Now Reading
ਆਮ ਆਦਮੀ ਪਾਰਟੀ ਦੀ ਟੁੱਟ-ਭੱਜ ਕਿਓਂ?

ਆਮ ਆਦਮੀ ਪਾਰਟੀ ਦੀ ਟੁੱਟ-ਭੱਜ ਕਿਓਂ?

ਮੰਗਤ ਰਾਮ ਪਾਸਲਾ

ਪੰਜਾਬ ਦੀ ਅਸੰਬਲੀ ਵਿਚ ਮੁੱਖ ਵਿਰੋਧੀ ਪਾਰਟੀ ‘ਆਪ’ ਦੀ ਹਾਲਤ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਤੇ ਉਸਦੇ ਸਹਿਯੋਗੀਆਂ ਵਲੋਂ ਦਿੱਲੀ ਦੀਆਂ ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਨਾਲ ਇਮਾਨਦਾਰੀ, ਭਾਈਚਾਰਕ ਸਾਂਝ, ਪਾਰਦਰਸ਼ਤਾ, ਜਮਹੂਰੀਅਤ, ‘ਲੋਕਸ਼ਾਹੀ’ ਦੀ ਮਜ਼ਬੂਤੀ, ਲੋੜਵੰਦਾਂ ਨੂੰ ਸਿਹਤ ਸੇਵਾਵਾਂ, ਵਿਦਿਆ, ਸਮਾਜਿਕ ਸੁਰੱਖਿਆ ਆਦਿ ਪ੍ਰਦਾਨ ਕਰਨ ਤੇ ਔਰਤਾਂ ਦੀ ਸੁਰੱਖਿਆ ਬਾਰੇ ਕੀਤੇ ਸਾਰੇ ਵਾਅਦੇ ਹਵਾ ‘ਚ ਉਡ-ਪੁਡ ਗਏ ਹਨ। ਦੇਸ਼ ਵਿਚ ਲੋਕ ਰਾਜ ਨੂੰ ਖ਼ਤਰਿਆਂ ਬਾਰੇ ਦੁਹਾਈ ਦੇਣ ਵਾਲੀ ‘ਆਪ’ ਨੇ ਆਪਣੀ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਨੂੰ ਨੁੱਕਰੇ ਲਾ ਦਿੱਤਾ ਹੈ। ਕਈ ‘ਆਪ’ ਆਗੂਆਂ ‘ਤੇ ਭਰਿਸ਼ਟਾਚਾਰੀ ਤੇ ਅਨੈਤਿਕ ਕਾਰਵਾਈਆਂ ਦੇ ਦੋਸ਼ ਲੱਗ ਰਹੇ ਹਨ। ਪੰਜਾਬ ਅੰਦਰ ਪਾਰਲੀਮੈਂਟ ਤੇ ਅਸੈਂਬਲੀ ਚੋਣਾਂ ‘ਚ ਪ੍ਰਾਪਤ ਕੀਤੀ ਵੱਡੀ ਲੋਕ ਹਮਾਇਤ ਤੇ ਸਦਭਾਵਨਾ ਨਾਲ ਹਕੀਕੀ ਤੌਰ ‘ਤੇ ‘ਆਪ’ ਦੇ ਆਗੂਆਂ ਨੇ ਦਗ਼ਾ ਕਮਾਇਆ ਹੈ। ਲੋਕਾਂ ਦੇ ਮਸਲੇ ਹੱਲ ਕਰਨ ਲਈ ਸਾਂਝੀ ਜਨਤਕ ਲਾਮਬੰਦੀ ਕਰਨ ਦੀ ਥਾਂ ਇਸਦੇ ਨੇਤਾ ਡਰਾਮੇਬਾਜ਼ੀ ਕਰਨ ਵਿਚ ਵਧੇਰੇ ਦਿਲਚਸਪੀ ਦਿਖਾ ਰਹੇ ਹਨ।
