Now Reading
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦਾ ਸੱਦਾ: ਮਜ਼ਦੂਰਾਂ, ਕਿਸਾਨਾਂ ਤੇ ਆਮ ਲੋਕਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਡੱਟਣਾ ਹੋਵੇਗਾ

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦਾ ਸੱਦਾ: ਮਜ਼ਦੂਰਾਂ, ਕਿਸਾਨਾਂ ਤੇ ਆਮ ਲੋਕਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਡੱਟਣਾ ਹੋਵੇਗਾ

ਤਰਨ ਤਾਰਨ: ਅੱਜ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਸੂਬਾਈ ਸੱਦੇ ‘ਤੇ ਚਾਰ ਕਮਿਊਨਿਸਟ ਪਾਰਟੀਆਂ ਵੱਲੋਂ ਸਥਾਨਕ ਗਾਂਧੀ ਪਾਰਕ ਵਿਖੇ ਵਿਸ਼ਾਲ ਕਨਵੈਨਸ਼ਨ ਦਲਜੀਤ ਸਿੰਘ ਦਿਆਲਪੁਰਾ, ਗੁਰਦਿਆਲ ਸਿੰਘ ਖਡੂਰ ਸਾਹਿਬ, ਮੇਹਰ ਸਿੰਘ ਚੁਤਾਲਾ ਤੇ ਬੋਹੜ ਸਿੰਘ ਸੁਰਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਕਨਵੈਨਸ਼ਨ ਵਿੱਚ ਕੇਂਦਰ ਸਰਕਾਰ ਦੀਆਂ ਫਿਰਕੂ ਨੀਤੀਆਂ ਤਹਿਤ ਫਾਸ਼ੀਵਾਦੀ ਰੁਝਾਨ ਰਾਹੀਂ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਤੇ ਜ਼ੁਲਮ ਕਰਕੇ ਦੇਸ਼ ਵਿੱਚ ਫਿਰਕੂ ਸੰਕੀਰਨਤਾ ਨੂੰ ਵਧਾਇਆ ਜਾ ਰਿਹਾ ਹੈ।
ਇਸ ਮੌਕੇ ਇਹਨਾਂ ਕਮਿਊਨਿਸਟ ਪਾਰਟੀਆਂ ਦੇ ਆਗੂ ਕਾਮਰੇਡ ਪਰਗਟ ਸਿੰਘ ਜਾਮਾਰਾਏ, ਦਵਿੰਦਰ ਸੋਹਲ, ਨਛੱਤਰ ਸਿੰਘ ਪੰਨੂ ਤੇ ਬਲਬੀਰ ਸਿੰਘ ਝਾਮਕਾ, ਨਿਰਮਲ ਸਿੰਘ ਪੱਟੀ (ਅੰਬੇਡਕਰਵਾਦੀ) ਨੇ ਕਿਹਾ ਕਿ ਅੱਜ ਸਾਡੇ ਦੇਸ਼ ਦਾ ਮਜ਼ਦੂਰ, ਕਿਸਾਨ ਤੇ ਹੋਰ ਕਿਰਤੀ ਲੋਕ ਬੁਰੀ ਤਰ੍ਹਾਂ ਨਪੀੜੇ ਜਾ ਰਹੇ ਹਨ। ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਤੰਗਨਜ਼ਰੀ ਨੇ ਆਮ ਮਿਹਨਤਕਸ਼ ਲੋਕਾਂ ਨੂੰ ਤਰਸ ਦੇ ਪਾਤਰ ਬਣਾ ਦਿੱਤਾ ਹੈ। ਸਾਡੇ ਦੇਸ਼ ਆਮ ਮਜ਼ਦੂਰ ਤੋਂ ਲੈਕੇ ਦਰਮਿਆਨੇ ਤਬਕੇ ਤੱਕ ਸਭ ਲੋਕਾਂ ਨੂੰ ਬੁਰੀ ਤਰ੍ਹਾਂ ਕਰਜ਼ੇ ਦੇ ਜੰਜਾਲ ਵਿੱਚ ਫਸਾਇਆ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਸਾਮਰਾਜ ਦੇ ਦਬਾਅ ਤਹਿਤ ਮਹਿੰਗਾ ਡੀਜ਼ਲ ਪੈਟਰੋਲ ਗੈਸ ਖਰੀਦ ਕੇ ਸਾਡੇ ਲੋਕਾਂ ਤੇ ਮਹਿੰਗਾਈ ਦਾ ਵੱਡਾ ਬੋਝ ਪਾ ਰਹੀ ਹੈ, ਜਦੋਂ ਕਿ ਇਰਾਨ ਰੂਸ ਤੋਂ ਸਸਤਾ ਤੇਲ ਖਰੀਦਿਆ ਜਾ ਸਕਦਾ ਹੈ। ਮਜ਼ਦੂਰਾਂ ਦੇ ਹੱਕ ਦੇ ਕਾਨੂੰਨ ਤੋੜ ਕੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰ ਦਿੱਤੇ ਹਨ। ਕਿਸਾਨਾਂ ਨਾਲ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇਣ ਦੇ ਵਾਅਦੇ ਤੋਂ ਕੇਂਦਰ ਸਰਕਾਰ ਮੁਕਰ ਗਈ ਹੈ। ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਖਾਦਾਂ,ਬੀਜ ਤੇ ਕੀਟਨਾਸ਼ਕ ਮਹਿੰਗੇ ਕੀਤੇ ਜਾ ਰਹੇ ਹਨ। ਪੰਜਾਬ ਨਾਲ ਵੀ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ। ਚੰਡੀਗੜ੍ਹ ਪੰਜਾਬ ਤੋਂ ਪੱਕੇ ਤੌਰ ਤੇ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਪੰਜਾਬ ਸਮੇਤ ਹੋਰ ਰਾਜਾਂ ਦੇ ਬਣਦੇ ਫੈਡਰਲ ਹੱਕ ਖੋਹੇ ਜਾ ਰਹੇ ਹਨ। ਵਿਰੋਧੀ ਪਾਰਟੀਆਂ ਦੇ ਐਮ ਪੀ,ਐਮ ਐਲ ਏ ਖਰੀਦੇ ਤੇ ਈ ਡੀ ਰਾਹੀਂ ਡਰਾਏ ਜਾ ਰਹੇ ਹਨ ਤੇ ਉਨ੍ਹਾਂ ਨੂੰ ਬੀ ਜੇ ਪੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਕੁੱਲ ਮਿਲਾ ਕੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਘਰ ਭਰਦਿਆਂ ਆਮ ਮਿਹਨਤਕਸ਼ ਲੋਕਾਂ ਦਾ ਲਹੂ ਪੀ ਰਹੀ ਹੈ।
ਸਾਡੀ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਅਪਣਾ ਕੇ ਕਿਰਤੀਆਂ ਦੀ ਲੁੱਟ ਦੇ ਰਾਹ ਪਈ ਹੈ। ਹੱਕ ਮੰਗਦੇ ਲੋਕਾਂ ਤੇ ਖੁੱਲ੍ਹ ਕੇ ਪੁਲੀਸ ਤਸ਼ੱਦਦ ਕੀਤਾ ਜਾ ਰਿਹਾ ਹੈ। ਇਸ ਮੌਕੇ ਕਮਿਊਨਿਸਟ ਪਾਰਟੀਆਂ ਦੇ ਆਗੂਆਂ ਰਾਜਿੰਦਰ ਪਾਲ ਕੌਰ, ਚਮਨ ਲਾਲ ਦਰਾਜਕੇ, ਮੁਖਤਾਰ ਸਿੰਘ ਮੱਲਾ, ਬਲਕਾਰ ਸਿੰਘ ਵਲਟੋਹਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਧਰਮ ਸਿੰਘ ਪੱਟੀ ਨੇ ਵੀ ਆਪਣੇ ਵਿਚਾਰ ਰੱਖਦਿਆਂ ਕੇਂਦਰ ਦੀ ਫਾਸ਼ੀਵਾਦੀ ਅਤੇ ਲੋਕ ਵਿਰੋਧੀ ਨੀਤੀਆਂ ਵਾਲੀ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਨਾਮਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਕਨਵੈਨਸ਼ਨ ਦੀ ਸਮਾਪਤੀ ਉਪਰੰਤ ਸ਼ਹਿਰ ਦੇ ਬਜ਼ਾਰਾਂ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਮਾਰਚ ਕੀਤਾ ਗਿਆ।

Scroll To Top