Now Reading
ਆਰਥਿਕ ਮੋਰਚੇ ਦੀਆਂ ਅਸਫਲਤਾਵਾਂ ‘ਤੇ ਪਰਦਾ ਪਾਉਣ ਲਈ ਫਿਰਕੂ ਕਤਾਰਬੰਦੀ

ਆਰਥਿਕ ਮੋਰਚੇ ਦੀਆਂ ਅਸਫਲਤਾਵਾਂ ‘ਤੇ ਪਰਦਾ ਪਾਉਣ ਲਈ ਫਿਰਕੂ ਕਤਾਰਬੰਦੀ

ਮਹੀਪਾਲ
ਦੇਸ਼ ਦਾ ਅਰਥਚਾਰਾ ਡੁਬਦਾ ਜਾ ਰਿਹਾ ਹੈ । ਸਨਅਤੀ ਇਕਾਈਆਂ  ਧੜਾਧੜ ਬੰਦ ਹੋ ਰਹੀਆਂ ਹਨ । ਪਹਿਲਾਂ ਹੀ 45 ਸਾਲਾਂ ਦਾ ਰੀਕਾਰਡ ਤੋੜ ਚੁੱਕੀ ਬੇਰੁਜ਼ਗਾਰੀ ਹੋਰ ਤੇਜੀ ਨਾਲ ਵੱਧ ਰਹੀ ਹੈ । ਇਸ ਦੇ ਸਿੱਟੇ ਵੱਜੋਂ ਨਾ ਕੇਵਲ ਲੋਕਾਂ ਦੀਆਂ ਜੀਵਨ ਹਾਲਤਾਂ ਵਿੱਚ ਨਿਘਾਰ ਆ ਰਿਹਾ ਹੈ ਬਲਕਿ ਨਵੀਆਂ ਸਮਾਜਿਕ-ਆਰਥਿਕ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ । ਆਪਣੇ ਪਿਛਲੇ ਕਾਰਜਕਾਲ ਦੌਰਾਨ, ਹਰ ਮੋਰਚੇ ‘ਤੇ ਆਪਣੀਆਂ ਘੋਰ ਨਾਕਾਮੀਆਂ ਤੋਂ, ਬੇਲੋੜੇ ਜਜ਼ਬਾਤੀ ਮੁੱਦਿਆਂ ਅਤੇ ਫਿਰਕੂ ਧਰੁਵੀਕਰਨ ਰਾਹੀਂ ਲੋਕਾਂ ਦਾ ਧਿਆਨ ਲਾਂਭੇ ਕਰਨ ਵਿੱਚ ਸਫਲ ਰਹਿਣ ਸਦਕਾ ਦੇਸ਼ ਦੀ ਰਾਜ ਸੱਤਾ ਉੱਪਰ ਦੋਬਾਰਾ ਕਾਬਜ਼ ਹੋਈ ਮੋਦੀ ਸਰਕਾਰ ਹੁਣ ਵੀ ਉਸੇ ਆਜਮਾਏ ਹੋਏ ਨੁਸਖੇ ਅਨੁਸਾਰ ਅਮਲ ਕਰ ਰਹੀ ਹੈ। ਸੰਸਦ, ਵਿਧਾਨ ਸਭਾਵਾਂ ਅਤੇ ਆਮ ਰਾਜਸੀ ਬਹਿਸ-ਮੁਹਾਬਿਸੇ ‘ਚੋਂ ਲੋਕਾਂ ਦੀ ਗਰੀਬੀ, ਦੇਸ਼ ਦੀ ਆਰਥਿਕ ਮੰਦਹਾਲੀ, ਖੇਤੀ ਸੰਕਟ, ਬੇਰੁਜ਼ਗਾਰੀ, ਇਲਾਜ ਖੁਣੋਂ ਮੌਤਾਂ ਅਤੇ ਨਫਰਤੀ ਗੁਨਾਹਾਂ ਆਦਿ ਵਰਗੇ ਮੁੱਦੇ ਪੂਰੀ ਤਰ੍ਹਾਂ ਗਾਇਬ ਹਨ। ਲੋਕਾਂ ਦੀ ਚੁੰਝ-ਚਰਚਾ ਦਾ ਕੇਂਦਰ ਜੰਮੂ-ਕਸ਼ਮੀਰ, ਅੱਤਵਾਦ, ਭਾਰਤ ਦੀ ਧਰਤੀ ਨੂੰ ਬਦੇਸ਼ੀਆਂ ਤੋਂ ਮੁਕਤ ਕਰਨ, ਸਰਹੱਦਾਂ ਦੀ ਰਾਖੀ ਲਈ ਵਚਨਬੱਧਤਾ, ਵਧਦੀ ਆਬਾਦੀ, ਵੱਖੋ-ਵੱਖਰੇ ਧਰਮਾਂ ਨੂੰ ਮੰਨਣ ਵਾਲੇ ਆਮ ਲੋਕਾਂ ਨੂੰ ਇੱਕ-ਦੂਜੇ ਤੋਂ ਖਤਰਾ ਆਦਿ ਜਿਹੇ ਕਾਲਪਨਿਕ ਮੁੱਦੇ ਬਣਾ ਦਿੱਤੇ ਗਏ ਹਨ। ਗੜਬੜਚੌਥ ਵਾਲੇ ਆਪੂੰ ਸਿਰਜੇ ਇਸੇ ਮਾਹੌਲ ਦਾ ਲਾਹਾ ਲੈਂਦਿਆਂ ਮੋਦੀ-ਸ਼ਾਹ ਹਕੂਮਤ ਪਿਛਲੇ ਕਾਰਜਕਾਲ ਦੌਰਾਨ ਵੀ ਲੋਕਾਂ ਦੇ ਕੰਗਾਲੀਕਰਨ ‘ਚ ਵਾਧਾ ਕਰਦੀ ਰਹੀ ਅਤੇ ਹੁਣ ਵੀ ਲੋਕਾਂ ਦਾ ਬੇਦਰਦੀ ਨਾਲ  ਵਢਾਂਗਾ ਕਰਦੀ ਤੁਰੀ ਜਾ ਰਹੀ ਹੈ। ਐਪਰ ਇਹ ਡਾਢੀ ਚਿੰਤਾ ਦਾ ਵਿਸ਼ਾ ਹੈ ਕਿ ਭਾਜਪਾ ਦੀ ਇਸ ਸਾਜ਼ਿਸ਼ੀ ਕਾਰਜਪ੍ਰਣਾਲੀ ਅਤੇ ਕੂੜ ਪ੍ਰਚਾਰ ਤੋਂ ਆਬਾਦੀ ਦਾ ਚੋਖਾ ਹਿੱਸਾ, ਖਾਸ ਕਰਕੇ ਹਿੰਦੂ ਭਾਈਚਾਰੇ ਨਾਲ ਸਬੰਧਤ ਆਮ ਲੋਕ ਪ੍ਰਭਾਵਿਤ ਵੀ ਹੋ ਰਹੇ ਹਨ ।  ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਭਾਜਪਾ ਵਿਰੋਧੀ ਪਾਰਟੀਆਂ ਦੇ ਸਵੈਸਿੱਧੀਵਾਦੀ ਆਗੂ ਉਕਤ ਮਸਲਿਆਂ ਪ੍ਰਤੀ ਘੋਰ ਮੌਕਾਪ੍ਰਸਤ ਪੁਜ਼ੀਸ਼ਨਾਂ ਲੈ ਰਹੇ ਹਨ । ਪ੍ਰੰਤੂ  ਇਸ ਸਥਿਤੀ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਫਿਰਕਾਪ੍ਰਸਤੀ ਦਾ ਸਿਧਾਂਤਕ ਵਿਰੋਧੀ ਖੱਬਾ ਪੱਖ ਦਰੁਸਤ ਸਬਕ ਲੈਂਦਿਆਂ ਇਕਜੁੱਟ ਹੋ ਕੇ ਸੰਘ-ਭਾਜਪਾ ਦਾ ਜੱਥੇਬੰਦਕ ਵਿਰੋਧ ਕਰਨ ਦਾ ਸਹੀ ਪੈਂਤੜਾ ਨਹੀਂ ਲੈ ਰਿਹਾ। ਪਾਰਲੀਮਾਨੀ ਮੌਕਾਪ੍ਰਸਤੀ ਅਤੇ ਮੱਧਵਰਗੀ ਹਊਮੈ ਨਾਂਅ ਦੇ ਦੋ ਦੀਰਘ ਰੋਗ ਖੱਬੇ ਪੱਖੀਆਂ ਵਲੋਂ ਫਿਰਕੂ-ਫਾਸੀਵਾਦ ਦੇ ਇਕਜੁੱਟ ਪ੍ਰਤੀਰੋਧ ਦੇ ਰਾਹ ਦੇ ਸਭ ਤੋਂ ਵੱਡੇ ਰੋੜੇ ਬਣੇ ਹੋਏ ਹਨ । ਸੱਚੀ ਗੱਲ ਇਹ ਹੈ ਕਿ ਖੱਬੇ ਪੱਖ ਦੀ ਅਸਫਲਤਾ ਹੀ ਫਿਰਕਾਪ੍ਰਸਤਾਂ ਦੀ ਸਫਲਤਾ ਦੀ ਕੁੰਜੀ ਹੈ।
ਭਾਰਤੀ ਅਰਥਚਾਰਾ ਇਸ ਵੇਲੇ ਜਿਸ ਮਾੜੀ ਅਵਸਥਾ ਵਿੱਚ ਪੁੱਜ ਚੁੱਕਾ ਹੈ ਉਸ ਦੀ ਨਜ਼ਰਸਾਨੀ ਲਾਹੇਵੰਦੀ ਰਹੇਗੀ । ਭਾਰਤ ਦੇ ਵਾਹਨ ਨਿਰਮਾਤਾ  ਕਾਰਖਾਨੇ  (1utomob}&e Sector)  ਤਕਰੀਬਨ ਪੌਣੇ ਚਾਰ ਕਰੋੜ (੩੭m}&&}on)  ਲੋਕਾਂ ਨੂੰ ਰੋਜਗਾਰ ਮੁਹੱਈਆ ਕਰਵਾਉਂਦੇ ਹਨ । ਇਨ੍ਹਾਂ ਕਾਰਖਾਨੇਦਾਰਾਂ ਦੀ ਜਥੇਬੰਦੀ S91$ (ਸੁਸਾਇਟੀ ਆੱਫ ਇੰਡੀਅਨ ਆਟੋਮੋਬਾਇਲ ਮੈਨੂੰਫੈਕਚਰਰਜ਼) ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਵੱਲੋਂ ਬਣਾਈਆਂ ਜਾਂਦੀਆਂ ਕਾਰਾਂ, ਵੈਨਾਂ, ਸਕੂਟਰਾਂ-ਮੋਟਰਸਾਇਕਲਾਂ ਅਤੇ ਹੋਰ ਵਹੀਕਲਾਂ ਦੀ ਵਿਕਰੀ ਵਿੱਚ ਕਮੀ ਆਉਣ ਕਰਕੇ ਇਨ੍ਹਾਂ ਨੇ ਵਹੀਕਲ ਬਣਾਉਣ ਦਾ ਕੰਮ ਰੋਕ ਦਿੱਤਾ ਹੈ । ਇਨ੍ਹਾਂ ਦੇ ਕਹਿਣ ਅਨੁਸਾਰ ਕਾਰਾਂ ਦੀ ਵਿਕਰੀ ਵਿੱਚ 23.3%, ਦੋ ਪਹੀਆ ਵਾਹਨਾਂ ਦੀ ਵਿਕਰੀ ਵਿੱਚ 11.7%, ਵਪਾਰਕ ਵਾਹਨਾਂ ਦੀ ਵਿਕਰੀ ਵਿੱਚ 9.5% ਅਤੇ ਟ੍ਰੈਕਟਰਾਂ ਦੀ ਵਿਕਰੀ ਵਿੱਚ 14.1% ਦੀ ਕਮੀ ਆਈ ਹੈ । ਵਿਕਰੀ ਘਟਣ ਕਰਕੇ ਉਤਪਾਦਨ ਭਾਵ ਵਹੀਕਲਾਂ ਦਾ ਨਿਰਮਾਣ ਰੋਕ ਦਿੱਤਾ ਗਿਆ ਹੈ ਅਤੇ ਦੋ ਲੱਖ ਤੀਹ ਹਜਾਰ (2,30,000) ਕਿਰਤੀਆਂ ਦਾ ਰੋਜਗਾਰ ਖੁੱਸ ਗਿਆ ਹੈ । ਇਹ ਗਿਣਤੀ ਦਸ ਲੱਖ ਤੱਕ ਪੁੱਜਣ ਦੇ ਖਦਸ਼ੇ ਹਨ। ਦੋ ਸੌ ਛਿਆਸੀ ਵਿਕਰੀ ਕਰਾਰ (ਡੀਲਰਸ਼ਿਪਜ਼) ਕੈਂਸਲ ਹੋਈਆਂ ਹਨ। ਇਨ੍ਹਾਂ ਨੇ ਇਹ ਵੀ ਦਸਿਆ ਕਿ ਬਾਰਾਂ ਲੱਖ ਅੱਸੀ ਹਜਾਰ (12,80,000) ਨਗ (ਵਾਹਨ) ਕਾਰਖਾਨਿਆਂ ਵਿੱਚ ਤਿਆਰ ਪਏ ਹਨ । ਟਾਟਾ ਸਟੀਲ ਅਤੇ ਟਾਟਾ ਮੋਟਰਜ਼ ਵਰਗੇ ਵੱਡੇ ਕਾਰਖਾਨੇ, ਜਿਨ੍ਹਾਂ ਵਿੱਚ ਹਰ ਮਹੀਨੇ ਦਸ ਤੋਂ ਬਾਰਾਂ ਹਜਾਰ ਨਗ ਤਿਆਰ ਹੁੰਦੇ ਸਨ, ਇਨ੍ਹਾਂ ਵਿੱਚ ਪੈਦਾਵਾਰ ਘਟ ਕੇ ਪੱਚੀ ਸੌ ਤੋਂ ਤਿੰਨ ਹਜਾਰ ਨਗ ਤੀਕ ਪੁੱਜ ਗਈ ਸੀ ਅਤੇ ਜੁਲਾਈ ਤੋਂ ਬਾਅਦ ਇਨ੍ਹਾਂ ਦੇ ਜਮਸ਼ੇਦਪੁਰ ਅਤੇ ਲਖਨਊ ਵਿਚਲੇ ਕਾਰਖਾਨੇ ਮਿਲੰਬਦੀ (ਲੇ-ਆਫ਼) ਦੀ ਅਵਸਥਾ ਵਿੱਚ ਹਨ। ਜ਼ਾਹਿਰ ਹੈ ਜੇ ਕੰਮ ਹੀ ਬੰਦ ਹੋ ਗਿਆ ਜਾਂ ਮੂਲੋਂ ਘੱਟ ਗਿਆ ਤਾਂ ਖਸਾਰਾ ਘਟਾਉਣ ਦੇ ਫੌਰੀ ਕਦਮ ਵਜੋਂ ਕਾਮਿਆਂ ਦੀ ਗਿਣਤੀ ਵਿੱਚ ਕਟੌਤੀ ਕੀਤੀ ਜਾਣੀ ਹੈ। ਇਹ ਵੱਡੇ ਕਾਰਖਾਨੇ ਨਾ ਚੱਲਣ ਕਰਕੇ ਇਨ੍ਹਾਂ ਦੇ ਸਹਾਇਕ ਕਾਰਖਾਨਿਆਂ ਵਿੱਚ ਵੀ ਉਤਪਾਦਨ ਠੱਪ ਹੋ ਗਿਆ ਹੈ ਅਤੇ ਉਥੋਂ ਵੀ ਕਾਮੇ ਘਰਾਂ ਨੂੰ ਤੋਰ ਦਿੱਤੇ ਗਏ ਹਨ। ਜਮਸ਼ੇਦਪੁਰ ਤੋਂ ਕੋਈ ਪੈਂਤੀ ਕੁ ਮੀਲ ਦੂਰ ਸਰਾਇਕੇਲਾ ਅਤੇ ਰਾਜਨਗਰ ਕਸਬਿਆਂ ਵਿੱਚ ਇਨ੍ਹਾਂ ਵੱਡੀਆਂ ਵਾਹਨ ਨਿਰਮਾਤਾ ਕੰਪਨੀਆਂ ਲਈ ਲੋੜੀਂਦੇ ਕਲਪੁਰਜੇ ਬਣਾਉਣ ਵਾਲੀਆਂ  ਛੋਟੀਆਂ ਸਨਅਤੀ ਇਕਾਈਆਂ ਚਲਦੀਆਂ ਸਨ। ਵਿਕਰੀ ਘਟਣ ਅਤੇ ਉਤਪਾਦਨ ਠੱਪ ਹੋਣ ਸਦਕਾ ਇਨ੍ਹਾਂ ਛੋਟੇ ਸਨਅਤੀ ਯੂਨਿਟਾਂ ਨੂੰ ਨਵਾਂ ਆਰਡਰ ਮਿਲਣਾ ਬੰਦ ਹੋ ਗਿਆ ਹੈ । ਇਨ੍ਹਾਂ ਦੇ ਮਾਲਕਾਂ ਨੇ ਆਪਣੇ ਛੋਟੇ ਕਾਰਖਾਨੇ ਬੰਦ ਕਰਕੇ ਸਾਰੇ ਕੱਚੇ ਕਾਮੇ ਘਰਾਂ ਨੂੰ ਤੋਰ ਦਿੱਤੇ ਅਤੇ ਪੱਕਿਆਂ ਨੂੰ  ਅੱਧੀ-ਪੌਣੀ ਤਣਖਾਹ (ਫਿਲਹਾਲ) ਦੇਣੀ ਸ਼ੁਰੂ ਕਰ ਦਿੱਤੀ। ਨੇੜੇ-ਤੇੜੇ ਦੇ ਪਿੰਡਾਂ ਦੇ ਕਿਰਤੀ-ਕਿਸਾਨ ਪਰਿਵਾਰਾਂ ਨਾਲ ਸਬੰਧਤ ਇਹ ਕਾਮੇ ਹੁਣ ਇਮਲੀ ਚੌਂਕ (ਸਥਾਨਕ ਲੇਬਰ ਚੌਂਕ) ਵਿੱਚ ਆ ਖੜ੍ਹਦੇ ਹਨ ਅਤੇ ਗੈਰ ਜਥੇਬੰਦ ਕਿਰਤੀਆਂ ਦੀ ਭੀੜ ਵਿੱਚ ਹੋਰ ਵਾਧਾ ਕਰਦੇ ਹਨ ।