ਪੰਜਾਬ ਦੀ ‘ਆਪ’ ਦੋ ਧੜਿਆਂ ਵਿਚ ਵੰਡੀ ਗਈ ਹੈ, ਪ੍ਰੰਤੂ ਇਸ ਫੁੱਟ ਦਾ ਕਿਸੇ ਸਿਧਾਂਤ ਜਾਂ ਲੋਕਾਂ ਦੀ ਸੇਵਾ ਨਾਲ ਦੂਰ ਦਾ ਵੀ ਸੰਬੰਧ ਨਹੀਂ ਹੈ। ਲੜਾਈ ਸਿਰਫ ਤੇ ਸਿਰਫ ਸੱਤਾ, ਅਹੁਦੇ, ਚੌਧਰ ਤੇ ਪੈਸੇ ਦੀ ਹੈ। ਉਹ ਵਲੰਟੀਅਰ, ਜਿਨ੍ਹਾਂ ਨੇ ‘ਆਪ’ ਦੀ ਕਾਇਮੀ ਲਈ ਤੇ ਇਸ ਦੇ ਪੱਖ ਵਿਚ ਜਨਤਕ ਹਮਾਇਤ ਜੁਟਾਉਣ ਵਿਚ ਵੱਡਾ ਹਿੱਸਾ ਪਾਇਆ ਸੀ, ‘ਆਪ’ ਨੇਤਾਵਾਂ ਦੀ ਕਾਰਗੁਜ਼ਾਰੀ ਦੇਖ ਕੇ ਮਾਯੂਸ ਤੇ ਦੋਚਿੱਤੀ ਦੇ ਨਾਲ-ਨਾਲ ਡਾਢੇ ਗੁੱਸੇ ਵਿਚ ਵੀ ਹਨ। ਬਹੁਤ ਸਾਰੇ ‘ਵਲੰਟੀਅਰਜ਼’ ਨੇ ‘ਆਪ’ ਦੇ ਲੋਕ ਲੁਭਾਊ ਪ੍ਰੰਤੂ ਹਵਾਈ, ਗੈਰ ਵਿਗਿਆਨਕ ਤੇ ਭੁਲੇਖਾ ਪਾਉਣ ਵਾਲੇ ਨਾਅਰਿਆਂ ਦੇ ਪ੍ਰਭਾਵ ਹੇਠਾਂ ਆ ਕੇ ਨੌਕਰੀਆਂ  ਤਿਆਗੀਆਂ, ਧਨ ਤੇ ਸਮੇਂ ਦੀ ਕੁਰਬਾਨੀ ਕੀਤੀ ਅਤੇ ਰਾਤ-ਦਿਨ ਇਕ ਕਰਕੇ ‘ਆਪ’ ਨੂੰ ਮਜ਼ਬੂਤ ਕਰਨ ਵਿਚ ਵੱਡਾ ਯੋਗਦਾਨ ਪਾਇਆ। ਬਹੁਤ ਸਾਰੇ ਅਗਾਂਹਵਧੂ ਤੇ ਜਮਹੂਰੀ ਸੋਚਣੀ ਵਾਲੇ ਬੁੱਧੀਜੀਵੀ, ਲਿਖਾਰੀ ਤੇ ਦਰਮਿਆਨੀਆਂ ਜਮਾਤਾਂ ਦੇ ਖੱਬੇ ਪੱਖੀ ਤੇ ਅਗਾਂਹਵਧੂ ਰਾਜਨੀਤਕ ਵਿਚਾਰਾਂ ਦੇ ਪੈਰੋਕਾਰ ਜਜ਼ਬਾਤੀ ਲੋਕਾਂ ਨੇ ‘ਆਪ’ ਦੇ ਇਕ ਹਕੀਕੀ ਲੋਕ ਪੱਖੀ ਦਲ ਹੋਣ ਦਾ ਭਰਮ ਪਾਲ ਲਿਆ। ਵਿਦੇਸ਼ਾਂ ਵਿਚ ਬੈਠੇ ਭਾਰਤੀਆਂ ਨੇ ਤਾਂ ਆਪਣੀ ਕਿਰਤ ਕਮਾਈ ਵਿਚੋਂ ‘ਆਪ’ ਲਈ ਧਨ ਦੀਆਂ ਥੈਲੀਆਂ ਦੇ ਮੂੰਹ ਹੀ ਖੋਲ੍ਹ ਦਿੱਤੇ। ਬਹੁਤ ਸਾਰੇ ਸੱਜਣ ਸਮੇਂ ਦੇ ਵੇਗ ਵਿਚ ਵਹਿ ਕੇ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਪੀ.ਪੀ.ਪੀ. ਤੇ ਬਾਅਦ ਵਿਚ ‘ਆਪ’ ਦੇ ਐਨੇ ਅੰਨ੍ਹੇ ਭਗਤ ਸੱਜ ਗਏ ਕਿ ਉਹ ਕਮਿਊਨਿਸਟ ਪਾਰਟੀਆਂ ਤੇ ਖੱਬੇਪੱਖੀ ਸੰਘਰਸ਼ਸ਼ੀਲ ਧਿਰਾਂ ਨੂੰ ‘ਆਪ’ ਸੰਗ ਚੱਲਣ ਦੀਆਂ ਮੱਤਾਂ ਦੇਣ ਦੀ ਹੱਦ ਤੱਕ ਚਲੇ ਗਏ।
‘ਆਪ’ ਦੇ ਨੇਤਾਵਾਂ ਵਿਚੋਂ ਹੁਣ ਕੋਈ ਪੰਜਾਬ ਨੂੰ ‘ਸੂਬਾਈ ਖੁਦਮੁਖਤਿਆਰੀ’ ਦੇਣ, ਤੇ ਕੋਈ ਅਫੀਮ ਡੋਡਿਆਂ ਦੀ ਖੇਤੀ ਕਰਕੇ ਪੰਜਾਬ ਦੀ ਤਰਸਯੋਗ ਅਵਸਥਾ ਨੂੰ ਸੁਧਾਰਨ ਦੀਆਂ ਦਲੀਲਾਂ ਦੇ ਰਿਹਾ ਹੈ। ਕਈ ‘ਆਪ’ ਆਗੂ ਤਾਂ ਆਪਣੇ ਆਪ ਹੀ ਸਿੱਖਾਂ ਦੇ ਹਿੱਤਾਂ ਦੇ ‘ਵੱਡੇ ਪਹਿਰੇਦਾਰ’ ਹੋਣ ਦੇ ਦਾਅਵੇਦਾਰ ਬਣੀ ਜਾ ਰਹੇ ਹਨ। ਉਂਝ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਪੰਜਾਬ ਦੇ ‘ਆਪ’ ਆਗੂਆਂ ਤੱਕ ਸਾਰੇ ਹੀ ਪੰਜਾਬ ਦੇ ਮੁੱਠੀ ਭਰ ਗਰਮਦਲੀਏ ਸਿੱਖਾਂ ਦੇ ਪੂਰਨ ਰੂਪ ਵਿਚ ਹਮਾਇਤੀ ਰਹੇ ਹਨ, ਜਿਨ੍ਹਾਂ ਨੇ ਪੰਜਾਬ ਦੀ ਭਾਈਚਾਰਕ ਸਾਂਝ, ਸਿੱਖ ਹਿੱਤਾਂ ਤੇ ਜਮਹੂਰੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਹੈ। ਹੁਣ ਵੀ ਅਜਿਹੇ ‘ਗਰਮਦਲੀਏ ਸਿੱਖ ਆਗੂ’ ਕੋਈ ਸਾਰਥਕ ਕੰਮ ਜਾਂ ਪੀੜਤ ਲੋਕਾਈ ਨੂੰ ਇਕਜੁਟ ਕਰਕੇ ਹਾਕਮਾਂ ਵਿਰੁੱਧ ਜ਼ੋਰਦਾਰ ਜਨਤਕ ਲਹਿਰ ਖੜੀ ਕਰਨ ਦੀ ਥਾਂ ਧਾਰਮਕ ਮੁੱਦਿਆਂ ਦੇ ਪਰਦੇ ਹੇਠਾਂ ਫਿਰਕਾਪ੍ਰਸਤੀ ਫੈਲਾਉਣ ਤੇ ਅੱਤਵਾਦ ਦਾ ਮਾਹੌਲ ਪੈਦਾ ਕਰਨ ਦੀ ਤਾਕ ਵਿਚ ਹਨ ਅਤੇ ਹਾਕਮਾਂ ਦੇ ਇਸ਼ਾਰਿਆਂ ‘ਤੇ ਫੁੱਟ ਪਾਊ ਕਾਰਵਾਈਆਂ ਕਰਨ ਵਿਚ ਮਸਰੂਫ ਹਨ। ‘ਆਪ’ ਦੇ ਦੋਨੋਂ ਧੜੇ ਕਿਸੇ ਵੀ ਦੂਸਰੀ ਲੋਕ ਪੱਖੀ ਰਾਜਨੀਤਕ ਧਿਰ ਨਾਲ ਮਿਲਕੇ ਅਜੋਕੇ ਲੁੱਟ-ਖਸੁੱਟ ਦੇ ਢਾਂਚੇ ਵਿਰੁੱਧ ਕੋਈ ਹਕੀਕੀ ਰਾਜਸੀ ਮੁਤਬਾਦਲ ਉਸਾਰਨ ਤੇ ਇਸ ਮਨੋਰਥ ਲਈ ਲੋੜੀਂਦੀ ਸਾਂਝੀ ਲੋਕ ਲਹਿਰ ਖੜੀ ਕਰਨ ਤੋਂ ਇਨਕਾਰੀ ਹੋਣ ਦਾ ਵਾਰ-ਵਾਰ ਐਲਾਨ ਕਰ ਰਹੇ ਹਨ। ਅਜਿਹਾ ਕਰਨ ਨਾਲ ਉਹ ਇਕੱਲਿਆਂ ਆਪਣੀ ਮਰਜ਼ੀ ਅਨੁਸਾਰ ਹਾਕਮ ਧਿਰਾਂ ਨਾਲ ਗਿੱਟ-ਮਿੱਟ ਕਰ ਸਕਣਗੇ, ਜੋ ਕਈ ਵਾਰ ਸਾਂਝੀਆਂ ਲਹਿਰਾਂ ਵਿਚ ਸੰਭਵ ਨਹੀਂ ਹੁੰਦਾ। ਆਪਣੀਆਂ ਵਿਰੋਧੀ ਧਿਰਾਂ ਦੇ ਆਗੂਆਂ ਵਿਰੁੱਧ ਰਿਸ਼ਵਤਖੋਰੀ, ਨਸ਼ਾ ਤਸਕਰੀ ਵਰਗੇ ਇਲਜ਼ਾਮ ਲਗਾਉਣ ਵਾਲੇ ਸ੍ਰੀ ਕੇਜਰੀਵਾਲ ਤੇ ਉਸਦੇ ਸਹਿਯੋਗੀ ਸਮਾਂ ਆਉਣ ‘ਤੇ ਇਸਤੋਂ ਮੁਨੱਕਰ ਹੋ ਗਏ। ਇਸ ਤੋਂ ਵੱਡੀ ਸੇਵਾ ਭਰਿਸ਼ਟ ਤੇ ਲੋਕ ਵਿਰੋਧੀ ਹਾਕਮ ਪਾਰਟੀਆਂ ਦੇ ਆਗੂਆਂ ਦੀ ਹੋਰ ਕੀ ਹੋ ਸਕਦੀ ਹੈ?
