
ਤਰਨਤਾਰਨ: ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਪਿੰਡ ਬਾਲੇਚੱਕ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਨਿਰਮਲ ਸਿੰਘ ਨੇ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕੇ ਕੇਂਦਰ ਦੀ ਭਾਜਪਾ ਦੀ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਵਿਰੁੱਧ ਕੰਮ ਕਰ ਰਹੀ ਹੈ ਅਤੇ ਕਾਰਪੋਰੇਟਾਂ ਦੇ ਹਿੱਤਾਂ ਅਤੇ ਮੁਨਾਫਿਆਂ ਲਈ ਕੰਮ ਕਰ ਰਹੀ ਹੈ। ਇਸ ਨੀਤੀ ਤਹਿਤ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ, ਬਿਜਲੀ ਐਕਟ 2025, ਬੀਜ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ ਅਤੇ ਕਿਰਤੀਆਂ ਦੇ ਹੱਕ ਦੇ ਕਨੂੰਨ ਬਦਲ ਕੇ ਚਾਰ ਕੋਡ ਲੈ ਆਂਦੇ ਗਏ ਹਨ। ਕੰਮ ਦਿਹਾੜੀ ਅੱਠ ਘੰਟੇ ਤੋਂ 12 ਘੰਟੇ ਕੀਤੀ ਗਈ ਹੈ ਅਤੇ ਮਨਰੇਗਾ ਕਨੂੰਨ ਖਤਮ ਕਰ ਦਿੱਤਾ ਗਿਆ ਹੈ। ਇਸ ਸਮੁੱਚੀ ਲੋਕ ਵਿਰੋਧੀ ਨੀਤੀ ਵਿਰੁੱਧ 16 ਜਨਵਰੀ ਨੂੰ ਡੀਸੀ ਦਫਤਰਾਂ ਅੱਗੇ ਐੱਸ ਕੇ ਐੱਮ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਨੇ ਭਗਵੰਤ ਸਿੰਘ ਮਾਨ ਸਰਕਾਰ ਦੀ ਤਿੱਖੀ ਨੁਕਤਾ ਚੀਨੀ ਕਰਦਿਆਂ ਕਿਹਾ ਕੇ ਸਰਕਾਰ ਵੱਲੋਂ ਪਿੰਡ ਪਿੰਡ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆ ਹਨ|ਅਤੇ ਫਜੂਲ ਖਰਚੀਆਂ ਰਾਹੀਂ ਪੰਜਾਬ ਦਾ ਖਜਾਨਾ ਲੁੱਟਾ ਰਹੀ ਹੈ ਅਤੇ ਪੰਜਾਬ ਸਿਰ ਕਰਜੇ ਦਾ ਭਾਰ ਵਧਾ ਰਹੀ ਹੈ। ਪ੍ਰੈੱਸ ਅਤੇ ਸੋਸ਼ਲ ਮੀਡੀਏ ਦਾ ਗਲਾ ਘੁੱਟ ਕੇ ਸੱਚ ਦੀ ਅਵਾਜ ਨੂੰ ਦਬਾਉਣ ਦਾ ਨਕਾਮ ਯਤਨ ਕਰ ਰਹੀ ਹੈ। ਉਹਨਾਂ ਸਰਕਾਰ ਦੀਆਂ ਨੀਤੀਆਂ ਵਿਰੁੱਧ ਨਿੱਡਰ ਹੋ ਕੇ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਸਰਵ ਸੰਮਤੀ ਨਾਲ ਨਿਰਮਲ ਸਿੰਘ ਪ੍ਰਧਾਨ, ਗੁਰਜੰਟ ਸਿੰਘ, ਸੁਰਜੀਤ ਸਿੰਘ ਮੀਤ ਪ੍ਰਧਾਨ, ਰਣਜੀਤ ਸਿੰਘ ਸਕੱਤਰ, ਕਸ਼ਮੀਰ ਸਿੰਘ ਸਹਾਇਕ ਸਕੱਤਰ, ਸਤਨਾਮ ਸਿੰਘ ਪ੍ਰਚਾਰ ਸਕੱਤਰ, ਕੁਲਵੰਤ ਸਿੰਘ ਖ਼ਜ਼ਾਨਚੀ ਚੁਣੇ ਗਏ ਅਤੇ ਗੁਰਮੀਤ ਸਿੰਘ, ਸਵਿੰਦਰ ਸਿੰਘ, ਜਗਦੀਸ਼ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ, ਦਿਲਬਾਗ ਸਿੰਘ, ਕਰਨਦੀਪ ਸਿੰਘ, ਜਸਨਦੀਪ ਸਿੰਘ ਕਮੇਟੀ ਮੈਂਬਰ ਚੁਣੇ ਗਏ। ਨਵੇਂ ਬਣੇ ਪ੍ਰਧਾਨ ਨਿਰਮਲ ਸਿੰਘ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ।