
ਗੁਰਾਇਆ: ਅੱਜ ਪਿੰਡ ਸਰਗੁੰਦੀ ਵਿਖੇ ਸੇਵਾ ਮੁਕਤ ਜੇਈ ਹਰਭਜਨ ਦਾਸ ਦੇ ਜੀਵਨ ਸਾਥਣ ਬੀਬੀ ਨਸੀਬ ਕੌਰ ਦੀ ਅੰਤਿਮ ਅਰਦਾਸ ਮੌਕੇ ਪਰਿਵਾਰ ਵਲੋਂ ਰਾਜਨੀਤਕ ਧਿਰਾਂ ਸਮੇਤ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਦਿੱਤੀ ਆਰਥਿਕ ਸਹਾਇਤਾ, ਸਹੀ ਅਰਥਾਂ ਵਿੱਚ “ਪੇਅ ਬੈਕ ਟੂ ਸੁਸਾਇਟੀ” ਦਾ ਪੁਖਤਾ ਨਮੂਨਾ ਸਾਬਿਤ ਹੋਈ ਹੈ। ਇਸ ਪਰਿਵਾਰ ਨੇ ਕਰੀਬ ਢਾਈ ਲੱਖ ਰੁਪਏ ਵੱਖ-ਵੱਖ ਸੰਸਥਾਵਾਂ ਨੂੰ ਦਾਨ ਵਜੋਂ ਦਿੱਤੇ। ਇਸ ਤੋਂ ਬਿਨ੍ਹਾਂ ਪਿੰਡ ਦੇ ਸਕੂਲ ਲਈ ਵੀ ਵੱਡਾ ਕਾਰਜ ਕਰਨ ਦਾ ਐਲਾਨ ਕੀਤਾ।
ਸੇਵਾ ਮੁਕਤ ਜੇਈ ਹਰਭਜਨ ਦਾਸ ਆਪਣੀ ਸਰਵਿਸ ਦੌਰਾਨ ਟੀਐੱਸਯੂ ਦੇ ਆਗੂ ਵਜੋਂ ਅਤੇ ਸੇਵਾ ਮੁਕਤੀ ਉਪਰੰਤ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਵਜੋਂ ਆਪਣੀ ਸੇਵਾਵਾਂ ਨਿਭਾਉਂਦੇ ਰਹੇ। ਅਫ਼ਸੋਸ ਕਰਨ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾ ਕਿਹਾ ਕਿ ਪੰਜ ਸਾਲ ਦੀ ਉਮਰ ’ਚ ਮਾਂ ਦੀ ਮੌਤ ਉਪਰੰਤ ਜਿਵੇਂ ਉਹ ਰੁਖ ਖੁਲ ਕੇ ਪਲੇ, ਅਤੇ ਮਗਰੋਂ ਨੌਕਰੀ ਕਰਦਿਆਂ ਆਪਣੇ ਪੈਰਾਂ ਸਿਰ ਹੋਏ। ਆਪਣੀ ਮਾਂ ਦੀ ਝਿੜਕ ਨੂੰ ਸਾਂਝਾਂ ਕਰਦਿਆਂ ਉਨ੍ਹਾ ਕਿਹਾ ਕਿ ਬਾਲ ਅਵਸਥਾ ’ਚ ਇਕ ਵਾਰ ਕਿਤੋਂ ਕੋਈ ਚੀਜ਼ ਚੋਰੀ ਕਰ ਲਈ ਪਰ ਮਗਰੋਂ ਮਾਂ ਨੇ ਜਿਵੇਂ ਝਿੜਕਿਆਂ, ਉਸ ਉਪਰੰਤ ਕਦੀ ਵੀ ਅਜਿਹਾ ਉਲਾਂਭਾ ਨਹੀਂ ਖੱਟਿਆ।
ਅੰਤਿਮ ਅਰਦਾਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਮੌਤ ਅੰਤਮ ਮੰਜ਼ਲ ਹੈ ਅਤੇ ਹਰ ਮਨੁੱਖ ਉਸ ਵੱਲ ਵੱਧ ਰਿਹਾ ਹੈ। ਉਨ੍ਹਾ ਕਿਹਾ ਕਿ ਇਸ ਪਰਿਵਾਰ ਨੂੰ ਪਏ ਵਿਛੋੜੇ ਤੋਂ ਉਭਰਨ ਲਈ ਪ੍ਰਮਾਤਮਾ ਸ਼ਕਤੀ ਦੇਵੇ।
ਟੀ ਐੱਸ ਯੂ ਦੇ ਸਾਬਕਾ ਅਤੇ ਪੈਨਸ਼ਨਰ ਯੂਨੀਅਨ ਦੇ ਸੂਬਾ ਆਗੂ ਸ਼ਿਵ ਤਿਵਾੜੀ ਨੇ ਕਿਹਾ ਕਿ ਜੇਈ ਹਰਭਜਨ ਦਾਸ ਉਨ੍ਹਾਂ ਦੇ ਗੁਰੂ ਸਮਾਨ ਸਨ। ਵਿਭਾਗ ਚ ਬਹੁਤ ਕੁਝ ਉਨ੍ਹਾਂ ਤੋਂ ਸਿੱਖਿਆ, ਅਤੇ ਜਥੇਬੰਦੀ ਚ ਵੀ ਉਨ੍ਹਾਂ ਤੋਂ ਅਗਵਾਈ ਲੈਂਦੇ ਰਹੇ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਪਰਿਵਾਰ ਨਾਲ ਆਪਣੀਆਂ ਸਾਂਝਾ ਦਾ ਜ਼ਿਕਰ ਕਰਦੇ ਹੋਏ ਮਾਤਾ ਨਸੀਬ ਕੌਰ ਨੂੰ ਸ਼ਰਧਾਂਜ਼ਲੀ ਭੇਟ ਕੀਤੀ।
ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਵਿਭਾਗ ਤੋਂ ਸੇਵਾ ਮੁਕਤੀ ਉਪਰੰਤ ਜੇਈ ਹਰਭਜਨ ਦਾਸ ਨੇ ਦਿਹਾਤੀ ਮਜ਼ਦੂਰ ਸਭਾ ’ਚ ਕੰਮ ਕਰਨ ਦਾ ਫ਼ੈਸਲਾ ਕੀਤਾ। ਅਤੇ ਸਾਡੀ ਮਾਂ ਨੇ ਡਟਵਾਂ ਸਾਥ ਦਿੱਤਾ। ਰੰਧਾਵਾ ਨੇ ਕਿਹਾ ਕਿ ਅਜੋਕੇ ਦੌਰ ’ਚ ਜਿਸ ਢੰਗ ਨਾਲ ਖਤਰੇ ਦਰਪੇਸ਼ ਹਨ, ਉਸ ਵੇਲੇ ਹੋਰ ਉਦਮ ਨਾਲ ਸਮਾਜ ਨੂੰ ਬਿਹਤਰ ਰਾਜਨੀਤਕ ਬਦਲ ਦੇਣ ਲਈ ਯਤਨ ਕਰਨੇ ਪੈਣਗੇ।
ਪਿੰਡ ਦੇ ਸਾਬਕਾ ਸਰਪੰਚ ਰਾਮ ਸਰੂਪ ਸਰੋਏ ਨੇ ਕਿਹਾ ਕਿ ਇਸ ਪਰਿਵਾਰ ਨੇ ਡਾ. ਅੰਬਡੇਕਰ ਭਵਨ ਲਈ ਪਹਿਲਾ ਜਦੋਂ ਇੱਕ ਲੱਖ ਰੁਪਏ ਦੀ ਮਦਦ ਦਿੱਤੀ ਸੀ ਤਾਂ ਉਸ ਵੇਲੇ ਇਹ ਵੱਡਾ ਕੰਮ ਸੀ, ਹੁਣ ਦੁਬਾਰਾ ਲੱਖ ਰੁਪਏ ਦੇਣ ਨਾਲ ਬਿਹਤਰ ਸਥਾਪਤੀ ਹੋ ਰਹੀ ਹੈ। ਉਨ੍ਹਾ ਕਿਹਾ ਕਿ ਪਹਿਲਾ ਜੇਈ ਸਾਹਿਬ ਦਾ ਪੁੱਤਰ ਬਤੌਰ ਪੰਚ ਅਤੇ ਸੇਵਾ ਮੁਕਤੀ ਉਪਰੰਤ ਜੇਈ ਸਾਹਿਬ ਬਤੌਰ ਪੰਚ ਪਿੰਡ ਦੀ ਬਿਹਤਰੀ ਲਈ ਯੋਗਦਾਨ ਪਾਉਂਦੇ ਰਹੇ, ਜਿਸ ਪਿੱਛੇ ਬੀਬੀ ਨਸੀਬ ਕੌਰ ਦਾ ਵੱਡਾ ਹੱਥ ਸੀ।
ਇਸ ਮੌਕੇ ਆਰਐੱਮਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਮੇਜਰ ਫਿਲੌਰ ਤੋਂ ਬਿਨ੍ਹਾਂ ਹੋਰ ਬਹੁਤ ਸਾਰੇ ਮੋਹਤਬਾਰ, ਰਿਸ਼ਤੇਦਾਰ, ਦੋਸਤ ਮਿੱਤਰ ਪਰਿਵਾਰ ਨਾਲ ਦੁੱਖ ਵੰਡਾਉਣ ਵਾਲਿਆਂ ’ਚ ਹਾਜ਼ਰ ਸਨ।