Now Reading
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ, ਬਿਜਲੀ ਮੁਲਾਜ਼ਮਾਂ ਅਤੇ ਖਪਤਕਾਰਾਂ ਨੇ ਨਾਰੰਗਵਾਲ ਬਿਜਲੀ ਘਰ ਅੱਗੇ ਲਗਾਇਆ ਧਰਨਾ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ, ਬਿਜਲੀ ਮੁਲਾਜ਼ਮਾਂ ਅਤੇ ਖਪਤਕਾਰਾਂ ਨੇ ਨਾਰੰਗਵਾਲ ਬਿਜਲੀ ਘਰ ਅੱਗੇ ਲਗਾਇਆ ਧਰਨਾ

ਜੋਧਾਂ: ਕੇਂਦਰ ਸਰਕਾਰ ਵੱਲੋ ਲਿਆਂਦੇ ਗਏ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਦਾ ਵਿਰੋਧ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਕਿਸਾਨਾਂ, ਬਿਜਲੀ ਮੁਲਾਜ਼ਮਾਂ ਅਤੇ ਬਿਜਲੀ ਦੇ ਖਪਤਕਾਰਾਂ ਵੱਲੋਂ ਪਾਵਰਕੌਮ ਦੀ ਸਬ ਡਵੀਜ਼ਨ ਨਾਰੰਗਵਾਲ ਵਿੱਚ ਬਿਜਲੀ ਬਿੱਲ 2025 ਅਤੇ ਬੀਜ ਬਿੱਲ ਦੀਆਂ ਕਾਪੀਆਂ ਨੂੰ ਸਾੜ ਕੇ ਧਰਨਾ ਮਾਰਿਆ ਗਿਆ।
ਅੱਜ ਦੇ ਧਰਨੇ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਤੇ ਰੋਡ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਗੁਰਦੇਵ ਸਿੰਘ ਨਾਰੰਗਵਾਲ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਖੁਸ਼ਦੀਪ ਸਿੰਘ ਅਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਕੋਟਆਗਾ ਨੇ ਕੀਤੀ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਮਾ. ਚਰਨਜੀਤ ਸਿੰਘ ਫੱਲੇਵਾਲ, ਯੁਵਰਾਜ ਸਿੰਘ ਘੁਡਾਣੀ, ਹਰਨੇਕ ਸਿੰਘ ਗੁੱਜਰਵਾਲ, ਕੁਲਦੀਪ ਸਿੰਘ ਗਰੇਵਾਲ, ਮੁਲਾਜ਼ਮ ਆਗੂ ਕਰਤਾਰ ਸਿੰਘ ਅਤੇ ਬਿਕਰਜੀਤ ਸਿੰਘ ਕਾਲਖ ਨੇ ਆਖਿਆ ਕਿ ਕੇਂਦਰ ਦੀ ਸਰਕਾਰ ਵੱਲੋ ਪਬਲਿਕ ਅਦਾਰਿਆਂ ਨੂੰ ਕਾਰਪੋਰੇਟਾ ਦੇ ਹਵਾਲੇ ਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਹੁਣ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਦੀ ਮੁਢਲੀ ਜ਼ਰੂਰਤ ਬਣ ਚੁੱਕੀ ਬਿਜਲੀ ਨੂੰ ਨਿੱਜੀ ਹੱਥਾਂ ਵਿੱਚ ਦੇਕੇ ਲੋਕਾਂ ਦੀ ਆਰਥਿਕ ਲੁੱਟ ਕਰਨਾ ਚਾਹੁੰਦੀ ਹੈ। ਇਸੇ ਤਰਾਂ ਘਾਟੇ ਵਿੱਚ ਚੱਲ ਰਹੇ ਖੇਤੀ ਦੇ ਧੰਦੇ ਨੂੰ ਖਤਮ ਕਰਨ ਦੇ ਰਾਹ ਪਈ ਸਰਕਾਰ ਨੇ ਨਵਾਂ ਬੀਜ ਬਿੱਲ ਲਿਆ ਕੇ ਕਿਸਾਨਾਂ ਅਤੇ ਛੋਟੇ ਬੀਜ ਉਤਪਾਦਕਾਂ ਦੇ ਜ਼ਖ਼ਮਾਂ ਉੱਪਰ ਲੂਣ ਭੁੱਕਣ ਦਾ ਕੰਮ ਕੀਤਾ ਹੈ। ਆਗੂਆਂ ਨੇ ਆਖਿਆ ਕਿ ਇਹਨਾਂ ਬਿੱਲਾਂ ਦੇ ਪਾਸ ਹੋਣ ਨਾਲ ਜਿੱਥੇ ਬੇਰੁਜ਼ਗਾਰਾਂ ਦੀ ਗਿੱਣਤੀ ਵਿੱਚ ਵਾਧਾ ਹੋਵੇਗਾ, ਉੱਥੇ ਲੋਕਾਂ ਦੀ ਆਰਥਿਕ ਲੁੱਟ ਵੀ ਹੋਵੇਗੀ।
ਆਗੂਆਂ ਨੇ ਆਖਿਆ ਕਿ ਦੇਸ਼ ਦੇ ਕਿਰਤੀ ਲੋਕ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਦੇਸ਼ ਵਿੱਚ ਲਾਗੂ ਨਹੀ ਹੋਣ ਦੇਣਗੇ। ਉਹਨਾਂ ਆਖਿਆ ਕਿ ਅੱਜ ਇੱਕਲੇ ਮੁਲਾਜ਼ਮ ਹੀ ਬਿਜਲੀ ਬੋਰਡ ਨੂੰ ਬਚਾਉਣ ਲਈ ਨਹੀ ਲੜ੍ਹ ਰਹੇ ਸਗੋ ਕਿਸਾਨ, ਮਜ਼ਦੂਰ, ਅਤੇ ਵਪਾਰੀ, ਛੋਟੇ ਕਾਰਖਾਨੇਦਾਰ, ਦੁਕਾਨਦਾਰ ਅਤੇ ਆਮ ਘਰੇਲੂ ਖਪਤਕਾਰ ਇਸ ਸੰਘਰਸ਼ ਵਿੱਚ ਇਕੱਠੇ ਹੋਕੇ ਲੜ੍ਹ ਰਹੇ ਹਨ। ਇੱਕਤਰ ਹੋਏ ਧਰਨਾਕਾਰੀਆ ਨੇ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਦੀਆਂ ਕਾਪੀਆਂ ਨੂੰ ਅੱਗ ਲਗਾਕੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਨਾਹਰੇਬਾਜ਼ੀ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨੋਹਰ ਸਿੰਘ ਕੁਲਾੜ, ਬਲਵੰਤ ਸਿੰਘ ਫੱਲੇਵਾਲ, ਰਜਿੰਦਰ ਸਿੰਘ, ਰਣਜੀਤ ਸਿੰਘ ਗੁੱਜਰਵਾਲ, ਬਾਬਾ ਬਲਵਿੰਦਰ ਸਿੰਘ ਨਾਰੰਗਵਾਲ, ਸੁਰਜੀਤ ਸਿੰਘ ਸੀਲੋ, ਗੁਰਉਪਦੇਸ਼ ਸਿੰਘ ਘੁੰਗਰਾਣਾ, ਕਰਮ ਸਿੰਘ ਗਰੇਵਾਲ, ਨਛੱਤਰ ਸਿੰਘ, ਰਘਵੀਰ ਸਿੰਘ ਆਸੀ ਕਲਾਂ, ਚਮਕੌਰ ਸਿੰਘ ਛਪਾਰ, ਵਰਿੰਦਰ ਸਿੰਘ ਜੜਤੌਲੀ, ਮਲਕੀਤ ਸਿੰਘ ਗਰੇਵਾਲ, ਦੀਪਕ ਖੋਖਰ, ਜਸਵੀਰ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।

Scroll To Top