Now Reading
ਜੇਪੀਐਮਓ ਨੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਕੀਤਾ ਨਮਨ

ਜੇਪੀਐਮਓ ਨੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਕੀਤਾ ਨਮਨ

ਤਲਵਾਡ਼ਾ: ਸਥਾਨਕ ਮਹਾਰਾਣਾ ਪ੍ਰਤਾਪ ਚੌਂਕ ਦੇ ਨਜ਼ਦੀਕ ਜਨਤਕ ਜਥੇਬੰਦੀਆਂ ਦੇ ਸਾਂਝਾ ਮੋਰਚਾ (ਜੇਪੀਐੱਮਓ) ਦੇ ਬੈਨਰ ਹੇਠਾਂ ਮਨਾਇਆ ਗਿਆ। ਇਸ ਮੌਕੇ ’ਤੇ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਅਤੇ ਪੈਨਸ਼ਨਰਾਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ। ਉਪਰੰਤ ਸ਼ਹਿਰ ’ਚ ਮਾਰਚ ਕੱਢਿਆ।

ਪੈਨਸ਼ਨਰ ਆਗੂ ਸਾਥੀ ਯੁਗਰਾਜ ਸਿੰਘ ਨੇ ਮਜ਼ਦੂਰ ਦਿਵਸ ਦੀ ਮਹੱਤਤਾ,ਇਸਦੇ ਇਤਿਹਾਸ ਅਤੇ ਅਜੌਕੇ ਸਮੇਂ ’ਚ ਇਸਦੀ ਸਾਰਥਿਕਤਾ ਉੱਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਮਜ਼ਦੂਰ, ਮੁਲਾਜ਼ਮ ਤੇ ਕਿਸਾਨ ਵਿਰੋਧੀ ਨੀਤੀਆਂ ਦੀ ਸ਼ਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ।

ਮਨਰੇਗਾ ਵਰਕਰਜ਼ ਯੂਨੀਅਨ, ਪੰਜਾਬ ਤੋਂ ਦੀਪਕ ਤਲਵਾਡ਼ਾ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਤੋਂ ਜਸਵੀਰ ਤਲਵਾਡ਼ਾ ਤੇ ਸੱਤ ਪ੍ਰਕਾਸ਼, ਗੌਰਮਿੰਟ ਟੀਚਰਜ ਯੂਨੀਅਨ ਤੋਂ ਨਰੇਸ਼ ਮਿੱਡਾ ਤੇ ਸ਼ਸ਼ੀਕਾਂਤ, ਪਸਸਫ਼ ਤੋਂ ਰਾਜੀਵ ਸ਼ਰਮਾ ਤੇ ਵਰਿੰਦਰ ਵਿੱਕੀ, ਪੈਨਸ਼ਨਰ ਤੋਂ ਸਾਥੀ ਮੁਲਖ ਰਾਜ ਆਦਿ ਨੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਜ਼ਦੂਰਾਂ ਦੇ ਮਸਲਿਆਂ ’ਤੇ ਚਰਚਾ ਕੀਤੀ। ਅਮਰੀਕਾ ਤੋਂ ਲੈ ਕੇ ਭਾਰਤ ਤੱਕ ਉੱਠ ਰਹੇ ਮਜ਼ਦੂਰ ਅੰਦੋਲਨਾਂ ਅਤੇ ਸਰਕਾਰਾਂ ਦੇ ਮਜ਼ਦੂਰ ਵਿਰੋਧੀ ਰਵੱਈਏ ’ਤੇ ਵਿਸਥਾਰ ਨਾਲ ਗੱਲ ਕੀਤੀ। ਮੁਲਕ ’ਚ ਭਾਜਪਾ ਫਿਰਕੂ ਪੱਤਾ ਖੇਡ ਲੋਕ ਮੁੱਦੇ ਵਿਸ਼ੇਸ਼ ਤੌਰ ਤੇ ਮਜ਼ਦੂਰਾਂ ਦੇ ਹੱਕ ਖੋਹ ਅਤੇ ਕਾਰਪੋਰੇਟਾਂ ਦੇ ਹੱਥ ਮਜ਼ਬੂਤ ਕਰ ਰਹੀ ਹੈ। ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਬਣਾਏ ਚਾਰ ਲੇਬਰ ਕੋਡ ਇਸੇ ਦਿਸ਼ਾ ਵੱਲ ਕੇਂਦਰ ਸਰਕਾਰ ਦਾ ਕਦਮ ਹੈ। ਬੁਲਾਰਿਆਂ ਨੇ ਮੋਦੀ ਸਰਕਾਰ ’ਤੇ ਦੇਸ਼ ਦੇ ਜਨਤਕ ਅਦਾਰੇ ਕੌਡੀਆਂ ਦੇ ਭਾਅ ਆਪਣੇ ਚਹੇਤੇ ਪੂੰਜੀਪਤੀਆਂ ਨੂੰ ਵੇਚਣ ਦੇ ਦੋੋਸ਼ ਲਗਾਏ। ਕੇਂਦਰ ਸਰਕਾਰ ਨੇ ਮਨਰੇਗਾ ਵਰਗੀ ਵਿਸ਼ਾਲ ਯੋਜਨਾ ਦਾ ਸਵਰੂਪ ਬਦਲ ਕੇ ਉਸਦੀ ਆਤਮਾ ਨੂੰ ਖਤਮ ਕਰ ਦਿੱਤਾ ਹੈ। ਪੇਂਡੂ ਅਰਥਚਾਰੇ ’ਤੇ ਰੁਜ਼ਗਾਰ ਦੇ ਸੰਕਟ ਦੀ ਤਲਵਾਰ ਲਟਕ ਰਹੀ ਹੈ।

See Also

ਇਸ ਉਪਰੰਤ ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਤੇ ਪੈਨਸ਼ਨਰਾਂ ਨੇ ਸ਼ਹਿਰ ’ਚ ਮਾਰਚ ਕੱਢਿਆ।

Scroll To Top