
ਡੇਹਲੋ: “ਸੰਯੁਕਤ ਕਿਸਾਨ ਮੋਰਚੇ ਵੱਲੋ 26 ਨਵੰਬਰ ਨੂੰ ਚੰਡੀਗੜ੍ਹ ‘ਚ ਕੀਤੀ ਜਾ ਰਹੀ ਕਿਸਾਨਾਂ ਮਜ਼ਦੂਰਾਂ ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਕਿਰਤੀ ਕਿਸਾਨ ਕਾਫ਼ਲੇ ਬੰਨ ਕੇ ਰੈਲੀ ਵਿੱਚ ਸ਼ਮੂਲੀਅਤ ਕਰਨਗੇ।” ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਚੋਣਵੇਂ ਆਗੂਆਂ ਦੀ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਪ੍ਰਧਾਨਗੀ ਹੇਠ ਸਭਾ ਦੇ ਕਿਲ੍ਹਾ ਰਾਏਪੁਰ ਵਿਖੇ ਸਥਿਤ ਦਫ਼ਤਰ ‘ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਹੇ। ਉਹਨਾਂ ਕਿਹਾ ਕਿ ਇਸ ਮਹਾਂ ਰੈਲੀ ਵਿੱਚ ਲੁਧਿਆਣਾ ਜ਼ਿਲ੍ਹੇ ਤੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਵਿੱਚ ਵੱਡੀ ਗਿਣਤੀ ‘ਚ ਲੋਕ ਰੈਲੀ ਦਾ ਹਿੱਸਾ ਬਣਨਗੇ। ਉਹਨਾਂ ਆਖਿਆ ਕਿ ਦਿੱਲੀ ਅੰਦੋਲਨ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ, ਬਿਜਲੀ ਸੋਧ ਬਿੱਲ 2025 ਰੱਦ ਕਰਵਾਉਣ, ਹੜ੍ਹ ਪੀੜਤਾਂ ਦੀਆਂ ਮੰਗਾਂ ਮਨਵਾਉਣ ਅਤੇ ਹੜ੍ਹ ਰੋਕਣ ਦੇ ਪੱਕੇ ਪ੍ਰਬੰਧ ਕਰਨ, ਗੰਨਾਂ ਉਤਪਾਦਕ ਕਿਸਾਨਾਂ ਦੀਆਂ ਮੰਗਾਂ ਮਨਵਾਉਣ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨਟ ਚੋਣਾਂ ਬਹਾਲ ਕਰਵਾਉਣ ਦੇ ਭਖਵੇ ਮੁੱਦੇ ਨੂੰ ਹੱਲ ਕਰਵਾਉਣਾ ਇਸ ਰੈਲੀ ਦਾ ਮੁੱਖ ਮਕਸਦ ਹੋਵੇਗਾ।
ਇਸ ਮੌਕੇ ਸੁਰਜੀਤ ਸਿੰਘ ਸੀਲੋ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਕਿਲ੍ਹਾ ਰਾਏਪੁਰ ਇਲਾਕੇ ਵਿੱਚੋਂ ਰੈਲੀ ਵਿੱਚ ਸ਼ਾਮਲ ਹੋਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਫਤਰ ਸਕੱਤਰ ਨਛੱਤਰ ਸਿੰਘ, ਬਲਵੀਰ ਸਿੰਘ ਭੁੱਟਾ, ਬਲਜਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ।