
ਜਲੰਧਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵੱਲੋਂ, ਉੱਤਰ ਪ੍ਰਦੇਸ਼ ਵਿੱਚ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉਲਾ ਖ਼ਾਹ ਅਤੇ ਠਾਕੁਰ ਰੋਸ਼ਨ ਸਿੰਘ ਦੇ ਸਟੈਚੂ ਢਾਹੇ ਜਾਣ ਦੀ ਘਟਨਾ ਦੀ ਕੜੇ ਸਬਦਾਂ ਵਿੱਚ ਨਿੰਦਾ ਕੀਤੀ। ਪ੍ਰੈੱਸ ਨੂੰ ਜਾਣਕਾਰੀ ਦਿਦੇ ਹੋਏ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਸੂਬਾ ਸਕੱਤਰ ਧਰਮਿੰਦਰ ਮੁਕੇਰੀਆਂ ਨੇ ਕਿਹਾ ਕਿ ਇਹ ਘਟਨਾ ਨਾ ਸਿਰਫ਼ ਇਨ੍ਹਾਂ ਮਹਾਨ ਸ਼ਹੀਦਾਂ ਦੀ ਬੇਅਦਬੀ ਹੈ, ਸਗੋਂ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਦੀ ਵੀ ਤੌਹੀਨ ਹੈ। ਇਨ੍ਹਾਂ ਕ੍ਰਾਂਤੀਕਾਰੀਆਂ ਨੇ ਆਪਣੀ ਜ਼ਿੰਦਗੀ ਦੇਸ਼ ਦੀ ਆਜ਼ਾਦੀ ਲਈ ਵਾਰ ਦਿੱਤੀ ਸੀ ਅਤੇ ਉਨ੍ਹਾਂ ਦੀ ਯਾਦਗਾਰੀ ਨਾਲ ਛੇੜਛਾੜ ਕਰਨਾ ਇਤਿਹਾਸ ਨੂੰ ਮਿਟਾਉਣ ਦੇ ਬਰਾਬਰ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਅਜੰਡਾ ਸਾਫ ਹੈ ਕਿ ਜਿਸ ਲੋਕਾਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਅਜ਼ਾਦੀ ਦੀ ਲਹਿਰ ਵਿੱਚ ਹਿੱਸਾ ਲਿਆ ਸੀ ਉਹਨਾਂ ਦੇ ਇਤਿਹਾਸ ਨੂੰ ਮਟਾ ਦਿੱਤਾ ਜਾਵੇਗਾ। ਭਾਰਤ ਦੀ ਆਜ਼ਾਦੀ ਦੀ ਲੜਾਈ ਸਮੇਂ ਸਾਰੇ ਭਾਰਤ ਦੇ ਲੋਕ ਨੇ ਆਪਣਾ ਹਿੱਸਾ ਪਾਇਆ ਸੀ। ਇਸਦੇ ਚਲਦਿਆਂ ਹੀ ਭਾਰਤ ਵਿੱਚ ਜੋ ਲੋਕ ਭਾਰਤੀ ਆਜ਼ਾਦੀ ਦੇ ਲਈ ਲੜੇ ਹਨ, ਉਹਨਾਂ ਦੇ ਇਤਿਹਾਸ ਨੂੰ ਵੀ ਇਹ ਖਤਮ ਕਰ ਰਹੀ ਹੈ।
ਨੌਜਵਾਨ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਸਾਥੀ ਰਵੀ ਲੋਹਗੜ੍ਹ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਵਿੱਚ ਫੁਟ ਪੈਦਾ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਅਸਲ ਇਤਿਹਾਸ ਤੋਂ ਦੂਰ ਕਰਨ ਦੀ ਕੋਸ਼ਿਸ਼ ਹੈ। ਓਹਨਾ ਮੰਗ ਕੀਤੀ ਕਿ ਇਨ੍ਹਾਂ ਸ਼ਹੀਦਾਂ ਦੇ ਮੁੜ ਸਥਾਪਿਤ ਕੀਤੇ ਜਾਣ, ਅਤੇ ਸ਼ਹੀਦ ਨੂੰ ਬਣਦਾ ਸਨਮਾਨ ਵੀ ਦਿੱਤਾ ਜਾਵੇ।
ਓਹਨਾ ਸਮੂਹ ਦੇਸ਼ਵਾਸੀਆਂ ਅਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਇਨ੍ਹਾਂ ਮਹਾਨ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣ ਲਈ ਇਕੱਠੇ ਹੋਣ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਡਟ ਕੇ ਵਿਰੋਧ ਕਰਨ।