Now Reading
ਪ੍ਰਸ਼ਾਸਨ ਵਲੋਂ ਇੱਕ ਹਫ਼ਤੇ ਅੰਦਰ ਕਾਰਵਾਈ ਕਰਨ ਦੇ ਭਰੋਸੇ ਤੇ ਭੱਠਾ ਮਜ਼ਦੂਰਾਂ ਨੇ ਧਰਨਾ ਚੁਕਿਆ

ਪ੍ਰਸ਼ਾਸਨ ਵਲੋਂ ਇੱਕ ਹਫ਼ਤੇ ਅੰਦਰ ਕਾਰਵਾਈ ਕਰਨ ਦੇ ਭਰੋਸੇ ਤੇ ਭੱਠਾ ਮਜ਼ਦੂਰਾਂ ਨੇ ਧਰਨਾ ਚੁਕਿਆ


ਪਠਾਨਕੋਟ: ਭੱਠਾ ਮਜ਼ਦੂਰਾਂ ਦੇ ਮੰਗ ਪੱਤਰ ਉੱਪਰ ਕਾਰਵਾਈ ਨਾ ਕਰਨ ਦੇ ਖਿਲਾਫ ਸੀ ਟੀ ਯੂ ਪੰਜਾਬ ਦੀ ਅਗਵਾਈ ਹੇਠ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵਲੋਂ ਜ਼ਿਲ੍ਹਾ ਹੈਡਕੁਆਰਟਰ ਪਠਾਨਕੋਟ ਵਿਖੇ ਵਿਸ਼ਾਲ ਧਰਨਾ-ਪ੍ਰਦਰਸ਼ਨ ਕੀਤਾ। ਪੱਕੇ ਤੌਰ ਤੇ ਧਰਨਾ ਲੱਗਦਾ ਦੇਖ ਜ਼ਿਲ੍ਹਾ ਪ੍ਰਸ਼ਾਸਨ ਨੇ ਲੇਬਰ ਵਿਭਾਗ ਦੇ ਲੇਬਰ ਇਨਫੋਰਸਮੈਂਟ ਅਫਸਰ ਮਨੋਜ ਕੁਮਾਰ ਸ਼ਰਮਾ ਅਤੇ ਨਵਦੀਪ ਸਿੰਘ ਨੂੰ ਨਿਯੁਕਤ ਕਰਕੇ ਇੱਕ ਹਫ਼ਤੇ ਅੰਦਰ ਕਾਰਵਾਈ ਕਰਨ ਦਾ ਅਦੇਸ਼ ਦਿੱਤਾ ਗਿਆ।
ਸਬੰਧਤ ਅਧਿਕਾਰੀਆਂ ਵਲੋਂ ਮਜ਼ਦੂਰਾਂ ਨੂੰ ਧਰਨਾ ਵਿਚ ਪਹੁੰਚ ਕੇ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।ਅੱਜ ਦੇ ਧਰਨੇ ਦੀਆਂ ਮੁੱਖ ਮੰਗਾਂ ਸਨ ਕਿ ਭੱਠਿਆਂ ਉੱਪਰ ਬਾਥਰੂਮ, ਸ਼ੌਚਾਲਯ, ਬਿਜਲੀ ਸਮੇਤ ਪੱਕੇ ਕੁਆਟਰਾਂ ਦਾ ਪ੍ਰਬੰਧ, ਮਿਨੀਮਮ ਵੇਜ਼ ਤਰੁੰਤ ਜਾਰੀ ਕੀਤੀ ਜਾਵੇ, ਕੇਂਦਰ ਸਰਕਾਰ ਵਲੋਂ ਮਜ਼ਦੂਰ ਵਿਰੋਧੀ ਜਾਰੀ ਲੇਬਰ ਕੋਡਜ ਰੱਦ ਕੀਤੇ ਜਾਣ। ਡਿਪਟੀ ਡਾਇਰੈਕਟਰ ਫੈਕਟਰੀਜ਼ ਦੀ ਕਾਰਵਾਈ ਸੰਦੇਹਪੂਰਨ ਹੋਣ ਕਰਕੇ ਮਜ਼ਦੂਰ ਆਗੂਆਂ ਕਾਮਰੇਡ ਸ਼ਿਵ ਕੁਮਾਰ, ਜਸਵੰਤ ਸਿੰਘ ਬੁੱਟਰ ਅਤੇ ਮਨਹਰਨ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡਿਪਟੀ ਡਾਇਰੈਕਟਰ ਫੈਕਟਰੀਜ਼ ਦੀ ਕਾਰਗੁਜ਼ਾਰੀ ਦੀ ਪੜਤਾਲ ਕੀਤੀ ਜਾਵੇ।
