Now Reading
ਕਸ਼ਮੀਰ : ਅਮਨ ਦੀ ਭਾਲ

ਕਸ਼ਮੀਰ : ਅਮਨ ਦੀ ਭਾਲ

ਰਾਮ ਪੁਨਿਆਨੀ
ਹਾਲੀਆ ਲੋਕ ਸਭਾ ਚੋਣਾਂ ਵਿੱਚ ਜਬਰਦਸਤ ਬਹੁਮਤ ਹਾਸਲ ਕਰਨ ਦੇ ਬਾਅਦ, ਮੋਦੀ ਸਰਕਾਰ ਮਜਬੂਤੀ ਨਾਲ ਦੇਸ਼ ਵਿੱਚ ਹਕੂਮਤ ਕਰਨ ਦੀ ਸਥਿਤੀ ਵਿੱਚ ਹੈ। ਅਜਿਹਾ ਲਗਦਾ ਹੈ ਕਿ ਮੋਦੀ ਦੇ ਬਾਅਦ, ਸਰਕਾਰ ਵਿੱਚ ਸਭ ਤੋਂ ਵਧੇਰੇ ਤਾਕਤਵਰ ਵਿਅਕਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਨ। ਅਜਿਹੀ ਆਸ ਹੈ ਕਿ ਉਹ ਲੰਬੇ ਸਮੇਂ ਤੋਂ ਚਲੀ ਆ ਰਹੀ ਕਸ਼ਮੀਰ ਸਮਸਿਆ ‘ਤੇ ਵਿਸ਼ੇਸ਼ ਧਿਆਨ ਦੇਣਗੇ। ਕਸ਼ਮੀਰ ਦੇ ਵੱਖ-ਵੱਖ ਸਮਾਜਿਕ ਭਾਈਚਾਰੇ, ਜਿਨ੍ਹਾਂ ਵਿੱਚ ਉਥੇ ਪਸਰੀ ਬਦਅਮਨੀ ਅਤੇ ਤਣਾਅ ਦੇ ਪੀੜਤ ਲੋਕ ਸ਼ਾਮਲ ਹਨ, ਨੂੰ ਉਮੀਦ ਹੈ ਕਿ ਅਜਿਹੀ ਕੋਈ ਪਹਿਲ ਕੀਤੀ ਜਾਵੇਗੀ, ਜਿਸ ਨਾਲ ‘ਧਰਤੀ ਉਤਲਾ ਇਹ ਸਵਰਗ’ ਸੱਚੀਮੁਚੀ ਸਵਰਗ ਬਣ ਸਕੇ।
ਅਜਿਹੀਆਂ ਖਬਰਾਂ ਹਨ ਕਿ ਸ਼ਾਹ ਕਸ਼ਮੀਰ ਵਿੱਚ ਹੱਦਬੰਦੀ ਕਰਵਾਉਣਾ ਚਾਹੁੰਦੇ ਹਨ। ਅਸੀਂ ਸਭ ਜਾਣਦੇ ਹਾਂ ਕਿ ਕਸ਼ਮੀਰ ਇਕ ਬਹੁ-ਨਸਲੀ ਅਤੇ ਬਹੁ-ਧਾਰਮਿਕ ਸੂਬਾ ਹੈ। ਘਾਟੀ ਵਿੱਚ ਮੁਸਲਮਾਨਾਂ ਦਾ ਬਹੁਮਤ ਹੈ ਜਦੋਂ ਕਿ ਜੰਮੂ ਵਿੱਚ ਹਿੰਦੁਆਂ ਦਾ। ਇਨ੍ਹਾਂ ਤੋਂ ਬਿਨਾ, ਸੂਬੇ ਵਿੱਚ ਬੌਧਾਂ ‘ਤੇ ਆਦਿਵਾਸੀਆਂ ਦੀ ਵੀ ਖਾਸੀ ਆਬਾਦੀ ਹੈ। ਜੇਕਰ ਹੱਦਬੰਦੀ ਦਾ ਉਦੇਸ਼ ਸੂਬੇ ਦੇ ਵਸਨੀਕਾਂ ਨੂੰ ਬਿਹਤਰ ਪ੍ਰਤਿਨਿਧਤਾ ਉਪਲਬਧ ਕਰਵਾਉਣਾ ਹੈ ਤਾਂ ਇਸ ਤੋਂ ਪਹਿਲਾਂ, ਆਮ ਲੋਕਾਂ ਦੀ  ਇਸ ਮੁੱਦੇ ‘ਤੇ ਰਾਏ ਲੈਣੀ ਹੋਵੇਗੀ। ਸਾਨੂੰ ਆਸ ਹੈ ਕਿ ਹੱਦਬੰਦੀ ਦੀ ਕਵਾਇਦ ਵਿੱਚ ਕਸ਼ਮੀਰ ਦੇ ਲੋਕਾਂ ਦੀ ਇੱਛਾ ਨੂੰ ਲੋੜੀਂਦਾ ਮਹੱਤਵ ਦਿੱਤਾ ਜਾਵੇਗਾ। ਹੱਦਬੰਦੀ ਦਾ ਉਦੇਸ਼ ਕਿਸੇ ਰਾਜਨੀਤਿਕ ਪਾਰਟੀ ਵਿਸ਼ੇਸ਼ ਨੂੰ ਵਧੇਰੇ ਸੀਟਾਂ ਦੁਆਉਣਾ ਨਹੀਂ ਹੋਣਾ ਚਾਹੀਦਾ।
ਭਾਜਪਾ ਦੇ ਅਜੰਡੇ ਵਿੱਚ ਸੰਵਿਧਾਨ ਦੀ ਧਾਰਾ 370 ਅਤੇ 35-ਏ ਨੂੰ ਰੱਦ ਕਰਨਾ ਸ਼ਾਮਲ ਹੈ। ਧਾਰਾ 370 ਨੂੰ ਕਸ਼ਮੀਰ ਦੇ ਭਾਰਤ ਨਾਲ ਰਲੇਵੇਂ ਦੀ ਸੰਧੀ ਦੇ ਸਮੇਂ ਨਾਲ ਜੋੜਿਆ ਗਿਆ ਸੀ। ਇਸ ਸੰਧੀ ਦੇ ਮੁਤਾਬਕ, ਕਸ਼ਮੀਰ ਨੂੰ ਰੱਖਿਆ, ਸੰਚਾਰ, ਮੁਦਰਾ ਅਤੇ ਵਿਚੇਸ਼ੀ ਮਾਮਲਿਆਂ ਨੂੰ ਛੱਡ ਕਿ, ਹੋਰ ਸਾਰੇ ਵਿਸ਼ਿਆਂ ਵਿੱਚ ਪੂਰਨ ਖੁੱਦ-ਮੁਖਤਾਰੀ ਦਿੱਤੀ ਜਾਣੀ ਸੀ। ਧਾਰਾ 35-ਏ, ਕਸ਼ਮੀਰ ਵਿੱਚ ਗੈਰ ਕਸ਼ਮੀਰੀਆਂ ਦੇ ਸੰਪਤੀ ਖਰੀਦਣ ਦੇ ਅਧਿਕਾਰ ਨਾਲ ਸੰਬੰਧਤ ਹੈ। ਇਹ ਦੋਵੇਂ ਧਾਰਾਵਾਂ, ਸੰਵਿਧਾਨ ਦਾ ਹਿੱਸਾ ਇਸ ਲਈ ਬਣੀਆਂ ਕਿਉਂਕਿ ਕਸ਼ਮੀਰ, ਕੁਝ ਵਿਸ਼ੇਸ਼ ਹਾਲਤਾਂ ਵਿੱਚ ਭਾਰਤ ਦਾ ਹਿੱਸਾ ਬਣਿਆ ਸੀ। ਕਸ਼ਮੀਰ ‘ਤੇ ਕਬਾਇਲੀਆਂ ਦੇ ਭੇਸ ਵਿੱਚ ਪਾਕਿਸਤਾਨੀ ਫੌਜੀਆਂ ਦੇ ਹਮਲੇ ਤੋਂ ਬਾਅਦ, ਉਥੋਂ ਦੇ ਹਾਕਮ, ਰਾਜਾ ਹਰੀ ਸਿੰਘ ਨੇ ਭਾਰਤ ਤੋਂ ਮਦਦ ਮੰਗੀ ਸੀ। ਇਸ ਤੋਂ ਪਹਿਲਾਂ ਤੱਕ, ਹਰੀ ਸਿੰਘ ਕਸ਼ਮੀਰ ਨੂੰ ਇਕ ਆਜ਼ਾਦ ਦੇਸ਼ ਬਣਾਈ ਰਖਣ ਦੇ ਹਾਮੀ ਸਨ। ਹਮਲੇ ਤੋਂ ਬਾਅਦ, ਭਾਰਤ ਨਾਲ ਹੋਈ ਗੱਲਬਾਤ ਦੇ ਸਿੱਟੇ ਵਜ਼ੋਂ ਰਲੇਵੇਂ ਦੀ ਸੰਧੀ ਹੋਈ, ਜਿਸ ਦੇ ਬਾਅਦ ਭਾਰਤ ਦੀ ਫੌਜ ਨੇ ਪਾਕਿਸਤਾਨੀ ਹਮਲਾਵਰਾਂ ਨਾਲ ਮੁਕਾਬਲਾ ਕਰਨ ਲਈ ਮੋਰਚਾ ਸੰਭਾਲਿਆ।
ਕਸ਼ਮੀਰ ਦਾ ਭਾਰਤ ਵਿੱਚ ਅੰਤਿਮ ਰਲੇਵਾਂ, ਰਾਏ ਸ਼ੁਮਾਰੀ ਰਾਹੀਂ ਉਥੋਂ ਦੇ ਲੋਕਾਂ ਦੀ ਰਾਏ ਜਾਣ ਲੈਣ ਤੋਂ ਬਾਅਦ ਹੋਣਾ ਸੀ। ਇਹ ਰਾਏ ਸ਼ੁਮਾਰੀ ਕਦੇ ਵੀ ਨਹੀਂ ਹੋਈ। ਸ਼ੇਰ-ਇ-ਕਸ਼ਮੀਰ ਸ਼ੇਖ ਅਬਦੁੱਲਾ ਨੇ ਭਾਰਤ ਵਿੱਚ ਕਸ਼ਮੀਰ ਦੇ ਰਲੇਵੇਂ ਲਈ ਮਹਤਵਪੂਰਨ ਭੂਮਿਕਾ ਨਿਭਾਈ। ਉਹ ਕਸ਼ਮੀਰ ਦੇ ਪ੍ਰਧਾਨ ਮੰਤਰੀ ਬਣੇ। ਭਾਰਤ ਵਿੱਚ ਫਿਰਕਾਪ੍ਰਸਤੀ ਦੇ ਉਭਾਰ ਦੇ ਸੰਕੇਤਾਂ-ਜਿਨ੍ਹਾਂ ਵਿੱਚ ਮਹਾਤਮਾ ਗਾਂਧੀ ਦੀ ਹੱਤਿਆ ਅਤੇ ਹਿੰਦੂ ਮਹਾਸਭਾ ਦੇ ਆਗੂ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਕਸ਼ਮੀਰ ਦੇ ਭਾਰਤ ਵਿੱਚ ਤੁਰਤ ਰਲੇਵੇਂ ਦੀ ਮੰਗ ਵੀ ਸ਼ਾਮਲ ਸੀ-ਤੋਂ ਸ਼ੇਖ ਅੱਬਦੁਲਾ ਗੁੱਸੇ ਅਤੇ ਚਿੰਤਿਤ ਹੋ ਗਏ। ਪਾਕਿਸਤਾਨ, ਅਮਰੀਕਾ ਅਤੇ ਚੀਨ ਨੇ ਉਨ੍ਹਾਂ ਨਾਲ ਗੱਲਬਾਤ ਦੀ ਪਹਿਲ ਕੀਤੀ ਅਤੇ ਉਨ੍ਹਾਂ ‘ਤੇ ਉਨ੍ਹਾਂ ਦੇ ਪ੍ਰਤਿਕ੍ਰਮ ਕਾਰਨ, ਉਨ੍ਹਾਂ ਨੂੰ 17 ਸਾਲ ਜੇਲ ਵਿੱਚ ਗੁਜਾਰਨੇ ਪਏ। ਇਥੋਂ ਹੀ ਕਸ਼ਮੀਰ ਦੇ ਲੋਕਾਂ ਵਿੱਚ ਭਾਰਤ ਪ੍ਰਤੀ ਅਲਿਹਦਗੀ ਦੀ ਭਾਵਨਾ ਸ਼ੁਰੂ ਹੋਈ। ਅਤੇ ਇਹ ਅਲਿਹਦਗੀ ਦੀ ਭਾਵਨਾ, ਕਸ਼ਮੀਰ ਸਮਸਿਆ ਦੀ ਜੱੜ ਵਿੱਚ ਹੈ।
ਸ਼ੁਰੂਆਤ ਵਿੱਚ, ਕਸ਼ਮੀਰ ਵਿੱਚ ਅੱਤਵਾਦ ਦਾ ਆਧਾਰ ਸੀ ਕਸ਼ਮੀਰੀਅਤ, ਜਿਹੜੇ ਕਿ ਵੇਦਾਂਤ, ਬੌਧ ਅਤੇ ਸੂਫੀ ਪਰੰਪਰਾਵਾਂ ਦਾ ਅਦਭੁਤ ਮਿਸ਼ਰਣ ਹੈ। ਨੁਰੂੱਦੀਨ ਨੂਰਾਨੀ (ਨੰਦ ਰਿਸ਼ੀ) ਅਤੇ ਲਾਲ ਦੇਹ, ਕਸ਼ਮੀਰੀਅਤ ਦੇ ਪ੍ਰਤਿਨਿਧ ਸਨ। ਕਸ਼ਮੀਰ ਵਿੱਚ ਮਨਾਇਆ ਜਾਣ ਵਾਲਾ ਖੀਰ ਭਵਾਨੀ ਮੇਲਾ, ਜਿਸ ਨੂੰ ਸਾਰੇ ਭਾਈਚਾਰੇ ਰੱਲਕੇ ਮਨਾਉਂਦੇ ਹਨ, ਉਥੋਂ ਦੇ ਲੋਕਾਂ ਦੇ ਪ੍ਰਸਪਰ ਪਿਆਰ ਨੂੰ ਦਰਸਾਉਂਦਾ ਹੈ। ਇਹ ਮੇਲਾ, ਧਾਰਮਿਕ ਭਾਈਚਾਰਿਆਂ ਤੋਂ ਉਪਰ ਉਠ ਕੇ ਮਨਾਇਆ ਜਾਂਦਾ ਹੈ। ਅਲ-ਕਾਇਦਾ ਵਰਗੇ ਤੱਤਾਂ ਦੀ ਘੁਸਪੈਠ ਕਰਕੇ, ਕਸ਼ਮੀਰੀ ਅੱਤਵਾਦੀਆਂ ਦਾ ਫਿਰਕੂਕਰਣ ਹੋ ਗਿਆ। ਅਤੇ ਇਹ ਸਭ ਕਸ਼ਮੀਰੀਆਂ-ਖਾਸ ਤੌਰ ‘ਤੇ ਪੰਡਤਾਂ-ਲਈ ਇਕ ਬਹੁਤ ਵੱਡੀ ਮੁਸੀਬਤ ਬਣ ਗਿਆ। ਪੰਡਤਾਂ ਦੇ ਨਿਸ਼ਾਨੇ ‘ਤੇ ਆਉਣ ਨਾਲ, ਕਸ਼ਮੀਰ ਦੀਆਂ ਸਮਾਵੇਸ਼ੀ ਰਹੁ-ਰੀਤਾਂ ਨੂੰ ਡੂੰਘੀ ਸੱਟ ਵੱਜੀ।
