Now Reading
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਸੰਘ ਪਰਿਵਾਰ ਤੇ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀ ਏਜੰਡੇ ਤੇ ਲੋਕ ਦੋਖੀ ਨੀਤੀਆਂ ਖਿਲਾਫ਼ ਜਲੰਧਰ ’ਚ ਰੋਹ ਭਰਪੂਰ ਮੁਜ਼ਾਹਰਾ

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਸੰਘ ਪਰਿਵਾਰ ਤੇ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀ ਏਜੰਡੇ ਤੇ ਲੋਕ ਦੋਖੀ ਨੀਤੀਆਂ ਖਿਲਾਫ਼ ਜਲੰਧਰ ’ਚ ਰੋਹ ਭਰਪੂਰ ਮੁਜ਼ਾਹਰਾ

ਜਲੰਧਰ: ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ’ਚ ਸ਼ਾਮਲ ਪਾਰਟੀਆਂ ਵਲੋਂ ਆਰ ਐੱਸ ਐੱਸ-ਭਾਜਪਾ ਦੀਆਂ ਫਿਰਕੂ-ਫਾਸ਼ੀਵਾਦੀ ਕੁਚਾਲਾਂ, ਸੰਘ ਪ੍ਰੀਵਾਰ ਦੇ ਖਰੂਦੀ ਟੋਲਿਆਂ ਵਲੋਂ ਕੀਤੇ ਜਾ ਰਹੇ ਘੱਟ ਗਿਣਤੀ ਵਸੋਂ ਦੇ ਘਾਣ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕਾਂ ਦੀ ਰੋਜ਼ੀ-ਰੋਟੀ ’ਤੇ ਕੀਤੇ ਜਾ ਰਹੇ ਘਾਤਕ ਹੱਲਿਆਂ ਵਿਰੁੱਧ ਅੱਜ ਇਥੋਂ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਨਵੈਨਸ਼ਨ ਕਰਨ ਉਪਰੰਤ ਸ਼ਹਿਰ ਅੰਦਰ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਸੰਘ-ਭਾਜਪਾ ਦੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ ਦਾ ਵਿਰੋਧ ਕਰਦਿਆਂ ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਦਾ ਨਿਆਂ ਪੂਰਨ ਹੱਲ ਲੱਭੇ ਜਾਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਸਿੱਖ ਬੰਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਤੇ ਬਿਨਾਂ ਮੁਕੱਦਮਾ ਚਲਾਏ ਜ਼ੇਲ੍ਹਾਂ ’ਚ ਬੰਦ ਕੀਤੇ ਸਾਰੇ ਸਿਆਸੀ ਆਗੂ, ਮਨੁੱਖੀ ਅਧਿਕਾਰ ਕਾਰਕੁੰਨ, ਬੁੱਧੀਜੀਵੀ ਤੇ ਆਮ ਨਾਗਰਿਕ ਤੁਰੰਤ ਰਿਹਾ ਕੀਤੇ ਜਾਣ। ਇਕੱਠਾਂ ’ਚ ਸ਼ਾਮਲ ਕਾਰਕੁੰਨਾਂ ਦੇ ਹੱਥਾਂ ’ਚ ਲੋਕ ਮਸਲਿਆਂ ਨੂੰ ਉਭਾਰਦੀਆਂ ਤਖ਼ਤੀਆਂ ਅਤੇ ਲਾਲ ਝੰਡੇ ਫੜ੍ਹੇ ਹੋਏ ਸਨ। ਤਖ਼ਤੀਆਂ ਸਿਆਸੀ ਹਿੱਤਾਂ ਤੇ ਫਿਰਕੂ ਏਜੰਡੇ ਦੀ ਪੂਰਤੀ ਲਈ ਨਿਆਂ ਪਾਲਿਕਾ, ਚੋਣ ਕਮਿਸ਼ਨ, ਈ.ਡੀ., ਸੀ.ਬੀ.ਆਈ. ਤੇ ਇਨਕਮ ਟੈਕਸ ਵਿਭਾਗ ਦੀ ਕੀਤੀ ਜਾ ਰਹੀ ਦੁਰਵਰਤੋਂ ਵੱਲ ਲੋਕਾਂ ਦਾ ਧਿਆਨ ਕੇਂਦਿ੍ਰਤ ਕਰ ਰਹੀਆਂ ਸਨ। ਦੇਸ਼ ਦਾ ਸੰਵਿਧਾਨ ਬਦਲੇ ਬਗੈਰ ਹੀ ਮੋਦੀ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਸੰਵਿਧਾਨ ਵਿਰੋਧੀ ਕਾਰਵਾਈਆਂ ਖ਼ਿਲਾਫ ਮੁਜ਼ਾਹਰਾਕਾਰੀ ਜ਼ਬਰਦਸਤ ਨਾਅਰੇਬਾਜੀ ਕਰ ਰਹੇ ਸਨ।