ਅੱਗੋਂ ਇਨ੍ਹਾਂ  ਕਾਰਖਾਨਿਆਂ ਵਿੱਚ ਕੰਮ ਕਰਦੇ ਕਿਰਤੀ ਜਿਥੋਂ ਕਿਤੋਂ ਵੀ ਰੋਜਾਨਾ ਦੀਆਂ ਲੋੜਾਂ ਦੀ ਪੂਰਤੀ ਲਈ ਕੁੱਝ ਵੀ ਖ੍ਰੀਦਦੇ ਸਨ, ਉਨ੍ਹਾਂ ਵਸਤਾਂ ਨਾਲ ਸਬੰਧਤ  ਕਾਰੋਬਾਰ ਵੀ ਮੰਦੀ ਦੀ ਮਾਰ ਹੇਠ ਆ ਜਾਣਗੇ ਅਤੇ ਉੱਥੇ ਵੀ ਖਰਚੇ ਘਟਾਉਣ ਦਾ ਫੌਰੀ ਉਪਾਅ ਕਿਰਤੀਆਂ ਦੀ ਛਾਂਟੀ ਹੋਵੇਗੀ। ਇਹ ਵਰਤਾਰਾ ਜਿੱਥੇ ਬਾਕੀ ਦੇ ਉਤਪਾਦਨ ਖੇਤਰਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਉੱਥੇ ਦੇਸ਼ ਵਿਆਪੀ ਸ਼ਕਲ ਵੀ ਅਖਤਿਆਰ ਕਰਦਾ ਜਾ ਰਿਹਾ ਹੈ।
ਗੁਜਰਾਤ ਦੇ ਹੀਰਾ ਕਾਰੋਬਾਰ ਅਤੇ ਕਈ ਸੂਬਿਆਂ ਦੇ ਟੈਕਸਟਾਈਲ ਉਦਯੋਗਾਂ ‘ਚ ਕੰਮ ਠੱਪ ਹੋਣ ਸਦਕਾ ਕਿਰਤੀਆਂ ਨੂੰ ਕੰਮ ਤੋਂ ਜਵਾਬ ਮਿਲਣਾ ਇਸ ਦਰਦਨਾਕ ਵਰਤਾਰੇ ਦੀਆਂ ਤਾਜ਼ਾ ਮਿਸਾਲਾਂ ਹਨ। ਹੀਰਾ ਕਾਰੋਬਾਰ ਚੋਂ ਹੁਣ ਤੱਕ ਲੱਗਭੱਗ ਤੇਰਾਂ ਹਜਾਰ ਕਿਰਤੀਆਂ ਦੀ ਛਾਂਟੀ ਕੀਤੀ ਜਾ ਚੁੱਕੀ ਹੈ । ਹਾਲਾਤ ਇਥੋਂ ਤੱਕ ਨਿੱਘਰ ਚੁੱਕੇ ਹਨ ਕਿ ਬੇਰੁਜ਼ਗਾਰੀ ਦੇ ਸਤਾਏ ਬੇਹਦ ਮਹੀਨ ਕੰਮ ਦੇ ਮਾਹਿਰ ਅਤਿ ਹੁਨਰਮੰਦ ਹੀਰਾ ਕਾਰੀਗਰ ਖੁਦਕੁਸ਼ੀਆਂ ਕਰ ਰਹੇ ਹਨ। ਇਸ ਕਾਰੋਬਾਰ ਵਿੱਚ ਪਿਛਲੇ ਛੇਆਂ ਮਹੀਨਿਆਂ ‘ਚ ਤੀਹ ਤੋਂ ਚਾਲੀ ਫੀਸਦੀ ਪੈਦਾਵਾਰ ਘਟੀ ਹੈ ।
ਦੇਸ਼ ਲਈ ਡਾਢੇ ਦੁੱਖ ਅਤੇ ਸ਼ਰਮਿੰਦਗੀ ਦਾ ਸਬੱਬ ਬਣਿਆ ਇੱਕ ਇਸ਼ਤਿਹਾਰ ਬੀਤੇ ਦਿਨੀਂ ਦੇਸ਼ ਦੇ ਵੱਡੇ ਅਤੇ ਬਾਵੱਕਾਰ ਅਖਬਾਰਾਂ ‘ਚੋਂ ਇੱਕ ‘ਇੰਡੀਅਨ ਐਕਸਪ੍ਰੈਸ’ ਵਿੱਚ ਛਪਿਆ ਹੈ । ਇਸ ਇਸ਼ਤਿਹਾਰ ਰਾਹੀਂ ਟੈਕਸਟਾਈਲ ਉਦਯੋਗਾਂ ਦੀ ਜਥੇਬੰਦੀ ਨੇ ਇਹ ਰੋਣਾ ਰੋਇਆ ਹੈ ਕਿ ਸਰਕਾਰੀ ਨੀਤੀਆਂ ਕਰਕੇ ਸਾਡੇ ਉਦਯੋਗ ਭਿਅੰਕਰ ਮੰਦੀ ਦੀ ਮਾਰ ਹੇਠ ਹਨ ।
