
ਅਜਨਾਲਾ: ਕੇਂਦਰ ਦੀ ਬੀਜੇਪੀ ਦੀ ਮੋਦੀ ਸਰਕਾਰ ਵੱਲੋਂ ਜਿਹੜਾ 9 ਅਕਤੂਬਰ 2025 ਬਿਜਲੀ ਬਿੱਲ ਸੂਬਿਆਂ ਨੂੰ ਇੱਕ ਮਹੀਨੇ ਵਿੱਚ ਆਪਣੀ ਰਾਏ ਦੇਣ ਲਈ ਭੇਜਿਆ ਸੀ ਪ੍ਰੰਤੂ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਇਸ ਬਿੱਲ ਵਿਰੁੱਧ ਆਪਣੀ ਰਾਏ ਨਹੀਂ ਭੇਜੀ, ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਮੋਦੀ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਵਿਰੁੱਧ ਵੀ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਹੈ। ਜਿਸ ਕਾਰਨ ਸਮੂੱਚੇ ਪੰਜਾਬ ਇਹਨਾਂ ਸਰਕਾਰਾਂ ਵਿਰੁੱਧ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ।
ਇਹ ਬਿੱਲ ਬਕਾਇਦਾ ਲਾਗੂ ਹੋਣ ਹਰ ਪ੍ਰਕਾਰ ਦੀ ਗਰੀਬ ਘਰੇਲੂ ਬਿਜਲੀ ਖ਼ਪਤਕਾਰਾਂ, ਕਿਸਾਨਾਂ ਨੂੰ ਟਿਊਬਵੈਲਾਂ ਤੇ ਮਿਲਦੀ ਸਬਸਿਡੀ ਤੇ ਕਾਰਖਾਨੇਦਾਰਾਂ ਨੂੰ ਵੀ ਮਿਲਦੀ ਸਬਸਿਡੀ ਖ਼ਪਤ ਹੋ ਜਾਵੇਗੀ। ਮੁਕੰਮਲ ਤੌਰ ਤੇ ਬਿਜਲੀ ਕੇਂਦਰ ਅਧੀਨ ਪਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਚੱਲੀ ਜਾਵੇਗੀ।
ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਪਿੰਡ ਜੋਸ਼ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹਾ ਹੋਣ ਨਾਲ ਬਿਜਲੀ ਬਹੁਤ ਮਹਿੰਗੀ ਹੋ ਜਾਵੇਗੀ ਜਦੋਂ ਕਿ ਆਮ ਲੋਕ ਪਹਿਲਾਂ ਹੀ ਮਹਿਗਾਈ ਦੀ ਡਾਢੀ ਮਾਰ ਝੱਲ ਰਹੇ ਹਨ। ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਇਸ ਬਿੱਲ ਦੇ ਸਮੂਚੀ ਲੁਕਾਈ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਦੇਖਦਿਆਂ 9 ਅਕਤੂਬਰ ਤੋਂ ਹੀ ਸੰਯੁਕਤ ਕਿਸਾਨ ਮੋਰਚੇ ਨੇ ਇਸ ਬਿੱਲ ਖ਼ਿਲਾਫ਼ ਸੰਘਰਸ਼ ਵਿੱਢਿਆ ਹੋਇਆ ਹੈ। ਜਿਸ ਦੀ ਅਗਲੀ ਕੜੀ ਵਜੋਂ ਕੇਂਦਰ ਤੇ ਪੰਜਾਬ ਸਰਕਾਰ ਤੇ ਇਸ ਬਿੱਲ ਨੂੰ ਤੁਰੰਤ ਵਾਪਸ ਕਰਨ ਵਿਰੁੱਧ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਮਹਾਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਪੰਜਾਬ ਭਰ ਤੋਂ ਲੱਖਾਂ ਲੋਕ ਚੰਡੀਗੜ੍ਹ ਪਹੁੰਚ ਰਹੇ ਹਨ।
ਅੱਜ ਦੀ ਮੀਟਿੰਗ ਵਿੱਚ ਸ਼ਾਮਲ ਕਿਸਾਨਾਂ ਮਜ਼ਦੂਰਾਂ ਨੇ ਮੋਦੀ ਤੇ ਮਾਨ ਸਰਕਾਰ ਵਿਰੁੱਧ ਨਾਅਰੇ ਮਾਰਦਿਆਂ ਫੈਸਲਾ ਕੀਤਾ ਕਿ ਸਾਡੇ ਪਿੰਡ ਵਿੱਚੋਂ ਵੀ ਸੈਂਕੜੇ ਕਿਸਾਨ ਮਜ਼ਦੂਰ ਚੰਡੀਗੜ੍ਹ ਵਿਖੇ ਪਹੁੰਚਣਗੇ।
ਡਾ. ਅਜਨਾਲਾ ਨੇ ਇੱਥੇ ਪ੍ਰੈਸ ਨੂੰ ਦੱਸਦਿਆਂ ਕਿਹਾ ਕਿ ਅਜਨਾਲਾ ਖੇਤਰ ਸਮੇਤ ਪੰਜਾਬ ਭਰ ਚੋਂ ਹਜ਼ਾਰਾਂ ਕਿਸਾਨ – ਮਜ਼ਦੂਰ ਜਮੂਹਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਵਿੱਚ ਚੰਡੀਗੜ੍ਹ ਪਹੁੰਚ ਰਹੇ ਹਨ। ਸੁਖਵਿੰਦਰ ਸਿੰਘ ਜੋਸ਼ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਸਤਵਿੰਦਰ ਸਿੰਘ ਉਠੀਆਂ, ਕਿਸਾਨ ਆਗੂ ਪ੍ਰਗਟ ਸਿੰਘ ਤੇ ਕੁਲਵਿੰਦਰ ਸਿੰਘ, ਨੌਜਵਾਨ ਆਗੂ ਮਨਪ੍ਰੀਤ ਸਿੰਘ ਤੇ ਜੱਗਪ੍ਰੀਤ ਸਿੰਘ ਜੋਸ਼, ਰਘਬੀਰ ਸਿੰਘ, ਹਰਪਾਲ ਸਿੰਘ, ਜ਼ੰਗਬਹਾਦਰ ਸਿੰਘ ਮਟੀਆ, ਅਮਰੀਕ ਸਿੰਘ, ਗੁਰਚਰਨ ਸਿੰਘ ਮੁਖਤਾਰ ਸਿੰਘ, ਇਕਬਾਲ ਸਿੰਘ ਤੇ ਦਲਬੀਰ ਸਿੰਘ ਹੋਣਾ ਨੇ ਵੀ ਇਸ ਲੋਕ ਮਾਰੂ ਬਿਜਲੀ ਬਿੱਲ ਵਿਰੁੱਧ ਜ਼ੋਰਦਾਰ ਨਾਅਰੇ ਮਾਰਦਿਆਂ ਡਾਢੇ ਗੁੱਸੇ ਦਾ ਪ੍ਰਗਟਾਵਾ ਕੀਤਾ।