
ਫਤਿਆਂਬਾਦ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਮਕਾਲੀ ਸਹੀਦਾਂ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਕਾਨਫਰੰਸ ਪਿੰਡ ਛਾਪੜੀ ਸਹਿਬ ਵਿੱਖੇ ਕੀਤੀ ਗਈ। ਇਸਦੀ ਪ੍ਰਧਾਨਗੀ ਮਨਜੀਤ ਸਿੰਘ ਬੱਗੂ, ਸੁਖਵੰਤ ਸਿੰਘ ਛਾਪੜੀ, ਕੁਲਵਿੰਦਰ ਕਰ ਖਡੂਰ ਸਾਹਿਬ, ਤਰਸੇਮ ਸਿੰਘ ਛਾਪੜੀ ਸਾਹਿਬ ਨੇ ਕੀਤੀ।
ਪਾਰਟੀ ਦੇ ਕੁੱਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਾਨਫਰੰਸ ਵਿੱਚ ਜੁੜੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਅਤੇ ਧਾਰਮਿਕ ਕੱਟੜਤਾ ਖ਼ਿਲਾਫ਼ ਆਪਣੀ ਕੁਰਬਾਨੀ ਦਿੱਤੀ ਅਤੇ ਮਨੁੱਖਤਾ ਨੂੰ ਜ਼ੁਲਮ ਖ਼ਿਲਾਫ਼ ਲੜਨ, ਸਾਝੀਵਾਲਤਾ ਅਤੇ ਬਰਾਬਰਤਾ ਅਧਾਰਿਤ ਸਮਾਜ ਸਿਰਜਣ ਦਾ ਸੱਦਾ ਦਿੱਤਾ ਸੀ।
ਉਹਨਾਂ ਕਿਹਾ ਕਿ ਦੇਸ਼ ਦੇ ਹਾਕਮ ਆਰ ਐੱਸ ਐੱਸ ਦੇ ਖਤਰਨਾਕ ਏਜੰਡੇ ਤਹਿਤ ਧਾਰਮਿਕ ਕੱਟੜਤਾ ਫੈਲਾ ਰਹੇ ਹਨ। ਸਾਜਿਸ ਤਹਿਤ ਧਾਰਮਿਕ ਘੱਟ ਗਿਣਤੀਆਂ ਦੇ ਧਾਰਮਿਕ ਅਕੀਦਿਆਂ ਤੇ ਹਮਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜਾਤ ਪਾਤ ਅਧਾਰਿਤ ਮੰਨੂਵਾਦੀ ਵਿਵਸਥਾ ਠੋਸ ਰਹੇ ਹਨ ਜੋ ਗੁਰੂਆਂ ਦੀ ਵਿਚਾਰਧਾਰਾ ਦੇ ਉਲਟ ਹੈ।
ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕੇ ਕੇਂਦਰ ਦੀ ਸਰਕਾਰ ਫੈਡਰਲ ਢਾਂਚੇ ਨੂੰ ਢਾਹ ਲਾ ਰਹੀ ਹੈ ਸੂਬਿਆਂ ਦੇ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ। ਪੰਜਾਬ ਨਾਲ ਬਾਰ ਬਾਰ ਧੱਕੇ ਕੀਤੇ ਜਾ ਰਹੇ ਹਨ। ਚੰਡੀਗੜ੍ਹ, ਯੂਨੀਵਰਸਿਟੀ, ਡੈਮਾਂ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਭਗਵੰਤ ਮਾਨ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆ ਕਿਹਾ ਕੇ ਨਸ਼ੇ ਦਾ ਕਾਰੋਬਾਰ ਨਿਰਵਿਘਨ ਜਾਰੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਪਟਨ ਸਿੰਘ ਕਾਹਲਵਾਂ, ਜੋਗਿੰਦਰ ਸਿੰਘ ਖਡੂਰ ਸਹਿਬ, ਮਾ ਸਰਬਜੀਤ ਸਿੰਘ ਭਰੋਵਾਲ, ਸਰਵਣ ਸਿੰਘ ਜਾਮਾਰਾਏ, ਨਰਿੰਦਰ ਸਿੰਘ, ਜੰਗ ਬਹਾਦਰ ਸਿੰਘ, ਨਛੱਤਰ ਸਿੰਘ ਤੁੜ, ਗੱਜਣ ਸਿੰਘ ਭੈਲ, ਬਾਬਾ ਦਿਆਲ ਸਿੰਘ ਦੀਨੇਵਾਲਾ, ਪਿੰਡ ਦੇ ਮੌਜੂਦਾ ਸਰਪੰਚ ਬਲਦੇਵ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ ਸਲੱਖਣ ਸਿੰਘ ਤੁੜ ਨੇ ਬਾਖੂਬੀ ਨਿਭਾਏ।