ਡਾ. ਕਰਮਜੀਤ ਸਿੰਘ
1917 ਦਾ ਰੂਸੀ ਅਕਤੂਬਰ ਇਨਕਲਾਬ 20ਵੀਂ ਸਦੀ ‘ਚ ਇਕ ਯੂਰਪੀਅਨ ਤਾਕਤ ਹੀ ਨਹੀਂ ਸੀ, ਜਿਸਨੇ ਕੇਵਲ ਦੁਨੀਆਂ ਦੇ ਭੂਗੋਲਿਕ ਤੇ ਰਾਜਨੀਤੀ ਨਕਸ਼ੇ ਵਿਚ ਵੱਡਾ ਪਰਿਵਰਤਨ ਹੀ ਨਹੀਂ ਕੀਤਾ ਸਗੋਂ ਇਸਨੇ ਰੰਗਮੰਚ, ਫਿਲਮਾਂ ਅਤੇ ਸਾਹਿਤ ਨੂੰ ਵੀ ਪੂਰੀ ਤਰ੍ਹਾਂ ਰੁਪਾਂਤ੍ਰਿਤ ਕਰ ਦਿੱਤਾ, ਜਿਸਦਾ ਪ੍ਰਭਾਵ ਅੱਜ ਤਕ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਅੱਜ ਅਸੀਂ ਇਸ ਦੀ 103ਜੀ ਵਰ੍ਹੇਗੰਢ ਮਨਾ ਰਹੇ ਹਾਂ। ਇਹ ਇਨਕਲਾਬ ਵੀ.ਆਈ. ਲੈਨਿਨ ਦੀ ਅਗਵਾਈ ਵਿਚ ਸਿਰੇ ਚੜ੍ਹਿਆ। ਭਾਰਤ ਵਿਚ ਅੰਗ੍ਰੇਜ਼ ਸਾਮਰਾਜ ਦੇ ਵਿਰੁੱਧ ਸੁਤੰਤਰਤਾ ਦੀ ਲੜਾਈ ਦੌਰਾਨ ਇਸ ਸਫ਼ਲ ਇਨਕਲਾਬ ਦੇ ਨਤੀਜਿਆਂ ਨੇ ਲੜਾਈ ਨੂੰ ਸੇਧ ਦਿੱਤੀ। ਸਾਰੇ ਸਮਾਜਾਂ ਦੇ ਹਰ ਤਬਕੇ ਨੂੰ ਅਕਤੂਬਰ ਇਨਕਲਾਬ ਨੇ ਪ੍ਰੇਰਿਤ ਕੀਤਾ, ਜਿਨ੍ਹਾਂ ਵਿਚ ਕਾਰਜਕਰਤਾ, ਲੇਖਕ, ਕਲਾਕਾਰ ਤੇ ਬੌਧਿਕ ਲੋਕ ਵੀ ਸ਼ਾਮਲ ਸਨ। ”ਸਮਾਜਵਾਦੀ ਮੁਲਕਾਂ ਵਿਚ ਹੀ ਨਹੀਂ ਪੂਰੇ ਸੰਸਾਰ ਸਾਹਿਤ ਵਿਚ ਅਕਤੂਬਰ ਇਨਕਲਾਬ ਦੀ ਨਿਰੰਤਰਤਾ ਦਾ ਵਰਨਣ, ਸਿਮਰਨ ਤੇ ਮਹਿਮਾ-ਗਾਨ ਹੋਇਆ ਹੈ। ਜੌਹਨ ਰੀਡ, ਹਿਊਲੈਂਟ ਜੋਹਨਸਨ, ਡਾਈਸਨ ਕਾਰਟਰ, ਰਬਿੰਦਰ ਨਾਥ ਠਾਕਰ, ਜਵਾਹਰ ਲਾਲ ਨਹਿਰੂ, ਰਾਹੁਲ ਸਾਂਕ੍ਰਿਤਯਾਯਨ, ਨਾਜ਼ਿਮ ਹਿਕਮਤ ਅਤੇ ਪੰਜਾਬੀ ਗਦਰੀਆਂ ਵਿਚੋਂ ਭਾਈ ਸੰਤੋਖ ਸਿੰਘ ਆਦਿ ਨੇ ਰੂਸੀ ਇਨਕਲਾਬ ਤੇ ਸੋਵੀਅਤ ਸਮਾਜ ਦੀਆਂ ਪ੍ਰਾਪਤੀਆਂ ਨੂੰ ਅੱਖੀਂ ਦੇਖਿਆ, ਚੱਖਿਆ ਤੇ ਸੁੰਘਿਆ ਅਤੇ ਉਸਦੀ ਖੁਸ਼ਬੋ ਨੂੰ ਜਗ-ਜਹਾਨ ਵਿਚ ਵੰਡਿਆ।” (ਕੇਸਰ ਸਿੰਘ ਕੇਸਰ, ਕਾਵਿ ਚਿੰਤਨ-99, ਸੰ. ਜਸਬੀਰ ਕੇਸਰ, ਪੰਨਾ-171)
ਇਸ ਵਿਚੋਂ ਮਹਾਬ੍ਰਿਤਾਂਤਕ ਰਚਨਾਵਾਂ ਦਾ ਉਦੈ ਹੋਇਆ। ਇਸਦੇ ਦਾਰਸ਼ਨਿਕ ਅਤੇ ਸੁਹਜਾਤਮਕ ਪਸਾਰਾਂ ਨੇ ਪੇਂਟਿੰਗ, ਰੰਗਮੰਚ, ਬੁੱਤ ਕਲਾ, ਫਿਲਮਾਂ, ਫੋਟੋਗ੍ਰਾਫੀ, ਸਜਾਵਟੀ ਕਲਾਵਾਂ, ਭਵਨ ਨਿਰਮਾਣ ਕਲਾ, ਸਾਹਿਤ ਅਤੇ ਪੋਸਟਰ ਡਿਜ਼ਾਇਨ ਆਦਿ ਸਭ ਨੂੰ ਪ੍ਰਭਾਵਿਤ ਕੀਤਾ। ਇਸਨੇ ਸਮਕਾਲੀ ਯਥਾਰਥ ਨੂੰ ਸਮਝਣ ਅਤੇ ਰਾਜਨੀਤਿਕ ਤੇ ਇਨਕਲਾਬੀ ਭਵਿੱਖ ਨੂੰ ਸਿਰਜਣ ਵਿਚ ਯੋਗਦਾਨ ਦਿੱਤਾ। ਫਿਲਮਾਂ ਦੀ ਭਾਸ਼ਾ ਤੇ ਸੁਹਜ ਨੂੰ ਇਸਨੇ ਸੰਵਾਰਿਆ। ਕਲਾ ਵਿਚ ਮਨੁੱਖ ਤੇ ਕੁਦਰਤ ਦਾ ਏਕੀਕਰਨ ਕਰਕੇ ਮਾਨਵੀ ਕੰਮਾਂ ਨੂੰ ਇਕ ਲੈਆਤਮਕਤਾ ਵਿਚ ਪੇਸ਼ ਕੀਤਾ ਗਿਆ। 1928 ਈ. ਵਿਚ ਜਾਨ ਰੀਡ ਦੇ ਨਾਵਲ ‘ਤੇ ਫਿਲਮ ਬਣਦੀ ਹੈ- ‘ਦੱਸ ਦਿਨ, ਜਿਨ੍ਹਾਂ ਨੇ ਦੁਨੀਆਂ ਹਿਲਾ ਦਿੱਤੀ’, ਜਿਸ ਵਿਚ ਸਮਾਜਵਾਦੀ ਯਥਾਰਥਵਾਦ ਦੇ ਸਾਰੇ ਗੁਣ ਦੇਖਣ ਨੂੰ ਮਿਲ ਜਾਂਦੇ ਹਨ। ਯਥਾਰਥ ਚਿੱਤਰਣ ਲਈ ਡੀਗਾ ਵੇਰਟੌਏ (4}{a Verto਼) ਦਾ ਕਥਨ ਦੁਹਰਾਇਆ ਜਾਂਦਾ ਰਿਹਾ ਕਿ ‘ਕੈਮਰਾ ਮਨੁੱਖੀ ਅੱਖ ਨਾਲੋਂ ਵਧੀਆ ਦੇਖ ਸਕਦਾ ਹੈ।’ ਇਸਦਾ ਅਰਥ ਫਿਲਮਾਂ ਵੱਲੋਂ ਸਮਾਜਿਕ ਯਥਾਰਥ ਨੂੰ ਡੂੰਘਾਈ ਤਕ ਫੜ੍ਹਨਾ ਤੇ ਉਸਦੀ ਪੇਸ਼ਕਾਰੀ ਤੋਂ ਹੈ। ਇਹ ਪੇਸ਼ਕਾਰੀ ਪਰਿਵਰਤਨਸ਼ੀਲ ਸਮਾਜਿਕ ਯਥਾਰਥ ਨੂੰ ਵੀ ਸਾਹਮਣੇ ਲਿਆਉਂਦੀ ਹੈ ਤੇ ਜਿਸ ਵਿਚ ਇੰਡਸਟਰੀਅਲ ਵਿਕਾਸ ਵੀ ਸ਼ਾਮਿਲ ਸੀ ਜਿਸ ਵਿਚ ਮਿਹਨਤੀ ਸਰੀਰਾਂ ਦੀ ਸ਼ਕਤੀ ਵੀ ਲੱਗੀ ਹੋਈ ਸੀ। ਵੇਰਟੋਏ ਦੀ ਫਿਲਮ ‘ਮੂਵੀ ਕੈਮਰੇ ਨਾਲ ਆਦਮੀ’ (ਮੈਨ ਵਿਦ ਮੂਵੀ ਕੈਮਰਾ) ਇਸ ਦ੍ਰਿਸ਼ਟੀ ਤੋਂ ਸਲਾਹੁਣ ਯੋਗ ਫਿਲਮ ਹੈ। ਫਿਲਮ ਵਿਰੋਧ ਵਿਕਾਸੀ ਵਿਸ਼ਵ ਦ੍ਰਿਸ਼ਟੀ ਤੋਂ ਸ਼ੁਰੂ ਹੋ ਕੇ ਮਨੁੱਖੀ ਚੇਤਨਾ ਦੀਆਂ ਤੈਹਾਂ ਨੂੰ ਫਰੋਲਦੀ ਹੈ। ਵੇਰਟੌਏ ਦੇ ਨਾਲ ਆਈਨਸਟੀਨ ਰਲ ਕੇ ਟੈਕਨਾਲੋਜੀ ਵੱਲੋਂ ਮਨੁੱਖੀ ਸ਼ਕਤੀਆਂ ਨੂੰ ਪ੍ਰਭਾਵਿਤ ਹੁੰਦਿਆਂ ਦਿਖਾਲਦਾ ਹੈ।