‘ਆਪ’ ਦੀ ਅਧੋਗਤੀ ਦਾ ਵੱਡਾ ਕਾਰਨ ਇਸਦੀ ਜਮਾਤੀ ਬਣਤਰ ਤੇ ਸੋਚ ਹੈ। ਕਾਰਪੋਰੇਟ ਘਰਾਣਿਆਂ ਤੇ ਜਾਗੀਰਦਾਰ ਜਮਾਤ ਦੇ ਹਿੱਤਾਂ ਦੀ ਰਾਖੀ ਕਰ ਰਹੀ ਮੌਜੂਦਾ ਸਰਕਾਰ ਬਾਰੇ ‘ਆਪ’ ਦਾ ਵਤੀਰਾ ਜਮਾਤੀ ਨਜ਼ਰੀਏ ਤੋਂ ਮਿੱਤਰਤਾ ਪੂਰਨ ਹੈ।
ਸਾਮਰਾਜ ਨਿਰਦੇਸ਼ਤ ਆਰਥਿਕ ਨੀਤੀਆਂ ‘ਤੇ ਖੁੱਲ੍ਹੀ ਮੰਡੀ ਦੇ ਹਮਾਇਤੀ ਬਹੁਤ ਸਾਰੇ ਸੱਜਣਾਂ ਨੂੰ ‘ਆਪ’ ਨੇ ਲੋਕ ਸਭਾ ਟਿਕਟਾਂ ਨਾਲ ਨਿਵਾਜ਼ਿਆ। ‘ਆਪ’ ਆਗੂ ਸੀ.ਆਈ.ਆਈ. ਵਰਗੀਆਂ ਵੱਡੇ ਸਰਮਾਏਦਾਰਾਂ ਦੀਆਂ ਐਸੋਸੀਏਸ਼ਨਾਂ ਅੰਦਰ ਉਨ੍ਹਾਂ ਦੇ ਹਮਾਇਤੀ ਹੋਣ ਦਾ ਭਰੋਸਾ ਦੁਆਉਂਦੇ ਰਹੇ। ਇਸਦੇ ਇਵਜ਼ਾਨੇ ਵਜੋਂ ਦੇਸ਼ ਦੇ ਧਨਾਢਾਂ ਨੇ ‘ਆਪ’ ਨੂੰ ਫੰਡਾਂ ਦੇ ਗੱਫੇ ਦਿੱਤੇ ਅਤੇ ਇਲੈਕਟਰਾਨਿਕ ਮੀਡੀਆ ਰਾਹੀਂ ‘ਆਪ’ ਦੀਆਂ ਸਰਗਰਮੀਆਂ ਤੇ ਵਿਚਾਰਾਂ ਦਾ ਜ਼ੋਰਦਾਰ ਪ੍ਰਚਾਰ ਕੀਤਾ। ਟੀ.ਵੀ. ਤੇ ਦੇਸ਼ ਦੀਆਂ ਦੋ ਵੱਡੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ, ਭਾਜਪਾ ਤੇ ਕਾਂਗਰਸ ਦੇ ਐਨ ਬਰਾਬਰ ‘ਆਪ’ ਬੁਲਾਰਿਆਂ ਨੂੰ ਥਾਂ ਮਿਲਣ ਤੋਂ ਸਾਫ਼ ਜਾਹਰ ਹੁੰਦਾ ਸੀ ਕਿ ਦਾਲ ਵਿਚ ਕੁਝ ਕਾਲਾ ਜ਼ਰੂਰ ਹੈ। ‘ਆਪ’ ਦਾ ਇਕ ਵੀ ਨੀਤੀਗਤ ਬਿਆਨ ਲੁਟੇਰੀਆਂ ਸ਼੍ਰੇਣੀਆਂ ਦੀਆਂ ਲੋਕ-ਮਾਰੂ ਆਰਥਿਕ ਨੀਤੀਆਂ ਵਿਰੁੱਧ ਦੇਖਣ-ਸੁਣਨ ਨੂੰ ਨਹੀਂ ਮਿਲਿਆ। ਸ੍ਰੀ ਕੇਜਰੀਵਾਲ ਤਾਂ ਆਪਣੇ ਆਪ ਨੂੰ ‘ਯੋਗ ਬਾਣੀਆਂ’ ਸਿੱਧ ਕਰਨ ਵਿਚ ਮਾਣ ਮਹਿਸੂਸ ਕਰਦੇ ਸਨ, ਜੋ ਹਮੇਸ਼ਾ ਮੁਨਾਫ਼ੇ ਦਾ ਸੌਦਾ ਹੀ ਕਰਦਾ ਹੈ। ਧਰਮ ਨਿਰਪੱਖਤਾ ਦੇ ਅਸੂਲਾਂ ਬਾਰੇ ਵੀ ‘ਆਪ’ ਆਗੂ ਹਾਕਮ ਜਮਾਤਾਂ ਦੀਆਂ ਬਾਕੀ ਪਾਰਟੀਆਂ ਵਾਂਗੂੰ ਹਮੇਸ਼ਾ ਡਗਮਗਾਉਂਦੇ ਨਜ਼ਰੀਂ ਆਏ।
ਅੱਜ ਤੱਕ ਦੀ ਸਥਿਤੀ ਅੰਦਰ ਨਹੀਂ ਜਾਪਦਾ ਕਿ ‘ਆਪ’ ਆਗੂ ਆਪਣੇ ਅਤੀਤ ਦੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਕੋਈ ਦਰੁਸਤ ਰਸਤਾ ਅਪਣਾਉਣ ਤੇ ਸੱਤਾ ਦੀ ਭੁੱਖ ਨੂੰ ਤਿਆਗ ਕੇ ਲੋਕ ਮੁੱਦਿਆਂ ਉਪਰ ਅਧਾਰਤ ਸਾਂਝੀਆਂ ਜਨਤਕ ਕਾਰਵਾਈਆਂ ਲਈ ਸੰਘਰਸ਼ਸ਼ੀਲ ਰਾਜਨੀਤਕ ਧਿਰਾਂ ਨਾਲ ਕੋਈ ਸਾਂਝ ਕਾਇਮ ਕਰਨ। ‘ਆਪ’ ਦੇ ਬਹੁਤ ਸਾਰੇ ਪ੍ਰਤੀਬੱਧ ਤੇ ਇਮਾਨਦਾਰ ਵਲੰਟੀਅਰ ‘ਆਪ’ ਦੀ ਮੌਜੂਦਾ ਕਲ੍ਹਾ ਤੋਂ ਪ੍ਰੇਸ਼ਾਨ ਹੋ ਕੇ ਰਾਜਨੀਤੀ ਤੋਂ ਕਿਨਾਰਾਕਸ਼ੀ ਕਰਕੇ ਘਰੀਂ ਬੈਠ ਰਹੇ ਹਨ ਤੇ ਅਨੇਕਾਂ ਉਨ੍ਹਾਂ ਦੂਸਰੀਆਂ ਰਾਜਨੀਤਕ ਪਾਰਟੀਆਂ ਦੇ ਖੇਮੇ ਵਿਚ ਜਾ ਰਹੇ ਹਨ, ਜਿਨ੍ਹਾਂ ਨੂੰ ਉਹ ਪਾਣੀ ਪੀ-ਪੀ. ਕੇ ਕੋਸਦੇ ਨਹੀਂ ਸਨ ਥੱਕਦੇ। ‘ਆਪ’ ਅੰਦਰ ਅਜੇ ਉਹ ਵਲੰਟੀਅਰ ਵੀ ਮੌਜੂਦ ਹਨ, ਜੋ ਇਸ ਪਾਰਟੀ ਦੀ ਮੁੜ ਲੋਕ-ਪੱਖੀ ਦਿੱਖ ਬਣਨ ਅਤੇ ਸੱਤਾਧਾਰੀ ਹੋਣ ਦੀ ਆਸ ਲਾਈ ਬੈਠੇ ਹਨ!
ਸਾਡੀ ਨਜ਼ਰੇ ਇਹ ਤਿੰਨੇ ਰਾਹ ਹੀ ਗਲਤ ਹਨ। ਬਿਨਾਂ ਕਿਸੇ ਲੋਕ ਪੱਖੀ ਵਿਚਾਰਧਾਰਾ, ਹਕੀਕੀ ਅਮਲ ਤੇ ਨਿਰਸਵਾਰਥ ਕੁਰਬਾਨੀ ਕਰਨ ਦੀ ਭਾਵਨਾ ਤੋਂ, ਸਿਰਫ ਭਾਵਨਾਤਮਕ ਨਾਅਰਿਆਂ ਰਾਹੀਂ ਲੋਕ ਹਮਾਇਤ ਜੁਟਾ ਕੇ ਸੱਤਾ ਦੇ ਗਲਿਆਰਿਆਂ ਤੱਕ ਪੁੱਜਣ ਦੀ ਆਸ ਲਾਉਣ ਵਾਲੀ ਕਿਸੇ ਵੀ ਰਾਜਸੀ ਪਾਰਟੀ ਦਾ ਹਸ਼ਰ ਮੌਜੂਦਾ ‘ਆਪ’ ਵਰਗਾ ਹੀ ਹੋਵੇਗਾ। ਮੌਜੂਦਾ ਭਰਿਸ਼ਟ ਤੇ ਲੋਕ ਵਿਰੋਧੀ ਸਥਾਪਤੀ ਨੂੰ ਉਖਾੜਨਾ ਤੇ ਇਸਦੀ ਜਗ੍ਹਾ ਇਕ ਹਕੀਕੀ ਲੋਕ ਪੱਖੀ ਮੁਤਬਾਦਲ ਉਸਾਰਨਾ ਕੋਈ ਕੌਫ਼ੀ ਹਾਊਸ ‘ਚ ਕੀਤੀ ਗਲਬਾਤ ਵਰਗੀ ਚੀਜ਼ ਨਹੀਂ ਹੈ ਤੇ ਨਾ ਹੀ ਇਹ ਨਿਸ਼ਾਨਾ ਸੋਸ਼ਲ ਮੀਡੀਏ ਰਾਹੀਂ ਪ੍ਰਚਾਰ ਕਰਕੇ ਪੜ੍ਹੇ ਲਿਖੇ ਨੌਜਵਾਨਾਂ, ਮੁਲਾਜ਼ਮਾਂ ਤੇ ਦਰਮਿਆਨੇ ਤਬਕੇ ਦੇ ਲੋਕਾਂ ਨੂੰ ਭੁਚਲਾਉਣ ਨਾਲ ਹਾਸਲ ਕੀਤਾ ਜਾ ਸਕਦਾ ਹੈ। ਇਸ ਵਾਸਤੇ ਇਕ ਲੰਬੇ, ਸਿਰੜੀ, ਕੁਰਬਾਨੀਆਂ ਭਰਪੂਰ ਤੇ ਨਿਰੰਤਰ ਸਾਂਝੇ ਲੋਕ ਪੱਖੀ ਸੰਘਰਸ਼ਾਂ ਦੀ ਜ਼ਰੂਰਤ ਹੁੰਦੀ ਹੈ, ਜੋ ਇਕ ਵਿਗਿਆਨਕ ਵਿਚਾਰਧਾਰਾ ਅਨੁਸਾਰ ਅਮਲ ਕਰਨ ਤੇ ਇਨਕਲਾਬੀ ਅਨੁਸ਼ਾਸਤ ਸੰਗਠਨ ਦੀ ਕਾਇਮੀ ਰਾਹੀਂ ਹੀ ਸੰਭਵ ਹੋ ਸਕਦਾ ਹੈ। ਬਿਨਾਂ ਲੋਕ-ਪੱਖੀ ਵਿਗਿਆਨਕ ਸਿਧਾਂਤ ਤੋਂ ਕੰਮ ਕਰਨ ਵਾਲਾ ਕੋਈ ਰਾਜਸੀ ਦਲ ਜਾਂ ਨੇਤਾ ਅੰਤਮ ਰੂਪ ਵਿਚ ਮੌਜੂਦਾ ਲੋਕ-ਦੋਖੀ ਪ੍ਰਬੰਧ ਦਾ ਮਦਦਗਾਰ ਹੋ ਨਿਬੜਦਾ ਹੈ। ਸਾਡੀ ਮਨੋਂ ਇੱਛਾ ਹੈ ਕਿ ‘ਆਪ’ ਦੇ ਇਮਾਨਦਾਰ, ਜੁਝਾਰੂ ਤੇ ਲੋਕ ਸੇਵਾ ਲਈ ਪ੍ਰਤੀਬੱਧ ਵਲੰਟੀਅਰ ਨਿਰਾਸ਼ ਹੋ ਕੇ ਰਾਜਨੀਤੀ ਤੋਂ ਕਿਨਾਰਾਕਸ਼ੀ ਕਰਨ, ਪਹਿਲਾਂ ਹੀ ਅਜ਼ਮਾਈ ਹੋਈ ਕਿਸੇ ਲੋਕ ਦੋਖੀ ਪਾਰਟੀ ਦੇ ਗਲ ਲੱਗਣ ਜਾਂ ‘ਆਪ’ ਦੀ ਦਰੁਸਤੀ ਲਈ ਮ੍ਰਿਗ ਤਰਿਸ਼ਨਾ ਵਾਂਗ ਆਸ਼ਾਵਾਦੀ ਬਣਨ ਦੀ ਥਾਂ, ਪ੍ਰਾਂਤ ਅੰਦਰ ਲੋਕ ਹਿੱਤਾਂ ਲਈ ਸੰਘਰਸ਼ਾਂ ਵਿਚ ਜੁੱਟੀਆਂ ਹੋਈਆਂ ਖੱਬੇ ਪੱਖੀ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਵਿਚ ਆਪਣਾ ਸਥਾਨ ਮੱਲਣ ਤੇ ਸਾਮਾਜਿਕ ਤਬਦੀਲੀ ਲਈ ਆਪਣੀ ਬਣਦੀ ਭੂਮਿਕਾ ਅਦਾ ਕਰਨ। ਕਿਨਾਰੇ ‘ਤੇ ਬੈਠ ਕੇ ਤਮਾਸ਼ਾ ਦੇਖਣ ਨਾਲ ਸਮਾਜ ਨਹੀਂ ਬਦਲਦਾ, ਬਲਕਿ ਇਸ ਕੰਮ ਲਈ ਤਾਂ ਆਪਾ ਵਾਰਨ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੁੰਦੀ ਹੈ। ਹਾਂ, ਕਿਸੇ ਰਾਜਸੀ ਦਲ ਜਾਂ ਜਨਤਕ ਜਥੇਬੰਦੀ ਵਿਚ ਸ਼ਿਰਕਤ ਕਰਨ ਵੇਲੇ ਉਸਦੇ ਪ੍ਰੋਗਰਾਮਾਂ, ਅਮਲਾਂ ਤੇ ਨਿਸ਼ਾਨਿਆਂ ਨੂੰ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਰਾਜਨੀਤੀ ਵਿਚ ਬਿਨਾਂ ਸਿਧਾਂਤਾਂ ਦੇ ਅਮਲ ਅੰਨ੍ਹਾ ਹੈ ਤੇ ਅਮਲਾਂ ਤੋਂ ਬਿਨਾਂ ਸਿਧਾਂਤ ਨਿਰਾਰਥਕ ਹੈ।

Scroll To Top