ਅਜੀਬ ਜਿਹੀ ਬੇਚੈਨੀ ਸੀ, ਖੁਸ਼ ਹੋਣਾ ਚਾਹੀਦਾ ਸੀ ਕਿਉਂਕਿ ਆਜ਼ਾਦੀ ਦਿਵਸ ਹੈ ਪਰ ਉਲਟਾ ਬੇਚੈਨੀ ਬੁੱਕਲ ਵਿੱਚ ਆ ਬੈਠੀ। ਨਿੱਜੀ ਪਰੇਸ਼ਾਨੀਆਂ ਭਾਰੂ ਹੋ ਗਈਆਂ ਸਨ, ਪਰੈੱਸ ਕਲੱਬ ਮੱਲ੍ਹੀਆਂ ਕਲਾਂ ਨੇ ਆਜ਼ਾਦੀ ਦਿਵਸ ਮਨਾਉਣਾ ਸੀ ਪਰ ਜਾ ਨਹੀਂ ਸਕਿਆ। ਜੇ ਚਲਾ ਜਾਂਦਾ ਤਾਂ ਆਪਣੀ ਗੱਲ ਆਖ ਕੇ ਸ਼ਾਇਦ ਥੋੜ੍ਹੀ ਰਾਹਤ ਮਿਲ ਜਾਂਦੀ। ਪਰਮਜੀਤ (ਮੇਰੀ ਹਮਸਫਰ) ਨਾਲ ਘਰ ਦੇ ਕੰਮ ਵਿਚ ਹੱਥ ਵਟਾ ਕੇ ਵਿਹਲਾ ਹੋਇਆ ਹੀ ਸੀ ਕਿ ਰਾਹੁਲ ਆ ਗਿਆ । ਰਾਹੁਲ ਅਯੁੱਧਿਆ ਨਗਰੀ ਦਾ ਵਾਸੀ ਹੈ ਤੇ ਸਾਡੇ ਪਿੰਡ ਦੇ ਨੇੜਲੇ ਭੱਠੇ ‘ਤੇ ਰਹਿੰਦਾ ਹੈ, ਭੱਠੇ ਬੰਦ ਹੋਣ ਕਾਰਨ ਵਿਹਲਾ ਹੈ। ”ਪਾਜੀ ਕੋਈ ਕੰਮ ਹੈਗਾ ਤਾਂ ਦੱਸੋ”, ਉਸ ਨੇ ਸੁਆਲ ਪਾਇਆ। ਰਾਹੁਲ ਲੰਮੇ ਅਰਸੇ ਤੋਂ ਪੰਜਾਬ ਆਇਆ ਹੋਇਐ ਤੇ ਹਿੰਦੀ ਦੀ ਪੁੱਠ ਵਾਲੀ ਪੰਜਾਬੀ ਸੋਹਣੀ ਬੋਲ ਲੈਂਦੈ। ਮੈਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਪਰ ਰਾਹੁਲ ਦੇ ਚਿਹਰਾ ਦੇਖ ਕੇ ਮੁਸਕਰਾ ਨਹੀਂ ਸਕਿਆ। ”ਮੈਂ ਤਾਂ ਖੁਦ ਵਿਹਲਾ ਫਿਰ ਰਿਹਾਂ ਰਾਹੁਲ”, ਉਸ ਦੇ ਮੋਢੇ ‘ਤੇ ਹੱਥ ਰੱਖ ਕੇ ਮੈਂ ਆਖਿਆ। ਮਨ ‘ਚ ਸੋਚ ਰਿਹਾ ਸੀ ਕਿ ਕਿਹੜਾ ਕੰਮ ਇਸ ਵਾਸਤੇ ਲੱਭਾਂ? ਏਨੇ ਨੂੰ ਪਰਮਜੀਤ ਨੇ ਇਹ ਆਖ ਕੇ ਮੇਰੀ ਸਿਰਦਰਦੀ ਦੂਰ ਕਰ ਦਿੱਤੀ ਕਿ ਸਕੂਲ ‘ਚ ਨਦੀਨ ਨਾਸ਼ਕ ਦੀ ਸਪਰੇਅ ਏਸ ਕੋਲੋਂ ਕਰਵਾਓ। ਦਵਾਈ ਘਰ ਪਈ ਸੀ ਪਰ ਸਪਰੇਅ ਕਰਨ ਲਈ ਸਮਾਂ ਨਹੀਂ ਸੀ ਮਿਲ ਰਿਹਾ। ਪਿੰਡ ਦੇ ਪਰਾਇਮਰੀ ਸਕੂਲ ਦੀ ਜਿੰਮੇਵਾਰੀ ਮੈਂ ਆਪਣੇ ਸਿਰ ਲਈ ਹੋਈ ਹੈ ਤੇ ਪੈਸੇ ਬਚਾਉਣ ਲਈ ਸਪਰੇਅ ਮੈਂ ਖੁਦ ਕਰ ਲੈਂਦਾ ਸੀ ਪਰ ਇਸ ਵਾਰ ਸਮਾਂ ਨਹੀਂ ਮਿਲ ਰਿਹਾ ਸੀ ਤੇ ਬਰਸਾਤ ਕਾਰਨ ਘਾਹ ਬਹੁਤ ਹੋ ਗਿਆ ਸੀ। ਰਾਹੁਲ ਦੇ ਆ ਜਾਣ ਨਾਲ ਤੇ ਪਰਮਜੀਤ ਦੇ ਵੇਲੇ ਸਿਰ ਦਿੱਤੇ ਸੁਝਾਅ ਨੇ ਮੇਰਾ ਇਹ ਕੰਮ ਕਰਵਾ ਦਿੱਤਾ । ਰਾਹੁਲ ਨੇ ਇਕ ਘੰਟੇ ਵਿੱਚ ਇਹ ਕੰਮ ਕਰ ਦਿੱਤਾ। ਹੁਣ ਉਸ ਨੂੰ ਮਿਹਨਤ ਦੇਣੀ ਸੀ ਤੇ ਮੈਂ ਉਸ ਨਾਲ ਸੌਦੇਬਾਜ਼ੀ ਕਰਨ ਲੱਗ ਪਿਆ। ਪਰਮਜੀਤ ਤੇ ਮੇਰਾ ਬੇਟਾ ਅਫਰਾਜ਼ ਮੇਰੇ ਰਵੱਈਏ ਤੋਂ ਪਰੇਸ਼ਾਨ ਹੋ ਰਹੇ ਸਨ। ਮੈਂ ਹਿਸਾਬ ਲਾ ਕੇ ਦੱਸਿਆ ਕਿ ਰਾਹੁਲ ਤੇਰੇ 50 ਰੁਪਏ ਬਣਦੇ ਹਨ। ”ਮੁੰਡੇ ਨੂੰ ਤੰਗ ਨਾ ਕਰੋ, ਪੈਸੇ ਦਿਓ ਤੇ ਉਹ ਵੀ ਜਾਣ ਵਾਲਾ ਬਣੇ”, ਪਰਮਜੀਤ ਕੋਲੋਂ ਰਿਹਾ ਨਾ ਗਿਆ। ਆਜ਼ਾਦੀ ਦਿਵਸ ਵਾਲੇ ਦਿਨ ਰਾਹੁਲ ਨੂੰ ਪੈਸੇ ਦੀ ਬਹੁਤ ਲੋੜ ਸੀ। ਭੱਠੇ ਬੰਦ ਹਨ , ਬੱਚੀ ਬਿਮਾਰ ਹੈ ਤੇ ਖਾਣ ਦੇ ਵੀ ਲਾਲੇ ਹਨ। ਮੈਂ ਉਸ ਨੂੰ ਹੋਰ ਜਿਆਦਾ ਪਰੇਸ਼ਾਨ ਨਾ ਕਰਦਿਆਂ 100 ਰੁਪਏ ਦੇ ਦਿੱਤੇ। ਉਹ ਅਹਿਸਾਨਮੰਦ ਹੋ ਕੇ ਤੁਰਨ ਲੱਗਾ ਤਾਂ ਮੈਂ ਉਸ ਨੂੰ ਰੋਕ ਕੇ 100 ਰੁਪਏ ਹੋਰ ਦੇ ਦਿੱਤੇ। ਹੁਣ ਰਾਹੁਲ ਪਰੇਸ਼ਾਨ ਹੋ ਕੇ ਪੁੱਛਣ ਲੱਗਾ ਕਿ ਇਹ ਪੈਸੇ ਕਿਸ ਵਾਸਤੇ? ਮੈਂ ਆਖਿਆ ਕਿ ਅੱਜ ਆਜ਼ਾਦੀ ਹੈ ਨਾ, ਆਜ਼ਾਦੀ ਮਨਾਓ। ਉਹ ਹੱਸ ਪਿਆ”, ਕਿਸ ਦੀ ਆਜ਼ਾਦੀ ਪਾ ਜੀ?” ਮੈਂ ਆਖਿਆ ਕਿ ਯਾਰ ਰਾਹੁਲ ਤੂੰ ਆਜ਼ਾਦ ਹੈਂ, ਫਿਰ ਕੀ ਹੋਇਆ ਜੇ ਤੇਰੀ ਬੱਚੀ ਦਾ ਸਹੀ ਢੰਗ ਨਾਲ ਇਲਾਜ ਨਹੀਂ ਹੋ ਰਿਹਾ, ਤੇਰੀ ਬੱਚੀ ਨੂੰ ਬੇਇਲਾਜ ਮਰਨ ਦੀ ਆਜ਼ਾਦੀ ਹੈ, ਤੈਨੂੰ ਭੁੱਖਾ ਮਰਨ ਦੀ ਆਜ਼ਾਦੀ ਹੈ। ਹੁਣ ਤਾਂ ਯੂ ਪੀ ਵਿਚ ਯੋਗੀ ਦੀ ਸਰਕਾਰ ਹੈ, ਹੁਣ ਤਾਂ ਰਾਮ ਮੰਦਰ ਬਣਾਉਣ ਦੀ ਵੀ ਆਜ਼ਾਦੀ ਹੈ ਤੈਨੂੰ!