ਰੂਸੀ ਸਮਾਜਵਾਦੀ ਯਥਾਰਥਵਾਦ ਨੇ ਚੀਨੀ ਇਨਕਲਾਬ ਅਤੇ ਹੋਰ ਇਨਕਲਾਬਾਂ ਦੇ ਕਾਲਾਂ ਨੂੰ ਵੀ ਡੂੰਘੀ ਤਰ੍ਹਾਂ ਪ੍ਰਭਾਵਿਤ ਕੀਤਾ। ਇਸ ਸਮਾਜਵਾਦੀ ਯਥਾਰਥਵਾਦ ਵਿਚ ਏਂਗਲਜ਼ ਦੀ ਸਾਹਿਤ ਪ੍ਰਤੀ ਇਹ ਸਮਝ ਵੀ ਸ਼ਾਮਿਲ ਸੀ ਕਿ ‘ਸੱਚ ਦੇ ਵਿਸਤਾਰ ਦੇ ਨਾਲ-ਨਾਲ ਵਿਸ਼ੇਸ਼ ਵਾਤਾਵਰਣ ਵਿਚ ਵਿਸ਼ੇਸ਼ ਤਰ੍ਹਾਂ ਦੇ ਚਰਿੱਤਰਾਂ ਦੀ ਸਿਰਜਣਾ ਕੀਤੀ ਜਾਣੀ ਚਾਹੀਦੀ ਹੈ।’ ਸਮਾਜਵਾਦੀ ਯਥਾਰਥਵਾਦ, ਪਹਿਲੇ ਥਾਂ ‘ਤੇ ਸਮਾਜਵਾਦੀ ਹੈ ਤੇ ਦੂਜੇ ਥਾਂ ‘ਤੇ ਯਥਾਰਥਵਾਦੀ ਅਤੇ ਬੁੱਧੀਵਾਨਾਂ, ਲੇਖਕਾਂ ਅਤੇ ਕਲਾਕਾਰਾਂ ਜਿਨ੍ਹਾਂ ਨੂੰ ਮਜ਼ਦੂਰ ਜਮਾਤ ਦੇ ਸਿਖਿਅਤ ਕਰਨ ਅਤੇ ਪ੍ਰੇਰਿਤ ਕਰਨ ਦੀ ਜ਼ਿੰਮੇਂਵਾਰੀ ਦਿੱਤੀ ਗਈ ਹੈ, ਉਨ੍ਹਾਂ ਨੂੰ ਕਮਿਊਨਿਸਟ ਨਿਸ਼ਾਨੇ, ਅੰਤਿਮ ਸੱਚ ਅਤੇ ਇਨਕਲਾਬ ਦੀ ਜ਼ਰੂਰਤ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਦੋਵਾਂ ਨੂੰ ਮੰਨ ਲੈਣ ਤੋਂ ਬਾਅਦ ਰੁਮਾਂਸਵਾਦ, ਨਾਇਕ ਦੀ ਅਤਿਕਥਨੀ ਵਾਲੀ ਛਵੀ ਅਤੇ ਹੋਰ ਰੰਗੀਨ ਕਲਪਨਾਵਾਂ ਨਿਰੋਲ ਬਨਾਉਟੀ ਨਹੀਂ ਲੱਗਣਗੀਆਂ, ਸਗੋਂ ਯਥਾਰਥ ਦਾ ਸੱਚਾ ਪ੍ਰਗਟਾ ਲੱਗਣਗੀਆਂ।’ (ਲਿਊ ਡਿੰਗ ਅਤੇ ਕਾਰਲੋ ਯੁੰਗਹੁਆ ਲੂ) ਇਹ ਚੀਨ ਵੱਲੋਂ ਆਪਣੇ ਸਮਾਜਵਾਦੀ ਯਥਾਰਵਾਦ ਦੀ ਸੋਚ ਦਾ ਹਿੱਸਾ ਬਣਿਆ। ਇਸਨੇ ਚੀਨੀ ਕਲਾਕਾਰਾਂ ਵਿਚ ਆਧੁਨਿਕਤਾਵਾਦ ਦਾ ਰਾਹ ਵੀ ਖੋਲ੍ਹਿਆ।
ਰੂਸ ਵਿਚ 1934 ਦੀ ਪਹਿਲੀ ਸੋਵੀਅਤ ਲੇਖਕਾਂ ਦੀ ਕਾਂਗਰਸ ਨੇ ਸਮਾਜਵਾਦੀ ਯਥਾਰਥ ਦੀ ਨੀਂਹ ਰੱਖੀ। ਇਸ ਮੌਕੇ ਮੈਕਸਿਮ ਗੋਰਕੀ ਨੇ ਕਿਹਾ ਕਿ ਸਮਾਜਵਾਦੀ ਯਥਾਰਥਵਾਦੀ ਸਾਹਿਤ ਸਿੱਧਾ ਪ੍ਰੋਲਤਾਰੀ ਜਮਾਤ ਨਾਲ ਜੁੜਿਆ ਹੋਇਆ ਹੈ ਅਤੇ ਵਿਸ਼ੇ ਤੇ ਇਤਿਹਾਸ ਵਿਚ ਇਸਦਾ ਉਦੈ ਇਕ ਸੁਤੰਤਰ ਰਾਜਨੀਤਿਕ ਤਾਕਤ ਵਜੋਂ ਹੁੰਦਾ ਹੈ। ਇਸ ਲਈ ਬ੍ਰਿਟਿਸ਼ ਚਾਰਟਿਸਟ ਕਵਿਤਾ, ਜਰਮਨ ਪ੍ਰੋਲਤਾਰੀ ਕਵਿਤਾ ਅਤੇ ਪੈਰਿਸ ਕਮਿਊਨ ਨਾਲ ਸੰਬੰਧਿਤ ਫਰਾਂਸੀਸੀ ਸਾਹਿਤ ਨੂੰ ਨਵੇਂ ਸਾਹਿਤਕ ਰੂਪ ਦੇ ਮੁੱਢ ਵਜੋਂ ਦੇਖਣਾ ਚਾਹੀਦਾ ਹੈ। ਜਿਸਨੇ ਰੂਸੀ ਪ੍ਰੋਲਟੇਰੀਅਟ ਇਨਕਲਾਬ ਵਿਚ ਪੱਕੇ ਪੈਰੀਂ ਹੋਣਾ ਹੈ। ”ਸਮਾਜਵਾਦੀ ਯਥਾਰਥਵਾਦ ਲੋਕਾਂ ਦੀ ਸਿਜਣਾਤਮਿਕ ਸ਼ਕਤੀ ਦੀ ਪਛਾਣ ਕਰਦਾ ਹੈ ਜੋ ਘਟਨਾਵਾਂ ਦੇ ਵਹਿਣ ਨੂੰ ਬਦਲ ਦਿੰਦੇ ਹਨ।” ਇਨ੍ਹਾਂ ਦੇ ਆਪਣੇ ਡੈਮੋਕ੍ਰੇਟਿਕ ਲੱਛਣ ਹਨ। ਇਹ ਇਨਕਲਾਬੀ ਕਲਾ ਰੂਪ ਹੈ ਜੋ ਲੋਕਾਂ ਦੇ ਮਨੋਵਿਗਿਆਨਕ ਪੱਖਾਂ ਨੂੰ ਅਤੇ ਵਿਅਕਤੀਗਤ ਮਨੁੱਖੀ ਤਾਕਤ ਨੂੰ ਜਜ਼ਬ ਕਰਦਾ ਹੈ। ਅਸਲੀ ਡੈਮੋਕ੍ਰੇਸੀ ਦੀ ਆਤਮਾ ਅਤੇ ਚੇਤੰਨ ਇਤਿਹਾਸਕਤਾ ਇਹ ਦੋ ਸਮਾਜਵਾਦੀ ਯਥਾਰਥ ਦੇ ਅਜਿਹੇ ਤੱਥ ਹਨ, ਜਿਸ ਵਿਚ ‘ਹੀਰੋ’ ਦਾ ਖਾਸ ਤਰ੍ਹਾਂ ਦਾ ਯਥਾਰਥਵਾਦੀ ਸੰਕਲਪ ਪੈਦਾ ਹੁੰਦਾ ਹੈ ਜਾਂ ਉੱਭਰਦਾ ਹੈ।
ਸਮਾਜਵਾਦੀ ਯਥਾਰਥਵਾਦੀ ਸਾਹਿਤ ਵਿਚ ਨਾਇਕ ਦਾ ਚਰਿੱਤਰ ਅਨੇਕਾਂ ਗੁਣਾਂ, ਲੱਛਣਾਂ ਦਾ ਮਹੱਤਵਪੂਰਨ ਸਮੁੱਚ ਹੀ ਨਹੀਂ ਹੁੰਦਾ ਅਤੇ ਨਾ ਹੀ ਬੀਮਾਰ ਭਾਵਨਾਵਾਂ ਤੇ ਗੁੰਝਲਾਂ ਦੀ ਮਾਨਸਿਕਤਾ ਡਰ ਤੇ ਭੈੜਾਂ ਜਾਂ ਪਰਿਵਾਰਕ ਬੀਮਾਰੀਆਂ ਦਾ ਭਾਂਡਾ ਹੀ ਹੁੰਦਾ ਹੈ। ਉਹ ‘ਯੋਗੀ ਵਰਗਾ’ ਤਰਕ ਦੀਆਂ ਭਾਵਨਾਵਾਂ ਤੋਂ ਮੁਕਤ ਸਮਾਜਿਕ ਵਾਤਾਵਰਣ ਤੋਂ ਸੁਤੰਤਰ ਕੋਈ ਪ੍ਰਾਣੀ ਵੀ ਨਹੀਂ ਹੁੰਦਾ। ਅਹਿਮ ਤੌਰ ‘ਤੇ ਉਹ ਕੋਈ ਸਦੀਵੀਂ ਲੱਛਣਾਂ ਵਾਲਾ ਮਾਨਵੀ ਪ੍ਰਕਿਰਤੀ ਦਾ ਪ੍ਰਾਣੀ ਵੀ ਨਹੀਂ ਹੁੰਦਾ ਜੋ ਆਦਮ ਦੇ ਸਮੇਂ ਤੋਂ ਹੁਣ ਤਕ ਬਦਲਿਆ ਹੀ ਨਾ ਹੋਵੇ।