ਅੱਜ ਦੀ ਕਨਵੈਨਸ਼ਨ ਨੂੰ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀਪੀਆਈ ਐੱਮ ਐੱਲ ਨਿਊ ਡੈਮੋਕ੍ਰੇਸੀ ਦੇ ਸੂਬਾ ਆਗੂ ਅਜਮੇਰ ਸਿੰਘ ਸਮਰਾ, ਸੀਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਅਮਰੀਕਾ-ਈਰਾਨ ਦਰਮਿਆਨ ਹੋਈ ਜੰਗਬੰਦੀ ਦਾ ਸਵਾਗਤ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਸੰਕਟ ਦਾ ਭੰਨਿਆ ਸਾਮਰਾਜ ਜੰਗਾਂ ਲਾਉਣ ਤੋਂ ਬਾਜ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕਾ-ਇਜ਼ਰਾਈਲ ਦੀ ਪਿੱਠੂ ਮੋਦੀ ਸਰਕਾਰ ਦੀ ਗੋਡੇ ਟੇਕੂ ਵਿਦੇਸ਼ ਨੀਤੀ ਤੇ ਡਿਪਲੋਮੈਸੀ ਨਾਲ ਸੰਸਾਰ ਦੀਆਂ ਨਜ਼ਰਾਂ ’ਚ ਭਾਰਤ ਦੇ ਵਕਾਰ ਨੂੰ ਭਾਰੀ ਸੱਟ ਲੱਗੀ ਹੈ। ਦੇਸ਼ ਅੰਦਰ ਲੋਕ ਵਿਰੋਧੀ, ਜਮਹੂਰੀਅਤ ਵਿਰੋਧੀ, ਕਾਰਪੋਰੇਟ ਪ੍ਰਸਤ ਨੀਤੀਆਂ ਲਾਗੂ ਕਰ ਰਹੀ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਸਾਡੀ ਖੇਤੀ ਤੇ ਪ੍ਰਚੂਨ ਵਪਾਰ ਨੂੰ ਤਬਾਹ ਕਰ ਦੇਣਗੇ। ਦੂਜੇ ਪਾਸੇ ਪੰਜਾਬ ਦੀ ਮਾਨ ਸਰਕਾਰ ਪੰਜਾਬ-ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਂ ਮੋਦੀ ਸਰਕਾਰ ਦੇ ਪਦਚਿੰਨ੍ਹਾਂ ’ਤੇ ਚੱਲਦਿਆਂ ਹੱਕੀ ਘੋਲਾਂ ’ਤੇ ਜ਼ੁਲਮ ਢਾਹ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਲਈ ਵਿਸ਼ਣੂ ਗਣੇਸ਼ ਪਿੰਗਲੇ, ਬਾਬਾ ਸੋਹਣ ਸਿੰਘ ਭਕਨਾ, ਮੌਲਵੀ ਬਰਕਤ ਉਲ੍ਹਾ ਤੇ ਲਾਲਾ ਹਰਦਿਆਲ ਸਮੇਤ ਸਾਰੇ ਸ਼ਹੀਦ ਤੇ ਕ੍ਰਾਂਤੀਕਾਰੀ ਇਕੋ ਜਿਹੇ ਸਤਿਕਾਰ ਦੇ ਪਾਤਰ ਹਨ। ਲੇਕਿਨ ਦੇਸ਼ ਦੇ ਮੌਜੂਦਾ ਹੁਕਮਰਾਨਾਂ, ਜੋ ਸਾਮਰਾਜ ਦੇ ਜਨਮਜਾਤ ਏਜੰਟ ਹਨ, ਨੂੰ ਮੌਲਵੀ ਬਰਕਤ ਉਲਾ ਤੇ ਅਸ਼ਫਾਕ ਉਲ੍ਹਾ ਜਿਹੇ ਦੇਸ਼ ਭਗਤ ਖਾਸ ਤੌਰ ’ਤੇ ਚੁੰਭਦੇ ਹਨ। ਬੁਲਾਰਿਆਂ ਨੇ ਭੋਪਾਲ ਦੀ ਯੂਨੀਵਰਸਿਟੀ ਦਾ ਪੁਰਾਣਾ ਨਾਂ ਬਹਾਲ ਰੱਖਣ ਦੀ ਜ਼ੋਰਦਾਰ ਮੰਗ ਰੱਖੀ।
