ਼ੀ ਸਥਿਤੀ ਤੋਂ ਬਚਣ ਲਈ ਉਪਰਾਲੇ ਕਰਨ ਦੀ ਵਿਉਂਤਬੰਦੀ ਦੀ ਡਾਢੀ ਲੋੜ ਹੈ।