Now Reading
ਅਛੂਤ ਦਾ ਸਵਾਲ : ਭਗਤ ਸਿੰਘ

ਅਛੂਤ ਦਾ ਸਵਾਲ : ਭਗਤ ਸਿੰਘ

(ਕਾਕੀਨਾਡਾ ਵਿਖੇ 1923 ਵਿਚ ਕਾਂਗਰਸ ਦਾ ਸੈਸ਼ਨ ਹੋਇਆ ਸੀ। ਮੁਹੰਮਦ ਅਲੀ ਜਿਨਾਹ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਅੱਜਕਲ ਦੀਆਂ ਅਨੁਸੂਚਿਤ ਜਾਤਾਂ ਨੂੰ, ਜਿਨ੍ਹਾਂ ਨੂੰ ਉਸ ਵੇਲੇ ‘ਅਛੂਤ’ ਕਿਹਾ ਜਾਂਦਾ ਸੀ, ਹਿੰਦੂ ਤੇ ਮੁਸਲਮ ਮਿਸ਼ਨਰੀ ਸੰਸਥਾਵਾਂ ਦਰਮਿਆਨ ਵੰਡ ਦੇਣ ਦਾ ਸੁਝਾਅ ਦਿੱਤਾ ਸੀ। ਹਿੰਦੂ ਅਤੇ ਮੁਸਲਮ ਅਮੀਰ ਲੋਕ ਇਸ ਵਿਤਕਰੇ ਨੂੰ ਪੱਕਾ ਕਰਨ ਲਈ ਪੈਸਾ ਦੇਣ ਲਈ ਤਿਆਰ ਸਨ।
ਇਸ ਤਰ੍ਹਾਂ, ਅਛੂਤਾਂ ਦੇ ਇਹ ‘ਦੋਸਤ’ ਉਨ੍ਹਾਂ ਨੂੰ ਧਰਮ ਦੇ ਨਾਂਅ ‘ਤੇ ਵੰਡਣ ਦੇ ਯਤਨ ਕਰਦੇ ਸਨ। ਉਸੇ ਵੇਲੇ ਜਦੋਂ ਇਸ ਮਸਲੇ ‘ਤੇ ਬਹਿਸ ਦਾ ਮਾਹੌਲ ਸੀ, ਭਗਤ ਸਿੰਘ ਨੇ ‘ਅਛੂਤ ਦਾ ਸਵਾਲ’ ਲੇਖ ਲਿਖਿਆ ਸੀ। ਇਸ ਲੇਖ ਵਿਚ ਕਿਰਤੀ ਜਮਾਤ ਦੀ ਸ਼ਕਤੀ ਤੇ ਸੀਮਾਵਾਂ ਦਾ ਅੰਦਾਜ਼ਾ ਲਾ ਕੇ ਉਸਦੀ ਤਰੱਕੀ ਲਈ ਠੋਸ ਸੁਝਾਅ ਦਿੱਤੇ ਗਏ ਸਨ। ਭਗਤ ਸਿੰਘ ਦਾ ਇਹ ਲੇਖ ਜੂਨ, 1928 ਦੇ ‘ਕਿਰਤੀ’ ਰਸਾਲੇ ਵਿਚ ‘ਵਿਦਰੋਹੀ’ ਦੇ ਨਾਂਅ ਹੇਠ ਛਪਿਆ ਸੀ : ਸੰਪਾਦਕ)

ਸਾਡੇ ਦੇਸ਼ ਵਰਗੇ ਬੁਰੇ ਹਾਲਾਤ ਕਿਸੇ ਹੋਰ ਦੇਸ਼ ਦੇ ਨਹੀਂ ਹੋਏ। ਇਥੇ ਅਜੀਬ-ਅਜੀਬ ਸੁਆਲ ਖੜ੍ਹੇ ਹੁੰਦੇ ਹਨ। ਇਕ ਅਹਿਮ ਸੁਆਲ ਅਛੂਤ-ਸਮੱਸਿਆ ਹੈ। ਸਮੱਸਿਆ ਇਹ ਹੈ ਕਿ 30 ਕਰੋੜ ਦੀ ਅਬਾਦੀ ਵਾਲੇ ਦੇਸ਼ ਵਿਚ ਜਿਹੜੇ 6 ਕਰੋੜ ਲੋਕ ਅਛੂਤ ਕਹਾਉਂਦੇ ਹਨ, ਉਨ੍ਹਾਂ ਦੇ ਸਪਰਸ਼ (ਛੂਹਣ) ਮਾਤਰ ਨਾਲ ਧਰਮ ਭਰਿਸ਼ਟ ਹੋ ਜਾਵੇਗਾ! ਉਨ੍ਹਾਂ ਦੇ ਮੰਦਰਾਂ ਵਿਚ ਦਾਖਲੇ ਨਾਲ ਦੇਵਤੇ ਨਾਰਾਜ਼ ਹੋ ਜਾਣਗੇ। ਖੂਹ ਵਿਚੋਂ ਉਨ੍ਹਾਂ ਵਲੋਂ ਪਾਣੀ ਕੱਢਣ ਨਾਲ ਖੂਹ ਅਪਵਿੱਤਰ ਹੋ ਜਾਵੇਗਾ। ਇਹ ਸਵਾਲ 20ਵੀਂ ਸਦੀ ਵਿਚ ਖੜੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਸੁਣਦਿਆਂ ਹੀ ਸ਼ਰਮ ਆਉਂਦੀ ਹੈ।