ਸਮਾਜਵਾਦੀ ਯਥਾਰਥਵਾਦ ਅਜਿਹੇ ਚਰਿੱਤਰ ਨੂੰ ਮਾਨਤਾ ਦਿੰਦਾ ਹੈ ਜਿਸਦੇ ਵਿਅਕਤੀਗਤ ਚਰਿੱਤਰ ਨੂੰ ਵਿਭਿੰਨ ਸਮਾਜਿਕ ਪ੍ਰਭਾਵ ਸਿਰਜਦੇ ਹਨ। ਇਸ ਤਰ੍ਹਾਂ ਸਮਾਜਵਾਦੀ ਯਥਾਰਥ ਅਜਿਹੇ ਚਰਿੱਤਰ ਦੇ ਸੰਕਲਪ ਨੂੰ ਵਿਕਸਤ ਕਰਦਾ ਹੈ ਜਿਹੜਾ ਆਲੋਚਨਾਤਕ ਯਥਾਰਥਵਾਦ ਵਿਚ ਮਿਲਦਾ ਹੈ। ਇਥੇ ਨਾਇਕ ਦੇ ਚਰਿੱਤਰ ‘ਤੇ ਸਮਾਜ ਭਾਰੂ ਰਹਿੰਦਾ ਹੈ, ਜ਼ਿੰਦਗੀ ਦੇ ਰੂਪਾਂਤ੍ਰਣ ਨਾਲ ਅਤੇ ਇਤਿਹਾਸਕ ਤੋਰ ਅਨੁਸਾਰ ਵਿਅਕਤੀ ਰੂਪਾਂਤ੍ਰਿਤ ਤੇ ਵਿਕਸਤ ਹੁੰਦਾ ਹੈ। ਇਹੀ ਤੱਤ ਸੰਘਰਸ਼ ਅਤੇ ਭਾਵਨਾਵਾਂ, ਹਿੱਤਾਂ, ਮਾਨਵੀ ਆਤਮਾ ਦੀਆਂ ਧਾਰਣਾਵਾਂ ਨੂੰ ਅਤੇ ਉਸਦੇ ਸਮਾਜਿਕ ਸੰਘਰਸ਼ ਅਤੇ ਟਕਰਾਅ ਪ੍ਰਤਿ ਉਸਦੀ ਦ੍ਰਿਸ਼ਟੀ ਨੂੰ ਪੂਰਨ ਤੌਰ ‘ਤੇ ਨਿਸ਼ਚਿਤ ਕਰਦੇ ਹਨ।
ਚੇਤੰਨ ਇਤਿਹਾਸਵਾਦ ਸਮਾਜਵਾਦੀ ਯਥਾਰਥਵਾਦੀ ਲੇਖਕ ਨੂੰ ਚਰਿੱਤਰ ਉਪਰ ਸਮਾਜ ਦੀ ਸਰਦਾਰੀ ਦੇ ਪ੍ਰਮੁੱਖ ਤੱਤ ਨੂੰ ਸਥਾਪਿਤ ਕਰਵਾਉਂਦਾ ਹੈ ਜੋ ਉਸਨੂੰ ਆਤਮਿਕ ਤੌਰ ‘ਤੇ ਵਿਕਸਤ ਕਰਦਾ ਹੈ। ਹੀਰੋ ਦੀ ਸਮਾਜਿਕ ਸੰਘਰਸ਼ ਅਤੇ ਟਕਰਾਅ ਪ੍ਰਤੀ ਦ੍ਰਿਸ਼ਟੀ ਨੂੰ ਸਮਾਜਵਾਦੀ ਯਥਾਰਥਵਾਦੀ ਸਾਹਿਤ ਨੇ ਵਿਭਿੰਨ ਤਰ੍ਹਾਂ ਦੇ ਚਰਿੱਤਰ ਦੇ ਨਿਰਮਾਣ ਨੂੰ ਇਸ ਲਈ ਸੰਭਵ ਬਣਾਇਆ ਹੈ ਕਿ ਇਨ੍ਹਾਂ ਰਾਹੀਂ ਸੱਤਾ ਦੀ ਗੁੰਝਲਦਾਰ ਪ੍ਰਕਿਰਿਆ ਰਾਹੀਂ ਨਵੇਂ ਸਮਾਜਿਕ ਰਿਸ਼ਤੇ ਉੱਸਰਦੇ ਹਨ ਅਤੇ ਲੋਕਾਂ ਦੀ ਚੇਤਨੰਤਾ ਵਿਚ ਉੁਭਾਰ ਆਉਂਦਾ ਹੈ। ਸਮਾਜਵਾਦੀ ਯਥਾਰਥਵਾਦ ਵਿਸ਼ਲੇਸ਼ਣ ਕਰਦਾ ਹੈ ਅਤੇ ਵਿਅਕਤੀਗਤ ਅਤੇ ਸਮਾਜ ਦੇ ਗੁੰਝਲਦਾਰ ਰਿਸ਼ਤਿਆਂ ਦੀ ਖੋਜ ਕਰਦਾ ਹੈ ਅਤੇ ਫਿਰ ਆਲੋਚਨਾਤਮਕ ਯਥਾਰਥ ਨੂੰ ਪੈਦਾ ਕਰਦਾ ਹੈ। (ਬੋਰਿਸ ਸੁਚਕੋਵ, ਏ ਹਿਸਟਰੀ ਆਫ਼ ਰਇਏਲਿਜ਼ਮ, ਪ੍ਰੋਗਰੈਸ ਪਬਲਿਸ਼ਰ ਮਾਸਕੋ, 1973, ਪੰਨੇ: 271-272.)।
ਚੀਨ ਦੀ 22-23 ਮਈ 1940 ਵਿਚ ਹੋਈ ਸਾਹਿਤ ਤੇ ਕਲਾ ਦੀ ਯੇਨਾਨ ਕਾਨਫਰੰਸ ਵਿਚ 200 ਤੋਂ ਵੱਧ ਸਾਹਿਤਕਾਰਾਂ ਤੇ ਕਲਾਕਾਰਾਂ ਨੇ ਹਿੱਸਾ ਲਿਆ, ਜਿਸ ਵਿਚ ਚੀਨੀ ਪ੍ਰੋਲਤਾਰੀ ਸਾਹਿਤ ਅਤੇ ਕਲਾ ਦੇ ਸਿਧਾਂਤਕ ਤੇ ਵਿਹਾਰਕ ਮਸਲਿਆਂ ਨੂੰ ਵਿਕਸਤ ਹੁੰਦੇ ਵਿਚਾਰਿਆ ਗਿਆ। ਸਾਹਿਤ ਦੇ ਪਾਰਟੀ ਨਾਲ ਸਬੰਧਾਂ ਨੂੰ ਵੀ ਵਿਚਾਰਿਆ ਗਿਆ ਅਤੇ ਨਾਲ ਹੀ ਵਸਤੂ, ਰੂਪ ਅਤੇ ਪੇਸ਼ਕਾਰੀ ਬਾਰੇ ਚਰਚਾ ਕੀਤੀ ਗਈ। ਮਾਓ ਦੇ ਉਦਘਾਟਨੀ ਤੇ ਅੰਤਿਮ ਭਾਸ਼ਣ ਨੂੰ ਮਿਲਾ ਕੇ ਛਾਪਿਆ ਗਿਆ ਜੋ ਨਵੇਂ ਚੀਨੀ ਸਾਹਿਤਕਾਰਾਂ ਨੂੰ ਮਜ਼ਦੂਰ-ਕਿਸਾਨ-ਫੌਜੀ ਲੋਕਾਂ ਨਾਲ ਇਕਸਾਤ ਕਰਨ ਦੀ ਸ਼ੁਰੂਆਤ ਸੀ। ਇਸਦਾ ਪਹਿਲਾ ਸਿਧਾਂਤ ਇਹ ਸੀ ਕਿ ਲੋਕਾਂ ਦੀ ਜ਼ਿੰਦਗੀ ਹੀ ਸਾਹਿਤ ਅਤੇ ਕਲਾ ਦਾ ਸੋਮਾ ਹੈ ਜੋ ਕਦੇ ਸੁੱਕਦਾ ਨਹੀਂ। ਇਹੀ ਇਕੋ-ਇਕ ਸੋਮਾ ਹੈ, ਕੋਈ ਹੋਰ ਨਹੀਂ। ਇਸ ਕਾਨਫਰੰਸ ਵਿਚ ਹੀ ਮਾਓ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਡਾ ਸਾਰਾ ਸਾਹਿਤ ਤੇ ਕਲਾ ਲੋਕਾਂ ਲਈ ਹੈ। ਇਹ ਪਹਿਲਾਂ ਮਜ਼ਦੂਰਾਂ-ਕਿਸਾਨਾਂ ਤੇ ਫੌਜੀਆਂ ਲਈ ਹੈ। ਕਲਾ ਇਨ੍ਹਾਂ ਲਈ ਹੀ ਸਿਰਜੀ ਗਈ ਹੈ….. ਇਸ ਬਾਰੇ ਅਸੀਂ ਅਧਾਰਭੂਤ ਪਾਲਿਸੀ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਲਈਏ, ਮਜ਼ਦੂਰਾਂ, ਕਿਸਾਨਾਂ ਤੇ ਫੌਜੀਆਂ ਨੂੰ ਸੰਬੋਧਿਤ ਹੋ ਲਈਏ। ਇਸਤੋਂ ਬਾਅਦ ਜ਼ਿੰਦਗੀ ਦੇ ਚੰਗੇ ਜਾਂ ਕਾਲੇ ਪੱਖਾਂ ‘ਤੇ ਲਿਖਣ ਦੀ ਸਮੱਸਿਆ ਨੂੰ ਵੀ ਹੱਲ ਕਰਾਂਗੇ। ਮਾਓ ਅਸਲ ਵਿਚ ਇਸ ਸਵਾਲ ਨੂੰ ਮੁਖਾਤਿਬ ਹੁੰਦਾ ਹੈ ਕਿ ਸਾਹਿਤ ਤੇ ਕਲਾ ਹੈ ਕਿਸ ਲਈ?
