
ਲੋਹੀਆਂ ਖਾਸ: ਵੱਖ ਵੱਖ ਜਥੇਬੰਦੀਆਂ ਜਿਨ੍ਹਾਂ ‘ਚ ਭਾਰਤ ਦੀ ਜਨਵਾਦੀ ਨੌਜਵਾਨ ਸਭਾ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਯੂਨਾਇਟੇਡ ਟਰੇਡ ਯੂਨੀਅਨ ਪੰਜਾਬ ਸ਼ਾਮਲ ਹਨ, ਵਲੋਂ ਪੁਲਿਸ ਪ੍ਰਸ਼ਾਸਨ ਨਾਲ ਸਬੰਧਤ ਮਸਲਿਆਂ ਦੇ ਹੱਲ ਕਰਵਾਉਣ ਲਈ 1 ਅਪ੍ਰੈਲ ਤੋਂ ਲੋਹੀਆਂ ਪੁਲਿਸ ਸਟੇਸ਼ਨ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਇਹ ਮੋਰਚਾ ਮਸਲੇ ਹੱਲ ਹੋਣ ਤੱਕ ਜਾਰੀ ਰਹੇਗਾ।
ਇਸ ਸਬੰਧੀ ਕੀਤੀ ਗਈ ਇਕ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ ਨੇ ਦੱਸਿਆ ਕਿ ਮੀਟਿੰਗ ਵਿੱਚ ਬਹੁਤ ਹੀ ਗੰਭੀਰਤਾ ਨਾਲ ਨੋਟ ਕੀਤਾ ਗਿਆ ਕਿ ਪੁਲਿਸ ਸਟੇਸ਼ਨ ਲੋਹੀਆਂ ਦੀ ਅਗਵਾਈ ਕਰ ਰਹੇ ਥਾਣਾ ਮੁੱਖੀ ਇੰਸਪੈਕਟਰ ਕ੍ਰਿਸ਼ਨ ਗੋਪਾਲ ਅਤੇ ਉਨ੍ਹਾਂ ਦੀ ਟੀਮ ਵਲੋਂ ਆਮ ਜਨਤਾ ਦੇ ਲਟਕ ਰਹੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਟਾਲ ਮਟੋਲ ਕਰਕੇ ਸਿਰਫ ਟਾਈਮ ਪਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ। ਚੋਰੀਆਂ ਹੋ ਰਹੀਆਂ ਹਨ ਪਿੰਡਾਂ ਵਿੱਚ ਲੜਾਈ ਝਗੜੇ ਹੋ ਰਹੇ ਹਨ ਅਤੇ ਅਪਰਾਧਿਕ ਬਿਰਤੀ ਦੇ ਲੋਕ ਖੁੱਲ੍ਹੇਆਮ ਫਿਰ ਰਹੇ ਹਨ। ਅਜਿਹੀ ਸਥਿਤੀ ਨੂੰ ਨਜਿੱਠਣ ਲਈ ਥਾਣਾ ਮੁੱਖੀ ਲੋਹੀਆਂ ਨੂੰ ਬੇਨਤੀ ਵੀ ਕੀਤੀ ਜਾ ਰਹੀ ਹੈ, ਪਰ ਉਹ ਲਾਰੇਬਾਜੀ ਕਰਕੇ ਸਮਾਂ ਖਰਾਬ ਕਰ ਰਹੇ ਹਨ। ਉਨ੍ਹਾ ਕਿਹਾ ਕਿ ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਐਕਸ਼ਨ ਨੂੰ ਹੋਰ ਵੀ ਵਿਆਪਕ ਬਣਾਉਣ ਲਈ ਇਲਾਕੇ ਦੀਆਂ ਇਨਸਾਫ਼ ਪਸੰਦ ਧਿਰਾਂ ਅਤੇ ਆਮ ਜਨਤਾ ਤੱਕ ਸੰਪਰਕ ਮੁਹਿੰਮ ਚਲਾਈ ਜਾਵੇਗੀ ਅਤੇ ਉਨ੍ਹਾਂ ਨੂੰ ਇਸ ਐਕਸ਼ਨ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਗੁਰਚਰਨ ਸਿੰਘ ਅਟਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਕਰਮ ਗਿੱਲ ਮੰਡਾਲਾ, ਸੁਖਵਿੰਦਰ ਸਿੰਘ, ਚਮਨ ਲਾਲ ਲੋਹੀਆਂ ਅਤੇ ਰਾਕੇਸ਼ ਰੌਸ਼ਨ ਵੀ ਹਾਜ਼ਰ ਸਨ।