ਸਾਡਾ ਦੇਸ਼ ਬਹੁਤ ਅਧਿਆਤਮਵਾਦੀ ਹੈ, ਪਰ ਅਸੀਂ ਮਨੁੱਖ ਨੂੰ ਮਨੁੱਖ ਦਾ ਦਰਜਾ ਦੇਣ ਤੋਂ ਵੀ ਝਿਝਕਦੇ ਹਾਂ, ਜਦੋਂਕਿ ਪੂਰਣ ਰੂਪ ਵਿਚ ਭੌਤਿਕਵਾਦੀ ਕਹਾਉਣ ਵਾਲਾ ਯੂਰਪ ਕਈ ਸਦੀਆਂ ਤੋਂ ਇਨਕਲਾਬ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਉਨ੍ਹਾਂ ਨੇ ਅਮਰੀਕਾ ਤੇ ਫਰਾਂਸ ਦੀਆਂ ਕ੍ਰਾਂਤੀਆਂ ਦੌਰਾਨ ਹੀ ਸਮਾਨਤਾ ਦਾ ਐਲਾਨ ਕਰਕੇ ਕਰਾਂਤੀ ਲਈ ਕਮਰਕੱਸੇ ਕੀਤੇ ਹੋਏ ਹਨ। ਅਸੀਂ ਸਦਾ ਹੀ ਆਤਮਾ-ਪਰਮਾਤਮਾ ਦੇ ਵਜੂਦ ਨੂੰ ਲੈ ਕੇ ਚਿੰਤਤ ਹੋਣ ਅਤੇ ਇਸ ਜ਼ੋਰਦਾਰ ਬਹਿਸ ਵਿਚ ਉਲਝੇ ਹੋਏ ਹਾਂ ਕਿ ਕੀ ਅਛੂਤ ਨੂੰ ਜਨੇਊ ਦੇ ਦਿੱਤਾ ਜਾਵੇ? ਉਹ ਵੇਦ-ਸ਼ਾਸ਼ਤਰ ਪੜ੍ਹਨ ਦੇ ਅਧਿਕਾਰੀ ਹਨ ਜਾਂ ਨਹੀਂ? ਅਸੀਂ ਉਲਾਂਭਾ ਦਿੰਦੇ ਹਾਂ ਕਿ ਸਾਡੇ ਨਾਲ ਵਿਦੇਸ਼ਾਂ ਵਿਚ ਚੰਗਾ ਸਲੂਕ ਨਹੀਂ ਹੁੰਦਾ। ਅੰਗਰੇਜੀ ਸ਼ਾਸਨ ਸਾਨੂੰ ਅੰਗਰੇਜ਼ਾਂ ਬਰਾਬਰ ਨਹੀਂ ਸਮਝਦਾ। ਪਰ ਕੀ ਅਸੀਂ ਇਹ ਸ਼ਿਕਾਇਤ ਕਰਨ ਦੇ ਹੱਕਦਾਰ ਹਾਂ?
ਸਿੰਧ ਦੇ ਇਕ ਮੁਸਲਿਮ ਸੱਜਣ ਸ਼੍ਰੀ ਨੂਰ ਮੁਹਮੰਦ, ਜਿਹੜੇ ਬੰਬਈ ਕੌਂਸਲ ਦੇ ਮੈਂਬਰ ਸਨ, ਇਸ ਵਿਸ਼ੇ ‘ਤੇ 1926 ਵਿਚ ਚੰਗਾ ਬੋਲੇ ਸਨ :
 “If the Hindu society refuses to allow other human beings, fellow creatures so that to attend public school, and if “the president of local board representing so many lakhs of people in this house refuses to allow his fellows and brothers the elementary human right of having water to drink, what right have they to ask for more rights from the bureaucracy? Before we accuse people coming from other lands, we should see how we ourselves behave toward our own people. How can we ask for greater political rights when we ourselves deny elementary rights of human beings?”
ਉਹ ਕਹਿੰਦੇ ਹਨ ਕਿ ਜਦੋਂ ਤੁਸੀਂ ਇਕ ਇਨਸਾਨ ਨੂੰ ਪੀਣ ਲਈ ਪਾਣੀ ਦੇਣ ਤੋਂ ਵੀ ਇਨਕਾਰ ਕਰਦੇ ਹੋ, ਜਦੋਂ ਤੁਸੀਂ ਉਨ੍ਹਾਂ ਨੂੰ ਸਕੂਲ ਵਿਚ ਵੀ ਪੜ੍ਹਨ ਨਹੀਂ ਦਿੰਦੇ ਹੋ ਤਾਂ, ਤੁਹਾਡਾ ਕੀ ਅਧਿਕਾਰ ਹੈ ਕਿ ਆਪਣੇ ਲਈ ਵਧੇਰੇ ਅਧਿਕਾਰਾਂ ਦੀ ਮੰਗ ਕਰੋ? ਜਦੋਂ ਤੁਸੀਂ ਇਕ ਇਨਸਾਨ ਨੂੰ ਸਮਾਨ ਅਧਿਕਾਰ ਦੇਣ ਤੋਂ ਵੀ ਇਨਕਾਰ ਕਰਦੇ ਹੋ ਤਾਂ ਤੁਸੀਂ ਵਧੇਰੇ ਰਾਜਨੀਤਕ ਅਧਿਕਾਰ ਮੰਗਣ ਦੇ ਹੱਕਦਾਰ ਕਿਵੇਂ ਬਣ ਗਏ?
ਗੱਲ ਬਿਲਕੁਲ ਖਰੀ ਹੈ। ਪਰ ਇਹ ਕਿਉਂਕਿ ਇਕ ਮੁਸਲਿਮ ਨੇ ਕਹੀ ਹੈ ਇਸ ਲਈ ਹਿੰਦੂ ਕਹਿਣਗੇ ਕਿ ਦੇਖੋ, ਉਹ ਉਨ੍ਹਾਂ ਅਛੂਤਾਂ ਨੂੰ ਮੁਸਲਮਾਨ ਬਣਾਕੇ ਆਪਣੇ ਵਿਚ ਸ਼ਾਮਲ ਕਰਨਾ ਚਾਹੁੰਦੇ ਹਨ।
ਜਦੋਂ ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ, ਪਸ਼ੂਆਂ ਤੋਂ ਵੀ ਗਿਆ-ਗੁਜ਼ਰਿਆ ਸਮਝੋਗੇ ਤਾਂ ਉਹ ਜ਼ਰੂਰ ਹੀ ਦੂਜੇ ਧਰਮਾਂ ਵਿਚ ਸ਼ਾਮਲ ਹੋ ਜਾਣਗੇ, ਜਿਨ੍ਹਾਂ ਵਿਚ ਉਨ੍ਹਾਂ ਨੂੰ ਵਧੇੇਰੇ ਅਧਿਕਾਰ ਮਿਲਣਗੇ, ਜਿੱਥੇ ਉਨ੍ਹਾਂ ਨਾਲ ਇਨਸਾਨਾਂ ਵਰਗਾ ਵਿਵਹਾਰ ਕੀਤਾ ਜਾਵੇਗਾ। ਫੇਰ ਇਹ ਕਹਿਣਾ ਕਿ ਦੇਖੋ ਜੀ, ਇਸਾਈ ਅਤੇ ਮੁਸਲਮਾਨ ਹਿੰਦੂ ਕੌਮ ਨੂੰ ਨੁਕਸਾਨ ਪਹੁੰਚਾ ਰਹੇ ਹਨ, ਫਜੂਲ ਹੋਵੇਗਾ।
ਕਿੰਨੀ ਸਪੱਸ਼ਟ ਗੱਲ ਹੈ, ਪਰ ਇਹ ਸੁਣਕੇ ਸਭ ਤਿਲਮਿਲਾ ਉਠਦੇ ਹਨ। ਠੀਕ ਇਸੇ ਤਰ੍ਹਾਂ ਦੀ ਚਿੰਤਾ ਹਿੰਦੂਆਂ ਨੂੰ ਵੀ ਹੋਈ।  ਸਨਾਤਨੀ ਪੰਡਤ ਵੀ ਕੁਝ ਨਾ ਕੁਝ ਇਸ ਮਸਲੇ ‘ਤੇ ਸੋਚਣ ਲੱਗੇ। ਕਦੇ-ਕਦੇ ਵੱਡੇ ‘ਯੁਗਾਂਤਰਕਾਰੀ’ ਕਹੇ ਜਾਣ ਵਾਲੇ ਵੀ ਸ਼ਾਮਲ ਹੋਏ। ਪਟਨਾ ਵਿਚ ਹਿੰਦੂ ਮਹਾ ਸਭਾ ਦਾ ਸੰਮੇਲਨ ਲਾਲਾ ਲਾਜਪਤਰਾਏ, ਜੋ ਕਿ ਅਛੂਤਾਂ ਦੇ ਬਹੁਤ ਪੁਰਾਣੇ ਸਮਰਥਕ ਸਨ, ਦੀ ਪ੍ਰਧਾਨਗੀ ਵਿਚ ਹੋਇਆ, ਤਾਂ ਜ਼ੋਰਦਾਰ ਬਹਿਸ ਛਿੜੀ। ਅੱਛੀ ਨੋਂਕ-ਝੌਂਕ ਹੋਈ। ਸਮੱਸਿਆ ਇਹ ਸੀ ਕਿ ਅਛੂਤਾਂ ਨੂੰ ਜਨੇਊ ਧਾਰਨ ਕਰਨ ਦਾ ਹੱਕ ਹੈ ਜਾਂ ਨਹੀਂ? ਅਤੇ ਕੀ ਉਨ੍ਹਾਂ ਨੂੰ ਵੇਦ-ਸ਼ਾਸਤਰਾਂ ਦਾ ਅਧਿਐਨ ਕਰਨ ਦਾ ਅਧਿਕਾਰ ਹੈ? ਵੱਡੇ-ਵੱਡੇ ਸਮਾਜ ਸੁਧਾਰਕ ਲਾਲ-ਪੀਲੇ ਹੋ ਗਏ, ਪਰ ਲਾਲਾ ਜੀ ਨੇ ਸਭ ਨੂੰ ਸਹਿਮਤ ਕਰ ਦਿੱਤਾ ਅਤੇ ਇਹ ਦੋ ਗੱਲਾਂ ਪਰਵਾਨ ਕਰਵਾਕੇ ਹਿੰਦੂ ਧਰਮ ਦੀ ਇੱਜ਼ਤ ਰੱਖ ਲਈ। ਨਹੀਂ ਤਾਂ ਜਰਾ ਸੋਚੇ, ਕਿੰਨੀ ਸ਼ਰਮ ਦੀ ਗੱਲ ਹੁੰਦੀ। ਕੁੱਤਾ ਸਾਡੀ ਗੋਦ ਵਿਚ ਬੈਠ ਸਕਦਾ ਹੈ। ਸਾਡੀ ਰਸੋਈ ਵਿਚ ਨਿਸ਼ੰਗ ਫਿਰਦਾ ਹੈ, ਪਰ ਇਕ ਇਨਸਾਨ ਦੇ ਸਾਡੇ ਨਾਲ ਛੂਹੇ ਜਾਣ ਨਾਲ ਤਾਂ ਬਸ ਧਰਮ ਭਰਿਸ਼ਟ ਹੋ ਜਾਂਦਾ ਹੈ। ਇਸ ਸਮੇਂ ਮਾਲਵੀਆ ਜੀ ਵਰਗੇ ਵੱਡੇ ਸਮਾਜ-ਸੁਧਾਰਕ, ਅਛੂਤਾਂ ਦੇ ਵੱਡੇ ਪਰੇਮੀ ਅਤੇ ਨਾ ਜਾਣੇ ਕੀ-ਕੀ, ਪਹਿਲਾਂ ਇਕ ਭੰਗੀ ਦੇ ਹੱਥਾਂ ਨਾਲ ਗਲ਼ੇ ਵਿਚ ਹਾਰ ਪੁਆ ਲੈਂਦੇ ਹਨ, ਪਰ ਕੱਪੜਿਆਂ ਸਮੇਤ ਨਹਾਤੇ ਬਿਨਾਂ ਆਪਣੇ ਆਪ ਨੂੰ ਅਸ਼ੁੱਧ ਸਮਝਦੇ ਹਨ। ਕੈਸੀ ਖੂਬ ਇਹ ਚਾਲ ਹੈ। ਸਭ ਨੂੰ ਪਿਆਰ ਕਰਨ ਵਾਲੇ ਭਗਵਾਨ ਦੀ ਪੂਜਾ ਕਰਨ ਲਈ ਮੰਦਰ ਬਣਿਆ ਹੈ ਪਰ ਉਥੇ ਅਛੂਤ ਜਾ ਵੜੇ ਤਾਂ ਉਹ ਮੰਦਰ ਅਪਵਿੱਤਰ ਹੋ ਜਾਂਦਾ ਹੈ। ਭਗਵਾਨ ਰੁੱਸ ਜਾਂਦੇ ਹਨ। ਪਰ ਕੀ ਜਦੋਂ ਦੇਸ਼ ਅੰਦਰ ਇਹ ਸਥਿਤੀ ਹੋਵੇ ਤਾਂ ਬਾਹਰ ਅਸੀਂ ਬਰਾਬਰੀ ਦੇ ਨਾਂਅ ‘ਤੇ ਝਗੜਦੇ ਚੰਗੇ ਲੱਗਦੇ ਹਾਂ? ਤਦ ਸਾਡੇ ਇਸ ਰਵੱਈਏ ਵਿਚ ਕ੍ਰਿਤਘਣਤਾ ਦੀ ਹੱਦ ਹੁੰਦੀ ਹੈ। ਜਿਹੜੇ ਸਭ ਤੋਂ ਨੀਵੇਂ ਕੰਮ ਕਰਕੇ ਸਾਡੇ ਲਈ ਸਹੂਲਤਾਂ ਉਪਲੱਬਧ ਕਰਾਉਂਦੇ ਹਨ ਉਨ੍ਹਾਂ ਨੂੰ ਹੀ ਦੁਰਕਾਰਦੇ ਹਾਂ। ਪਸ਼ੂਆਂ ਦੀ ਅਸੀਂ ਪੂਜਾ ਕਰ ਸਕਦੇ ਹਾਂ, ਪਰ ਇਨਸਾਨ ਨੂੰ ਕੋਲ ਨਹੀਂ ਬਿਠਾ ਸਕਦੇ।
ਅੱਜ ਇਸ ਸਵਾਲ ਉਤੇ ਬਹੁਤ ਸ਼ੋਰ ਮਚ ਰਿਹਾ ਹੈ। ਇਨ੍ਹਾਂ ਵਿਚਾਰਾਂ ‘ਤੇ ਅੱਜ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਦੇਸ਼ ਵਿਚ ਆਜ਼ਾਦੀ ਦੀ ਇੱਛਾ ਜਿਸ ਤਰ੍ਹਾਂ ਵੱਧ ਰਹੀ ਹੈ, ਉਸ ਵਿਚ ਸੰਪਰਦਾਇਕਤਾ ਦੀ ਭਾਵਨਾ ਨੇ ਹੋਰ ਕੋਈ ਲਾਭ ਪਹੁੰਚਾਇਆ ਹੋਵੇ ਜਾਂ ਨਹੀਂ ਪਰ ਇਕ ਲਾਭ ਜ਼ਰੂਰ ਪਹੁੰਚਾਇਆ ਹੈ। ਵਧੇਰੇ ਅਧਿਕਾਰਾਂ ਦੀ ਮੰਗ ਲਈ ਆਪਣੀਆਂ-ਆਪਣੀਆਂ ਕੌਮਾਂ ਦੀ ਗਿਣਤੀ ਵਧਾਉਣ ਦੀ ਚਿੰਤਾ ਸਭ ਨੂੰ ਹੋਈ ਹੈ। ਮੁਸਲਮਾਨਾਂ ਨੇ ਜਰਾ ਵਧੇਰੇ ਜ਼ੋਰ ਦਿੱਤਾ। ਉਨ੍ਹਾਂ ਨੇ ਅਛੂਤਾਂ ਨੂੰ ਮੁਸਲਮਾਨ ਬਣਾਕੇ ਆਪਣੇ ਬਰਾਬਰ ਅਧਿਕਾਰ ਦੇਣੇ ਸ਼ੁਰੂ ਕਰ ਦਿੱਤੇ। ਇਸ ਨਾਲ ਹਿੰਦੂਆਂ ਦੇ ਅਹੰਕਾਰ ਨੂੰ ਸੱਟ ਲੱਗੀ। ਮੁਕਾਬਲੇਬਾਜ਼ੀ ਵਧੀ। ਫਸਾਦ ਵੀ ਹੋਏ। ਹੌਲੀ-ਹੌਲੀ ਸਿੱਖਾਂ ਨੇ ਵੀ ਸੋਚਿਆ ਕਿ ਅਸੀਂ ਪਿੱਛੇ ਨਾ ਰਹਿ ਜਾਈਏ। ਉਨ੍ਹਾਂ ਨੇ ਵੀ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦਿੱਤਾ। ਹਿੰਦੂ ਸਿੱਖਾਂ ਦਰਮਿਆਨ ਜਨੇਊ ਉਤਾਰਨ ਜਾਂ ਕੇਸ ਕਟਵਾਉਣ ਦੇ ਸੁਆਲਾਂ ‘ਤੇ ਝਗੜੇ ਹੋਏ। ਹੁਣ ਤਿੰਨੋਂ ਕੌਮਾਂ ਅਛੂਤਾਂ ਨੂੰ ਆਪਣੇ ਆਪਣੇ ਵੱਲ ਖਿੱਚ ਰਹੀਆਂ ਹਨ। ਇਸਦਾ ਬਹੁਤ ਰੌਲਾ ਰੱਪਾ ਹੈ। ਉਧਰ ਇਸਾਈ ਚੁੱਪਚਾਪ ਉਨ੍ਹਾਂ ਦਾ ਰੁਤਬਾ ਵਧਾ ਰਹੇ ਹਨ। ਚਲੋ, ਇਸ ਸਾਰੀ ਹਲਚਲ ਨਾਲ ਹੀ ਦੇਸ਼ ਦੀ ਬਦਕਿਸਮਤੀ ਦਾ ਕਲੰਕ ਦੂਰ ਹੋ ਰਿਹਾ ਹੈ।
ਇੱਧਰ ਜਦੋਂ ਅਛੂਤਾਂ ਨੇ ਵੀ ਦੇਖਿਆ ਕਿ ਉਨ੍ਹਾਂ ਕਰਕੇ ਇਨ੍ਹਾਂ ਦਰਮਿਆਨ ਫਸਾਦ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਹਰ ਕੋਈ ਆਪਣੀ ਆਪਣੀ ਖੁਰਾਕ ਸਮਝ ਰਿਹਾ ਹੈ ਤਾਂ ਉਹ ਵੱਖਰੇ ਹੀ ਕਿਉਂ ਨਾ ਜਥੇਬੰਦ ਹੋ ਜਾਣ? ਇਸ ਵਿਚਾਰ ਦੇ ਅਮਲ ਵਿਚ ਅੰਗਰੇਜ਼ੀ ਸਰਕਾਰ ਦਾ ਕੋਈ ਹੱਥ ਹੋਵੇ ਜਾਂ ਨਾ ਹੋਵੇ ਪਰ ਐਨਾ ਜ਼ਰੂਰ ਹੈ ਕਿ ਇਸ ਪ੍ਰਚਾਰ ਵਿਚ ਸਰਕਾਰੀ ਮਸ਼ੀਨਰੀ ਦਾ ਕਾਫੀ ਹੱਥ ਸੀ। ‘ਆਦਿ ਧਰਮ ਮੰਡਲ’ ਵਰਗੇ  ਸੰਗਠਨ ਉਸ ਵਿਚਾਰ ਦੇ ਪ੍ਰਚਾਰ ਦਾ ਹੀ ਸਿੱਟਾ ਹਨ।
ਹੁਣ ਇਕ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਇਸ ਸਮੱਸਿਆ ਦਾ ਸਹੀ ਹੱਲ ਕੀ ਹੋਵੇ? ਇਸਦਾ ਜਵਾਬ ਬੜਾ ਅਹਿਮ ਹੈ। ਸਭ ਤੋਂ ਪਹਿਲਾਂ ਇਹ ਨਿਰਣਾ ਕਰ ਲੈਣਾ ਚਾਹੀਦਾ ਹੈ ਕਿ ਸਭ ਇਨਸਾਨ ਬਰਾਬਰ ਹਨ ਅਤੇ ਨਾ ਤਾਂ ਜਨਮ ਤੋਂ ਕੋਈ ਭਿੰਨ ਪੈਦਾ ਹੋਇਆ ਅਤੇ ਨਾ ਹੀ ਕੰਮ ਵੰਡ ਨਾਲ। ਭਾਵ ਕਿਉਂਕਿ ਇਕ ਆਦਮੀ ਗਰੀਬ ਭੰਗੀ ਦੇ ਘਰ ਪੈਦਾ ਹੋ ਗਿਆ ਹੈ, ਇਸ ਲਈ ਜ਼ਿੰਦਗੀ ਭਰ ਮੈਲਾ ਹੀ ਸਾਫ ਕਰੇਗਾ ਅਤੇ ਦੁਨੀਆਂ ਵਿਚ ਕਿਸੇ ਤਰ੍ਹਾਂ ਦੇ ਵਿਕਾਸ ਦਾ ਕੰਮ ਹਾਸਲ ਕਰਨ ਦਾ ਉਸਨੂੰ ਕੋਈ ਹੱਕ ਨਹੀਂ ਹੈ, ਇਹ ਗੱਲਾਂ ਫਜੂਲ ਹਨ। ਇਸ ਤਰ੍ਹਾਂ ਸਾਡੇ ਪੂਰਵਜ਼ਾਂ ਆਰੀਆਂ ਨੇ ਇਨ੍ਹਾਂ ਨਾਲ ਅਜਿਹਾ ਅਨਿਆਂ ਪੂਰਣ ਵਿਵਹਾਰ ਕੀਤਾ ਅਤੇ ਉਨ੍ਹਾਂ ਨੂੰ ਨੀਚ ਕਹਿਕੇ ਦੁਰਕਾਰਿਆ ਅਤੇ ਹੇਠਲੀ ਪੱਧਰ ਦੇ ਕੰਮ ਕਰਾਉਣ ਲੱਗੇ। ਨਾਲ ਹੀ ਇਹ ਵੀ ਚਿੰਤਾ ਹੋਈ ਕਿ ਕਿਤੇ ਇਹ ਵਿਦਰੋਹ ਨਾ ਕਰ ਦੇਣ, ਤਾਂ ਪੁਨਰਜਨਮ ਦੇ ਫਲਸਫੇ ਦਾ ਪ੍ਰਚਾਰ ਕਰ ਦਿੱਤਾ ਕਿ ਇਹ ਤੁਹਾਡੇ ਪੂਰਵ ਜਨਮ ਦੇ ਪਾਪਾਂ ਦਾ ਫਲ ਹੈ। ਹੁਣ ਕੀ ਹੋ ਸਕਦਾ ਹੈ? ਚੁਪਚਾਪ ਦਿਨ ਕੱਟੀ ਕਰੋ। ਇਸ ਤਰ੍ਹਾਂ ਉਨ੍ਹਾਂ ਨੂੰ ਧੀਰਜ ਨਾਲ ਉਪਦੇਸ਼ ਦੇ ਕੇ ਉਹ ਲੋਕ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਲਈ ਸ਼ਾਂਤ ਕਰਾ ਗਏ। ਪਰ ਉਨ੍ਹਾਂ ਨੇ ਵੱਡਾ ਪਾਪ ਕੀਤਾ। ਮਨੁੱਖ ਵਿਚਲੀ ਮਨੁਖਤਾ ਨੂੰ ਖਤਮ ਕਰ ਦਿੱਤਾ। ਆਤਮ ਸਨਮਾਨ ਅਤੇ ਆਤਮ ਵਿਸ਼ਵਾਸ ਦੀਆਂ ਭਾਵਨਾਵਾਂ ਨੂੰ ਸਮਾਪਤ ਕਰ ਦਿੱਤਾ। ਬਹੁਤ ਦਮਨ ਅਤੇ ਅਨਿਆਂ ਕੀਤਾ ਗਿਆ। ਅੱਜ ਉਸ ਸਭ ਦੇ ਪਛਤਾਵੇ ਦਾ ਸਮਾਂ ਹੈ।
ਇਸਦੇ ਨਾਲ ਇਕ ਹੋਰ ਗੜਬੜੀ ਹੋ ਗਈ। ਲੋਕਾਂ ਦੇ ਮਨਾਂ ਵਿਚ ਜ਼ਰੂਰੀ ਕੰਮਾਂ ਪ੍ਰਤੀ ਨਫਰਤ ਪੈਦਾ ਹੋ ਗਈ। ਅਸੀਂ ਜੁਲਾਹੇ ਨੂੰ ਦੁਰਕਾਰਿਆ। ਅੱਜ ਕੱਪੜਾ ਬੁਨਣ ਵਾਲੇ ਵੀ ਅਛੂਤ ਸਮਝੇ ਜਾਂਦੇ ਹਨ। ਯੂ.ਪੀ. ਵਾਲੇ ਪਾਸੇ ਝਿਉਰਾਂ ਨੂੰ ਵੀ ਅਛੂਤ ਸਮਝਿਆ ਜਾਂਦਾ ਹੈ। ਇਸ ਨਾਲ ਵੱਡੀ ਗੜਬੜ ਪੈਦਾ ਹੋਈ। ਅਜਿਹੇ ਵਿਤਕਰਿਆਂ ਨਾਲ ਵਿਕਾਸ ਦੀ ਪ੍ਰਕਿਰਿਆ ਵਿਚ ਅੜਿਕੇ ਖੜ੍ਹੇ ਹੋ ਰਹੇ ਹਨ।
ਇਨ੍ਹਾਂ ਤਬਕਿਆਂ ਨੂੰ ਆਪਣੇ ਸਾਹਮਣੇ ਰੱਖਦੇ ਹੋਏ ਸਾਨੂੰ ਚਾਹੀਦਾ ਹੈ ਕਿ ਅਸੀਂ ਨਾ ਇਨ੍ਹਾਂ ਨੂੰ ਅਛੂਤ ਕਹੀਏ ਅਤੇ ਨਾ ਸਮਝੀਏ। ਬਸ, ਸਮੱਸਿਆ ਹੱਲ ਹੋ ਜਾਂਦੀ ਹੈ। ਨੌਜਵਾਨ ਭਾਰਤ ਸਭਾ ਅਤੇ ਨੌਜਵਾਨ ਕਾਂਗਰਸ ਨੇ ਜਿਹੜਾ ਢੰਗ ਅਪਨਾਇਆ ਹੈ ਉਹ ਕਾਫੀ ਚੰਗਾ ਹੈ। ਜਿਨ੍ਹਾਂ ਨੂੰ ਅੱਜ ਤੱਕ ਅਛੂਤ ਕਿਹਾ ਜਾਂਦਾ ਰਿਹਾ ਹੈ ਉਨ੍ਹਾਂ ਤੋਂ ਆਪਣੇ ਇਨ੍ਹਾਂ ਪਾਪਾਂ ਲਈ ਖਿਮਾ ਮੰਗਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਵਰਗਾ ਇਨਸਾਨ ਸਮਝਣ। ਬਿਨਾਂ ਅੰਮ੍ਰਿਤ ਛਕਾਏ, ਬਿਨਾਂ ਕਲਮਾਂ ਪੜ੍ਹਾਏ ਜਾਂ ਸ਼ੁੱਧ ਕੀਤਿਆਂ ਉਨ੍ਹਾਂ ਨੂੰ ਆਪਣੇ ਵਿਚ ਸ਼ਾਮਲ ਕਰਕੇ ਉਨ੍ਹਾਂ ਦੇ ਹੱਥੋਂ ਪਾਣੀ ਪੀਣਾ, ਇਹ ਹੀ ਦਰੁਸਤ ਢੰਗ ਹੈ। ਅਤੇ ਆਪਸ ਵਿਚ ਖਿੱਚ ਖੋਹ ਕਰਨੀ ਅਤੇ ਅਮਲ ਵਿਚ ਕੋਈ ਵੀ ਹੱਕ ਨਾ ਦੇਣਾ, ਕੋਈ ਠੀਕ ਗੱਲ ਨਹੀਂ ਹੈ।
ਜਦੋਂ ਪਿੰਡਾਂ ਵਿਚ ਮਜ਼ਦੂਰ ਪ੍ਰਚਾਰ ਹੋਇਆ  ਉਸ ਵੇਲੇ ਕਿਸਾਨਾਂ ਨੂੰ ਸਰਕਾਰੀ ਆਦਮੀ ਇਹ ਗੱਲ ਸਮਝਾਕੇ ਭੜਕਾਉਂਦੇ ਸਨ ਕਿ ਦੇਖੋ, ਇਹ ਭੰਗੀ-ਚਮਾਰਾਂ ਨੂੰ ਸਿਰ ‘ਤੇ ਚੜ੍ਹਾ ਰਹੇ ਹਨ ਅਤੇ ਤੁਹਾਡਾ ਕੰਮ ਬੰਦ ਕਰਵਾਉਣਗੇ। ਬਸ ਕਿਸਾਨ ਐਨੇ ਨਾਲ ਹੀ ਭੜਕ ਗਏ। ਉਨ੍ਹਾਂ ਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਹਾਲਤ ਤਦ ਤੱਕ ਨਹੀਂ ਸੁਧਰ ਸਕਦੀ ਜਦੋਂ ਤੱਕ ਕਿ ਉਹ ਇਨ੍ਹਾਂ ਗਰੀਬਾਂ ਨੂੰ ਨੀਚ ਜਾਂ ਕਮੀਣ ਕਹਿਕੇ ਆਪਣੀ ਜੁੱਤੀ ਥੱਲੇ ਦਬਾਈ ਰੱਖਣਾ ਚਾਹੁੰਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਉਹ ਸਾਫ ਨਹੀਂ ਰਹਿੰਦੇ। ਇਸਦਾ ਉੱਤਰ ਸਾਫ ਹੈ। ਉਹ ਗਰੀਬ ਹਨ। ਗਰੀਬੀ ਦਾ ਇਲਾਜ਼ ਕਰੋ। ਉਚੇ ਉਚੇ ਕੁਲਾਂ ਦੇ ਗਰੀਬ ਲੋਕ ਵੀ ਕੋਈ ਥੋੜ੍ਹੇ ਗੰਦੇ ਨਹੀਂ ਰਹਿੰਦੇ। ਗੰਦੇ ਕੰਮ ਕਰਨ ਦਾ ਬਹਾਨਾ ਵੀ ਨਹੀਂ ਚਲ ਸਕਦਾ, ਕਿਉਂਕਿ ਮਾਵਾਂ ਬੱਚਿਆਂ ਦਾ ਮੈਲਾ ਸਾਫ ਕਰਨ ਨਾਲ ਭੰਗੀ ਜਾਂ ਅਛੂਤ ਤਾਂ ਨਹੀਂ ਹੋ ਜਾਂਦੀਆਂ।
