Now Reading
ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਨੀਟ ਪੇਪਰ ਲੀਕ ਹੋਣ ਅਤੇ ਵਹਿਸ਼ੀ ਲਾਠੀਚਾਰਜ ਦੀ ਨਿਖੇਧੀ

ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਨੀਟ ਪੇਪਰ ਲੀਕ ਹੋਣ ਅਤੇ ਵਹਿਸ਼ੀ ਲਾਠੀਚਾਰਜ ਦੀ ਨਿਖੇਧੀ

ਬੰਗਾ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਅਤੇ ਪੀਐੱਸਐੱਫ ਵਲੋਂ ਕੀਤੇ ਫੈਸਲੇ ਮੁਤਾਬਕ, ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਵਿਖੇ ਬਲਿਹਾਰ ਸਿੰਘ ਬਾਰ੍ਹਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਬਲਿਹਾਰ ਸਿੰਘ ਬਾਰ੍ਹਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਡਾਕਟਰੀ ਦੀ ਪੜ੍ਹਾਈ ਲਈ ਕੌਮੀ ਪੱਧਰ ਦਾ ਟੈਸਟ ਲਿਆ ਜਾਂਦਾ ਹੈ, ਪਰ ਕੇਂਦਰ ਸਰਕਾਰ ਦੀਆਂ ਉੱਚ ਪੱਧਰ ਦੇ ਜ਼ਿਮੇਵਾਰ ਅਧਿਕਾਰੀਆਂ ਤੇ ਰਾਜਨੀਤਕ ਆਗੂਆਂ ਦੀ ਮਿਲੀਭੁਗਤ ਨਾਲ, ਹਰ ਸਾਲ ਹੀ ਅਜਿਹੇ ਉੱਚ ਮਿਆਰੀ ਟੈਸਟ ਰਿਸ਼ਵਤ ਦੇ ਲੈਣ ਦੇਣ ਰਾਹੀਂ, ਲੀਕ ਹੋ ਰਹੇ ਹਨ। ਅਫਸੋਸ ਕਿ ਕਿਸੇ ਵੀ ਉੱਚ ਪੱਧਰ ਦੇ ਅਧਿਕਾਰੀਆਂ ਤੇ ਰਾਜਨੀਤਕ ਆਗੂਆਂ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਗਈ। ਦੂਸਰੇ ਪਾਸੇ ਟੈਸਟ ਦੇ ਰਹੇ ਨੌਜਵਾਨ ਬੱਚੇ ਅਤੇ ਮਾਪੇ ਮਾਨਸਿਕ ਤੌਰ ‘ਤੇ ਪੀੜਤ ਹਨ।ਟੈਸਟ ਲੀਕ ਹੋਣ ਕਰਕੇ ਅਨੇਕਾਂ ਹੀ ਨੌਜਵਾਨ ਬੱਚੇ ਖੁਦਕਸ਼ੀਆਂ ਕਰ ਗਏ ਹਨ, ਜਿਸ ਦੀ ਭਰਪਾਈ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਹੋ ਸਕਦੀ।ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰੀ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਕੇ ਵੱਡੇ ਵੱਡੇ ਮਗਰਮੱਛਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ‘ਤੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਪਟਿਆਲਾ ਵਿਖੇ ਕੱਚੇ ਅਤੇ ਸਿਖਿਅਤ ਬੇਰੁਜ਼ਗਾਰਾਂ ਉੱਤੇ ਵਹਿਸ਼ੀ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਅਪੀਲ ਕੀਤੀ ਗਈ ਕਿ ਮਜ਼ਦੂਰਾਂ, ਕਿਸਾਨਾਂ, ਛੋਟੇ ਦੁਕਾਨਦਾਰਾਂ ਅਤੇ ਨੌਜਵਾਨਾਂ ਵਿਰੋਧੀ ਮਾਨ ਸਰਕਾਰ ਨੂੰ ਵੋਟਾਂ ਵਿੱਚ ਲੋਕ ਆਪਣੀ ਤਾਕਤ ਦਿਖਾਉਣ ਲਈ ਤਿਆਰ ਹੋ ਜਾਣ।
ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਹਰਪਾਲ ਸਿੰਘ ਜਗਤਪੁਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਲੋਕ ਵਿਰੋਧੀ ਦਸਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਹਰ ਕਿਰਤੀ, ਛੋਟਾ ਦੁਕਾਨਦਾਰ ਅਤੇ ਛੋਟਾ ਮੁਲਾਜ਼ਮ, ਇਹਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ ਹੈ। ਉਹਨਾਂ ਨੇ ਸਮੂਹ ਨੌਜ਼ਵਾਨਾਂ ਨੂੰ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰਦਿਆਂ, ਪਾਰਟੀ ਦੇ ਲੋਕ ਘੋਲਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਉਪਰੰਤ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ।
ਇਸ ਰੋਸ ਮੁਜ਼ਾਹਰੇ ਵਿੱਚ ਜੱਸੀ ਜਗਤਪੁਰ, ਰਮਨ ਸੰਧੂ, ਬੌਬੀ ਚੰਦਰ, ਬੱਲੀ ਸ਼ੇਰਗਿੱਲ, ਲਖਵੀਰ, ਜੱਗੀ ਬਘੌਰਾ, ਹਰਬਿੰਦਰ, ਰੋਹਿਤ,ਅਮਿਤ, ਹਰਮਨ, ਰਣਦੀਪ ਰਟੈਂਡਾ, ਹਰਜੀਤ, ਸਿਮੋਨ ਮੁਕੰਦਪੁਰ, ਗੋਬਿੰਦ, ਚਰਨ ਸਿੰਘ, ਕਲਵਿੰਦਰ ਬੀਕਾ ਆਦਿ ਸ਼ਾਮਲ ਸਨ।

Scroll To Top