
ਨਕੋਦਰ: ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਅੱਜ ਬਿਜਲੀ ਘਰ ਵਿਖੇ ਬੇਜ਼ਮੀਨੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸਾਂਝੇ ਤੌਰ ‘ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦਿਆਂ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਤਿੱਖੇ ਅਤੇ ਵਿਸ਼ਾਲ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।
ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜਮਹੂਰੀ ਕਿਸਾਨ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ, ਪੈਨਸ਼ਨਰ ਐਸੋਸੀਏਸ਼ਨ, ਪ ਸ ਸ ਫ ਪੰਜਾਬ, ਮਨਰੇਗਾ ਯੂਨੀਅਨ ਪੰਜਾਬ ਆਦਿ ਜਥੇਬੰਦੀਆਂ ਨੇ ਸਾਂਝੇ ਤੌਰ ‘ਤੇ ਮਈ ਦਿਹਾੜੇ ਦੀ ਮਹਾਨ ਵਿਰਾਸਤ ਬਾਰੇ ਵਿਚਾਰ ਪੇਸ਼ ਕੀਤੇ। ਆਗੂਆਂ ਨੇ ਇਸ ਮੌਕੇ ਕਿਹਾ ਕਿ ਸੰਘਰਸ਼ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਹੋ ਸਕਦਾ। ਉਹਨਾਂ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਵਿਕਾਸ ਮਾਡਲ ਨੂੰ ਵਿਨਾਸ਼ਕਾਰੀ ਦੱਸਦਿਆਂ ਕਿਹਾ ਕਿ, ਵਿਕਾਸ ਸਿਰਫ ਵੱਡੇ ਜਾਗੀਰਦਾਰਾਂ ਅਤੇ ਸਰਮਾਏਦਾਰਾਂ ਦਾ ਹੋ ਰਿਹਾ ਹੈ, ਉਹਨਾਂ ਮਜ਼ਦੂਰਾਂ ਦੀ ਕੰਮ ਦਿਹਾੜੀ ਦੇ ਘੰਟੇ ਵਧਾਉਣ ਸਮੇਤ ਲੇਬਰ ਕੋਡਜ ਲਾਗੂ ਕਰਨ ਨੂੰ ਮਜ਼ਦੂਰ ਦਾ ਗਲਾ ਘੁੱਟਣ ਬਰਾਬਰ ਦੱਸਦਿਆਂ ਕਿਹਾ ਕਿ ਮਨਰੇਗਾ ਕਾਨੂੰਨ ਖਤਮ ਕਰਕੇ ਮਜ਼ਦੂਰਾਂ ਨੂੰ ਮਿਲਦੇ ਨਾਮਾਤਰ ਰੁਜ਼ਗਾਰ ‘ਤੇ ਕਹਾੜਾ ਚਲਾ ਕੇ, ਮੋਦੀ ਸਰਕਾਰ ਨੇ ਇਕ ਵਾਰ ਫਿਰ ਆਪਣਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ। ਉਹਨਾਂ ਮਜ਼ਦੂਰਾਂ ਕਿਸਾਨਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਅਤੇ ਫੈਕਟਰੀ ਵਰਕਰਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਦੀ ਜਾਬਰ ਨੀਤੀ ਦਾ ਵਿਰੋਧ ਕਰਦਿਆਂ ਘੋਲਾਂ ਦੀ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸਾਥੀ, ਹਰਮੇਸ਼ ਮਾਲੜੀ, ਦਰਸਨ ਨਾਹਰ , ਤਰਸੇਮ ਪੀਟਰ, ਮੋਹਨ ਸਿੰਘ ਬੱਲ, ਮਨੋਹਰ ਸਿੰਘ ਗਿੱਲ, ਨਿਰਮਲ ਸਿੰਘ ਜਹਾਂਗੀਰ, ਜਸਵੰਤ ਰਾਏ, ਤੀਰਥ ਸਿੰਘ ਬਾਸੀ, ਚਰਨਜੀਤ ਥੰਮੂਵਾਲ, ਪ੍ਰਿੰਸੀਪਲ ਮਨਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।