ਡਾ. ਰਾਮ ਪੁਨਿਆਨੀ 13 ਫਰਵਰੀ ਨੂੰ ਜਲੰਧਰ ਵਿਖੇ ਆਯੋਜਿਤ ਸੈਮੀਨਾਰ ਨੂੰ ਕਰਨਗੇ ਸੰਬੋਧਨ
ਜਲੰਧਰ, 17 ਜਨਵਰੀ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਇਹ ਪ੍ਰਪੱਕ ਰਾਏ ਹੈ ਕਿ ਲੋਕ ਸਭਾ ਦੀਆਂ ਆਉਂਦੀਆਂ ਚੋਣਾਂ ਜਿੱਤਣ ਲਈ ਸੰਘ ਪਰਿਵਾਰ, ਲੋਕ ਲੁਭਾਉਣੇ ਲਾਰੇ ਲਾਉਣ, ਝੂਠੀਆਂ ਅਫਵਾਹਾਂ ਫੈਲਾਉਣ, ਵਿਰੋਧੀਆਂ ‘ਤੇ ਝੂਠੇ ਕੇਸ ਪਾਉਣ ਅਤੇ ਦੰਗੇ ਭੜਕਾਉਣ ਆਦਿ ਵਰਗੇ ਕੁਕਰਮ ਕਰਨ ਵਿਚ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਹਨਾਂ ਸਾਰੇ ਖਤਰਿਆਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਲਈ ਪਾਰਟੀ ਵਲੋਂ ਸਾਰੇ ਜ਼ਿਲ੍ਹਾ ਕੇਂਦਰਾਂ ‘ਤੇ ਵਿਸ਼ਾਲ ਮੁਜ਼ਾਹਰੇ ਕੀਤੇ ਜਾਣਗੇ ਅਤੇ 13 ਫਰਵਰੀ ਨੂੰ ‘ਜਮਹੂਰੀਅਤ ਤੇ ਧਰਮ ਨਿਰਪੱਖਤਾ ਦੀ ਰਾਖੀ’ ਦੇ ਵਿਸ਼ੇ ‘ਤੇ ਜਲੰਧਰ ਵਿਖੇ ਇਕ ਵਿਸ਼ਾਲ ਸੈਮੀਨਾਰ ਆਯੋਜਤ ਕੀਤਾ ਜਾਵੇਗਾ। ਇਹ ਫੈਸਲੇ ਪਾਰਟੀ ਦੀ ਸੂਬਾ ਕਮੇਟੀ ਦੀ ਕਾਮਰੇਡ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਏਥੇ ਸੰਪੰਨ ਹੋਈ ਦੋ ਦਿਨਾਂ ਮੀਟਿੰਗ ਵਿਚ ਕੀਤੇ ਗਏ। ਇਸ ਮੀਟਿੰਗ ਵਿਚ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਰਲੀਜ਼ ਕਰਦਿਆਂ ਪਾਰਟੀ ਦੇ ਸਕੱਤਰ ਕਾਮਰੇਡ ਹਰਕੰਵਲ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਫਿਰਕੂ ਧਰੁਵੀਕਰਨ ਨੂੰ ਤਿੱਖਾ ਕਰਨ ਲਈ ਭਾਰਤੀ ਜਨਤਾ ਪਾਰਟੀ ਹਰ ਹਰਬਾ ਵਰਤ ਰਹੀ ਹੈ। ਏਸੇ ਮੰਤਵ ਲਈ ਇਸ ਵਾਰ ਕੁੰਭ ਦੇ ਮੇਲੇ ਨੂੰ ਵੀ ਵੱਡੀ ਪੱਧਰ ਤੱਕ ਫਿਰਕੂ ਰੰਗਤ ਦਿੱਤੀ ਗਈ ਹੈ ਅਤੇ ਨਾਗਰਿਕਤਾ ਕਾਨੂੰਨ ਵਿਚ ਸੋਧ ਕਰਕੇ ਮੁਸਲਮਾਨ ਸ਼ਰਨਾਰਥੀਆਂ ਨੂੰ ਨਾਗਰਿਕਤਾ ਨਾ ਦੇਣ ਦੀ ਵਿਵਸਥਾ ਕਰ ਦਿੱਤੀ ਗਈ ਹੈ। ਏਸੇ ਤਰ੍ਹਾਂ ਲਵਲੀ ਯੂਨੀਵਰਸਿਟੀ ਜਲੰਧਰ ਵਿਖੇ ਆਯੋਜਿਤ ਕੀਤੀ ਗਈ ਸਾਇੰਸ ਕਾਂਗਰਸ ਵਿਚ ਮਿਥਿਹਾਸ ਨੂੰ ਵਿਗਿਆਨਕ ਪ੍ਰਮਾਣਤਾ ਦੇ ਕੇ ਅੰਧ ਵਿਸ਼ਵਾਸ ਨੂੰ ਹੋਰ ਬੜਾਵਾ ਦੇਣ ਦਾ ਹਨੇਰਬਿਰਤੀਵਾਦੀ ਉਪਰਾਲਾ ਕੀਤਾ ਗਿਆ ਹੈ। ਸੂਬਾ ਕਮੇਟੀ ਨੇ ਇਸ ਗੱਲ ਨੂੰ ਵੀ ਗੰਭੀਰਤਾ ਸਹਿਤ ਨੋਟ ਕੀਤਾ ਹੈ ਕਿ ਮੋਦੀ ਸਰਕਾਰ ਨੇ ਰਾਫੇਲ ਜਹਾਜਾਂ ਦੇ ਸੌਦੇ ਨਾਲ ਸਬੰਧਤ ਆਪਣੇ ਭਰਿਸ਼ਟਾਚਾਰੀ ਕਿਰਦਾਰ ਉਪਰ ਅਤੇ ਆਪਣੇ ਉਚ ਆਗੂਆਂ ਦੇ ਸੰਗੀਨ ਅਪਰਾਧਾਂ ਉਪਰ ਪਰਦਾਪੋਸ਼ੀ ਕਰਨ ਲਈ ਸੀ.ਬੀ.ਆਈ. ਦੀ ਘੋਰ ਦੁਰਵਰਤੋਂ ਕੀਤੀ ਹੈ। ਜਿਸ ਨਾਲ ਦੇਸ਼ ਅੰਦਰ ਪ੍ਰਸ਼ਾਸਨਿਕ ਦੁਰਾਚਾਰ ਲਾਜ਼ਮੀ ਹੋਰ ਤਿੱਖਾ ਹੋਵੇਗਾ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧੇਰੇ ਗੰਭੀਰ ਹੋਣਗੀਆਂ। ਸੂਬਾ ਕਮੇਟੀ ਨੇ ਪੰਜਾਬ ਦੀ ਕਾਂਗਰਸੀ ਸਰਕਾਰ ਵਲੋਂ, ਚੋਣਾਂ ਸਮੇਂ ਵੱਖ ਵੱਖ ਵਰਗਾਂ ਨਾਲ ਕੀਤੇ ਵਾਇਦੇ ਪੂਰੇ ਕਰਨ ਦੀ ਬਜਾਏ ਉਲਟਾ ਸੰਘਰਸ਼ਸ਼ੀਲ ਲੋਕਾਂ ਨੂੰ ਦਬਾਉਣ ਲਈ ਜਬਰ-ਜ਼ੁਲਮ ਦਾ ਰਾਹ ਅਪਨਾਉਣ ਦਾ ਵੀ ਗੰਭੀਰ ਨੋਟਿਸ ਲਿਆ ਹੈ। ਸੂਬਾ ਕਮੇਟੀ ਨੇ ਨੋਟ ਕੀਤਾ ਕਿ ਭਾਜਪਾ ਅਤੇ ਕਾਂਗਰਸ ਪਾਰਟੀ ਦੋਵੇਂ ਹੀ ਚੋਣਾਂ ਜਿੱਤਣ ਲਈ ਗੈਰ ਜਰੂਰੀ ਤੇ ਜਜ਼ਬਾਤੀ ਮੁੱਦੇ ਉਭਾਰ ਰਹੀਆਂ ਹਨ ਅਤੇ ਲੋਕਾਂ ਦੇ ਅਸਲੀ ਮੁੱਦੇ ਜਿਵੇਂ ਕਿ ਖੇਤੀ ਸੰਕਟ, ਮਜ਼ਦੂਰਾਂ-ਕਿਸਾਨਾਂ ਲਈ ਕਰਜ਼ਾ ਮੁਆਫੀ, ਮਹਿੰਗਾਈ, ਬੇਰੁਜ਼ਗਾਰੀ, ਸਮਾਜਿਕ ਜਬਰ, ਔਰਤਾਂ ‘ਤੇ ਵੱਧ ਰਹੇ ਅੱਤਿਆਚਾਰ ਅਤੇ ਜਮਹੂਰੀਅਤ ਤੇ ਧਰਮ ਨਿਰਪੱਖਤਾ ਨੂੰ ਲੱਗ ਰਹੇ ਖੋਰੇ ਵਰਗੇ ਮੁੱਦਿਆਂ ਨੂੰ ਨਜ਼ਰ ਅੰਦਾਜ਼ ਕਰ ਰਹੀਆਂ ਹਨ। ਹਾਕਮ ਪਾਰਟੀਆਂ ਦੀਆਂ ਇਹਨਾਂ ਲੋਕ ਮਾਰੂ ਪਹੁੰਚਾਂ ਵਿਰੁੱਧ ਕਿਰਤੀ ਜਨਸਮੂਹਾਂ ਨੂੰ ਜਾਗਰੂਕ ਕਰਨ ਅਤੇ ਤਿੱਖੇ ਤੇ ਬੱਝਵੇਂ ਸੰਘਰਸ਼ਾਂ ਵਿਚ ਭਾਗੀਦਾਰ ਬਨਾਉਣ ਵਾਸਤੇ ਪਾਰਟੀ ਵਲੋਂ 30 ਜਨਵਰੀ ਨੂੰ ਕਪੂਰਥਲਾ, 31 ਜਨਵਰੀ ਨੂੰ ਹੁਸ਼ਿਆਰਪੁਰ ਤੇ ਬਠਿੰਡਾ, ਪਹਿਲੀ ਫਰਵਰੀ ਨੂੰ ਜਲੰਧਰ, ਮਾਨਸਾ, ਪਟਿਆਲਾ ਅਤੇ ਫਰੀਦਕੋਟ, 2 ਫਰਵਰੀ ਨੂੰ ਗੁਰਦਾਸਪੁਰ ਅਤੇ ਮੁਕਤਸਰ, 4 ਫਰਵਰੀ ਨੂੰ ਸੰਗਰੂਰ, ਪਠਾਨਕੋਟ ਅਤੇ ਬਰਨਾਲਾ, 5 ਫਰਵਰੀ ਨੂੰ ਅੰਮ੍ਰਿਤਸਰ, ਲੁਧਿਆਣਾ ਤੇ ਨਵਾਂ ਸ਼ਹਿਰ ਅਤੇ 6 ਫਰਵਰੀ ਤਰਨਤਾਰਨ, ਫਾਜ਼ਿਲਕਾ ਅਤੇ ਰੋਪੜ ਵਿਖੇ ਵਿਸ਼ਾਲ ਮੁਜ਼ਾਹਰੇ ਕੀਤੇ ਜਾਣਗੇ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਤੋਂ ਬਾਅਦ 13 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ”ਜਮਹੂਰੀਅਤ ਤੇ ਧਰਮ ਨਿਰਪੱਖਤਾ ਦੀ ਰਾਖੀ” ਦੇ ਵਿਸ਼ੇ ‘ਤੇ ਇਕ ਵਿਸ਼ਾਲ ਸੈਮੀਨਾਰ ਕੀਤਾ ਜਾਵੇਗਾ ਜਿਸਨੂੰ ਉਘੇ ਵਿਦਵਾਨਾਂ ਡਾ. ਰਾਮ ਪੁਨਿਆਨੀ ਸੰਬੋਧਨ ਕਰਨਗੇ। ਇਕ ਮਤੇ ਰਾਹੀਂ ਸੂਬਾ ਕਮੇਟੀ ਨੇ ਪੰਜਾਬ ਸਰਕਾਰ ਵਲੋਂ ਸੰਘਰਸ਼ਸ਼ੀਲ ਅਧਿਆਪਕਾਂ ਦੇ 5 ਆਗੂਆਂ ਨੂੰ ਟਰਮੀਨੇਟ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਇਹ ਗੈਰ ਜਮਹੂਰੀ ਤੇ ਬਦਲਾਲਊ ਪਹੁੰਚ ਤਿਆਗੀ ਜਾਵੇ ਤੇ ਅਧਿਆਪਕ ਸਾਂਝੇ ਮੋਰਚੇ ਨਾਲ ਗਲਬਾਤ ਕਰਕੇ ਅਧਿਆਪਕਾਂ ਦੇ ਸਾਰੇ ਮਸਲੇ ਸੁਲਝਾਏ ਜਾਣ। ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਕਿ ਨਿਰਮਾਣ ਮਜ਼ਦੂਰਾਂ ਦੀ ਆਫ-ਲਾਈਨ ਰਜਿਸਟਰੇਸ਼ਨ ਤੁਰੰਤ ਸ਼ੁਰੂ ਕੀਤੀ ਜਾਵੇ। ਸੂਬਾ ਕਮੇਟੀ ਨੇ ਸਮੂਹ ਖੱਬੀਆਂ ਸ਼ਕਤੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ ਤਾਂ ਜੋ ਭਾਜਪਾ ਤੇ ਉਸਦੇ ਸਹਿਯੋਗੀਆਂ ਨੂੰ ਚੋਣਾਂ ਵਿਚ ਮੁਕੰਮਲ ਰੂਪ ਵਿਚ ਭਾਂਜ ਦਿੱਤੀ ਜਾ ਸਕੇ ਅਤੇ ਲੋਕ ਮਾਰੂ ਨਵਉਦਾਰਵਾਦੀ ਨੀਤੀਆਂ ਦਾ ਖੂੰਨੀ ਪੰਜਾ ਤੋੜਨ ਲਈ ਵੀ ਖੱਬੀ ਧਿਰ ਨੂੰ ਮਜ਼ਬੂਤ ਤੇ ਸਮਰਥ ਬਣਾਇਆ ਜਾ ਸਕੇ।