ਧਰਨੇ ਵਿੱਚ ਜੁੜੇ ਔਰਤਾਂ-ਮਰਦਾਂ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਮੈਂਬਰ ਅਤੇ ਸੈਂਟਰ ਆਫ ਟਰੇਡ ਯੂਨੀਅਨਜ਼ (ਸੀ ਟੀ ਯੂ) ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਨੇ ਭੱਠਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਲਈ ਤੇ ਮਜ਼ਦੂਰਾਂ ਨਾਲ ਧ੍ਰੋਹ ਕਰਦਿਆਂ ਚਾਰ ਲੇਬਰ ਕੋਡ ਜਾਰੀ ਕਰਕੇ ਮਜ਼ਦੂਰਾਂ ਦਾ ਯੂਨੀਅਨ ਬਣਾਉਣ ਤੇ ਹੜਤਾਲ ਕਰਨ ਦਾ ਅਧਿਕਾਰ ਖੋਹ ਕੇ ਮਜਦੂਰਾਂ ਨੂੰ ਗੁਲਾਮੀ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਹੈ। ਕਾਮਰੇਡ ਨੱਥਾ ਸਿੰਘ ਢਡਵਾਲ ਅਤੇ ਸ਼ਿਵ ਕੁਮਾਰ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਆਰ ਐਸ ਐਸ ਦੇ ਇਸ਼ਾਰੇ ਤਹਿਤ ਸਦੀਆਂ ਪੁਰਾਣੀ ਰੂੜੀਵਾਦੀ ਮਨੂੰਵਾਦੀ-ਵਿਚਾਰਧਾਰਾ ਲਾਗੂ ਕਰਕੇ ਦਲਿਤਾਂ ਤੇ ਘੱਟ ਗਿਣਤੀ ਭਾਈਚਾਰੇ ਨੂੰ ਦਬਾਉਣਾਂ ਚਾਹੁੰਦੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਮੋਦੀ ਸਰਕਾਰ ਦੇ ਇਹਨਾਂ ਲੋਕ ਵਿਰੋਧੀ ਆਰਥਿਕ ਨੀਤੀਆਂ ਅਤੇ ਰਾਜਨੀਤਕ ਹੱਮਲਿਆਂ ਖਿਲਾਫ ਇਕਜੁੱਟ ਹੋ ਕੇ ਬੱਝਵਾਂ ਸੰਘਰਸ਼ ਕਰਨ ਦੀ ਲੋੜ ਤੇ ਜੋਰ ਦਿੱਤਾ।
ਮਜ਼ਦੂਰਾਂ ਦੇ ਸਮਰਥਨ ਵਿਚ ਪਹੁੰਚੇ ਸੀ ਟੀ ਯੂ ਦੇ ਆਗੂ ਮਾਸਟਰ ਸੁਭਾਸ਼ ਸ਼ਰਮਾ, ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕਾਮਰੇਡ ਬਲਵੰਤ ਸਿੰਘ ਘੋਹ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਰਾਮ ਬਿਲਾਸ ਠਾਕੁਰ ਅਤੇ ਹੋਰ ਹਾਜ਼ਰ ਆਗੂਆਂ ਨੇ ਮਜ਼ਦੂਰਾਂ ਦੇ ਸੰਘਰਸ਼ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਅੰਤ ਵਿੱਚ ਹਾਜ਼ਰ ਆਗੂਆਂ ਨੇ ਐਲਾਨ ਕੀਤਾ ਗਿਆ ਕਿ ਜੇਕਰ ਮੰਗਾਂ ਦਾ ਨਿਪਟਾਰਾ ਜਲਦੀ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ।

Scroll To Top