
ਅਜਨਾਲਾ: ਆਏ ਦਿਨ ਬੀਜੇਪੀ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਨਵਾਂ ਬੀਜ ਬਿੱਲ 2025 ਲਿਆ ਕੇ ਸਮੁੱਚੇ ਦੇਸ਼ ਦੇ ਬੀਜਾਂ ਦੀ ਖੋਜ, ਪ੍ਰਸਾਰ ਤੇ ਵੰਡ ਮੋਦੀ ਸਰਕਾਰ ਦਿਉਕਦ ਵਿਦੇਸ਼ੀ ਬੀਜ ਕੰਪਨੀਆਂ ਨੂੰ ਸੌਂਪਣਾ ਚਾਹੁੰਦਾ ਹੈ। ਇਸ ਤਰ੍ਹਾਂ ਬਿਜਲੀ ਸੋਧ ਬਿੱਲ 2025 ਪੇਸ਼ ਕਰਕੇ ਮੋਦੀ ਸਰਕਾਰ ਕਿਸਾਨਾਂ ਤੇ ਗਰੀਬ ਲੋਕਾਂ ਨੂੰ ਹਨੇਰੇ ਦੀ ਕੋਠੜੀ ਵਿੱਚ ਸੁੱਟਣਾ ਚਾਹੁੰਦੀ ਹੈ। ਅਜਿਹੇ ਵਿਚਾਰ ਅੱਜ ਇਥੇ ਨੇਪਾਲ ਪਿੰਡ ‘ਚ ਕਿਸਾਨਾਂ ਦੀ ਵਿਸ਼ਾਲ ਮੀਟਿੰਗ ਵਿੱਚ ਪੇਸ਼ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਖੇਤੀ ਉਤਪਾਦਨ ਮੁੱਢਲੇ ਤੌਰ ‘ਤੇ ਬੀਜ ਤੇ ਬਹੁਤ ਨਿਰਭਰ ਕਰਦੀ ਹੈ। ਜਿਹੜੇ ਬੀਜ ਬਾਹਰੋਂ ਆਉਣਗੇ ਉਹਨਾਂ ਨੂੰ ਅਗਲੇ ਸਾਲ ਨਹੀਂ ਬੀਜਿਆ ਜਾ ਸਕੇਗਾ, ਜਦੋਂ ਕਿ ਆਪਣੇ ਦੇਸ਼ ਦੇ ਬੀਜ ਅਸੀਂ ਘਰੋਂ ਖੇਤੀ ਲਈ ਬੀਜ ਸਕਦੇ ਹਾਂ। ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਅਨੁਸਾਰ ਦੇਸ਼ ਭਰ ‘ਚ ਥਾਂ ਥਾਂ ਵਿਰੋਧ ਕੀਤਾ ਜਾ ਰਿਹਾ ਹੈ। ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਅਜਿਹੇ ਕਾਲੇ ਬਿੱਲਾ ਦਾ ਵਿਰੋਧ ਜਥੇਬੰਦ ਹੋਕੇ ਤੇ ਸੰਘਰਸ਼ ਕਰਕੇ ਹੀ ਹੋ ਸਕਦਾ ਹੈ। ਇੱਥੇ ਕਿਸਾਨ ਆਗੂ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਸ਼ਹੀਦ ਭਗਤ ਦੇ ਚਾਚਾ ਸਰਦਾਰ ਅਜੀਤ ਸਿੰਘ ਵਲੋਂ ਜਿਹੜੀ ਪੱਗੜੀ ਸੰਭਾਲ ਜੱਟਾ ਲਹਿਰ ਚਲਾਈ ਸੀ ਉਸ ਤੋਂ ਪ੍ਰੇਰਨਾ ਲੈਂਦੇ ਹੋਏ ਇਨਕਲਾਬੀ ਲੀਹਾਂ ‘ਤੇ ਚਲਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਜਥੇਬੰਦੀ ਦਾ ਗਠਨ ਕੀਤਾ ਗਿਆ। ਜਿਸ ਅਨੁਸਾਰ ਪ੍ਰਧਾਨ ਪ੍ਰੇਮ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ, ਸੈਕਟਰੀ ਜਸਕਰਨ ਸਿੰਘ, ਸਹਿ ਸਕੱਤਰ ਜਸਬੀਰ ਸਿੰਘ, ਪ੍ਰਚਾਰ ਸਕੱਤਰ ਹਰਨੇਕ ਸਿੰਘ, ਪ੍ਰੈਸ ਸਕੱਤਰ ਹੁਸਨਪ੍ਰੀਤ ਸਿੰਘ ਤੇ ਖ਼ਜ਼ਾਨਚੀ ਸਿਤਾਰਾ ਸਿੰਘ ਸਰਬਸੰਮਤੀ ਨਾਲ ਅਹੁਦੇਦਾਰ ਚੁਣੇ ਗਏ। ਇਸ ਮੌਕੇ ਫ਼ੈਸਲਾ ਲਿਆ ਗਿਆ ਕਿ ਉਹ ਕਾਲੇ ਬਿੱਲਾਂ ਯਾਨੀ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ 2025 ਅਤੇ ਮਜ਼ਦੂਰ ਵਿਰੋਧੀ ਲਿਆਂਦੀਆਂ ਗਈਆਂ ਚਾਰ ਲੇਬਰ ਕੋਡਾਂ ਨੂੰ ਰੱਦ ਕਰਾਉਣ ਅਤੇ ਮਨਰੇਗਾ ਸਕੀਮ ਨੂੰ ਪਹਿਲੇ ਸਵਰੂਪ ਵਿੱਚ ਬਹਾਲੀ ਕਰਾਉਣ ਲਈ ਜਿਹੜਾ ਐੱਸ. ਕੇ. ਐੱਮ. ਵਲੋਂ ਅੰਮ੍ਰਿਤਸਰ ਡੀ ਸੀ ਦਫਤਰ ਸਾਹਮਣੇ ਲਗਾਏ ਜਾ ਰਹੇ ਧਰਨੇ ਤੇ ਮੁਜ਼ਾਹਰੇ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸਿੰਘ, ਬਲਦੇਵ ਸਿੰਘ, ਗੁਰਮੇਜ ਸਿੰਘ, ਗੁਰਵਿੰਦਰ ਸਿੰਘ, ਬੀਬੀ ਸੁਖਵੰਤ ਕੌਰ, ਰਾਜਬੀਰ ਕੌਰ, ਸਾਬਕਾ ਸਰਪੰਚ ਕੁਲਵੰਤ ਸਿੰਘ, ਬਾਬਾ ਰਣਜੀਤ ਸਿੰਘ ਆਦਿ ਵੀ ਹਾਜਰ ਸਨ।