ਜਲੰਧਰ: ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਹੜਾ ਦੋ ਲੱਖ 60437 ਕਰੋੜ ਦਾ ਬਜਟ ਪੇਸ਼ ਕੀਤਾ, ਇਹ ਚੁਣਾਵੀ ਬਜਟ ਹੈ, ਇਹ ਬਜਟ ਕਿਸੇ ਪੱਖੋਂ ਵੀ ਨਾ ਕਿਸਾਨਾਂ ਨਾ ਮਜ਼ਦੂਰਾਂ ਨਾ ਔਰਤਾਂ ਅਤੇ ਨਾ ਹੀ ਨੌਜਵਾਨਾਂ ਨੂੰ ਕੋਈ ਰਾਹ ਦਿੰਦਾ ਹੈ।
ਇਸ ਬਜਟ ‘ਤੇ ਖੇਤੀ ਮਾਹਰ ਡਾਕਟਰ ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਪ੍ਰਮੁੱਖ ਆਗੂ ਸੰਯੁਕਤ ਕਿਸਾਨ ਮੋਰਚਾ ਨੇ ਸਖਤ ਟਿੱਪਣੀ ਕਰਦਿਆਂ ਦੱਸਿਆ ਕਿ ਪੰਜਾਬ ਇਸ ਵੇਲੇ ਵੀ ਘੱਟੋ ਘੱਟ 29 ਤੋਂ 30 ਫੀਸਦੀ ਸੂਬੇ ਦੀ ਕੁੱਲ ਆਮਦਨੀ ਵਿੱਚ ਹਿੱਸਾ ਪਾ ਰਿਹਾ ਹੈ ਅਤੇ ਕੋਈ 65 ਤੋਂ 70 ਫੀਸਦੀ ਸਿੱਧਾ ਜਾਂ ਅਸਿਧਾ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਪ੍ਰੰਤੂ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਖੇਤੀਬਾੜੀ ਦਾ ਬਜਟ ਸਿਰਫ ਤੇ ਸਿਰਫ 6 ਫੀਸਦੀ ਰੱਖਿਆ ਗਿਆ ਹੈ ਜਾਨੀ 15377 ਕਰੋੜ ਰੱਖਿਆ ਗਿਆ ਹੈ, ਜਿਹੜਾ ਕੇ ਘੱਟੋ ਘੱਟ 20 ਫੀਸਦੀ ਚਾਹੀਦਾ ਸੀ।
ਡਾਕਟਰ ਅਜਨਾਲਾ ਨੇ ਅੱਗੇ ਦੱਸਿਆ ਹੈ ਕਿ ਜਦੋਂ ਸਰਕਾਰ ਬਣੀ ਸੀ ਇਹਨਾਂ ਨੇ ਵਾਅਦਾ ਕੀਤਾ ਸੀ ਕੇ ਅਸੀਂ ਬਾਸਮਤੀ ਅਤੇ ਸਬਜ਼ੀਆਂ ਤੇ ਐੱਮਐੱਸਪੀ ਦਵਾਂਗੇ ਜਦੋਂ ਕਿ ਇਹ ਬਜਟ ਇਸ ਬਾਰੇ ਬਿਲਕੁਲ ਚੁੱਪ ਹੈ। ਜਦੋਂ ਕਿ ਇਹਨਾਂ ਦਿਨਾਂ ਵਿੱਚ ਐੱਮਐੱਸਪੀ ਨਾ ਹੋਣ ਕਰਕੇ ਕਿਸਾਨਾਂ ਦੇ ਆਲੂ ਸੜਕਾਂ ਉੱਤੇ ਰੁਲ ਰਹੇ ਹਨ। ਜੇਕਰ ਇਸ ਉੱਤੇ ਆਲੂ, ਮਟਰ, ਪਿਆਜ, ਟਮਾਟਰ ਅਤੇ ਗੋਭੀ ਆਦਿ ਸਬਜੀਆਂ ਤੇ ਘੱਟੋ ਘੱਟ 12 ਰੁਪਏ ਹੀ ਐੱਮਐੱਸਪੀ ਹੁੰਦੀ ਤਾਂ ਕਿਸਾਨਾਂ ਦੀਆਂ ਸਬਜ਼ੀਆਂ ਵੀ ਨਾ ਰੁਲਦੀਆਂ ਅਤੇ ਖਪਤਕਾਰਾਂ ਨੂੰ ਸਬਜੀ ਸਸਤੇ ਭਾਅ ਉੱਤੇ ਸਾਰਾ ਸਾਲ ਮਿਲਦੀ। ਇਸੇ ਤਰ੍ਹਾ ਬਾਸਮਤੀ ਤੇ ਐੱਮਐੱਸਪੀ ਨਾ ਹੋਣ ਕਾਰਨ ਬਾਸਮਤੀ ਉਤਪਾਦਕ ਪਿਛਲੇ ਸਾਲਾਂ ਤੋਂ ਬੜੇ ਘਾਟੇ ਵਿੱਚ ਚੱਲ ਰਹੇ ਹਨ। ਇਸ ਬਜਟ ਤੋਂ ਘੱਟੋ ਘੱਟ ਉਮੀਦ ਰੱਖਦੇ ਸਨ ਕੇ 4500 ਰੁਪਏ ਪ੍ਰਤੀ ਕੁਇੰਟਲ ਬਾਸਮਤੀ ਤੇ ਐੱਮਐੱਸਪੀ ਐਲਾਨ ਕਰੇਗੀ ਪ੍ਰੰਤੂ ਅਜਿਹਾ ਨਹੀਂ ਹੋਇਆ।
ਖੇਤੀ ਮਾਹਰ ਅਜਨਾਲਾ ਨੇ ਕਿਹਾ ਜਿਹੜੀ ਪੰਜਾਬ ਸਰਕਾਰ ਵੱਲੋਂ ਆਪਣੀ ਰਸੋਈ ਸਕੀਮ ਦਾ ਪ੍ਰਚਾਰ ਕੀਤਾ ਜਾ ਰਿਹਾ ਅਜਿਹੀਆਂ ਬਹੁਤ ਸਾਰੇ ਸੂਬਿਆਂ ਵਿੱਚ ਅਜਿਹੀਆਂ ਸਕੀਮਾਂ ਚਲੀਆਂ ਜਿਨਾਂ ਦਾ ਲੋਕਾਂ ਨੂੰ ਖਾਸ ਲਾਭ ਨਹੀਂ ਹੋਇਆ ਕਿਉਂਕਿ ਇਸ ਦੇ ਵਿੱਚ ਜਿਹੜੇ ਖੁਰਾਕ ਦੇ ਮਾਪ ਦੰਡ ਅਪਣਾਏ ਗਏ ਉਹ ਜਰੂਰਤ ਤੋਂ ਕੋਹਾਂ ਦੂਰ ਹੈ। ਉਹਨਾਂ ਅੱਗੇ ਦੱਸਿਆ ਕਿ ਅਜਿਹੀਆਂ ਸਕੀਮਾਂ ਨਾਲੋਂ ਚਾਹੀਦਾ ਇਹ ਹੈ ਕਿ ਲੋਕਾਂ ਦੀ ਖਰੀਦ ਸ਼ਕਤੀ ਵਧਾਈ ਜਾਵੇ ਜਿਹੜੀ ਕਿ ਲੋਕਾਂ ਨੂੰ ਰੁਜ਼ਗਾਰ ਦੇ ਕੇ ਕੀਤੀ ਜਾ ਸਕਦੀ ਹੈ। ਸਾਡੇ ਪੰਜਾਬ ਵਿੱਚ ਤਕਰੀਬਨ 60% ਆਬਾਦੀ ਨੌਜਵਾਨਾਂ ਦੀ ਹੈ ਜੇਕਰ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਖੇਤੀ ਅਧਾਰਤ ਸਨਅਤਾਂ ਲਗਾਈਆਂ ਜਾਣ ਅਤੇ ਕਸਬਿਆਂ ਸ਼ਹਿਰਾਂ ਵਿੱਚ ਕਾਰਖਾਨੇ ਵਿੱਚ ਵੱਡੀਆਂ ਸਨਅਤਾਂ ਦੀ ਬਜਾਏ ਛੋਟੀਆਂ ਅਤੇ ਦਰਮਿਆਨੇ ਕਿਸਮ ਦੀਆਂ ਸਨਅਤਾਂ ਲਗਾਈਆਂ ਜਾਣ ਤਾਂ ਪੰਜਾਬ ਆਉਂਦੇ ਤਿੰਨਾਂ ਸਾਲਾਂ ਵਿੱਚ ਦੁਬਾਰਾ ਹਰਿਆ ਭਰਿਆ ਹੋ ਸਕਦਾ ਹੈ ਪ੍ਰੰਤੂ ਇਸ ਬਜਟ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇਣ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ, ਅੰਤ ਵਿੱਚ ਉਹਨਾਂ ਕਿਹਾ ਕਿ ਬਜਟ ਦਿਸ਼ਾਹੀਨ ਹੈ ਅਤੇ ਪੰਜਾਬ ਦੇ ਲੋਕਾਂ ਸਿਰ ਹੋਰ ਕਰਜਾ ਚੜੇਗਾ।