ਚੀਨ ਵਿਚ ਕਲਾਤਮਿਕ ਸ਼ੈਲੀ, ਵਿਚਾਰਧਾਰਾ ਵਿਚ ਵਟਦੀ ਹੈ ਤੇ ਇਹ ਆਪਣੇ ਆਪ ਵਿਚ ਇਕ ਦ੍ਰਿਸ਼ਟੀ ਹੈ। ਇਹ ਦ੍ਰਿਸ਼ਟੀ ਫੋਟੋਗ੍ਰਾਫ਼ੀ, ਪੇਂਟਿੰਗਜ਼, ਫਿਲਮਾਂ, ਸਾਹਿਤ ਆਦਿ ਹਰ ਰੂਪ ਵਿਚ ਪ੍ਰਗਟ ਹੁੰਦੀ ਹੈ। ਇਤਿਹਾਸਕਾਰ ਗਾਓ ਹੂਆ ਅਨੁਸਾਰ ਚੀਨ ਦਾ ਪ੍ਰੋਲੀਟੇਰੀਅਟ ਸਭਿਆਚਾਰਕ ਬਿਰਤਾਂਤ ਚੀਨ ਵਿਚ ਮਾਸਕੋ ਤੇ ਜਪਾਨ ਰਾਹੀਂ ਪ੍ਰਵੇਸ਼ ਕਰਦਾ ਹੈ। ਰੂਸ ਦਾ ਵਾਹ ਜ਼ਾਰਸ਼ਾਹੀ ਨਾਲ ਪਿਆ ਤਾਂ ਚੀਨ ਨੇ ਜਪਾਨੀ ਸਾਮਰਾਜ ਨਾਲ ਟੱਕਰ ਲਈ। ਇਸ ਲਈ ਚੀਨ ਦੇ ਮਾਰਕਸਵਾਦ ਵਿਚ ਸਾਮਰਾਜ ਵਿਰੋਧੀ ਬਹਾਦਰੀ ਅਤੇ ਮਾਨਵਤਾਵਾਦੀ ਅੰਸ਼ ਪ੍ਰਵੇਸ਼ ਕਰਦੇ ਹਨ। ਚੀਨੀ ਇਨਕਲਾਬ ਹੋਣ ਤੋਂ ਪਹਿਲਾਂ ਹੀ ਚੀਨੀ ਪਰੰਪਰਾ ਵਿਚ ‘ਲਿਖਤ ਸੱਚ ਦੀ ਵਾਹਕ ਹੈ ਅਤੇ ਸਾਹਿਤ ਸਮਾਜ ਰਾਹੀਂ ਬਦਲਦਾ ਹੈ’, ਦੇ ਵਿਚਾਰ ਹੋਂਦ ਵਿਚ ਹਨ। ਅਮੀਰਾਂ ਰਾਹੀਂ ਗਰੀਬਾਂ ਨੂੰ ਲਤਾੜਨ ਅਤੇ ਜੰਗਬਾਜ਼ਾਂ ਤੇ ਜਪਾਨੀ ਹਮਲਾਵਰਾਂ ਦਾ ਵਿਰੋਧ ਇਨਕਲਾਬ ਤੋਂ ਪਹਿਲਾਂ ਹੀ ਚੀਨੀ ਸਾਹਿਤ ਦਾ ਹਿੱਸਾ ਬਣਦਾ ਹੈ। ਚੀਨ ਦੀ ਇਕ ਬਹੁਚਰਚਿਤ ਘਟਨਾ ਕਲਚਰਲ ਰੈਵੋਲਿਊਸ਼ਨ (ਸਭਿਆਚਾਰਕ ਇਨਕਲਾਬ) ਹੈ। ਚੀਨ ਵਿਚ ਜੋ ਕੁੱਝ ਇਕ ਖ਼ਾਸ ਕਾਲ ਵਿਚ ਹੁੰਦਾ ਹੈ, ਸੋਵੀਅਤ ਯੂਨੀਅਨ ਵਿਚ ਲਗਾਤਾਰ ਇਕ ਪਾਲਿਸੀ ਤਹਿਤ ਹੁੰਦਾ ਹੈ। ਮਕਸਦ ਸੀ, ਸਹਿਤਕਾਰਾਂ ਤੇ ਕਲਾਕਾਰਾਂ ਨੂੰ ਲੋਕਾਂ ਦੇ ਜੀਵਨ ਨਾਲ ਜੋੜਨਾ, ਪਰ ਇਸ ਸਭ ਕੁੱਝ ਨੇ ਕਲਾਕਾਰਾਂ ਨੂੰ ਕਮਿਊਨਿਸਟਾਂ ਦੇ ਵਿਰੋਧ ਵਿਚ ਲਿਆ ਖੜ੍ਹਾ ਕੀਤਾ। ਦੋਵਾਂ ਦੇਸ਼ਾਂ ਵਿਚ ਸਾਹਿਤ ਕਰਮੀਆਂ ਨੇ ਆਪੋ-ਆਪਣੇ ਢੰਗਾਂ ਨਾਲ ਵਿਰੋਧ ਕੀਤਾ। ਚੀਨ ਵਿਚ ਦਬਾਅ ਜ਼ਿਆਦਾ ਸੀ ਉਸਦੀ ਪ੍ਰਕਿਰਿਆ ਵੀ ਉਨੀਂ ਹੀ ਤਿੱਖੀ ਸੀ। ਸਭਿਆਚਾਰਕ ਇਨਕਲਾਬ ਤੋਂ ਬਾਅਦ ਮੰਨਿਆ ਜਾਂਦਾ ਹੈ ਕਿ ਚੀਨ ਵਿਚ ਆਧੁਨਿਕ ਸਾਹਿਤ ਤੇ ਕਲਾ ਦੀ ਸ਼ੁਰੂਆਤ ਹੁੰਦੀ ਹੈ ਜੋ ਕਿ ਬੜੀ ਸਿੱਧੜ ਸਮਝ ਹੈ। ਸਭਿਆਚਾਰਕ ਇਨਕਲਾਬ ਦੀ ਪ੍ਰਸੰਗਕਤਾ ਤੋਂ ਪਾਰ ਜਾਣ ਲਈ ਪ੍ਰਤੀਕਾਂ ਦਾ ਸਹਾਰਾ ਲਿਆ ਗਿਆ। ਜਿਸਨੇ ਸਾਹਿਤ ਤੇ ਕਲਾ ਨੂੰ ਲੋਕਾਂ ਤੋਂ ਦੂਰ ਲਿਜਾਣ ਵਿਚ ਮਦਦ ਕੀਤੀ। ਇਨ੍ਹਾਂ ਲੇਖਕਾਂ ਤੇ ਰਚਨਾਵਾਂ ਉੱਪਰ ਯੂਰਪੀ ਤੇ ਅਮਰੀਕੀ ਆਧੁਨਿਕ ਪ੍ਰਕਿਰਿਆਵਾਂ ਦਾ ਪ੍ਰਭਾਵ ਵੀ ਪਿਆ। ਸਮਕਾਲੀ ਚੀਨੀ ਸਾਹਿਤ ਨੂੰ ਬਾਗ਼ੀ ਤੇ ਪ੍ਰਗਤੀਸ਼ੀਲ ਸਾਹਿਤ ਦਾ ਨਾਂਅ ਦਿੱਤਾ ਜਾਂਦਾ ਹੈ। ਇਹ ਸਭ ਕੁੱਝ ਸਟੇਟ ਵੱਲੋਂ ਵਿਚਾਰਧਾਰਕ ਢਿੱਲ ਨਾਲ ਹੀ ਸੰਭਵ ਹੋਇਆ। ਇਸ ਸਮੇਂ ਕਲਾਕਾਰਾਂ ਦੇ ਕੁੱਝ ਵਿਰੋਧ ਵੀ ਹੁੰਦੇ ਹਨ, ਜਿਨ੍ਹਾਂ ਕਰਕੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਵੀ ਜਾਂਦੀਆਂ ਹਨ। 1980ਵਿਆਂ ਵਿਚ ਕਲਾ ਪ੍ਰਦਰਸ਼ਨੀਆਂ ਲੱਗਦੀਆਂ ਹਨ, ਲੱਖਾਂ ਦਰਸ਼ਕ ਜੁੱਟਦੇ ਹਨ। ਸਰਕਾਰ ਚੇਤੰਨ ਤੌਰ ‘ਤੇ ਆਪਣੀਆਂ ਮੁਹਿਮਾਂ ਚਲਾਉਂਦੀ ਹੈ ਜਿਵੇਂ 1980-81 ਸਾਹਿਤ ਤੇ ਕਲਾ ਵਿਚ ਬੁਰਜੁਆ ਉਦਾਰ ਪ੍ਰਵਿਰਤੀਆਂ ਖਿਲਾਫ਼ ਮੁਹਿੰਮ, 1983-84 ਦੌਰਾਨ ਆਤਮਿਕ ਪ੍ਰਦੂਸ਼ਣ ‘ਦੀ ਵਿਰੋਧੀ ਮੁਹਿੰਮ’, 1985-86 ਵਿਚ ‘ਅਨਹੈਲਦੀ ਪ੍ਰਵਿਰਤੀਆਂ ਖਿਲਾਫ਼ ਮੁਹਿੰਮ’ ਆਦਿ। ਇਥੇ ਆ ਕੇ ਆਲੋਚਕ ਸਰਕਾਰੀ ਸੋਸ਼ਲਿਸਟ ਰੀਇਲਿਜ਼ਮ ਅਤੇ ਗੈਰ-ਸਰਕਾਰੀ ਕਲਾ ਦੀ ਵੰਡ ਕਰਦੇ ਹਨ ਜੋ ਬਹੁਤੀ ਜਾਇਜ਼ ਦਿਖਾਈ ਨਹੀਂ ਦਿੰਦੀ।