ਦੇਸ਼ ਦੀ ਪੰਜਾਹ ਫੀਸਦੀ ਤੋਂ ਵਧੇਰੇ ਵਸੋਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਵਾਲੇ ਖੇਤੀ ਧੰਦੇ ਦਾ ਗੰਭੀਰ ਸੰਕਟ ਕਿਸੇ ਤੋਂ ਲੁਕਿਆ ਹੋਇਆ ਨਹੀਂ । ਆਮਦਨ-ਖਰਚ ਦਾ ਵਿਸ਼ਾਲ ਪਾੜਾ ਖੇਤੀ ਧੰਦੇ ‘ਚ ਲੱਗੇ ਤਕਰੀਬਨ ਪੰਦਰਾਂ ਕਰੋੜ ਖੇਤ ਮਜ਼ਦੂਰਾਂ,  ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਸਥਿਤੀ ‘ਸੱਪ ਦੇ ਮੂੰਹ ਕੋਹੜ ਕਿਰਲੀ’ ਵਾਲੀ ਬਣਾਈ ਬੈਠਾ ਹੈ । ਪਿਛਲਾ ਕਰਜਾ ਲਹਿੰਦਾ ਨਹੀਂ ਉਲਟਾ ਸਗੋਂ ਹਰ ਸਾਲ ਨਵਾਂ ਹੋਰ ਚੜ੍ਹ ਜਾਂਦਾ ਹੈ । ਇਸੇ ਮੱਕੜ ਜਾਲ ਕਰਕੇ ਖੇਤ ਮਜਦੂਰਾਂ-ਕਿਸਾਨਾਂ ਦੀਆਂ ਖੁਦਕੁਸ਼ੀਆਂ ਵਧਦੀਆਂ ਜਾ ਰਹੀਆਂ ਹਨ ।
ਪ੍ਰਮੁੱਖ ਰੋਜਗਾਰ ਦਾਤਾ ਸੈਕਟਰ ਛੋਟੇ ਤੇ ਦਰਮਿਆਨੇ ਉਦਯੋਗ ਅਤੇ ਕਾਰੋਬਾਰ ਤਰਕਹੀਣ ਜੀ ਐਸ ਟੀ ਅਤੇ ਮੂਰਖਾਨਾ ਨੋਟਬੰਦੀ ਦੀ ਮਾਰ ਕਰਕੇ ਭਿਅੰਕਰ ਮੰਦੀ ਦੀ ਮਾਰ ਹੇਠ ਹਨ ਅਤੇ ਛੇਤੀ ਕੀਤਿਆਂ ਇਨ੍ਹਾਂ ਦੇ ਸੰਭਲਣ ਦੇ ਆਸਾਰ ਵੀ ਨਹੀਂ।                                                                             ਇਸ ਸਭ ਕਾਸੇ ਦਾ ਨਤੀਜਾ ਕੀ ਹੋਵੇਗਾ? ਆਮਦਨਾਂ ਅਤੇ ਤਨਖਾਹਾਂ ਵਿੱਚ ਕਟੌਤੀ ਜਾਂ ਖੜੋਤ? ਛਾਂਟੀਆਂ ਅਤੇ ਤਾਲਾਬੰਦੀਆਂ ? ਰੁਜ਼ਗਾਰ ਦੀ ਤਲਾਸ਼ ਦੀ ਨਾਕਾਮ ਕੋਸ਼ਿਸ਼? ਇਸ ਨਿਰਦਈ ਅਤੇ ਨਾ ਬਰਾਬਰੀ ਵਾਲੇ ਢਾਂਚੇ ਵਿੱਚ ਹੋਂਦ ਕਾਇਮ ਰੱਖਣ ਦੀ ਜੱਦੋਜਹਿਦ ‘ਚੋਂ ਪੈਦਾ ਹੋਣ ਵਾਲੀ ਨਿਰਾਸ਼ਾ ਅਤੇ ਖਿੱਝ? ਖੁਦਕੁਸ਼ੀਆਂ? ਪਰਿਵਾਰਾਂ ਦਾ ਟੁੱਟਣਾ ਜਾਂ ਪਰਿਵਾਰਕ ਜੀਆਂ ਦਾ ਅਨੈਤਿਕ ਤੇ ਗੈਰ ਸਮਾਜੀ ਗਤੀਵਿਧੀਆਂ ਵੱਲ ਨੂੰ ਉਲਾਰ ਹੋ ਜਾਣਾ? ਮਨੁੱਖੀ ਭਾਵਨਾਵਾਂ ਤੋਂ ਨਿਰਲੇਪ ਹਕੂਮਤੀ ਜੁਮਲੇਬਾਜ ਇਨ੍ਹਾਂ ਗੱਲਾਂ ਪ੍ਰਤੀ ਬੇਪਰਵਾਹ ਹੋ ਕੇ ਫਰਜ਼ੀ ਅੰਕੜਿਆਂ ਰਾਹੀਂ ਅਨੇਕਾਂ ਕਿਸਮਾਂ ਦੇ ਸਬਜ਼ਬਾਗ ਦਿਖਾਉਂਦੇ ਹਨ। ਪਰ ਕੌੜੀਆਂ ਜਮੀਨੀ ਹਕੀਕਤਾਂ ਇਨ੍ਹਾਂ ਗਪੌੜਸ਼ੰਖੀ ਅਰਥਸ਼ਾਸਤਰੀਆਂ ਦਾ ਮੂੰਹ ਚਿੜ੍ਹਾਉਂਦੀਆਂ ਹਨ। ਸਾਰੇ ਯਤਨਾਂ ਦੇ ਬਾਵਜੂਦ ਜੀ ਡੀ ਪੀ (ਕੁਲ ਘਰੇਲੂ ਪੈਦਾਵਾਰ) ਵਧ ਨਹੀਂ ਰਹੀ । ਮੌਜੂਦਾ ਦੌਰ ਵਿੱਚ ਭਾਰਤ ਦੀ ਕਰੰਸੀ ਦੀ ਹਾਲਤ ਡਾਲਰ ਦੇ ਮੁਕਾਬਲੇ ਸਾਰੇ ਏਸ਼ੀਆਈ ਦੇਸ਼ਾਂ ਨਾਲੋਂ ਲਿੱਸੀ ਹੈ। ਬੁਨਿਆਦੀ ਸਨਅਤੀ ਇਕਾਈਆਂ (ਕੋਰ ਸੈਕਟਰ ) ਦੀ ਪੈਦਾਵਾਰ ਥੱਲੇ ਨੂੰ ਜਾ ਰਹੀ ਹੈ ।
