
ਪਠਾਨਕੋਟ: ਪਠਾਨਕੋਟ ਜ਼ਿਲ੍ਹੇ ਅੰਦਰ ਇੱਟ ਭੱਠਿਆਂ ਉੱਪਰ ਕੰਮ ਕਰਦੇ ਵੱਖ ਵੱਖ ਕੈਟੇਗਰੀਆਂ ਦੇ ਮਜ਼ਦੂਰਾਂ ਦੇ ਮਜ਼ਦੂਰੀ ਦੇ ਰੇਟ ਹਰ ਸਾਲ ਦੀ ਤਰਾਂ ਇਸ ਸਾਲ ਵੀ ਅਸਿਸਟੈਂਟ ਲੇਬਰ ਕਮਿਸ਼ਨਰ ਪਠਾਨਕੋਟ ਦੀ ਮੌਜੂਦਗੀ ਵਿੱਚ ਭੱਠਾ ਮਾਲਕ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਅਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਤ (ਸੀ ਟੀ ਯੂ ਪੰਜਾਬ) ਵਿਚਕਾਰ 2 ਜੂਨ 2026 ਨੂੰ ਲਿਖਤੀ ਸਮਝੌਤਾ ਹੋਇਆ ਸੀ।
ਡੀ ਸੀ ਦਫ਼ਤਰ ਦੇ ਬਾਹਰ ਇਕੱਠੇ ਹੋਏ ਸੈਕੜੇ ਭੱਠਾ ਮਜ਼ਦੂਰ ਔਰਤਾਂ-ਮਰਦਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਅਤੇ ਜਾਇੰਟ ਸਕੱਤਰ ਕਾਮਰੇਡ ਮਨਹਰਨ ਨੇ ਕਿਹਾ ਕਿ ਸਰਦੀ ਸੀਜਨ ਦੌਰਾਨ ਕੀਤੇ ਕੰਮ ਦਾ ਬਕਾਇਆ ਦੇਣਾ ਵੀ ਮੰਨਿਆ ਸੀ। ਪਰ ਇਸ ਵਾਰ 15 ਜੂਨ ਗਰਮੀ ਸੀਜਨ ਦੀ ਸਮਾਪਤੀ ਉਪਰੰਤ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਪਰ ਭੱਠਾ ਮਜਦੂਰਾਂ ਨੂੰ ਹਿਸਾਬ ਸਮੇਂ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਭੱਠਾ ਮਾਲਕ ਸਮਝੌਤੇ ਅਨੁਸਾਰ ਮਜ਼ਦੂਰੀ ਨਹੀਂ ਦੇ ਰਹੇ। ਜਿਸ ਕਾਰਨ ਉਨ੍ਹਾਂ ਮਜ਼ਦੂਰਾਂ ਦੀ ਮਜ਼ਦੂਰੀ ਦਾ ਹਿਸਾਬ ਤੁਰੰਤ ਕਰਵਾਉਣ ਦੀ ਮੰਗ ਕੀਤੀ। ਸਮਝੌਤੇ ਦੀ ਉਲੰਘਣਾ ਦੇ ਦੋਸ਼ੀ ਮਾਲਕਾਂ ਖਿਲਾਫ ਪਰਚਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਏ। ਲੇਬਰ ਵਿਭਾਗ ਦੇ ਅਧਿਕਾਰੀ ਸਮਝੌਤੇ ਨੂੰ ਲਾਗੂ ਕਰਾਉਣਾ ਜਰੂਰੀ ਨਹੀਂ ਸਮਝ ਰਹੇ। ਆਗੂਆਂ ਨੇ ਕਿਹਾ ਕਿ ਸਮਝੌਤਾ ਲਾਗੂ ਕਰਾਉਣ ਤੋਂ ਆਨਾਕਾਨੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਏ। ਲੇਬਰ ਵਿਭਾਗ ਦੇ ਅਧਿਕਾਰੀਆਂ ਦੀ ਭੱਠਾ ਮਾਲਕਾਂ ਨਾਲ ਮਿਲੀਭੁਗਤ ਹੋਣ ਕਰਕੇ ਪੰਜਾਬ ਸਰਕਾਰ ਵੱਲੋਂ ਜਾਰੀ ਮਿਨੀਮਮ ਵੇਜ ਵੀ ਲਾਗੂ ਨਹੀਂ ਹੋ ਰਹੀ। ਕੱਚੀਆਂ ਇੱਟਾਂ ਦੀ ਭਰਾਈ ਪਸ਼ੂ ਰੇੜੇ ਨਾਲ ਬਣਦੀ ਮਜ਼ਦੂਰੀ 448 ਰੁਪਏ ਦੀ ਬਜਾਏ 250 ਤੋਂ 270 ਰੁਪਏ ਦਿੱਤੀ ਜਾ ਰਹੀ ਹੈ। ਕੱਚੀਆਂ ਇੱਟਾਂ ਦੀ ਟਰਾਲੀ ਨਾਲ ਭਰਾਈ ਦੀ ਬਣਦੀ ਮਜ਼ਦੂਰੀ 390 ਰੁਪਏ ਦੀ ਬਜਾਏ 240 ਤੋਂ 260 ਰੁਪਏ ਦਿੱਤੀ ਜਾ ਰਹੀ ਹੈ। ਪੱਕੀਆਂ ਇੱਟਾਂ ਦੀ ਲੋਡ-ਅਨਲੋਡ ਬਣਦੀ ਮਜ਼ਦੂਰੀ 332 ਰੁਪਏ ਦੀ ਬਜਾਏ 160 -170 ਰੁਪਏ ਦਿੱਤੀ ਜਾ ਰਹੀ ਹੈ। ਜੋ ਸਰਾਸਰ ਗਲਤ ਤੇ ਗੈਰ ਕਾਨੂੰਨੀ ਹੈ। ਭੱਠਾ ਮਾਲਕ ਮਜ਼ਦੂਰਾਂ ਤੋਂ 8-10 ਵਾਟ ਦੇ ਦੋ ਸੀ ਐੱਫ ਐੱਲ ਬਲਬ ਦਾ 3000-3000 ਰੁਪਏ ਬਿਜਲੀ ਬਿੱਲ ਜਬਰੀ ਵਸੂਲ ਰਹੇ ਹਨ। ਡਿਪਟੀ ਡਾਇਰੈਕਟਰ ਫੈਕਟਰੀ ਜ਼ਿਲ੍ਹਾ ਪਠਾਨਕੋਟ ਦੀ ਕਾਰਗੁਜ਼ਾਰੀ ਵੀ ਮਜ਼ਦੂਰ ਵਿਰੋਧੀ ਤੇ ਮਾਲਕ ਪੱਖੀ ਹੈ। ਆਏ ਦਿਨ ਭੱਠਿਆਂ ਉੱਪਰ ਹਾਦਸੇ ਹੁੰਦੇ ਹਨ ਕਈ ਵਾਰ ਮਜ਼ਦੂਰਾਂ ਦੀ ਮੌਤ ਵੀ ਹੋ ਜਾਂਦੀ ਹੈ, ਸੱਟਾਂ ਲੱਗਣੀਆਂ ਆਮ ਵਰਤਾਰਾ ਹੈ। ਇਸ ਦੀ ਵੀ ਬਕਾਇਦਾ ਜਾਂਚ ਪੜਤਾਲ ਹੋਵੇ।
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਅਤੇ ਵੱਖ-ਵੱਖ ਭੱਠਿਆਂ ਦੇ ਮਜ਼ਦੂਰ ਔਰਤਾਂ-ਮਰਦਾਂ ਵਲੋਂ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਸ਼ਿਕਾਇਤ ਪੱਤਰ ਦੇ ਕੇ ਉਪਰੋਕਤ ਸਾਰੇ ਮਾਮਲੇ ਦੀ ਮਾਨਯੋਗ ਉਪ ਮੰਡਲ ਮੈਜਿਸਟਰੇਟ ਤੋਂ ਜਾਂਚ ਪੜਤਾਲ ਕਰਵਾਕੇ ਬਣਦੀ ਕਾਰਵਾਈ ਦੇ ਆਦੇਸ਼ ਦਿੱਤੇ ਜਾਣ ਅਤੇ ਫੌਰੀ ਤੌਰ ਤੇ ਮਜ਼ਦੂਰਾਂ ਨੂੰ ਨਵੇਂ ਰੇਟ ਨਾਲ ਹਿਸਾਬ ਕਰਾਉਣ ਲਈ ਅਵਾਜ ਉਠਾਈ।
ਮਜ਼ਦੂਰਾਂ ਦੇ ਸੰਘਰਸ਼ ਵਿੱਚ ਪੁਜੇ ਜਮਹੂਰੀ ਕਿਸਾਨ ਸਭਾ ਤੇ ਐੱਸ ਕੇ ਐੱਮ ਆਗੂ ਕਾਮਰੇਡ ਬਲਵੰਤ ਸਿੰਘ ਘੋਹ ਨੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਜੇਕਰ ਮਜ਼ਦੂਰਾਂ ਦਾ ਧਰਨਾ ਪੱਕਾ ਲੱਗਾ ਤਾਂ ਲੰਗਰ ਪਾਣੀ ਦੀ ਵਿਵਸਥਾ ਕਿਸਾਨ ਕਰਨਗੇ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂਆਂ ਕਾਮਰੇਡ ਰਾਮ ਬਿਲਾਸ ਠਾਕੁਰ, ਦੇਵ ਰਾਜ ਸੈਲੀਕੁਲੀਆਂ, ਸੋਹਨ ਲਾਲ ਢਾਂਗੂ, ਸੁਖਦੇਵ ਰਾਜ ਤੋਂ ਇਲਾਵਾ ਭੱਠਾ ਮਜ਼ਦੂਰ ਆਗੂ ਰਾਮਦਿਆਲ ਤੇ ਪ੍ਰਸ਼ੋਤਮ ਦਾਸ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।