1989 ਵਿਚ ਸਮਾਜਵਾਦੀ ਯਥਾਰਥਵਾਦ, ਸਭਿਆਚਾਰਕ ਇਨਕਲਾਬ ਤੇ ਇਨਕਲਾਬੀ ਯਥਾਰਥਵਾਦ ਤੋਂ ਬਾਅਦ ਤੀਜੀ ਧਾਰਾ ਪੈਦਾ ਹੁੰਦੀ ਹੈ ਜੋ ਜ਼ਿੰਦਗੀ ਦੇ ਨਾਂਹਮੁਖੀ ਪੱਖਾਂ ਨੂੰ ਸਾਹਮਣੇ ਲਿਆਉਂਦੀ ਹੈ। ਰਾਜ ਸੰਗੀਤ, ਸਾਹਿਤ ਅਤੇ ਕਲਾਤਮਿਕ ਸਿਰਜਣਾਵਾਂ, 1989 ਤੋਂ ਬਾਅਦ ਘਰਾਂ, ਗਲੀਆਂ, ਪਾਰਕਾਂ, ਬੱਸਾਂ ਅਤੇ ਨੁੱਕੜਾਂ ਤੋਂ ਆਮ ਬਾਹਰੀ ਯਥਾਰਥ ਸਿਰਜਣ ਦਾ ਯਤਨ ਕਰਦੀਆਂ ਹਨ ਜਿਨ੍ਹਾਂ ਵਿਚ ਸਿੱਧੀ, ਨੰਗੀ ਭਾਸ਼ਾ ਦਾ ਇਸਤੇਮਾਲ ਹੁੰਦਾ ਹੈ। ਜ਼ਿੰਦਗੀ ਦੀ ਅਸਲੀਅਤ ਦੀ ਸਿੱਧੀ ਪੇਸ਼ਕਾਰੀ ਕੀਤੀ ਜਾਂਦੀ ਹੈ। 90ਵਿਆਂ ਵਿਚ ਇਸੇ ਪ੍ਰਵਿਰਤੀ ਅਧੀਨ ਸੈਕਸ ਦਾ ਸਿੱਧਾ ਪ੍ਰਗਟਾਵਾ ਵੀ ਹੁੰਦਾ ਹੈ। ਇਹ ਅਜੀਬ ਗੱਲ ਹੈ ਕਿ ਸੋਵੀਅਤ ਯੂਨੀਅਨ ਟੁੱਟਣ ਤੋਂ ਬਾਅਦ ਓਥੋਂ ਦੀ ਸਾਹਿਤ ਤੇ ਕਲਾ ਰੂਪਾਂ ਬਾਰੇ ਸਾਡੇ ਤਕ ਕੋਈ ਦਸਤਾਵੇਜ਼ੀ ਆਲੋਚਨਾਤਮਿਕ ਲਿਖਤ ਨਹੀਂ ਪਹੁੰਚੀ। ਭਾਵੇਂ ਚੀਨੀ ਇਤਿਹਾਸ ਵਿਚ ਵੀ ਖੱਪੇ ਸਪੱਸ਼ਟ ਦਿਖਾਈ ਦਿੰਦੇ ਹਨ। ਚੀਨੀ ਆਲੋਚਕ ਵੀ ਸੁਚੇਤ ਹਨ ਕਿ ਸਭਿਆਚਾਰਕ ਇਨਕਲਾਬ ਦੇ ਪ੍ਰਭਾਵਾਂ ਨੂੰ ਪਰਖਣ ਲਈ ਤਰਕ ਆਲੋਚਨਾਤਮਕ ਸੋਮੇ ਉਪਲਬੱਧ ਨਹੀਂ ਹਨ। ਅਜੋਕਿਆਂ ਸਾਲਾਂ ਵਿਚ ਚੀਨੀ ਪੇਂਟਿੰਗ ਕਲਾ ਵਿਚ ਮੁੜ ਯਥਾਰਥਵਾਦ ਵੱਲ ਮੋੜਾ ਕੱਟਿਆ ਜਾ ਰਿਹਾ ਹੈ, ਪਰ ਨਵੀਨ ਕਲਾ ਵਿਹਾਰ ਵਿਚ ਬੌਧਿਕਤਾ ਦਾ ਨਕਾਰ ਹੈ ਜੋ ਵਧੀਆ ਨਿਸ਼ਾਨੀ ਨਹੀਂ ਹੈ। ਹੁਣ ਚੀਨੀ ਕਲਾਕਾਰਾਂ ਸਾਹਮਣੇ ਹੋਂਦ ਦਾ ਸੰਕਟ ਹੈ। ਅੱਜਕਲ੍ਹ ਕਲਾ ਦੇ ਖੇਤਰ ਵਿਚ ਆਰਥਿਕ ਸ਼ਕਤੀਆਂ ਸਭ ਤੋਂ ਵੱਧ ਤਾਕਤਵਾਰ ਹਨ। ਬਾਕੀ ਦੇ ਕਮਿਊਨਿਸਟ ਰਹੇ ਜਾਂ ਹੁਣ ਦੇ ਦੇਸ਼ਾਂ ਵਿਚ ਅਕਤੂਬਰ ਇਨਕਲਾਬ ਦੇ ਪ੍ਰਭਾਵਾਂ ਦੇ ਖੇਤਰ ਵਿਚ ਪਏ ਪ੍ਰਭਾਵਾਂ ਨੂੰ ਉਲੀਕਣਾ, ਕਈ ਪੁਸਤਕਾਂ ਦਾ ਵਿਸ਼ਾ ਹੈ। ਇਸ ਲਈ ਇਹ ਮੰਨ ਕੇ ਕਿ ਇਨ੍ਹਾਂ ਵਿਚ ਵੀ ਰੂਸੀ-ਚੀਨੀ ਸਮਾਜਵਾਦੀ ਯਥਾਰਥਵਾਦ ਦੇ ਰੂਪ ਹੀ ਲਾਗੂ ਹੋਣਗੇ ਅੱਗੇ ਤੁਰਿਆ ਜਾ ਸਕਦਾ ਹੈ। ਅਸੀਂ ਹੁਣ ਭਾਰਤੀ ਪ੍ਰਭਾਵ ਵੱਲ ਅਤੇ ਬਾਅਦ ਵਿਚ ਪੰਜਾਬੀ ਸਾਹਿਤ ਵੱਲ ਪਰਤਦੇ ਹਾਂ।
ਭਾਰਤ ਵਿਚ ਗ਼ਦਰ ਪਾਰਟੀ ਪਹਿਲੇ 1905 ਦੇ ਰੂਸੀ ਇਨਕਲਾਬ ਤੋਂ ਪ੍ਰਭਾਵਿਤ ਹੁੰਦੀ ਹੈ ਤੇ ਬਾਅਦ ਵਿਚ 1917 ਦੇ ਇਨਕਲਾਬ ਨੂੰ ਹੀ ਆਪਣਾ ਨਿਸ਼ਾਨਾ ਮਿੱਥਦੀ ਹੈ। ਮਹਾਤਮਾ ਗਾਂਧੀ ਨੇ ਇਸਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਘਟਨਾ ਕਿਹਾ ਜੋ ਸਾਡੇ ਲਈ ਵੱਡੇ ਸਬਕ ਲੈ ਕੇ ਆਉਂਦੀ ਹੈ। ਮਹਾਤਮਾ ਗਾਂਧੀ ਅਨੁਸਾਰ ਇਹ ਜ਼ੁਲਮ ਖ਼ਿਲਾਫ਼ ਇਨਕਲਾਬ ਸੀ। ਸਮਕਾਲੀ ਭਗਵੀਂ ਸੱਤਾ ਨੇ ਤ੍ਰਿਪੁਰਾ ਵਿਚ ਰੂਸੀ ਇਨਕਲਾਬ ਦੇ ਕਰਤਾ ਲੈਨਿਨ ਦੇ ਬੁੱਤ ਤੋੜ ਕੇ ਸਮਾਜਵਾਦੀ ਵਿਚਾਰਧਾਰਾ ਖ਼ਿਲਾਫ਼ ਪੂਰੀ ਤਰ੍ਹਾਂ ਪ੍ਰਾਪੇਗੰਡੇ ਨੂੰ ਛੋਟ ਦੇ ਦਿੱਤੀ ਹੈ। ਮੈਡਮ ਭੀਖਾ ਜੀ ਕਾਮਾ ਨੇ ਲੈਨਿਨ ਤੇ ਬਾਲਸ਼ਵਿਕਾਂ ਦੇ ਮਹੱਤਵ ਨੂੰ 1907 ਈਸਵੀ ਵਿਚ ਹੀ ਪ੍ਰਵਾਨ ਕੀਤਾ ਸੀ। ਤਾਮਿਲ ਕਵੀ ਚਿੰਨਾਸਵਾਮੀ ਸੁਬਰਾਮਨੀਅਮ ਭਾਰਤੀ, ਆਪਣੀ ਕਵਿਤਾ ‘ਨਵਾਂ ਰੂਸ’ ਵਿਚ ਗ਼ੁਲਾਮੀ ਦੇ ਖ਼ਾਤਮੇ ਨੂੰ ਇਸਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਦਾ ਹੈ। ਅਕਤੂਬਰ ਇਨਕਲਾਬ ਨੇ ਕਾਜ਼ੀ ਨਜ਼ਰੁਲ ਇਸਲਾਮ ਦੀ ਕਵਿਤਾ ਅਤੇ ਗਲਪ ਨੂੰ ਸੇਧ ਦਿੱਤੀ। ਸਆਦਤ ਹਸਨ ਮੰਟੋ ‘ਕਾਰਲ ਮਾਰਕਸ’ ਨਾਂਅ ਦਾ ਰੇਡੀਓ ਨਾਟਕ ਲਿਖਦਾ ਹੈ ਜਿਸ ਵਿਚ ਮਾਰਕਸਵਾਦ ਹੱਥੋਂ ਫਾਸ਼ੀਵਾਦੀ ਹਿਟਲਰ ਦੀ ਹਾਰ ਦਾ ਵਿਸ਼ੇਸ਼ ਜ਼ਿਕਰ ਹੈ ਅਤੇ ਜੋ ਇਕ ਦੇਸ਼, ਜਾਤੀ ਲਈ ਹੀ ਨਹੀਂ, ਸਗੋਂ ਸਾਰੀ ਦੁਨੀਆਂ ਅਤੇ ਮਾਨਵਤਾ ਲਈ ਬਰਾਬਰੀ ਅਤੇ ਭਾਈਚਾਰੇ ਦਾ ਪ੍ਰੇਰਨਾ ਸ੍ਰੋਤ ਬਣਿਆ। ਮੁਨਸ਼ੀ ਪ੍ਰੇਮ ਚੰਦ ਨੇ ਤਾਂ ਗੋਦਾਨ ਤਕ ਪਹੁੰਚਦਿਆਂ ਯਥਾਰਥਵਾਦ ਦੀ (ਆਲੋਚਨਾਤਮਕ) ਪ੍ਰੰਪਰਾ ਨੂੰ ਅਪਣਾ ਲਿਆ ਜੋ ਅਸਲ ਵਿਚ ਅਕਤੂਬਰ ਇਨਕਲਾਬ ਦੀ ਹੀ ਦੇਣ ਸੀ। ਰੂਸ ਵਿਚ ਜ਼ਿਮੀਂਦਾਰੀ ਦਾ ਖ਼ਾਤਮਾ ਪ੍ਰੇਮ ਚੰਦ ਲਈ ਅਤਿ ਮਹੱਤਵਪੂਰਨ ਸੀ। ਮੁਹੰਮਦ ਇਕਬਾਲ ਸ਼ਾਇਦ ਪਹਿਲਾ ਏਸ਼ੀਅਨ ਉਰਦੂ ਕਵੀ ਸੀ, ਜਿਸਨੇ ਰੂਸੀ ਅਕਤੂਬਰ ਇਨਕਲਾਬ ਨੂੰ ਜੀ ਆਇਆਂ ਆਖਿਆ। ਇਕਬਾਲ ਦੀ ਕਵਿਤਾ ‘ਸਰਮਾਇਆ ਤੇ ਮਿਹਨਤ’ ਰੂਸ ਵਿਚ ਮਾਨਵਤਾ ਦੀ ਜਿੱਤ ਨੂੰ ਅਕੀਦਤ ਸੀ।