ਅਨੇਕਾਂ ਕਾਰਨ ਇਸ ਚੌਤਰਫਾ ਮੰਦੀ ਦੇ ਗਿਣਾਏ ਜਾ ਸਕਦੇ ਹਨ । ਪਰ ਸਾਰੇ ਕਾਰਨਾਂ ਦੀ ਜੜ ਇੱਕੋ ਵਰਤਾਰਾ ਹੈ । ਜਮਾਤੀ ਰਾਜ ਵਿੱਚ ਧਨ-ਦੌਲਤ  ਕੁੱਝ ਕੁ ਅਮੀਰਾਂ ਕੋਲ ਇਕੱਠੀ ਹੋਣ ਨਾਲ ਬਾਕੀ ਸਾਰੇ ਲੋਕ ਕੰਗਾਲ ਹੋ ਜਾਂਦੇ ਹਨ । ਇਹ ਕੰਗਾਲ ਵਸੋਂ ਆਪਣੀ ਰੋਜਾਨਾ ਜਰੂਰਤ ਦੀਆਂ ਵਸਤਾਂ ਖ੍ਰੀਦਣ ਤੋਂ ਅਸਮਰਥ ਹੋ ਜਾਂਦੀ ਹੈ ਭਾਵ ਲੋਕਾਈ ਦੀ ਖ੍ਰੀਦ ਸ਼ਕਤੀ ਖਤਮ ਹੋ ਜਾਂਦੀ ਹੈ। ਇਸ ਅਵਸਥਾ ਵਿੱਚ ਕਾਰਖਾਨਿਆਂ ਦਾ ਬਣਿਆ ਮਾਲ ਡੰਪ ਹੋ ਜਾਂਦਾ ਹੈ ਭਾਵ ਅਣਵਿਕਿਆ ਰਹਿ ਜਾਂਦਾ ਹੈ। ਉਤਪਾਦਨ ਪ੍ਰਕਿਰਿਆ ਰੁਕ ਜਾਂਦੀ ਹੈ ਅਤੇ ਕਾਰਖਾਨੇਦਾਰ ਕਾਮਿਆਂ ਨੂੰ ਕੰਮ ਤੋਂ ਜਵਾਬ ਦੇ ਦਿੰਦੇ ਹਨ। ਕਲ੍ਹ ਤੱਕ ਦੇ ਰੋਜਗਾਰਯਾਫਤਾ ਕਿਰਤੀ ਇੱਕ ਦਮ ਬੇਰੁਜ਼ਗਾਰਾਂ ਦੀ ਵਿਸ਼ਾਲ ਫੌਜ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਉਹ ਵੀ ਘਟੀ ਹੋਈ ਜਾਂ ਮੁੱਕ ਚੁੱਕੀ ਖ੍ਰੀਦ ਸ਼ਕਤੀ ਲੈ ਕੇ । ਇਸ ਨਾਲ ਅੱਗੋਂ ਹੋਰ ਮੰਦੀ ਫੈਲਦੀ ਹੈ ਅਤੇ ਮੰਦੀ ਹੋਰ ਬੇਕਾਰੀ ਨੂੰ ਜਨਮ ਦਿੰਦੀ ਹੈ। ਇਹ ਕੁਲਹਿਣਾ ਚੱਕਰ ਇਸ ਵੇਲੇ ਆਪਣੇ ‘ਭਾਰਤ ਮਹਾਨ’ ਵਿੱਚ ਚੱਲ ਰਿਹਾ ਹੈ ।
ਇਹ ਭਿਆਨਕ ਸਥਿਤੀ ਉਪਜਣ ਤੋਂ ਡੌਰ-ਭੌਰ ਹੋਏ ਕਿਸੇ ਵੀ ਸਹਿਜ (©orma&) ਇਨਸਾਨ ਦਾ ਪਹਿਲਾ ਪ੍ਰਤੀਕ੍ਰਮ ਇਸ ਹਾਲਾਤ ਲਈ ਜਿੰਮੇਵਾਰ ਸਰਕਾਰ ਅਤੇ ਉਸ ਦੀਆਂ ਨੀਤੀਆਂ ਨੂੰ ਕੋਸਣਾ ਹੋਵੇਗਾ । ਹਾਕਮ ਜਮਾਤਾਂ ਇਸ ਸਹਿਜ ਪ੍ਰਤੀਕਿਰਿਆ ਤੋਂ ਹਮੇਸ਼ਾ ਤ੍ਰਹਿੰਦੀਆਂ ਹਨ । ਇਸੇ ਲਈ ਹਾਕਮ ਜਮਾਤਾਂ ਵਲੋਂ ਲੁੱਟ ਦੇ ਨਿਜ਼ਾਮ ਦੀ ਉਮਰ ਲੰਮੀ ਤੋਂ ਲੰਮੇਰੀ ਕਰਨ ਲਈ ਫੁੱਟ ਪਾਊ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਕਰਨ ਵਾਲੇ ਸੰਗਠਨ ਖੜੇ ਕੀਤੇ ਜਾਂਦੇ ਹਨ । ਬੇਰੁਜ਼ਗਾਰਾਂ ਦੀ ਫੌਜ ਨੂੰ ਰੋਜਗਾਰ ‘ਤੇ ਲੱਗੇ ਕਿਰਤੀਆਂ ਖਿਲਾਫ਼ ਲੜਾਉਣਾ,  ਵੱਖੋ-ਵੱਖ ਧਰਮਾਂ ਨੂੰ ਮੰਨਣ ਵਾਲੇ ਕਿਰਤੀਆਂ ਨੂੰ ਇੱਕ-ਦੂਜੇ ਦੇ ਦੁਸ਼ਮਣ ਬਣਾ ਦੇਣਾ,  ਨਸਲ-ਜਾਤੀ-ਭਾਸ਼ਾ-ਖੇਤਰ ਆਦਿ ਦੇ ਨਾਂਅ ‘ਤੇ ਸ਼ਾਵਨਵਾਦੀ ਮਾਨਸਿਕਤਾ ਨੂੰ ਹਵਾ ਦੇਣੀ ਆਦਿ ਇਨ੍ਹਾਂ ਵੱਖਵਾਦੀ ਸੰਗਠਨਾਂ ਦੀਆਂ ‘ਵਿਸ਼ੇਸ਼ਤਾਈਆਂ’ ਹਨ । ਸਰਹੱਦਾਂ ਤੇ ਤਣਾਓ,  ਗੁਆਂਢੀ ਦੇਸ਼ਾਂ ਦੇ ਲੋਕਾਂ ਖਿਲਾਫ਼ ਨਫਰਤੀ ਪਰਚਾਰ ਅਤੇ ਜੰਗ ਦਾ ਸਵੈ ਸਿਰਜਿਆ ਕਾਲਪਨਿਕ ਵਾਤਾਵਰਣ ਆਦਿ ਵੀ ਇਨ੍ਹਾਂ ਅਖੌਤੀ ਰਾਸ਼ਟਰਵਾਦੀਆਂ ਦੇ ਕਾਰਗਰ ਹਥਿਆਰ ਹਨ । ਇਹ ਸਾਰਾ ਕੁੱਝ ਵਰਤਕੇ ਇਹ ਸੰਗਠਨ ਕਾਣੀ ਵੰਡ ‘ਤੇ ਆਧਾਰਿਤ ਸਿਸਟਮ ਦੀ ਲਾਜਮੀ ਪੈਦਾਵਾਰ ਚੌਤਰਫਾ ਮੰਦੀ, ਬੇਰੁਜ਼ਗਾਰੀ ਅਤੇ ਕੰਗਾਲੀ ਤੋਂ ਲੋਕਾਂ ਦਾ ਧਿਆਨ ਲਾਂਭੇ ਰਖਦੇ ਹਨ । ਭਾਰਤ ਵਾਸੀਆਂ ਦੇ ਮੰਦੇ ਭਾਗਾਂ ਨੂੰ ਇਹ ਸੰਗਠਨ ਅੱਜ ਹਾਕਮ ਜਮਾਤੀ ਪਾਰਟੀਆਂ ਦੇ ਹੱਥ ਠੋਕਿਆਂ ਤੋਂ ‘ਤਰੱਕੀ’ ਕਰਕੇ ਖੁਦ ਰਾਜ ਕਰਦੀ ਪਾਰਟੀ ਬਣ ਗਏ ਹਨ ਅਤੇ ਉਹ ਵੀ ਭਾਰੀ ਬਹੁਮਤ ਨਾਲ ।
ਇਹ ਆਸ ਕਰਨੀ ਫਜ਼ੂਲ ਹੈ ਕਿ ਮੋਦੀ ਸਰਕਾਰ ਦੇ ਰਾਜ ਭਾਗ ਦੌਰਾਨ ਉਕਤ ਮੰਦਵਾੜੇ ਅਤੇ ਉਸ ਦੇ ਖਤਰਨਾਕ ਨਤੀਜਿਆਂ ਦਾ ਕੋਈ ਸਮਾਧਾਨ ਨਿਕਲੇਗਾ । ਇਹ ਸਰਕਾਰ ਕੇਵਲ ਤੇ ਕੇਵਲ ਸਾਮਰਾਜੀ ਲੋਟੂਆਂ ਅਤੇ ਉਨ੍ਹਾਂ ਦੀਆਂ ਜੋਟੀਦਾਰ ਭਾਰਤੀ ਹਾਕਮ ਜਮਾਤਾਂ, ਅਜਾਰੇਦਾਰ ਪੂੰਜੀਪਤੀਆਂ ਅਤੇ ਜਗੀਰਦਾਰਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਇਹ ਹਕੂਮਤ ਤਾਂ ਬੜੀ ਛੇਤੀ ਰੇਲਵੇ ਅਤੇ ਕੌਮੀ ਮਹੱਤਵ ਦੇ ਹੋਰ ਜਨਤਕ ਅਦਾਰਿਆਂ ‘ਚੋਂ ਲੱਖਾਂ ਕਾਮਿਆਂ ਦੀ ਛਾਂਟੀ ਕਰਨ ਜਾ ਰਹੀ ਹੈ। ਇਹ ਨੀਤੀ ‘ਚੋਂ ਪੈਦਾ ਹੋਣ ਵਾਲੀ ਬੇਚੈਨੀ ਦੇ ਸੇਕ ਤੋਂ ਬਚਣ ਲਈ ਇਹ ਹਕੂਮਤ ਜਿਆਦਾ ਤੋਂ ਜਿਆਦਾ ਫਿਰਕੂ-ਸ਼ਾਵਨਵਾਦੀ, ਭੜਕਾਊ ਮੁੱਦਿਆਂ ਨੂੰ ਲੋਕ ਮਨਾਂ ‘ਚ ਗੰਧਲਾਪਣ ਪੈਦਾ ਕਰਨ ਲਈ ਉਛਾਲੇਗੀ। ਫਿਰਕੂ ਭੀੜਾਂ ਵਲੋਂ ਘੱਟ ਗਿਣਤੀ ਫਿਰਕੇ ਨਾਲ ਸਬੰਧਤ ਵਿਅਕਤੀਆਂ ਦੇ ਬੇਦਰਦ ਕਤਲ, ਘੱਟ ਗਿਣਤੀਆਂ ਖਿਲਾਫ਼ ਘਿਰਣਾ ਪੈਦਾ ਕਰਨ ਵਾਲਾ ਕੂੜ ਪ੍ਰਚਾਰ, ਪ੍ਰਸ਼ਾਸਕੀ ਕਦਮਾਂ ਰਾਹੀਂ ਘੱਟ ਗਿਣਤੀਆਂ ਨਾਲ ਧੱਕਾ ਅਤੇ ਉਨ੍ਹਾਂ ਦਾ ਆਮ ਧਾਰਾ ਚੋਂ ਨਿਖੇੜਾ, ਔਰਤਾਂ-ਦਲਿਤਾਂ ਖਿਲਾਫ਼ ਅਮਾਨਵੀ ਅਤਿਆਚਾਰ ਅਤੇ ਵਿਤਕਰੇ ਦੀਆਂ ਕਾਰਵਾਈਆਂ ‘ਚ ਵਾਧਾ ਇਸ ਸਰਕਾਰ ਕੋਲ ਮੌਜੂਦ ਸੁਲਭ ਹਥਿਆਰ ਹਨ । ਆਪਣੀਆਂ ਜਮਾਤੀ ਸੀਮਾਵਾਂ ਸਦਕਾ  ਅਖੌਤੀ ਮੱਧ ਮਾਰਗੀ ਪਾਰਟੀਆਂ ਅਤੇ ਇਨ੍ਹਾਂ ਦੇ ਮੌਕਾਪ੍ਰਸਤ ਆਗੂ ਆਪਣਾ ਰਵਾਇਤੀ ਮਾਰਗ ਛੱਡ ਕੇ  ‘ਨਾਗਪੁਰ’ ਨੂੰ ਜਾਂਦੇ ਮਾਰਗ ਪੈ ਗਏ ਹਨ । ਇਸ ਲਈ ਹੁਣ ਮੁੱਖ ਜਿੰਮੇਵਾਰੀ  ਖੱਬੀ-ਪ੍ਰਗਤੀਸ਼ੀਲ ਲਹਿਰ ਦੇ ਸਿਰ ਆਣ ਪਈ ਹੈ । ਸਾਰਾ ਦਾਰੋਮਦਾਰ ਇਸ ਗੱਲ ਤੇ ਟਿਕਿਆ ਹੈ ਕਿ ਇਸ ਗੰਭੀਰ ਅਤੇ ਖਤਰਨਾਕ ਅਵਸਥਾ ਦਾ ਟਾਕਰਾ ਕਰਨ ਹਿਤ ਖੱਬੀ ਧਿਰ ਕੋਈ ਇੱਕਜੁਟ ਪਹਿਲਕਦਮੀ ਕਰੇਗੀ? ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਸੰਘ-ਭਾਜਪਾ ਲੰਮੇ ਸਮੇਂ ਤੱਕ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਣਗੇ ਅਤੇ ਲੋਕੀਂ ਅੰਤ ਨੂੰ ਆਪਣੇ ਅਸਲੀ ਮੁੱਦਿਆਂ ਲਈ ਲੜਣਗੇ। ਇਹ ਅਵੇਸਲਾਪਨ ਬਹੁਤ ਘਾਤਕ ਸਿੱਧ ਹੋਵੇਗਾ। ਸੰਗਠਿਤ ਪ੍ਰਤੀਰੋਧ ਤੋਂ ਬਿਨਾਂ ਸੰਘ-ਭਾਜਪਾ ਦੇ ਮਾੜੇ ਮਨਸੂਬੇ ਲੋਕਾਂ ਸਾਹਵੇਂ ਬੇਪਰਦ ਨਹੀਂ ਕੀਤੇ ਜਾ ਸਕਣੇ। ਇਹ ਸਮਰੱਥਾ ਅਤੇ ਫਿਰਕੂ ਫਾਸ਼ੀਵਾਦ ਖਿਲਾਫ ਵਿਚਾਰਧਾਰਕ ਸਪਸ਼ਟਤਾ ਇੱਕਜੁਟ ਖੱਬੇ ਪੱਖ ਤੋਂ ਬਗੈਰ ਕਿਸੇ ਕੋਲ ਨਹੀਂ। ਭੁੱਲਣਾ ਨਹੀਂ ਚਾਹੀਦਾ  ਕਿ ਹਜ਼ੂਮੀ ਕਤਲਾਂ,  ਬਾਬਰੀ ਮਸਜਿਦ ਢਾਹੁਣ,  ਫਿਰਕੂ ਦੰਗਿਆਂ ਅਤੇ ਨਫਰਤੀ ਗੁਨਾਹਾਂ ਆਦਿ ਲਈ ਸੰਘੀ ਸੰਗਠਨਾਂ ਵਲੋਂ ਚੋਖੀ ਗਿਣਤੀ ਉਨ੍ਹਾਂ ਨੌਜਵਾਨਾਂ ਦਾ ਦੁਰਉਪਯੋਗ ਕੀਤਾ ਜਾਂਦਾ ਹੈ ਜਿਹੜੇ ਮਜਦੂਰ ਪਰਿਵਾਰਾਂ ਨਾਲ ਸਬੰਧਤ ਹਨ । ਚੇਤੇ ਰਹੇ ਜੇ ਖੱਬੀ ਪ੍ਰਗਤੀਸ਼ੀਲ ਲਹਿਰ ਅਗਾਂਹ ਵਧੇਗੀ ਤਾਂ ਮਜਦੂਰ ਪਰਿਵਾਰਾਂ ਚੋਂ  ਕਨ੍ਹਈਆ ਕੁਮਾਰ ਜਿਹੇ ਨੌਜਵਾਨ ਤਿਆਰ ਹੋਣਗੇ ਅਤੇ ਜੇ ਫਿਰਕੂ ਫਾਸ਼ੀਵਾਦ ਹੋਰ ਮਜਬੂਤੀ ਫੜਦਾ ਹੈ ਤਾਂ ਸ਼ੰਭੂ ਲਾਲ ਰੇਗਰ ਵਰਗੇ ਵਹਿਸ਼ੀ ਫਿਰਕਾਪ੍ਰਸਤ ਤਿਆਰ ਹੋਣਗੇ। ਆਰਥਕ ਮੰਦਵਾੜੇ ਨੂੰ ਉਕਤ ਗੰਭੀਰ ਨਜ਼ਰੀਏ ਤੋਂ ਸਮਝਣ ਅਤੇ ਦਖਲ ਦੇਣ ਦੀ ਲੋੜ ਹੈ।

Scroll To Top