Now Reading
ਮੋਦੀ ਸਰਕਾਰ ਵੱਲੋਂ ਬਿਨਾਂ ਸੰਵਿਧਾਨ ਬਦਲੇ ਹੀ ਲੋਕ ਜਮਹੂਰੀਅਤ ਨੂੰ ਖਤਮ ਕੀਤਾ ਜਾ ਰਿਹੈ

ਮੋਦੀ ਸਰਕਾਰ ਵੱਲੋਂ ਬਿਨਾਂ ਸੰਵਿਧਾਨ ਬਦਲੇ ਹੀ ਲੋਕ ਜਮਹੂਰੀਅਤ ਨੂੰ ਖਤਮ ਕੀਤਾ ਜਾ ਰਿਹੈ


ਸ਼ਾਹਪੁਰ ਕੰਢੀ: ਇਥੋਂ ਥੋੜੀ ਦੂਰ ਪਿੰਡ ਜਿਆਣੀ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਮਜ਼ਦੂਰ, ਕਿਸਾਨ ਤੇ ਮਿਹਨਤਕਸ਼ ਜਮਾਤ ਲਈ ਅਹਿਮ ਸਥਾਨ ਰੱਖਦੇ 1917 ਦੇ ਰੂਸੀ ਅਕਤੂਬਰ ਇਨਕਲਾਬ ਦੀ ਅੱਜ ਦੇ ਸਮੇਂ ਵਿਚ ਸਾਰਥਕਤਾ ਬਾਰੇ ਕੀਤੀ ਵਿਸ਼ਾਲ ਕਨਵੈਂਸ਼ਨ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦੇ ਉਚੇਚੇ ਤੌਰ ਤੇ ਪਹੁੰਚੇ ਆਰਐਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਿਨਾਂ ਸੰਵਿਧਾਨ ਬਦਲੇ ਹੀ ਲੋਕ ਜਮਹੂਰੀਅਤ ਨੂੰ ਖਤਮ ਕੀਤਾ ਜਾ ਰਿਹਾ, ਜਿਸ ਦਾ ਪ੍ਰਤੱਖ ਸਬੂਤ ਬਿਹਾਰ ਦੀਆਂ ਅਸੈਂਬਲੀ ਚੋਣਾਂ ਵਿਚ ਜਿਥੇ ਸੰਵਿਧਾਨਿਕ ਸੰਸਥਾ ਇਲੈਕਸ਼ਨ ਕਮਿਸ਼ਨ ਨੇ ਨੰਗੇ ਚਿੱਟੇ ਰੂਪ ਵਿੱਚ ਪਹਿਲਾ ਐਨ ਡੀ ਏ ਗਠਜੋੜ ਨੂੰ ਜਿਤਾਉਣ ਲਈ ਬੇਸ਼ੁਮਾਰ ਜਾਅਲੀ ਵੋਟਾਂ ਬਣਾਈਆਂ, ਦੂਜਾ ਐਸਆਈਆਰ ਦੇ ਤਹਿਤ ਵਿਰੋਧੀਆਂ ਨੂੰ ਹਰਾਉਣ ਲਈ ਉਹਨਾਂ ਦੇ ਸਮਰਥਕਾਂ ਦੀਆਂ ਵੋਟਾਂ ਵੱਡੇ ਪੱਧਰ ਤੇ ਕੱਟੀਆਂ ਗਈਆਂ, ਜਿਹਦੀ ਥਾਂ ਥਾਂ ਚਰਚਾ ਹੋ ਰਹੀ ਹੈ ਅਤੇ ਤੀਸਰਾ ਧਨ ਦੀ ਹੋਈ ਬੇਸ਼ੁਮਾਰ ਦੁਰਵਰਤੋਂ ਬਾਰੇ ਖਮੋਸ਼ ਰਹਿਣਾ। ਉਸ ਵਿੱਚ ਪਹਿਲਾਂ ਸਰਕਾਰੀ ਤੌਰ ਤੇ ਔਰਤਾਂ ਦੇ ਖਾਤਿਆਂ ਵਿੱਚ 10-10 ਹਜ਼ਾਰ ਰੁਪਏ ਪਾਏ ਗਏ ਤੇ ਨਾਲ ਹੀ ਪੋਲਿੰਗ ਸਮੇਂ ਬਿਹਾਰ ਤੋਂ ਬਾਹਰ ਦੂਸਰੇ ਰਾਜਾਂ ਵਿੱਚ ਮਿਹਨਤ ਮਜ਼ਦੂਰੀ ਕਰਨਗੇ ਮਜ਼ਦੂਰਾਂ ਕੋਲ ਪਹੁੰਚ ਕਰਕੇ ਵੀ ਉਹਨਾਂ ਦੀਆਂ ਵੋਟਾਂ ਦੀ ਖਰੀਦੋ ਫਰੋਖਤ ਲਈ ਕਰੋੜਾਂ ਰੁਪਏ ਖਰਚੇ ਗਏ। ਇਹ ਸਾਰਾ ਵਰਤਾਰਾ ਦੱਸ ਰਿਹਾ ਕਿ ਜਮਹੂਰੀਅਤ ਕਿਸ ਤਰ੍ਹਾਂ ਥੱਲੇ ਚਲੀ ਗਈ ਹੈ ਆਰਐਸਐਸ ਤੇ ਭਾਜਪਾ ਨੇ ਸਾਰੇ ਅਦਾਰਿਆਂ ਨੂੰ ਆਪਣੇ ਕੰਟਰੋਲ ਹੇਠ ਕਰਕੇ ਦੇਸ਼ ਨੂੰ ਫਿਰਕੂ ਫਾਸ਼ੀਵਾਦ ਵੱਲ ਧੱਕਣ ਦਾ ਫੈਸਲਾ ਕਰ ਲਿਆ ਹੈ। ਦੂਸਰੀ ਵੱਡੀ ਘਟਨਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਗ੍ਰੇਟਰ ਨਿਉਡਾ ਦੇ ਦਾਦਰੀ ਵਿੱਚ ਸਤੰਬਰ 2015 ਚ ਭੀੜ ਵੱਲੋਂ ਮੁਹੰਮਦ ਅਖ਼ਲਾਕ ਦੀ ਕੀਤੀ ਗਈ ਹੱਤਿਆ ਮਾਮਲੇ ਦੇ ਸਾਰੇ ਮੁਲਜ਼ਮਾਂ ਖਿਲਾਫ ਦਰਜ ਕੇਸ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ ਸਰਕਾਰ ਦੀ ਇਹ ਕਾਰਵਾਈ ਦੱਸਦੀ ਹੈ ਕਿ ਅਦਾਲਤਾਂ ਦਾ ਵੀ ਕੋਈ ਕੰਮ ਨਹੀਂ ਰਹਿ ਗਿਆ। ਦਲਿਤਾਂ, ਔਰਤਾਂ ਅਤੇ ਘੱਟ ਗਿਣਤੀਆਂ ਤੇ ਹਮਲੇ ਲਗਾਤਾਰ ਹੋ ਰਹੇ ਹਨ।
ਉਪਰੋਕਤ ਸਾਰੇ ਵਰਤਾਰੇ ਨੂੰ ਦੇਖਦੇ ਹੋਏ ਆਰਐਮਪੀਆਈ ਦੇ ਮੁੱਖ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਵਿਧਾਨ ਤੇ ਜਮਹੂਰੀਅਤ ਨੂੰ ਬਚਾਉਣ, ਸਵਿਧਾਨਿਕ ਅਧਾਰਿਆਂ ਦੀ ਰਾਖੀ ਲਈ ਅਤੇ ਦੇਸ਼ ਦੀ ਹੋ ਰਹੀ ਆਰਥਿਕ ਤਬਾਹੀ ਲਈ ਜਿੰਮੇਵਾਰ ਮੋਦੀ ਸਰਕਾਰ ਦੇ ਖਿਲਾਫ ਆਰ ਐਮ ਪੀ ਆਈ ਸਮਝਦੀ ਹੈ ਕਿ ਸਾਰੇ ਮਹੱਤਭੇਦਾਂ ਨੂੰ ਪਿੱਛੇ ਰੱਖਦੇ ਹੋਏ ਗੈਰ ਭਾਜਪਾ ਅਤੇ ਧਰਮ ਨਿਰਪੱਖ ਪਾਰਟੀਆਂ ਨੂੰ ਇਕੱਠਿਆਂ ਹੋ ਕੇ ਇੱਕ ਜਨ ਅੰਦੋਲਨ ਤਹਿਤ ਲੋਕਾਂ ਨੂੰ ਸੁਚੇਤ ਅਤੇ ਲਾਮਬੰਦ ਕਰਨ ਦੀ ਮੁਖ ਲੋੜ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਬਾਰੇ ਬੋਲਦਿਆਂ ਕਾਮਰੇਡ ਪਾਸਲਾ ਨੇ ਕਿਹਾ ਕਿ ਪੰਜਾਬ ਅੰਦਰ ਲਾ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਆਏ ਦਿਨ ਕਤਲ, ਫਿਰੌਤੀਆਂ, ਥਾਂ ਥਾਂ ਨਸ਼ਿਆਂ ਤੇ ਨਜਾਇਜ ਹਥਿਆਰਾਂ ਦੇ ਫੜੇ ਜਾਣਾ ਆਮ ਵਰਤਾਰਾ ਹੋ ਗਿਆ, ਰਿਸ਼ਵਤ ਖੋਰੀ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ, ਦਿਨ ਬ ਦਿਨ ਰਿਸ਼ਵਤ ਖੋਰੀ ਦੇ ਵੱਡੇ ਕਾਂਡਾਂ ਦਾ ਖੁਲਾਸਾ ਹੋ ਰਿਹਾ। ਪੰਜਾਬ ਦੀ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਇਸ਼ਤਿਹਾਰਾਂ ਵਿੱਚ ਕਰੋੜਾਂ ਰੁਪਏ ਖਰਚ ਕੇ ਪੈਸਾ ਬਰਬਾਦ ਕਰਨ ਦੀ ਬਜਾਏ, ਪਬਲਿਕ ਦਾ ਇਹ ਪੈਸਾ ਲੋਕਾਂ ਦੀ ਸਿਹਤ,ਸਿੱਖਿਆ ਤੇ ਵਿਕਾਸ ਦੇ ਕੰਮਾਂ ਵਿਚ ਖਰਚਣ ਵੱਲ ਧਿਆਨ ਦੇਣਾ ਚਾਹੀਦਾ ਹੈ। ਅਖੀਰ ਵਿਚ ਕਾਮਰੇਡ ਪਾਸਲਾ ਨੇ ਕਿਹਾ ਕਿ ਮਜ਼ਦੂਰਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀਆਂ ਦੁਸ਼ਵਾਰੀਆਂ ਦਾ ਮੁੱਖ ਕਾਰਨ ਪੂੰਜੀਵਾਦ ਹੈ ਅਤੇ ਇਸ ਦਾ ਹੱਲ ਲੋਕ ਏਕਤਾ ਅਤੇ ਸਾਂਝੀ ਵਾਲਤਾ ਅਧਾਰਤ ਸਮਾਜਵਾਦੀ ਪ੍ਰਬੰਧ ਵਿੱਚ ਹੀ ਹੈ।
ਮਾਸਟਰ ਸੁਭਾਸ਼ ਸ਼ਰਮਾ ਅਤੇ ਕਾਮਰੇਡ ਤਿਲਕ ਰਾਜ ਜਿਆਣੀ ਦੀ ਪ੍ਰਧਾਨਗੀ ਹੇਠ ਹੋਈ ਕਨਵੈਂਸ਼ਨ ਨੂੰ ਸੰਬੋਧਨ ਕਰਦੇ ਪਾਰਟੀ ਆਗੂ ਕਾਮਰੇਡ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ, ਹਰਿੰਦਰ ਸਿੰਘ ਰੰਧਾਵਾ ਅਤੇ ਬਲਵੰਤ ਸਿੰਘ ਘੋਹ ਨੇ ਬੋਲਦਿਆਂ ਕਿਹਾ ਕਿ ਆਰ ਐਮਪੀ ਆਈ ਵੱਲੋਂ ਕੀਤੇ ਫੈਸਲੇ ਮੁਤਾਬਕ, ਆਰ ਐਸ ਐਸ ਅਤੇ ਭਾਜਪਾ ਵੱਲੋਂ ਮਨੂਵਾਦੀ ਵਿਚਾਰਧਾਰਾ ਤਹਿਤ ਸੋਚੀ ਸਮਝੀ ਚਾਲ ਦਲਿਤਾਂ, ਔਰਤਾਂ ਅਤੇ ਘੱਟ ਗਿਣਤੀਆਂ ਫਿਰਕਿਆਂ ਉੱਪਰ ਹੋ ਰਹੇ ਹਮਲਿਆਂ ਖਿਲਾਫ ਜਾਗਰੂਕ ਕਰਨ ਲਈ ਪੰਜਾਬ ਦੇ 500 ਪਿੰਡਾਂ ਤੱਕ 15 ਦਸੰਬਰ ਤੱਕ ਮੀਟਿੰਗਾਂ ਕਰਨ ਦਾ ਦੇ ਉਲੀਕੇ ਪ੍ਰੋਗਰਾਮ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਲੋਕਾਂ ਨੂੰ ਜਾਗ੍ਰਿਤ ਕਰਨ ਅਤੇ ਕਨਵੈਂਸ਼ਨਾਂ ਕਰਨ ਦਾ ਐਲਾਨ ਕੀਤਾ ਗਿਆ। ਅੱਜ ਦੀ ਕਨਵੈਂਸ਼ਨ ਨੂੰ ਸਫਲ ਬਣਾਉਣ ਲਈ ਤਹਿਸੀਲ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਕਾਮਰੇਡ ਰਘਬੀਰ ਸਿੰਘ ਧਲੌਰੀਆਂ, ਪ੍ਰਵੀਨ ਕੁਮਾਰ ਬਿਆਲ, ਬਲਕਾਰ ਚੰਦ ਭਰਿਆਲ ਲਾਹੜੀ, ਦੇਵ ਰਾਜ ਸੁਜਾਨਪੁਰ, ਨਿਰੰਜਨ ਸਿੰਘ ਟਡਵਾਲ, ਸਕੱਤਰ ਸਿੰਘ, ਜਨਕ ਰਾਜ, ਰਾਮ ਬਿਲਾਸ, ਦਰਸ਼ਨ ਸਿੰਘ, ਬਲਵੰਤ ਰਾਏ, ਬਲਵਿੰਦਰ ਕੁਮਾਰ, ਨਿਰਮਲਾ ਦੇਵੀ, ਮਨਹਰਨ, ਨਰੋਤਮ ਸਿੰਘ, ਕੁਲਦੀਪ ਰਾਜ ਮੁਦੇ, ਸੋਹਣ ਲਾਲ ਅਤੇ ਹੋਰ ਹਾਜ਼ਰ ਆਗੂਆਂ ਨੇ ਆਗੂ ਰੋਲ ਅਦਾ ਕੀਤਾ।

Scroll To Top