Now Reading
ਭੂੰਦੜੀ ਦੀ ਦਾਣਾ ਮੰਡੀ ਵਿਖੇ ਮਨਰੇਗਾ ਕਾਨੂੰਨ ਬਦਲਣ, ਲੇਬਰ ਕੋਡ ਲਾਗੂ ਕਰਨ, ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਖ਼ਿਲਾਫ਼ ਸਰਕਾਰ ਦੀ ਫੂਕਿਆ ਪੁਤਲਾ

ਭੂੰਦੜੀ ਦੀ ਦਾਣਾ ਮੰਡੀ ਵਿਖੇ ਮਨਰੇਗਾ ਕਾਨੂੰਨ ਬਦਲਣ, ਲੇਬਰ ਕੋਡ ਲਾਗੂ ਕਰਨ, ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਖ਼ਿਲਾਫ਼ ਸਰਕਾਰ ਦੀ ਫੂਕਿਆ ਪੁਤਲਾ

ਸਿਧਵਾ ਬੇਟ: ਅੱਜ ਮਜ਼ਦੂਰਾਂ ਤੇ ਕਿਸਾਨਾਂ ਵੱਲੋ ਪਿੰਡ ਭੂੰਦੜੀ ਦੀ ਦਾਣਾ ਮੰਡੀ ਵਿੱਚ ਸੈਂਕੜਿਆਂ ਦਾ ਇੱਕਠ ਕਰਕੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਭਾਜਪਾ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਅੱਜ ਦੇ ਰੋਸ ਪ੍ਰਦਰਸ਼ਨ ਦੀ ਅਗਵਾਈ ਮਨਰੇਗਾ ਵਰਕਰਸ ਯੂਨੀਅਨ ਪੰਜਾਬ, ਦਿਹਾਤੀ ਮਜ਼ਦੂਰ ਸਭਾ ਪੰਜਾਬ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਮਨਦੀਪ ਸਿੰਘ ਘਮਣੇਵਾਲ, ਜਗਜੀਤ ਸਿੰਘ ਵਲੀਪੁਰ ਕਲਾਂ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਸਾਬਕਾ ਚੇਅਰਮੈਨ ਅਤੇ ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਘੱਮਣੇਵਾਲ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਗੋਰਸੀਆ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਮਨਰੇਗਾ ਕਾਨੂੰਨ ਵਿੱਚ ਬਦਲਾਅ ਕਰਕੇ, ਲੇਬਰ ਕੋਡ ਲਾਗੂ ਕਰਕੇ, ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਾਰਪੋਰੇਟਾ ਦੇ ਪੱਖ ਵਿੱਚ ਭੁਗਤ ਰਹੀਆਂ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝਾ ਕਰਕੇ ਦੇਸ਼ ਦੇ ਕੁਦਰਤੀ ਸਾਧਨਾਂ ਨੂੰ ਲੁੱਟ ਕੇ ਦੇਸ਼ ਦੇ ਜਨਤਾ ਨੂੰ ਹੋਰ ਗਰੀਬ ਕਰਨ ਦੇ ਰਾਹ ਪਈ ਹੈ। ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਚਾਲਾਂ ਸਫਲ ਨਹੀ ਹੋਣ ਦਿੱਤੀਆਂ ਜਾਣਗੀਆਂ। ਉਹਨਾਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆਂ ਉਸ ਦੀ ਸਾਜ਼ਸ਼ੀ ਚੁੱਪ ਦੀ ਨਿੰਦਾ ਵੀ ਕੀਤੀ। ਉਹਨਾਂ ਕਿਹਾ ਕਿ ਸਰਕਾਰ ਦੀਆਂ ਇਹਨਾਂ ਲੋਕ ਮਾਰੂ ਨੀਤੀ ਨੂੰ ਰੱਦ ਕਰਵਾਉਣ ਲਈ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਦਿਹਾਤੀ ਮਜ਼ਦੂਰ, ਕਾਰਖਾਨਿਆਂ ਦੇ ਮਜ਼ਦੂਰ, ਮੁਲਾਜ਼ਮ, ਨੌਜਵਾਨ, ਵਿਦਿਆਰਥੀ ਤੇ ਔਰਤਾਂ ਦੀਆਂ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਮਾਰੇ ਜਾਣਗੇ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ। ਆਗੂਆ ਨੇ ਅਮਰੀਕਾ ਵੱਲੋ ਵੇਨਜੁਏਲਾ ਦੇਸ਼ ਉਪਰ ਕੀਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਵੇਨਜੁਏਲਾ ਦੇ ਰਾਸ਼ਟਰਪਤੀ ਤੇ ਉਸ ਦੇ ਪਰਿਵਾਰ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ। ਅੱਜ ਦੇ ਇਕੱਠ ਵਿੱਚ ਇਲਾਕੇ ਦੇ ਦਰਜ਼ਣਾਂ ਪਿੰਡਾਂ ਵਿੱਚੋਂ ਮਨਰੇਗਾ ਮੇਟ ਅਤੇ ਵਰਕਰ ਸ਼ਾਮਲ ਹੋਏ ਜਿੰਨਾਂ ਨੇ ਦਾਣਾ ਮੰਡੀ ਤੋਂ ਮੇਨ ਚੌਕ ਤੱਕ ਮਾਰਚ ਵੀ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸਰਪੰਚ ਅਲਵੇਲ ਸਿੰਘ, ਪੰਚ ਰਣਜੀਤ ਸਿੰਘ, ਅਮਨਦੀਪ ਸਿੰਘ ਬਾਸੀਆਂ ਬੇਟ, ਤਰਸੇਮ ਸਿੰਘ ਆਲੀਵਾਲ, ਪੰਚ ਕਰਮਜੀਤ ਸਿੰਘ, ਬਲਵੀਰ ਸਿੰਘ ਭਰੋਵਾਲ ਆਦਿ ਹਾਜ਼ਰ ਸਨ।

Scroll To Top