
ਭਿੱਖੀਵਿੰਡ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵਲੋਂ ਸ਼ਹੀਦਾਂ ਦੀ ਯਾਦ ਵਿੱਚ ਸਥਾਨਕ ਦਫ਼ਤਰ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਜਸਵੰਤ ਸਿੰਘ ਭਿੱਖੀਵਿੰਡ ਨੇ ਕੀਤੀ। ਸਮਾਗਮ ਵਿੱਚ ਪਾਰਟੀ ਵਰਕਰਾਂ ਅਤੇ ਹਮਦਰਦਾਂ ਨੇ ਹਿੱਸਾ ਲਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਹਰਜਿੰਦਰ ਸਿੰਘ ਚੂੰਘ ਨੇ ਕਿਹਾ ਕਿ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਾਡੇ ਸਾਰਿਆਂ ਲਈ ਚਾਨਣ ਮੁਨਾਰਾ ਹਨ, ਸਾਨੂੰ ਸਾਰਿਆਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਦੀ ਲੋੜ ਹੈ ਕਿਉਂਕਿ ਹਿੰਦੁਸਤਾਨ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਜ਼ਦੂਰ ਵਿਰੋਧੀ ਨੀਤੀਆਂ ਵਾਲੀ ਸਰਕਾਰ ਸਾਬਤ ਹੋਈ ਹੈ। ਦੇਸ਼ ਅੰਦਰ ਭਗਤ ਸਿੰਘ ਦੇ ਵਿਚਾਰਾਂ ਦੇ ਖਿਲਾਫ ਹਾਕਮ ਧਿਰਾਂ ਵੱਲੋਂ ਸਮਾਜ ਸਿਰਜਿਆ ਜਾ ਰਿਹਾ ਹੈ।
ਇਨ੍ਹਾਂ ਆਗੂਆਂ ਨੇ ਕਿਰਤੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅੱਜ ਦੇ ਇਸ ਸ਼ਹੀਦੀ ਦਿਨ ‘ਤੇ ਭਗਤ ਸਿੰਘ ਦੇ ਵਿਚਾਧਾਰਾ ‘ਤੇ ਪਹਿਰਾ ਦੇ ਕੇ ਹੀ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸਵਿੰਦਰ ਸਿੰਘ ਚੱਕ, ਗੁਰਬੀਰ ਭੱਟੀ ਰਾਜੌਕੇ, ਹਰਜਿੰਦਰ ਸਿੰਘ ਭੈਣੀ, ਸੰਤੋਖ ਸਿੰਘ ਮੱਖੀ ਕਲਾਂ, ਗੱਜਣ ਨਾਰਲਾ, ਬਲਦੇਵ ਕੰਬੋਕੇ, ਸ਼ਾਮ ਲਾਲ ਭਗਵਾਨ ਪੁਰ, ਬਲਵੀਰ ਭਗਵਾਨ ਪੁਰ, ਸੁਖਦੇਵ ਸਿੰਘ ਬੱਬੀ ਪਹਿਲਵਾਨ ਕੇ ਆਦਿ ਆਗੂ ਹਾਜ਼ਰ ਸਨ।