ਰਾਬਿੰਦਰ ਨਾਥ ਟੈਗੋਰ ਨੇ ‘ਰੂਸ ਨੂੰ ਖ਼ਤ’ ਵਿਚ ਅਕਤੂਬਰ ਇਨਕਲਾਬ ਬਾਰੇ ਲਿਖਿਆ ਹੈ ਕਿ ‘ਰੂਸ ਦੀ ਧਰਤੀ ‘ਤੇ ਪੈਰ ਧਰਦਿਆਂ ਮੇਰੀ ਪਹਿਲੀ ਨਜ਼ਰ ਜਿਸ ਚੀਜ਼ ‘ਤੇ ਪਈ ਉਹ ਇਹ ਸੀ ਕਿ ਕਿਸਾਨਾਂ ਤੇ ਮਜ਼ਦੂਰਾਂ ਨੇ ਇਨ੍ਹਾਂ ਕੁੱਝ ਸਾਲਾਂ ਵਿਚ ਹੀ ਸਿੱਖਿਆ ਦੇ ਖੇਤਰ ‘ਚ ਜਿੰਨੀ ਤਰੱਕੀ ਕੀਤੀ ਸੀ, ਓਨੀ ਸਾਡੀਆਂ ਉਪਰਲੀਆਂ ਸਫ਼ਾਂ (ਕਲਾਸਾਂ) ਵਿਚ ਡੇਢ ਸੌ ਸਾਲਾਂ ਵਿਚ ਵੀ ਨਹੀਂ ਹੋਈ।’ ਇਨ੍ਹਾਂ ਮਜ਼ਦੂਰਾਂ ਕਿਸਾਨਾਂ ਵਿਚ ਮਨੁੱਖੀ ਮਾਣ-ਸਨਮਾਨ ਪੱਖੋਂ ਸਿੱਖਿਆ ਨੇ ਢੇਰ ਵਾਧਾ ਕੀਤਾ। ਸਵਾਮੀ ਵਿਵੇਕਾਨੰਦ ਦੇ ਛੋਟੇ ਭਰਾ ਭੁਪੇਂਦਰ ਦੱਤਾ ਨੇ ਰੂਸੀ ਸਬਕਾਂ ਨੂੰ ਭਾਰਤੀ ਹਾਲਾਤ ਵਿਚ ਬਦਲਣ ਦਾ ਯਤਨ ਕੀਤਾ। ਐੱਮ. ਐੱਨ ਰਾਏ ਅਤੇ ਬਰਿੰਦਰਨਾਥ ਦਾਸ ਗੁਪਤਾ ‘ਤੇ ਪਏ ਅਕਤੂਬਰ ਇਨਕਲਾਬ ਦੇ ਪ੍ਰਭਾਵ ਬਾਰੇ ਸਾਰੇ ਜਾਣਦੇ ਹਨ। ਕੈਪਟਨ ਲਕਸ਼ਮੀ ਸਹਿਗਲ ਤਾਂ ਬਾਅਦ ਵਿਚ ਕਮਿਊਨਿਸਟ ਪਾਰਟੀ ਵਿਚ ਸ਼ਾਮਿਲ ਹੋਈ। ਭਗਤ ਸਿੰਘ ਨੇ 1928 ਦੀ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸਇਏਸ਼ਨ ਦੀ ਨੀਂਹ ਅਕਤੂਬਰ ਇਨਕਲਾਬ ਤੋਂ ਪ੍ਰਭਾਵਿਤ ਹੋ ਕੇ ਹੀ ਰੱਖੀ। 21 ਜਨਵਰੀ 1930 ਨੂੰ ਜਦੋਂ ਭਗਤ ਸਿੰਘ ਤੇ ਉਸਦੇ ਸਾਥੀ ਲਾਹੌਰ ਸਾਜਿਸ਼ ਕੇਸ ਵਿਚ ਲਾਲ ਸਕਾਰਫ਼ ਬੰਨ੍ਹ ਕੇ ਅਦਾਲਤ ਵਿਚ ਪੇਸ਼ ਹੋਏ ਤਾਂ ਉਨ੍ਹਾਂ ਮੈਜਿਸਟਰੇਟ ਦੇ ਆਉਣ ‘ਤੇ ”ਲਾਂਗ ਲਿਵ ਸੋਸ਼ਲਿਸਟ ਰੈਵੋਲਿਊਸ਼ਨ”, ”ਲਾਂਗ ਲਿਵ ਕਮਿਊਨਿਸਟ ਇੰਟਰਨੈਸ਼ਨਲ”, ”ਲਾਂਗ ਲਿਵ ਪੀਪਲਜ਼”, ”ਲੈਨਿਨਜ਼ ਨੇਮ ਵਿਲ ਨੈਵਰ ਡਾਈ” ਅਤੇ ”ਡਾਊਨ ਵਿਦ ਇੰਮਪੀਰੀਅਲਿਜ਼ਮ” ਦੇ ਨਾਅਰੇ ਲਗਾਏ। ਫਾਂਸੀ ਵਾਲੇ ਦਿਨ ਵੀ ਭਗਤ ਸਿੰਘ ਕਲਾਰਾ ਜੈਟਕਿਨ ਦੀ ਪੁਸਤਕ ‘ਲੈਨਿਨ ਦੀਆਂ ਯਾਦਾਂ’ ਪੜ੍ਹ ਰਿਹਾ ਸੀ। ਸਾਡੇ ਸੰਵਿਧਾਨ ਦੇ ਡਾਇਰੈਕਟਿਵ ਸਿਧਾਂਤਾਂ ਨਾਲ ਜੁੜੇ 16 ਆਰਟੀਕਲਾਂ ਵਿਚੋਂ 5 (39, 41, 42, 43 ਅਤੇ 46) ਸਿੱਧੇ ਸਮਾਜਵਾਦੀ ਸਿਧਾਂਤਾਂ ਨਾਲ ਜੁੜੇ ਹੋਏ ਹਨ। 1920 ਵਿਚ ਕਮਿਊਨਿਸਟ ਪਾਰਟੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ 100 ਸਾਲਾਂ ਵਿਚ ਅਕਤੂਬਰ ਇਨਕਲਾਬ ਦਾ ਪ੍ਰਭਾਵ ਲਗਾਤਾਰ ਬਣਿਆ ਆ ਰਿਹਾ ਹੈ, ਜਿਸ ‘ਤੇ ਲੰਮੇ ਲੇਖ ਵੀ ਲਿਖੇ ਜਾ ਸਕਦੇ ਹਨ। ਜਿਵੇਂ ਉਪਰ ਦੇਖ ਚੁੱਕੇ ਹਾਂ, ਪੰਜਾਬੀ ਵਿਚ ਸੋਵੀਅਤ ਇਨਕਲਾਬ ਨੇ ਗ਼ਦਰ ਪਾਰਟੀ ਰਾਹੀਂ ਪ੍ਰਵੇਸ਼ ਪਾਇਆ। ਗ਼ਦਰ ਸ਼ਬਦ ਸੋਵੀਅਤ ਰੂਸ ਦੇ ਇਨਕਲਾਬ ਲਈ ਹੀ ਵਰਤਿਆ ਜਾਂਦਾ ਸੀ। ਗ਼ਦਰੀ ਕਵਿਤਾ ਇਸਦੇ ਪ੍ਰਭਾਵਾਂ ਨਾਲ ਭਰੀ ਪਈ ਹੈ। ਗ਼ਦਰੀ ਜਿਸ ਸਮਾਜ ਦੀ ਗ਼ਦਰ ਤੋਂ ਬਾਅਦ ਕਲਪਨਾ ਕਰਦੇ ਹਨ, ਉਹ ਸੋਵੀਅਤ ਯੂਨੀਅਨ ਹੀ ਹੈ।
‘ਮੂਰਖ ਨਾ ਕੋਈ ਹੋਵੇ, ਸਭੇ ਵਿਦਵਾਨ ਹੋਣ,
ਸਭੇ ਧਨਵਾਨ ਲੋੜ ਕਿਸੇ ਨਾ ਝੁਕਾਣ ਦੀ।
ਮੁੱਲਾਂ ਪਾਂਧੇ ਭਾਈਆਂ ਦੀ ਕਿਸੇ ਦੀ ਵੀ ਲੋੜ ਨਾ,
ਦੱਸੋ ਅਸੀਂ ਇਨ੍ਹਾਂ ਨੂੰ ਕਿਹੜੇ ਹਲ ਜੋੜਨਾ।
ਮਿਹਨਤੀ ਮੁਸ਼ਕਤੀ ਜਿਨ੍ਹਾਂ ਦੇ ਸਾਥੀ ਨੇ,
ਉਨ੍ਹਾਂ ਕਾਹਨੂੰ ਬੰਨ੍ਹਣੇ ਸਫ਼ੈਦ ਹਾਥੀ ਨੇ।’
1917 ਦੇ ਰੂਸੀ ਇਨਕਲਾਬ ਦੇ ਮਹੱਤਵ ਨੂੰ ਡਾ. ਕੇਸਰ ਸਿੰਘ ਕੇਸਰ ਨੇ ਬੜੇ ਸੰਤੁਲਿਤ ਢੰਗ ਨਾਲ ਪੇਸ਼ ਕੀਤਾ ਹੈ ਕਿ ”ਲੈਨਿਨ ਦੀ ਅਗਵਾਈ ਵਾਲੀ ਬਾਲਸ਼ਵਿਕ ਕਮਿਊਨਿਸਟ ਪਾਰਟੀ ਨੇ ਲਾਲ ਝੰਡੇ ਹੇਠ ਅਕਤੂਬਰ ਅਥਵਾ ਨਵੰਬਰ 1917 ਵਿਚ ਰੂਸ ਦੇ ਮਿਹਨਤਕਸ਼ ਲੋਕਾਂ ਨੇ ਜ਼ਾਰਸ਼ਾਹੀ ਨੂੰ ਪੈਰਾਂ ਹੇਠ ਮਧੋਲ ਕੇ ਲੋਕ ਜ਼ਮਹੂਰੀ ਸੋਵੀਅਤ ਯੂਨੀਅਨ ਦੀ ਸਥਾਪਨਾ ਕੀਤੀ ਅਤੇ ਸਟਾਲਿਨ ਦੀ ਲੀਡਰਸ਼ਿਪ ਹੇਠ ਸੋਵੀਅਤ ਸੰਘ ਦੀ ਲੋਕਪੱਖੀ ਲੈਨਿਨੀ ਸ਼ਕਤੀ ਨੇ ਸਾਮਰਾਜਵਾਦੀ ਅਜਾਰੇਦਾਰਾਂ ਸਰਮਾਏਦਾਰੀ ਦੇ ਪੈਦਾ ਕੀਤੇ ਸਭ ਤੋਂ ਵੱਡੇ ਦੈਂਤ ਜਰਮਨ ਨਾਜ਼ੀਵਾਦ ਦੇ ਦੰਦ ਖੱਟੇ ਕਰਕੇ ਉਸਦੀ ਛਾਤੀ ‘ਤੇ ਨਾ ਕੇਵਲ ਸੋਵੀਅਤ ਸਮਾਜਵਾਦੀ ਦੀ ਕਿਲ੍ਹੇਬੰਦੀ ਕੀਤੀ ਸਗੋਂ ਪੂਰਵੀ ਯੂਰਪ, ਚੀਨ, ਕਿਊਬਾ, ਵੀਅਤਨਾਮ ਆਦਿ ਮੁਲਕਾਂ ਦੀ ਦੋ-ਤਿਹਾਈ ਜਨਤਾ ਲਈ ਸਮਾਜਵਾਦ ਦੀ ਉਸਾਰੀ ਦਾ ਰਾਹ ਵੀ ਪੱਧਰਾ ਕੀਤਾ।” (ਕਾਵਿ ਚਿੰਤਨ-99, ਪੰਨਾ-167)
ਪੰਜਾਬੀ ਸਾਹਿਤ ਵਿਚ ਅਕਤੂਬਰ ਇਨਕਲਾਬ ਨੇ ਅਚੇਤ ਵੀ ਤੇ ਸੁਚੇਤ ਪੱਧਰ ‘ਤੇ ਵੀ ਪ੍ਰਭਾਵ ਪਾਇਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਕਮਿਊਨਿਸਟ ਦੇਸ਼ਾਂ ਵਿਚ ਸਾਹਿਤਕ ਖੇਤਰ ਵਿਚ ਲਾਗੂ ਹੋਏ ਸਮਾਜਵਾਦੀ ਯਥਾਰਥਵਾਦ ਨੂੰ ਨਾ ਤਾਂ ਪਰਿਭਾਸ਼ਤ ਕੀਤਾ ਗਿਆ ਤੇ ਨਾ ਹੀ ਇਸਨੂੰ ਗੰਭੀਰਤਾ ਨਾਲ ਵਿਚਾਰਿਆ ਤੇ ਆਪਣਾਇਆ ਗਿਆ। ਸਗੋਂ ਕੁੱਝ ਆਲੋਚਕਾਂ ਨੇ ਇਸਨੂੰ ਮੱਧਵਰਗੀ ਪ੍ਰਵਿਰਤੀ ਕਹਿ ਕੇ ਛੁਟਿਆਉਣ ਦਾ ਯਤਨ ਕੀਤਾ। ਕਿਹਾ ਗਿਆ ਕਿ ”ਇਸੇ ਨੂੰ ਹੀ ਸਮਾਜਵਾਦੀ ਯਥਾਰਥਵਾਦ ਜਾਂ ਪ੍ਰਗਤੀਵਾਦੀ ਯਥਾਰਥਵਾਦ ਦੇ ਨਾਂਅ ਦਿੱਤੇ ਗਏ ਹਨ× ….. ਸਮਾਜਵਾਦੀ ਯਥਾਰਥਵਾਦ ਦੇ ਕਲੇਵਰ ਵਿਚ ਉਹੀ ਸਾਹਿਤ ਆਉਂਦਾ ਹੈ, ਜਿਸ ਵਿਚ ਕਿਰਤੀ ਵਰਗ ਦੇ ਆਸ਼ੇ ਤੋਂ ਸ਼੍ਰੇਣਿਕ ਸੰਗਰਾਮ ਨੂੰ ਉਲੀਕਿਆ ਗਿਆ ਹੋਵੇ ਅਤੇ ਜੋ ਕ੍ਰਾਂਤੀਕਾਰੀ ਸ਼ਕਤੀਆਂ ਤੋਂ ਪ੍ਰਭਾਵਿਤ ਹੋ ਕੇ ਕ੍ਰਾਂਤੀਕਾਰੀ ਲਹਿਰ ਨੂੰ ਉਭਾਰਨ ਵਿਚ ਸਹਾਈ ਹੁੰਦਾ ਹੋਇਆ ਲੋਕਾਂ ਵਿਚ ਕ੍ਰਾਂਤੀਕਾਰੀ ਚੇਤਨਾ ਦਾ ਵਾਧਾ ਕਰੇ। ਪ੍ਰਗਤੀਵਾਦੀ ਯਥਾਰਥਵਾਦ ਅਸਲ ਵਿਚ ਮੱਧ ਸ਼੍ਰੇਣਿਕ ਰੂਚੀਆਂ ਰੱਖਣ ਵਾਲੇ ਮਹਾਜਨੀ ਸਮਾਜ ਦੇ ਲੇਖਕਾਂ ਦਾ ਮੱਤ ਹੈ।” (ਪੰਜਾਬੀ ਸਾਹਿਤ ਦਾ ਇਤਿਹਾਸ, ਭਾਗ ਦੂਜਾ, ਭਾਸ਼ਾ ਵਿਭਾਗ ਪੰਜਾਬ, ਪੰਨਾ 120-21) ਸਾਫ਼ ਹੈ ਕਿ ਇਸ ਸਮਝ ਦਾ ਕਮਿਊਨਿਸਟ ਦੇਸ਼ਾਂ ਦੇ ਸਮਾਜਵਾਦੀ ਯਥਾਰਥਵਾਦ ਨਾਲ ਕੋਈ ਸਬੰਧ ਨਹੀਂ।
ਗ਼ਦਰ ਲਹਿਰ ਦੀ ਕਵਿਤਾ ਤੋਂ ਬਾਅਦ ਕਿਰਤੀ ਲਹਿਰ ਦੀਆਂ ਰਚਨਾਵਾਂ ਵਿਚ ਅਕਤੂਬਰ ਇਨਕਲਾਬ ਦਾ ਪ੍ਰਭਾਵ ਸਪੱਸ਼ਟ ਦਿਖਾਈ ਦਿੰਦਾ ਹੈ। ਪ੍ਰਗਤੀਵਾਦੀ ਸਾਹਿਤ ਦੀ ਜਦ ਪੰਜਾਬੀ ਆਲੋਚਕ ਵਿਆਖਿਆ ਕਰਦੇ ਹਨ ਤਾਂ ਉਸ ਵਿਚ ਉਚੇਚੇ ਤੌਰ ‘ਤੇ ਸਮਾਜਵਾਦੀ ਯਥਾਰਥਵਾਦ ਦੇ ਅੰਸ਼ ਵੀ ਆ ਜਾਣੇ ਸੁਭਾਵਿਕ ਹਨ। ਜਿਵੇਂ ਰਵਿੰਦਰ ਰਵੀ ਨੇ ਪ੍ਰਗਤੀਵਾਦ ਦੀ ਪਰਿਭਾਸ਼ਾ ਕਰਦਿਆਂ ਲਿਖਿਆ ਹੈ ਕਿ ”ਪ੍ਰਗਤੀਸ਼ੀਲ ਲਹਿਰ ਅੰਤਰਰਾਸ਼ਟਰੀ ਤੇ ਭਾਰਤ ਦੀਆਂ ਵਿਸ਼ੇਸ਼ ਇਤਿਹਾਸਕ ਪ੍ਰਸਥਿਤੀਆਂ ਦਾ ਇਕ ਅਜਿਹਾ ਲਾਜ਼ਮੀ ਇਤਿਹਾਸਕ ਸਿੱਟਾ ਸੀ ਜਿਸਨੇ ਇਕ ਵਿਸ਼ਾਲ ਸਭਿਆਚਾਰਕ ਪੂਰਨ ਜਾਗ੍ਰਤੀ (ਪੁਨਰ ਜਾਗ੍ਰਤੀ?) ਦੀ ਮਹੱਤਵਪੂਰਨ ਭੂਮਿਕਾ ਨਿਭਾਈ। ਫਾਸ਼ੀਵਾਦ, ਸਾਮਰਾਜਵਾਦ ਦੇ ਵਿਰੁੱਧ ਅਤੇ ਕੌਮੀ ਆਜ਼ਾਦੀ ਲਈ ਇਸ ਲਹਿਰ ਨੇ ਇਕ ਵਿਸ਼ਾਲ ਜਨਤਕ ਮੁਹਾਜ਼ ਬਨਾਉਣ ਦੇ ਨਾਲ-ਨਾਲ ਸਾਡੇ ਦੇਸ਼ ਦੀਆਂ ਵਿਸ਼ੇਸ਼ ਪ੍ਰਸਿਥਤੀਆਂ ਵਿਚ ਚੱਲੀ ਆ ਰਹੀ ਭਾਰਤ ਦੀ ਸਨਾਤਨੀ ਸਾਮੰਤਵਾਦੀ ਆਰਥਿਕ, ਰਾਜਨੀਤਿਕ ਤੇ ਵਿਸ਼ੇਸ਼ ਕਰਕੇ ਸਭਿਆਚਾਰਕ ਬਣਤਰ ‘ਤੇ ਵੀ ਭਰਪੂਰ ਹਮਲਾ ਕੀਤਾ।” (ਰਵੀ ਚੇਤਨਾ, ਰਵੀ ਮੈਮੋਰੀਅਲ ਟਰੱਸਟ, ਪੰਨਾ-91) ਇਨ੍ਹਾਂ ਨਿਸ਼ਾਨਿਆਂ ਨੂੰ ਮੁੱਖ ਰੱਖ ਕੇ ਪੰਜਾਬੀ ਦੀ ਕਵਿਤਾ, ਕਹਾਣੀ, ਨਾਵਲ ਅਤੇ ਹੋਰ ਸਾਹਿਤਕ ਰੂਪਾਂ ਨੇ ਅਕਤੂਬਰ ਇਨਕਲਾਬ ਦੇ ਪ੍ਰਭਾਵਾਂ ਨੂੰ ਆਤਮਸਾਤ ਕੀਤਾ। ਫਿਲਮਾਂ ਤੇ ਹੋਰ ਕਲਾਵਾਂ ਵਿਚ ਇਸਦਾ ਉਸ ਤਰ੍ਹਾਂ ਦਾ ਪ੍ਰਭਾਵ ਨਹੀਂ ਪਿਆ, ਜਿਹੋ ਜਿਹਾ ਰੂਸ, ਚੀਨ ਜਾਂ ਹੋਰ ਸਮਾਜਵਾਦੀ ਦੇਸ਼ਾਂ ਵਿਚ ਪਿਆ। 1936 ਈ. ਤੋਂ ਬਾਅਦ ਉਭਰੀ ਪ੍ਰਗਤੀਵਾਦੀ ਲਹਿਰ ਵਿਚ ਸਭ ਤੋਂ ਵੱਧ ਪ੍ਰਭਾਵ ਕਵਿਤਾ ਵਿਚ ਪਿਆ। ਸੋਹਣ ਸਿੰਘ ਜੋਸ਼, ਹੀਰਾ ਸਿੰਘ ਦਰਦ, ਮੋਹਨ ਸਿੰਘ, ਚਾਤ੍ਰਿਕ, ਸ਼ਰਫ, ਪ੍ਰੀਤਮ ਸਿੰਘ ਸਫ਼ੀਰ, ਦੀਵਾਨ ਸਿੰਘ ਕਾਲੇਪਾਣੀ ਵਰਗੇ ਮੁਢਲੇ ਕਵੀਆਂ ਤੋਂ ਬਾਅਦ ਬਾਵਾ ਬਲਵੰਤ, ਸਹਿਰਾਈ, ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ, ਗੁਰਚਰਨ ਰਾਮਪੁਰੀ, ਹਰਭਜਨ ਸਿੰਘ ਹੁੰਦਲ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਪਾਸ਼, ਦਰਸ਼ਨ ਖਟਕੜ, ਸੁਰਜੀਤ ਪਾਤਰ, ਨਿਰੰਜਣ ਸਿੰਘ ਨੂਰ ਆਦਿ ਤਮਾਮ ਕਵੀਆਂ ਨੇ ਅਕਤੂਬਰ ਇਨਕਲਾਬ ਨੂੰ ਕਿਸੇ ਨਾ ਕਿਸੇ ਰੂਪ ਵਿਚ ਯਾਦ ਕੀਤਾ ਹੈ। ਭਾਵ-ਵਿਚਾਰ ਤੋਂ ਲੈ ਕੇ ਸਮਾਜਵਾਦੀ ਦੇਸ਼ਾਂ ਦਾ ਗੁਣਗਾਣ, ਇਨਕਲਾਬੀ ਨਾਇਕਾਂ ਨੂੰ ਯਾਦ ਕਰਨ ਤੇ ਇਤਿਹਾਸਕ ਪਾਤਰਾਂ ਨੂੰ ਨਾਇਕ ਵਜੋਂ ਸਵੀਕਾਰ ਕਰਨਾ ਇਸ ਕਵਿਤਾ ਦੀ ਵਿਸ਼ੇਸ਼ਤਾ ਹੈ। ਜਮਾਤੀ ਵੰਡ ਦੀ ਚੇਤਨਾ, ਪ੍ਰੋਲਤਾਰੀ ਅੰਤਰਰਾਸ਼ਟਰੀਵਾਦ, ਜਾਤ-ਪਾਤ, ਧਰਮ ਅਤੇ ਨਸਲ ਦੇ ਭੇਦਾਂ ਤੋਂ ਪਾਰ ਮਾਨਵੀ ਕਦਰਾਂ-ਕੀਮਤਾਂ ਨਾਲ ਜੁੜਨਾ ਇਸ ਕਵਿਤਾ ਦੀ ਖ਼ਾਸੀਅਤ ਹੈ। ਹਰਭਜਨ ਸਿੰਘ ਹੁੰਦਲ ਦੀਆਂ ਪੰਗਤੀਆਂ ਹੀ ਦੇਣੀਆਂ ਇਥੇ ਸੰਭਵ ਹਨ।
ਜ਼ਬਰ ਜੁਲਮ ਦੀ ਤੰਗ ਹਨੇਰੀ ਬੰਦ ਗਲੀ ‘ਚੋਂ,
ਲੰਘ ਜਾਣ ਦੀ ਕਲਾ ਸਿਖਾਉਂਦੇ,
ਹਿਰਦੇ-ਹਿਰਦੇ ਰੰਗ-ਬਿਰੰਗੇ,
ਕਿਤਨੇ ਹੀ ਸੁਪਨੇ ਧੜਕਾਉਂਦੇ,
ਅਕਤੂਬਰ ਦੇ ਉਹ ਦਿਨ ਸਾਡਾ,
ਅੱਜ ਤੀਕ ਹਨ ਰਾਹ ਰੁਸ਼ਨਾਉਂਦੇ।
ਪੰਜਾਬੀ ਦਾ ਪਹਿਲਾ ਨਾਵਲ ਧਾਰਮਿਕ ਤੇ ਸੁਧਾਰਵਾਦੀ ਪ੍ਰਵਿਰਤੀਆਂ ਦਾ ਧਾਰਨੀ ਰਿਹਾ ਹੈ, ਪਰ ਨਾਨਕ ਸਿੰਘ ਉਪਰ ਰੂਸੀ ਇਨਕਲਾਬ ਦਾ ਪ੍ਰਭਾਵ ਪੈਣਾ ਸ਼ੁਰੂ ਹੁੰਦਾ ਹੈ, ਗਾਂਧੀਵਾਦੀ ਦ੍ਰਿਸ਼ਟੀ ਉਸਨੂੰ ਯਥਾਰਥਵਾਦੀ ਨਹੀਂ ਹੋਣ ਦਿੰਦੀ। ਫਿਰ ਵੀ ਗਰੀਬ ਦੀ ਦੁਨੀਆਂ ਵਰਗੇ ਨਾਵਲਾਂ ਵਿਚ ਪ੍ਰਗਤੀਵਾਦੀ ਵਿਸ਼ਿਆਂ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਯਥਾਰਥਵਾਦੀ ਨਾਵਲਕਾਰਾਂ ਵਿਚ ਸਮਾਜਵਾਦੀ ਯਥਾਰਥਵਾਦ ਦੇ ਨੇੜੇ ਸੰਤ ਸਿੰਘ ਸੇਖੋਂ ਹੈ। ”ਲਹੂ ਮਿੱਟੀ” ਨੂੰ ਪੰਜਾਬੀ ਦੇ ਯਥਾਰਥਵਾਦ ਦੇ ਨਾਵਲ ਦੀ ਅਤਿ ਸਫ਼ਲ ਕਿਰਤ ਕਿਹਾ ਜਾ ਸਕਦਾ ਹੈ। ਇਸ ਵਿਚ ਸੰਤ ਸਿੰਘ ਸੇਖੋਂ ਨੇ ਪੰਜਾਬ ਦੇ ਕਿਰਸਾਨੀ ਜੀਵਨ ਵਿਚੋਂ ਇਕ ਮੁਜ਼ਾਰੇ ਦੇ ਛੋਟੇ ਪਰਿਵਾਰ, ਜੋ ਪੱਛਮੀ ਪੰਜਾਬ ਵਿਚ ਜਾ ਵਸਿਆ, ਦੇ ਜੀਵਨ ਸੰਗਰਾਮ ਦਾ ਚਿੱਤਰ ਪੇਸ਼ ਕੀਤਾ ਹੈ ਅਤੇ ਕਿਰਸਾਨੀ ਜੀਵਨ ਦੀ ਕਠਿਨ ਘਾਲ ਦਾ ਵਰਨਣ ਹੈ।” (ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਅਤੇ ਹੋਰ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਪੰਨਾ-467) ਜਸਵੰਤ ਸਿੰਘ ਕੰਵਲ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਨਰੂਲਾ, ਸਰਬਜੀਤ ਸੇਠੀ, ਗੁਰਦਿਆਲ ਸਿੰਘ, ਕਰਮਜੀਤ ਕੁੱਸਾ, ਬਲਦੇਵ ਸਿੰਘ, ਸੁਰਿੰਦਰ ਨੀਰ ਆਦਿ ਇਸ ਯਥਾਰਥਵਾਦੀ ਗਲਪ ਪਰੰਪਰਾ ਨੂੰ ਅਗਾਂਹ ਵਧਾਉਂਦੇ ਹਨ ਅਤੇ ਆਲੋਚਨਾਤਮਕ ਯਥਾਰਥਵਾਦ ਤਕ ਪਹੁੰਚਾਉਂਦੇ ਹਨ।
ਪੰਜਾਬੀ ਕਹਾਣੀ ਵਿਚ ਵੀ ਸਮਾਜਵਾਦੀ ਯਥਾਰਥਵਾਦੀ ਪ੍ਰਵਿਰਤੀ ਦਾ ਪ੍ਰਭਾਵ ਚੋਖਾ ਹੈ। ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਨੌਰੰਗ ਸਿੰਘ, ਮਹਿੰਦਰ ਸਿੰਘ ਸਰਨਾ, ਜਰਨੈਲ ਸਿੰਘ, ਵਰਿਆਮ ਸੰਧੂ ਤੋਂ ਲੈ ਕੇ ਗੁਰਮੀਤ ਕੜਿਆਲਵੀ ਤਕ ਇਹ ਪ੍ਰਭਾਵ ਵੇਖਿਆ ਜਾ ਸਕਦਾ ਹੈ। ਨਾਰੀਵਾਦੀ ਦ੍ਰਿਸ਼ਟੀ ਅਤੇ ਦਲਿਤ ਦ੍ਰਿਸ਼ਟੀ ਤੋਂ ਲਿਖੀਆਂ ਕਹਾਣੀਆਂ ਵੀ ਸਮਾਜਵਾਦੀ ਯਥਾਰਥਵਾਦ ਦੇ ਘੇਰੇ ਵਿਚ ਹੀ ਆ ਜਾਂਦੀਆਂ ਹਨ। ਨਾਰੀ ਲੇਖਕਾਂ ਅਤੇ ਦਲਿਤ ਚਿੰਤਨ ਨਾਲ ਜੁੜੇ ਸਵੈ-ਜੀਵਨੀ ਕਾਰਾਂ ਦੀਆਂ ਸਵੈ-ਜੀਵੀਨੀਆਂ ਇਸੇ ਦ੍ਰਿਸ਼ਟੀ ਤੋਂ ਹੀ ਵਿਚਾਰੀਆਂ ਜਾ ਸਕਦੀਆਂ ਹਨ।
ਇਸ ਸੰਖੇਪ ਜਿਹੀ ਜਾਣਕਾਰੀ ਤੋਂ ਹੀ ਇਹ ਸਪੱਸ਼ਟ ਹੈ ਕਿ ਅਕਤੂਬਰ ਇਨਕਲਾਬ ਨੇ ਜਿੱਥੇ ਦੁਨੀਆਂ ਭਰ ਦੇ ਇਤਿਹਾਸ, ਸਮਾਜਿਕ ਸਭਿਆਚਾਰ, ਰਾਜਨੀਤੀ, ਸਾਹਿਤ ਤੇ ਕਲਾਵਾਂ ਨੂੰ ਪ੍ਰਭਾਵਿਤ ਕੀਤਾ ਓਥੇ ਇਸਨੇ ਪ੍ਰਗਤੀਵਾਦੀ ਲਹਿਰ ਰਾਹੀਂ ਪੰਜਾਬੀ ਸਾਹਿਤ ਨੂੰ ਵੀ ਡੂੰਘੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਮਾਜਵਾਦੀ-ਯਥਾਰਥਵਾਦੀ ਦ੍ਰਿਸ਼ਟੀ ਤੋਂ ਪੰਜਾਬੀ ਸਾਹਿਤ ਦਾ ਡੂੰਘਾ ਵਿਸ਼ਲੇਸ਼ਣ ਹੋਣਾ ਅਜੇ ਬਾਕੀ ਹੈ।