ਪਰ ਇਹ ਕੰਮ ਓਨੇ ਸਮੇਂ ਤੱਕ ਨਹੀਂ ਹੋ ਸਕਦਾ ਜਿੰਨੇ ਸਮੇਂ ਤੱਕ ਕਿ ਅਛੂਤ ਕੌਮਾਂ ਆਪਣੇ ਆਪਨੂੰ ਜਥੇਬੰਦ ਨਹੀਂ ਕਰ ਲੈਂਦੀਆਂ। ਅਸੀਂ ਤਾਂ ਸਮਝਦੇ ਹਾਂ ਕਿ ਉਨ੍ਹਾਂ ਦਾ ਆਪਣੇ ਆਪ ਨੂੰ ਵੱਖਰੇ ਜਥੇਬੰਦ ਕਰਨਾ ਅਤੇ ਮੁਸਲਮਾਨਾਂ ਦੇ ਬਰਾਬਰ ਗਿਣਤੀ ਵਿਚ ਹੋਣ ਕਾਰਨ ਉਨ੍ਹਾਂ ਦੇ ਬਰਾਬਰ ਅਧਿਕਾਰਾਂ ਦੀ ਮੰਗ ਕਰਨਾ ਬਹੁਤ ਆਸ਼ਾਜਨਕ ਸੰਕੇਤ ਹੈ। ਜਾਂ ਤਾਂ ਸੰਪਰਦਾਇਕ ਵਿਤਕਰੇ ਦਾ ਝੰਝਟ ਹੀ ਖਤਮ ਕਰੋ, ਨਹੀਂ ਤਾਂ ਉਨ੍ਹਾਂ ਨੂੰ ਵੱਖਰੇ ਅਧਿਕਾਰ ਦੇ ਦਿਓ। ਕੌਂਸਲਾਂ ਤੇ ਅਸੰਬਲੀਆਂ ਦਾ ਫਰਜ ਹੈ ਕਿ ਉਹ ਸਕੂਲ ਕਾਲਿਜ, ਖੂਹਾਂ ਅਤੇ ਸੜਕਾਂ ਦੀ ਵਰਤੋਂ ਦੀ ਪੂਰੀ ਆਜ਼ਾਦੀ ਉਨ੍ਹਾਂ ਨੂੰ ਦੁਆਉਣ। ਜਬਾਨੀ ਕਲਾਮੀ ਹੀ ਨਹੀਂ ਬਲਕਿ ਨਾਲ ਲਿਜਾਕੇ ਉਨ੍ਹਾਂ ਨੂੰ ਖੂਹਾਂ ‘ਤੇ ਚੜ੍ਹਾਉਣ। ਉਨ੍ਹਾਂ ਦੇ ਬੱਚਿਆਂ ਨੂੰ ਸਕੂਲਾਂ ਵਿਚ ਦਾਖਲੇ ਦੁਆਉਣ। ਪਰ ਜਿਸ ਲੈਜਿਸਲੇਟਿਵ ਵਿਚ ਬਾਲ-ਵਿਵਾਹ ਦੇ ਵਿਰੁੱਧ ਪੇਸ਼ ਕੀਤੇ ਗਏ ਬਿੱਲ ਉਤੇ ਮਜ਼ਹਬ ਦੇ ਬਹਾਨੇ ਹਾਏ-ਤੋਬਾ ਮਚਾਈ ਜਾਂਦੀ ਹੈ, ਉਥੇ ਉਹ ਅਛੂਤਾਂ ਨੂੰ ਆਪਣੇ ਨਾਲ ਸ਼ਾਮਲ ਕਰਨ ਦਾ ਹੌਂਸਲਾ ਕਿਵੇਂ ਕਰ ਸਕਦੇ ਹਨ?
Çੲਸ ਲਈ ਅਸੀਂ ਮੰਨਦੇ ਹਾਂ ਕਿ ਉਨ੍ਹਾਂ ਦੇ ਆਪਣੇ ਲੋਕ ਪ੍ਰਤੀਨਿਧ ਹੋਣ। ਉਹ ਆਪਣੇ ਲਈ ਵਧੇਰੇ ਅਧਿਕਾਰ ਮੰਗਣ। ਅਸੀਂ ਤਾਂ ਸਾਫ਼ ਕਹਿੰਦੇ ਹਾਂ ਕਿ ਉਠੋ, ਅਛੂਤ ਕਹਾਉਣ ਵਾਲੇ ਅਸਲੀ ਜਨਸੇਵਕੋ ਅਤੇ ਭਾਈਓ! ਉਠੋ! ਆਪਣਾ ਇਤਿਹਾਸ ਦੇਖੋ। ਗੁਰੂ ਗੋਬਿੰਦ ਸਿੰਘ ਦੀ ਫੌਜ ਦੀ ਅਸਲੀ ਸ਼ਕਤੀ ਤੁਸੀਂ ਹੀ ਸੀ! ਸ਼ਿਵਾਜੀ ਤੁਹਾਡੇ ਭਰੋਸੇ ਉਤੇ ਹੀ ਸਭ ਕੁੱਝ ਕਰ ਸਕੇ, ਜਿਸ ਕਾਰਨ ਉਨ੍ਹਾਂ ਦਾ ਨਾਂਅ ਅੱਜ ਵੀ ਜਿੰੰਦਾ ਹੈ। ਤੁਹਾਡੀਆਂ ਕੁਰਬਾਨੀਆਂ ਸੋਨੇ ਦੇ ਅੱਖਰਾਂ ਵਿਚ ਲਿਖੀਆਂ ਹੋਈਆਂ ਹਨ। ਤੁਸੀਂ ਜਿਹੜੀ ਨਿਤਾਪ੍ਰਤੀ ਸੇਵਾ ਕਰਕੇ ਜਨਤਾ ਦੇ ਸੁੱਖਾਂ ਵਿਚ ਵਾਧਾ ਕਰਕੇ ਅਤੇ ਜਿੰਦਗੀ ਸੰਭਵ ਬਣਾਕੇ ਇਹ ਵੱਡਾ ਭਾਰਾ ਅਹਿਸਾਨ ਕਰ ਰਹੇ ਹੋ, ਉਸ ਨੂੰ ਅਸੀਂ ਲੋਕ ਨਹੀਂ ਸਮਝਦੇ। ਲੈਂਡ ਐਲੀਏਨੇਸ਼ਨ ਐਕਟ ਮੁਤਾਬਕ ਤੁਸੀਂ ਧਨ ਇਕੱਠਾ ਕਰਕੇ ਵੀ ਜ਼ਮੀਨ ਨਹੀਂ ਖਰੀਦ ਸਕਦੇ। ਤੁਹਾਡੇ ‘ਤੇ ਐਨਾ ਜ਼ੁਲਮ ਹੋ ਰਿਹਾ ਹੈ। ਮਿਸ ਮੇਯੋ ਮਨੁੱਖਾਂ ਨੂੰ ਵੀ ਕਹਿੰਦੀ ਹੈ-ਉਠੋ ਆਪਣੀ ਸ਼ਕਤੀ ਪਛਾਣੋ। ਜਥੇਬੰਦ ਹੋ ਜਾਓ। ਅਸਲ ਵਿਚ ਖ਼ੁਦ ਕੋਸ਼ਿਸ਼ ਕੀਤੇ ਬਿਨਾਂ ਕੁਝ ਵੀ ਨਹੀਂ ਮਿਲ ਸਕੇਗਾ। (Those who would be free must themselves strike the blow.) ਆਜ਼ਾਦੀ ਲਈ ਸਵਾਧੀਨਤਾ ਚਾਹੁਣ ਵਾਲਿਆਂ ਨੂੰ ਯਤਨ ਕਰਨਾ ਚਾਹੀਦਾ ਹੈ। ਮਨੁੱਖ ਦੀਆਂ ਹੌਲੀ ਹੌਲੀ ਕੁਝ ਅਜਿਹੀਆਂ ਆਦਤਾਂ ਹੋ ਗਈਆਂ ਹਨ ਕਿ ਉਹ ਆਪਣੇ ਲਈ ਤਾਂ ਵਧੇਰੇ ਅਧਿਕਾਰ ਚਾਹੁੰਦਾ ਹੈ, ਪਰ ਜਿਹੜੇ ਉਸਦੇ ਮਾਤਹਤ ਹਨ ਉਨ੍ਹਾਂ ਨੂੰ ਉਹ ਆਪਣੀ ਜੁੱਤੀ ਥੱਲੇ ਦਬਾਈ ਰੱਖਣਾ ਚਾਹੁੰਦਾ ਹੈ। ਅਖਾਣ ਹੈ ‘ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ’। ਭਾਵ ਜਥੇਬੰਦ ਹੋ ਕੇ ਪੈਰਾਂ ‘ਤੇ ਖੜੇ ਹੋ ਕੇ ਪੂਰੇ ਸਮਾਜ ਨੂੰ ਚੁਣੌਤੀ ਦੇ ਦਿਓ! ਤਾਂ ਦੇਖਣਾ, ਕੋਈ ਵੀ ਤੁਹਾਨੂੰ ਤੁਹਾਡੇ ਅਧਿਕਾਰ ਦੇਣ ਤੋਂ ਇਨਕਾਰ ਕਰਨ ਦੀ ਜੁਰੱਤ ਨਹੀਂ ਕਰ ਸਕੇਗਾ। ਤੁਸੀਂ ਦੂਜਿਆਂ ਦੀ ਖੁਰਾਕ ਨਾ ਬਣੋ। ਦੂਜੇ ਦੇ ਮੂੰਹ ਵੱਲ ਨਾ ਵੇਖੋ। ਪਰ ਧਿਆਨ ਰਹੇ, ਨੌਕਰਸ਼ਾਹੀ ਦੇ ਝਾਂਸੇ ਵਿਚ ਨਾ ਫਸਣਾ। ਇਹ ਤੁਹਾਡੀ ਕੋਈ ਸਹਾਇਤਾ ਨਹੀਂ ਕਰਨਾ ਚਾਹੁੰਦੀ। ਬਲਕਿ ਤੁਹਾਨੂੰ ਆਪਣਾ ਮੋਹਰਾ ਬਣਾਉਣਾ ਚਾਹੁੰਦੀ ਹੈ। ਇਹੀ ਪੂੰਜੀਵਾਦੀ ਨੌਕਰਸ਼ਾਹੀ ਤੁਹਾਡੀ ਗੁਲਾਮੀ ਤੇ ਗਰੀਬੀ ਦਾ ਅਸਲ ਕਾਰਨ ਹੈ। ਇਸ ਲਈ ਤੁਸੀਂ ਉਸ ਨਾਲ ਕਦੇ ਨਾ ਰਲਣਾ। ਉਸ ਦੀਆਂ ਚਾਲਾਂ  ਤੋਂ ਬਚਣਾ। ਤਾਂ ਸਭ ਕੁਝ ਠੀਕ ਹੋ ਜਾਵੇਗਾ। ਤੁਸੀਂ ਅਸਲ ਸਰਵਹਾਰਾ ਹੋ.. ਜਥੇਬੰਦ ਹੋ ਜਾਓ। ਤੁਹਾਡੀ ਕੋਈ ਵੀ ਹਾਨੀ ਨਹੀਂ ਹੋਵੇਗੀ। ਬਸ ਗੁਲਾਮੀ ਦੀਆਂ ਜੰਜੀਰਾਂ ਕੱਟ ਜਾਣਗੀਆਂ। ਉਠੋ, ਅਤੇ ਮੌਜੂਦਾ ਵਿਵਸਥਾ ਵਿਰੁੱਧ ਬਗਾਵਤ ਖੜ੍ਹੀ ਕਰ ਦਿਓ। ਹੌਲੀ-ਹੌਲੀ ਹੋਣ ਵਾਲੇ ਸੁਧਾਰਾਂ ਨਾਲ ਕੁੱਝ ਨਹੀਂ ਬਣ ਸਕੇਗਾ। ਸਮਾਜਕ ਅੰਦੋਲਨ ਨਾਲ ਇਨਕਲਾਬ ਪੈਦਾ ਕਰ ਦਿਓ ਅਤੇ ਰਾਜਨੀਤਕ ਤੇ ਆਰਥਕ ਇਨਕਲਾਬ ਲਈ ਕਮਰ ਕੱਸ ਲਓ। ਤੁਸੀਂ ਹੀ ਤਾਂ ਦੇਸ਼ ਦਾ ਮੁੱਖ ਅਧਾਰ ਹੋ, ਅਸਲੀ ਸ਼ਕਤੀ ਹੋ। ਸੁੱਤੇ ਹੋਏ ਸ਼ੇਰੋ! ਉਠੋ ਅਤੇ ਬਗਾਵਤ ਖੜ੍ਹੀ ਕਰ ਦਿਓ!

Scroll To Top