ਆਗੂਆਂ ਨੇ ਕਿਹਾ ਕਿ ਡੂੰਘੇ ਆਰਥਿਕ ਸੰਕਟ ’ਚ ਫਸਿਆ ਦੇਸ਼-ਦੁਨੀਆ ਦਾ ਪੂੰਜੀਵਾਦੀ ਨਿਜ਼ਾਮ ਜੰਗਾਂ ਛੇੜਣ ਰਾਹੀਂ ਬੇਕਸੂਰ ਲੋਕਾਂ ਦਾ ਘਾਣ ਕਰਕੇ ਮੰਦਵਾੜੇ ’ਚੋਂ ਨਿਕਲਣਾ ਚਾਹੁੰਦਾ ਹੈ। ਇਸੇ ਲਈ ਟਰੰਪ ਬਿਨਾਂ ਕਿਸੇ ਤਰਕ-ਦਲੀਲ ਦੇ ਦੂਜੇ ਦੇਸ਼ਾਂ ਦੇ ਕੁਦਰਤੀ ਸੋਮਿਆਂ ’ਤੇ ਕਬਜ਼ਾ ਕਰਨ ਲਈ ਫੌਜੀ ਹਮਲਿਆਂ ਤੇ ਆਰਥਿਕ ਨਾਕਾਬੰਦੀਆਂ ਦਾ ਸਹਾਰਾ ਲੈ ਰਿਹਾ ਹੈ। ਉਸ ਦੇ ਜੁੰਡੀਦਾਰ ਨਸਲਵਾਦੀ ਨੇਤਨਯਾਹੂ ਨੇ ਗਾਜ਼ਾ ਪੱਟੀ ਤੇ ਪੱਛਮੀ ਕਿਨਾਰੇ ’ਚ ਫ਼ਲਸਤੀਨੀਆਂ ਦੀ ਯੋਜਨਾਬੱਧ ਨਸਲਕੁਸ਼ੀ ਦੀ ਮੁਹਿੰਮ ਛੇੜੀ ਹੋਈ ਹੈ ਅਤੇ ਲਿਬਨਾਨ ਦੇ ਇਲਾਕਿਆਂ ’ਤੇ ਵੀ ਕਬਜ਼ਾ ਕਰਨਾ ਜਾਰੀ ਰੱਖ ਰਿਹਾ ਹੈ। ਨਿਆਂਪਸੰਦ ਪੰਜਾਬੀ ਮਾਨਵਤਾ ਦੇ ਕਤਲੇਆਮ ਦੇ ਸਖ਼ਤ ਵਿਰੋਧੀ ਹਨ।
ਬੁਲਾਰਿਆਂ ਨੇ ਪੇਪਰ ਲੀਕ ਖ਼ਿਲਾਫ ਜਾਰੀ ਘੋਲ ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਦਾ ਸਮਰਥਨ ਕੀਤਾ। ਉਨ੍ਹਾਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਿਪੇਰੀਅਨ ਸਿਧਾਂਤ ਅਨੁਸਾਰ ਵੰਡ ਕਰਨ, ਪੰਜਾਬੀ ਬੋਲੀ ਨੂੰ ਪੰਜਾਬ ਤੇ ਦੇਸ਼ ’ਚ ਬਣਦਾ ਸਥਾਨ ਦੇਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕਰਨ, ਰਾਜਧਾਨੀ ਚੰਡੀਗੜ੍ਹ ਤੇ ਡੈਮਾਂ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨ, ਕੰਮ ਦਿਹਾੜੀ ਸਖ਼ਤੀ ਨਾਲ 8 ਘੰਟੇ ਲਾਗੂ ਕਰਨ, ਕਿਰਤ ਕੋਡ ਰੱਦ ਕਰਨ ਤੇ ਕਿਰਤ ਕਾਨੂੰਨ ਬਹਾਲ ਕਰਨ, ਮਨਰੇਗਾ ਐਕਟ ਬਹਾਲ ਕਰਨ, ਘੱਟੋ-ਘੱਟ ਉਜਰਤ 26000/ ਰੁਪਏ ਪ੍ਰਤੀ ਮਹੀਨਾ ਕੀਤੇ ਜਾਣ, ਸਾਰੀਆਂ ਖੇਤੀ ਜਿਣਸਾਂ ਦੀ ਐਮਐਸਪੀ ਤੇ ਗਾਰੰਟੀ ਸ਼ੁਦਾ ਖਰੀਦ ਕਰਨ ਆਦਿ ਮੰਗਾਂ ਵੀ ਉਭਾਰੀਆਂ।
ਫਰੰਟ ਦੇ ਸੂਬਾਈ ਸੱਦੇ ਦੀ ਕੜੀ ਵਜੋਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਨੂੰ ਗਣੇਸ਼ ਪਿੰਗਲਾ ਹਾਲ ਵਿਖੇ ਫ਼ਰੰਟ ਦੇ ਜ਼ਿਲ੍ਹਾ ਆਗੂ ਦਰਸ਼ਨ ਨਾਹਰ, ਹੰਸ ਰਾਜ ਪੱਬਵਾਂ, ਹਰਜਿੰਦਰ ਸਿੰਘ ਮੌਜੀ ਨੇ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕੀਤੀ। ਜ਼ਿਲ੍ਹਾ ਪੱਧਰੀ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਸ਼ਮੀਰ ਸਿੰਘ ਘੁੱਗਸ਼ੋਰ, ਰਸ਼ਪਾਲ ਕੈਲੈ, ਸਰਬਜੀਤ ਮੁਠੱਡਾ ਆਦਿ ਨੇ ਵੀ ਸੰਬੋਧਨ ਕੀਤਾ।
ਮਗਰੋਂ ਪ੍ਰੈੱਸ ਕਲੱਬ ਤੱਕ ਰੋਹ ਭਰਪੂਰ ਮੁਜ਼ਹਾਰਾ ਵੀ ਕੀਤਾ ਗਿਆ।

Scroll To Top