ਅੱਤਵਾਦ ਕਰਕੇ, 3.5 ਲੱਖ ਪੰਡਤਾਂ ਸਮੇਤ ਵੱਡੀ ਗਿਣਤੀ ਵਿੱਚ ਮੁਸਲਮਾਨ ਵੀ ਘਾਟੀ ‘ਚੋਂ ਪਲਾਇਨ ਕਰਨ ਲਈ ਮਜਬੂਰ ਹੋ ਗਏ। ਕੇਂਦਰ ਵਿੱਚ ਸਰਕਾਰਾਂ ਬਦਲਦੀਆਂ ਰਹੀਆਂ ਪਰੰਤੁ ਕਿਸੇ ਨੇ ਵੀ ਪੰਡਤਾਂ ਲਈ ਕੁਝ ਨਹੀਂ ਕੀਤਾ। ਜਦੋਂ ਅਸੀ ਧਾਰਾ 370 ਅਤੇ 35-ਏ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਪੰਡਤਾਂ ਦੀ ਹਾਲਤ ਉਤੇ ਵੀ ਗੱਲ ਕਰਨੀ ਚਾਹੀਦੀ ਹੈ। ਮੋਦੀ ਜੀ ਦੀ ਪਿਛਲੀ ਸਰਕਾਰ ਨੇ ਕਿਹਾ ਸੀ ਕਿ ਪੰਡਤਾਂ ਨੂੰ ਘਾਟੀ ਵਿੱਚ ਇਕ ਵਖਰੇ ਖੇਤਰ ਵਿੱਚ ਮੁੜ ਵਸਾਇਆ ਜਾਵੇਗਾ। ਪਰੰਤੁ ਇਸ ਦਿਸ਼ਾ ਵਿੱਚ ਕੁਝ ਵੀ ਨਹੀਂ ਕੀਤਾ ਗਿਆ।
ਭਾਜਪਾ ਇਨ੍ਹਾਂ ਦੋਹਾਂ ਧਾਰਾਵਾਂ ਨੂੰ ਹਟਾਉਣ ਦੀ ਗੱਲ ਤਾਂ ਕਰਦੀ ਹੈ ਪਰੰਤੁ ਉਸ ਨੇ ਮਹਿਬੂਬਾ ਮੁਫਤੀ ਨਾਲ ਹੱਥ ਮਿਲਾਉਣ ਵਿੱਚ ਕੋਈ ਸੰਕੋਚ ਨਹੀਂ ਕੀਤਾ, ਜਦੋਂ ਕਿ ਇਹ ਸਭ ਨੂੰ ਪਤਾ ਹੈ ਕਿ ਮਹਿਬੂਬਾ ਮੁਫਤੀ, ਅੱਤਵਾਦੀਆਂ ਦੀ ਸਮਰਥਕ ਹੈ। ਸੂਬੇ ਵਿੱਚ ਪੀ.ਡੀ.ਪੀ.-ਭਾਜਪਾ ਗਠਜੋੜ ਦੀ ਹਕੁਮਤ ਦੌਰਾਨ, ਸੰਵਾਦ ਦੀ ਕੋਈ ਗੱਲ ਹੀ ਨਹੀਂ ਹੋਈ। ਪਿਛਲੇ ਕੁਝ ਸਾਲਾਂ ਵਿੱਚ ਘਾਟੀ ਵਿੱਚ ਅੱਤਵਾਦ ਤੇ ਅਲਗਾਵਵਾਦ ਵਧਿਆ ਹੈ। ਪੈਲੇਟ ਗੰਨਾਂ ਨਾਲ ਜਖਮੀ ਹੋਣ ਵਾਲਿਆਂ ਦੀ ਗਿਣਤੀ ਵਧੀ ਹੈ। ਕਸ਼ਮੀਰੀਆਂ ਵਿੱਚ ਪਸਰੀ ਅਲਿਹਦਗੀ ਦੀ ਭਾਵਨਾ ਨੂੰ ਘੱਟ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਗਏ। ਇਸ ਗੱਲ ‘ਤੇ ਵਿਚਾਰ ਨਹੀਂ ਕੀਤਾ ਗਿਆ ਕਿ ਸੈਂਕੜੇ ਨੌਜਵਾਨ ਮੁੰਡੇ ‘ਤੇ ਕੁੜੀਆਂ ਆਖਰ ਕਿਉਂ ਸੜਕਾਂ ‘ਤੇ ਉਤਰ ਕੇ ਪੱਥਰ ਸੁੱਟਦੇ ਹਨ, ਜਦੋਂ ਕਿ ਉਨ੍ਹਾਂ ਨੂੰ ਅਜਿਹਾ ਕਰਨ ਦੇ ਖਤਰਨਾਕ ਸਿੱਟਿਆਂ ਦੀ ਜਾਣਕਾਰੀ ਹੈ। ਕਿ ਅਸੀਂ  ਬੇਚੈਨੀ ਤੇ ਅਲਿਹਦਗੀ ਦੀ ਭਾਵਨਾ ਨੂੰ ਬੰਦੂਕ ਦੀ ਗੋਲੀ ਨਾਲ ਖਤਮ ਕਰ ਸਕਦੇ ਹਾਂ? ਜੇਕਰ ਅਸੀਂ ਕਸ਼ਮੀਰ ਦੀ ਹਾਲਤ ਨੂੰ ਉਸ ਦੀ ਸਮੁਚਤਾ ਵਿੱਚ ਦੇਖੀਏ ਤਾਂ ਇਹ ਸਾਫ ਹੋ ਜਾਵੇਗਾ ਕਿ ਭਲਵਾਨਨੁਮਾਂ ਰਾਸ਼ਟਰਵਾਦੀ ਨੀਤੀਆਂ ਨੇ ਕਸ਼ਮੀਰ ਦੇ ਸਮਾਜਿਕ ਤਾਣੇ-ਬਾਣੇ ਨੂੰ ਡੂੰਘੀ ਸੱਟ ਮਾਰੀ ਹੈ ਅਤੇ ਕਸ਼ਮੀਰੀਆਂ ਦਾ ਦਿਲ ਜਿੱਤਣਾ ਔਖਾ ਹੋ ਗਿਆ ਹੈ।
ਨਵੀਂ ਮੋਦੀ ਸਰਕਾਰ ਨੂੰ ਵਿਆਪਕ ਫਤਵਾ ਮਿਲਿਆ ਹੈ। ਉਹ ਇਸ ਸਮਸਿਆ ਨੂੰ ਜੜ੍ਹੋਂ ਮਿਟਾਉਣ ਦੇ ਸਮਰੱਥ ਹੈ। ਸਭ ਤੋਂ ਜਰੂਰੀ ਹੈ ਕਸ਼ਮੀਰੀਆਂ ਵਿਚੋਂ ਅਲਗਾਵ ਦੀ ਭਾਵਨਾ ਨੂੰ ਖਤਮ ਕਰਨਾ, ਜਿਹੜਾ ਇਸ ਸਮਸਿਆ ਦਾ ਮੂਲ ਹੈ। ਕਸ਼ਮੀਰ ਦੇ ਲੋਕ ਕਈ ਤਰ੍ਹਾਂ ਦੀ ਹਿੰਸਾ ਦੇ ਸ਼ਿਕਾਰ ਹਨ। ਉਨ੍ਹਾਂ ਦੇ ਜ਼ਖਮਾਂ ‘ਤੇ ਮਲਹਮ ਲਾਉਣਾ ਸਭ ਤੋਂ ਵਧੇਰੇ ਜਰੂਰੀ ਹੈ। ਸਾਨੂੰ ਜਮਹੂਰੀ ਦੀ ਰਾਖੀ ਕਰਨੀ ਹੋਵੇਗੀ। ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਬਿਲਕੁਲ ਦਰੁਸਤ ਕਿਹਾ ਸੀ ਕਿ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਕਸ਼ਮੀਰੀਅਤ, ਜਮਹੂਰੀਅਤ ਤੇ ਇਨਸਾਨੀਅਤ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਅੱਜ ਵੀ, ਇਹ ਹੀ ਦਰੁਸਤ ਰਾਹ ਹੈ। ਸੰਸਦ ਵਿੱਚ ਜਬਰਦਸਤ ਬਹੁਮਤ ਦੇ ਹੁੰਦਿਆਂ, ਸੱਤਾਧਾਰੀ ਪਾਰਟੀ ਨੂੰ ਅਪਣੇ ਪ੍ਰੋਗਰਾਮ ਲਾਗੂ ਕਰਨ ਦਾ ਪੂਰਾ ਅਧਿਕਾਰ ਹੈ ਪਰੰਤੂ ਅਸੀਂ ਸਿਰਫ ਆਸ ਕਰ ਸਕਦੇ ਹਾਂ ਕਿ ਸਰਕਾਰ ਸੰਵਾਦ ਅਤੇ ਜਮਹੂਰੀ ਪ੍ਰਕ੍ਰਿਆ ਦੇ ਮਹੱਤਵ ਅਤੇ ਵਿਵਹਾਰਕਤਾ ਨੂੰ ਧਿਆਨ ਵਿੱਚ ਰਖੇਗੀ।
ਜਿਨ੍ਹਾਂ ਲੋਕਾਂ ਨੂੰ ਅਸੀਂ ਰਾਹਤ ਦੇਣੀ ਹੈ ਉਨ੍ਹਾਂ ਵਿੱਚ ਸ਼ਾਮਲ ਹਨ ਉਹ ਲੋਕ ਜਿਨ੍ਹਾਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ, ਉਨ੍ਹਾਂ ਵਿੱਚ ਸ਼ਾਮਲ ਹਨ ਕਸ਼ਮੀਰ ਦੀਆਂ ਵਿਧਵਾਵਾਂ, ਔਰਤਾਂ ਜਿਨ੍ਹਾਂ ਦੇ ਪਤੀ ਲਾਪਤਾ ਹਨ ਅਤੇ ਉਨ੍ਹਾਂ ਵਿੱਚ ਸ਼ਾਮਲ ਹਨ ਸੂਬੇ ਦੇ ਉਹ ਆਮ ਨਾਗਰਿਕ, ਜਿਨ੍ਹਾਂ ਨੂੰ ਸ਼ਹਿਰੀ ਖੇਤਰਾਂ ਵਿੱਚ ਫੌਜ ਦੀ ਲੰਬੀ ਤੇ ਭਾਰੀ ਮੌਜੂਦਗੀ ਕਾਰਨ ਪਰੇਸ਼ਾਨੀਆਂ ਭੁਗਤਣੀਆਂ ਪੈਂਦੀਆਂ ਹਨ। ਜੇਕਰ ਅਸੀਂ ਕਸ਼ਮੀਰ ਘਾਟੀ ਵਿੱਚ ਅਮਨ ਤੇ ਸਦਭਾਵ ਦੀ ਮੁੜ ਸਥਾਪਨਾ ਕਰਨੀ ਹੈ ਤਾਂ ਵਾਰਤਾਕਾਰਾਂ (ਦਲੀਪ ਪੜਗਾਂਵਕਰ, ਰਾਧਾ ਕੁਮਾਰ ਤੇ ਐਮ.ਐਮ.ਅੰਸਾਰੀ) ਦੀਆਂ ਰਿਪੋਰਟਾਂ ‘ਤੇ ਇਕ ਵਾਰ ਮੁੜ ਧਿਆਨ ਦੇਣਾ ਹੋਵੇਗਾ।

Scroll To Top