”ਮਜ਼ਾਕ ਉੜਾ ਰਹੇ ਓ ਪਾ ਜੀ, ਕੌਨ ਸੀ ਆਜ਼ਾਦੀ ਦੱਸ ਰਹੇ ਓ ਪਾ ਜੀ? ਅਸੀਂ ਕਿਸ ਹਾਲਤ ਵਿੱਚ ਰਹਿੰਦੇ, ਤੁਹਾਨੂੰ ਪਤਾ? ਔਰ ਮੈਂ ਮੰਦਰ ਦਾ ਕੀ ਕਰਨਾ, ਉਹ ਤੁਸੀਂ ਲੈ ਲਓ। ਮੈਨੂੰ ਤਾਂ ਕੰਮ ਚਾਹੀਦਾ ਪਾ ਜੀ, ਮੈਂ ਇੱਜ਼ਤ ਨਾਲ ਰੋਟੀ ਕਮਾਉਣ ਵਾਲਾ ਬੰਦਾ ਪਾ ਜੀ।”
ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਇਕ ਸਧਾਰਨ ਮਨੁੱਖ, ਹੱਥੀਂ ਕਿਰਤ ਕਰਨ ਵਾਲੇ ਨੇ ਕਿੰਨੇ ਆਸਾਨ ਤੇ ਪਰਭਾਵਸ਼ਾਲੀ ਢੰਗ ਨਾਲ ਆਜ਼ਾਦੀ ਦੀ ਵਿਆਖਿਆ ਕਰ ਦਿੱਤੀ ਹੈ।
ਉਸ ਦੀ ਇਹ ਗੱਲ ਸੁਣ ਕੇ ਮੈਂ ਭਾਵੁਕ ਹੋ ਗਿਆ ਤੇ ਆਪਣੀਆਂ ਅੱਖਾਂ ਨੂੰ ਸੰਭਾਲਦਿਆਂ ਰਾਹੁਲ ਨੂੰ ਕਲਾਵੇ ‘ਚ ਲੈ ਲਿਆ ਤੇ ਪੂਰੇ ਮਾਣ ਸਤਿਕਾਰ ਨਾਲ ਉਸ ਨੂੰ ਵਿਦਾ ਕੀਤਾ।
ਹੁਣ ਮੈਂ ਸੋਚਦਾ ਹਾਂ ਕਿ ਚੰਗਾ ਹੋਇਆ ਮੈਂ ਮੱਲ੍ਹੀਆਂ ਕਲਾਂ ਨਹੀਂ ਗਿਆ। ਜੇ ਮੈਂ ਚਲਿਆ ਜਾਂਦਾ ਤਾਂ ਮੈਨੂੰ ਰਾਹੁਲ ਨਹੀਂ ਸੀ ਮਿਲਣਾ ਜਿਸ ਨੇ ਮੈਨੂੰ ”ਅਸਲ ਆਜ਼ਾਦੀ ਦੇ ਅਰਥ” ਸਮਝਾ ਦਿੱਤੇ।
ਆਪਣੇ ਕਮਰੇ ਵਿੱਚ ਆਉਂਦਿਆਂ ਹੀ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਤਸਵੀਰ ਨਜ਼ਰੀਂ ਪਈ। ਸ਼ਹੀਦ-ਇ-ਆਜ਼ਮ ਮੈਨੂੰ ਕੁਝ ਕਹਿ ਰਹੇ ਜਾਪੇ। ਮੈਂ ਚੁੱਪਚਾਪ ਉਹਨਾ ਵੱਲ ਤੱਕੀ ਜਾ ਰਿਹਾ ਸਾਂ। ਸਾਡਾ ਇਹ ਮੂਕ ਵਾਰਤਾਲਾਪ ਪਰਮਜੀਤ ਦੀ ਇਸ ਆਵਾਜ਼ ਨਾਲ ਟੁੱਟਿਆ, ”ਕੁਝ ਤਾਂ ਕਰ, ਹੱਥ-ਪੈਰ ਹਿਲਾ ਸੋਹਣਿਆਂ। ਇਸ ਤਰ੍ਹਾਂ ਤਾਂ ਕੰਮ ਨਹੀਂ ਚੱਲਣਾ।” ਉਸ ਦੇ ਇਹ ਬੋਲ ਤਾਂ ਘਰੇਲੂ ਕੰਮ ਦੇ ਸੰਦਰਭ ਵਿੱਚ ਹੀ ਸਨ ਪਰ ਮੈਨੂੰ ਉਸ ‘ਚੋਂ ਇੱਕ ਵੱਖਰਾ ਹੀ ਸੰਦੇਸ਼ ਆਉਂਦਾ ਜਾਪਿਆ ।
– ਰਾਹਗੀਰ