ਜਲੰਧਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਨੇ ‘ਆਮ ਆਦਮੀ ਪਾਰਟੀ’ ਦੀ ਅਗਵਾਈ ਵਾਲੀ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਦੇਸ਼ ਦੇ ਪ੍ਰਮੁੱਖ ਅਖ਼ਬਾਰ ਸਮੂਹਾਂ ਚੋਂ ਇਕ ‘ਪੰਜਾਬ ਕੇਸਰੀ ਗਰੁੱਪ’ ਨਾਲ ਸਬੰਧਤ ਅਦਾਰਿਆਂ ‘ਤੇ ਕੀਤੀ ਜਾ ਰਹੀ ਛਾਪੇਮਾਰੀ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।
ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ‘ਆਪ’ ਸਰਕਾਰ ਦੇ ਇਸ ਦਬਾਊ ਹਥਕੰਡੇ ਨੂੰ ਜਮਹੂਰੀਅਤ ਲਈ ਖਤਰਾ ਤੇ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਲੋਕ ਰਾਜ, ਧਰਮ ਨਿਰਪੱਖਤਾ ਤੇ ਫੈਡਰਲਿਜ਼ਮ ਦੀ ਆਲੰਬਰਦਾਰ ਹੋਣ ਦੇ ਨਾਤੇ ਸੂਬਾ ਸਰਕਾਰ ਦੀ ਇਸ ਤਾਨਾਸ਼ਾਹੀ ਦਾ ਹਰ ਮੰਚ ਤੋਂ ਡੱਟਵਾਂ ਵਿਰੋਧ ਕਰੇਗੀ।
ਸਾਥੀ ਪਾਸਲਾ ਨੇ ਕਿਹਾ ਕਿ ਇਹ ਅਤਿਅੰਤ ਹਾਸੋਹੀਣੀ ਗੱਲ ਹੈ ਕਿ ‘ਆਮ ਆਦਮੀ ਪਾਰਟੀ’ ਦਾ ਥਿੰਕ ਟੈਂਕ ਇਕ ਪਾਸੇ ਮੋਦੀ ਸਰਕਾਰ ਵਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਹੋਰ ਆਗੂਆਂ ‘ਤੇ ਕੀਤੇ ਜਾ ਰਹੇ ਹਮਲਿਆਂ ਦੀ ਦੁਹਾਈ ਪਾ ਕੇ ਆਪਣੇ ਆਪ ਨੂੰ ਆਵਾਮ ਦੀਆਂ ਨਜ਼ਰਾਂ ‘ਚ ‘ਤਰਸ ਦੇ ਪਾਤਰਾਂ’ ਵਜੋਂ ਪੇਸ਼ ਕਰ ਰਿਹਾ ਹੈ। ਜਦਕਿ ਦੂਜੇ ਪਾਸੇ ‘ਆਪ’ ਦੀ ਇਕਲੌਤੀ ਸੂਬਾਈ ਸਰਕਾਰ ਪ੍ਰੈਸ ਦੀ ਆਜ਼ਾਦੀ ਦਾ ਘਾਣ ਕਰਨ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡ ਰਹੀ।