Now Reading
ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਨੂੰ ਕੀਤਾ ਸਿਜਦਾ, ਗ਼ਦਰੀ ਬਾਬਿਆਂ ਦੇ ਮੇਲੇ ਦੀ ਸਫ਼ਲਤਾ ‘ਤੇ ਖੁਸ਼ੀ ਦਾ ਪ੍ਰਗਟਾਵਾ

ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਨੂੰ ਕੀਤਾ ਸਿਜਦਾ, ਗ਼ਦਰੀ ਬਾਬਿਆਂ ਦੇ ਮੇਲੇ ਦੀ ਸਫ਼ਲਤਾ ‘ਤੇ ਖੁਸ਼ੀ ਦਾ ਪ੍ਰਗਟਾਵਾ

ਜਲੰਧਰ: ਅੱਜ ਦੇਸ਼ ਭਗਤ ਯਾਦਗਾਰ ਹਾਲ ਅੰਦਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਵੱਲੋਂ ਬੁਲਾਈ ਗਈ ਸਭਿਆਚਾਰਕ ਵਿੰਗ ਇਸਦੇ ਸਹਿਯੋਗੀ ਪਰਿਵਾਰ, ਮੇਲੇ ਦੀਆਂ ਵੰਨ ਸੁਵੰਨੀਆਂ ਪ੍ਰਬੰਧਕੀ ਕਮੇਟੀਆਂ ਦੀ ਹੋਈ ਮੀਟਿੰਗ ‘ਚ ਕਰਤਾਰ ਸਿੰਘ ਸਰਾਭਾ (ਸਰਾਭਾ, ਲੁਧਿਆਣਾ), ਵਿਸ਼ਨੂੰ ਗਣੇਸ਼ ਪਿੰਗਲ (ਤਾਲੇਗਾਓਂ, ਪੁਣੇ), ਜਗਤ ਸਿੰਘ (ਸੁਰਸਿੰਘ, ਅੰਮ੍ਰਿਤਸਰ), ਹਰਨਾਮ ਸਿੰਘ (ਭੱਟੀ ਗੁਰਾਇਆ, ਸਿਆਲਕੋਟ), ਸੁਰੈਣ ਸਿੰਘ ਸਪੁੱਤਰ ਬੂਰ ਸਿੰਘ (ਗਿੱਲਵਾਲੀ, ਅੰਮ੍ਰਿਤਸਰ), ਸੁਰੈਣ ਸਿੰਘ ਸਪੁੱਤਰ ਈਸ਼ਰ ਸਿੰਘ (ਗਿੱਲਵਾਲੀ, ਅੰਮ੍ਰਿਤਸਰ), ਬਖਸ਼ੀਸ਼ ਸਿੰਘ (ਗਿੱਲ ਵਾਲੀ, ਅੰਮ੍ਰਿਤਸਰ) ਹੋਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਗੰਭੀਰ ਵਿਚਾਰਾਂ ਕਰਦਿਆਂ ਜ਼ੋਰ ਦਿੱਤਾ ਗਿਆ ਕਿ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਸਾਮਰਾਜ ਅਤੇ ਉਸਦੇ ਭਾਰਤੀ ਸੇਵਾਦਾਰਾਂ ਖ਼ਿਲਾਫ਼ ਬੇਕਿਰਕ ਘੋਲ਼ ਜਾਰੀ ਰੱਖਣ ਦੀ ਲੋੜ ਹੈ।
ਮੀਟਿੰਗ ‘ਚ ਸਾਂਝਾ ਵਿਚਾਰ ਬਣਿਆਂ ਕਿ ਅੱਜ ਦੇ ਸਮੇਂ ਸ਼ਹੀਦਾਂ ਦੇ ਵਿਚਾਰਾਂ ਨੂੰ ਲਾਗੂ ਕਰਨਾ ਹੀ ਹਕੀਕੀ ਤੌਰ ਤੇ ਸ਼ਹੀਦਾਂ ਨੂੰ ਯਾਦ ਕਰਨਾ ਹੈ, ਉਹਨਾਂ ਦੀ ਕੁਰਬਾਨੀ ਅਤੇ ਕਿਰਤੀ ਲੋਕਾਂ ਦੀ ਮੁਕਤੀ ਦੇ ਵਿਚਾਰਾਂ ਨੂੰ ਅਪਣਾਉਂਦੇ ਹੋਏ ਲੋਕ- ਪੱਖੀ ਨਿਜ਼ਾਮ ਦੀ ਸਿਰਜਣਾ ਲਈ ਮਹਾਨ ਗ਼ਦਰੀ ਵਿਰਾਸਤ ਅਤੇ ਸਾਡੀਆਂ ਸਰਗਰਮੀਆਂ ਦੀ ਸੇਧ ਨਿਰਧਾਰਤ ਕਰਨੀ ਚਾਹੀਦੀ ਹੈ।
ਗ਼ਦਰੀ ਬਾਬਿਆਂ ਦੇ 34ਵੇਂ ਮੇਲੇ ਉਪਰ ਉਸਾਰੂ ਸਿਰਜਣਾਤਮਕ ਪੜਚੋਲਵੀਂ ਝਾਤ ਮਾਰਦੇ ਹੋਏ ਇਸ ਭਰਵੀਂ ਮੀਟਿੰਗ ਨੇ ਮੇਲੇ ਨੂੰ ਅੱਗੇ ਤੋਂ ਹੋਰ ਵੀ ਹਰਮਨ ਪਿਆਰਾ ਬਣਾਉਣ ਲਈ ਵਿਸ਼ਾਲ ਲੋਕਾਈ ਦਾ ਸਹਿਯੋਗ ਲੈਣ ਉਪਰ ਜੋਰ ਦਿੱਤਾ।
ਇਹ ਵੀ ਨਿੱਗਰ ਸੁਝਾਅ ਆਏ ਕਿ ਮੇਲੇ ਵਿੱਚ ਆਏ ਲੋਕਾਂ ਲਈ ਘੱਟੋ ਘੱਟ ਲੋੜੀਂਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਵੱਧ ਤੋਂ ਵੱਧ ਯਤਨ ਜੁਟਾਉਣੇ ਚਾਹੀਦੇ ਹਨ।
ਦੇਸ਼ ਬਦੇਸ਼ ਤੋਂ ਪਰਿਵਾਰਾਂ ਦੇ ਪਰਿਵਾਰ ਮੇਲੇ ਵਿਚ ਆਉਣ ਤੇ ਬੇਹੱਦ ਖੁਸ਼ੀ ਅਤੇ ਮਾਣ ਦਾ ਇਜ਼ਹਾਰ ਕਰਦਿਆਂ ਸਮੂਹ ਹਾਜ਼ਰੀਨ ਨੇ ਸਭ ਦਾ ਹਾਰਦਿਕ ਧੰਨਵਾਦ ਕੀਤਾ।
ਮੇਲੇ ਵਿਚ ਸੋਵੀਨਰ ਲੋਕ ਅਰਪਣ ਕਰਨ ਮੌਕੇ ਦੇਸ਼ ਭਗਤਾਂ ਦੇ ਪਿੰਡਾਂ ਤੋਂ ਆਈਆਂ ਕਮੇਟੀਆਂ ਅਤੇ ਲੋਕਾਂ ਦਾ ਅਨੰਤ ਧੰਨਵਾਦ ਕਰਦਿਆਂ ਅੱਜ ਦੀ ਵਿਸ਼ੇਸ਼ ਇਕੱਤਰਤਾ ਨੇ ਉਮੀਦ ਜਿਤਾਈ ਕਿ ਅੱਗੇ ਤੋਂ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾਏਗਾ।
ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜੱਥੇਬੰਦੀਆਂ ਦਾ ਮੇਲੇ ਵਿੱਚ ਸ਼ਾਮਲ ਹੋਣ ਅਤੇ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਵੀ ਧੰਨਵਾਦ ਕੀਤਾ ਗਿਆ।
ਮੇਲੇ ਦੇ ਦਿਨਾਂ ਵਿੱਚ ਹੀ ਪੰਜਾਬ ਦੀਆਂ ਯੂਨੀਵਰਸਿਟੀਆਂ ਅੰਦਰ ਯੂਥ ਫੈਸਟੀਵਲ ਹੋਣ ਦੇ ਬਾਵਜੂਦ ਜੁਆਨੀ ਦੇ ਮੇਲੇ ਵਿਚ ਵੱਡੀ ਗਿਣਤੀ ਵਿਚ ਆਉਣ ਨੂੰ ਉਤਸ਼ਾਹਜਨਕ ਵਰਤਾਰੇ ਵਜੋਂ ਨੋਟ ਕੀਤਾ ਗਿਆ।
ਛਤੀਸਗੜ੍ਹ, ਨਵੀਂ ਦਿੱਲੀ, ਜੰਮੂ, ਹਰਿਆਣਾ ਅਤੇ ਉਤਰਾਖੰਡ ਆਦਿ ਥਾਵਾਂ ਤੋਂ ਨਾਟਕ ਅਤੇ ਗੀਤ ਸੰਗੀਤ ਮੰਡਲੀਆਂ ਦਾ ਮੇਲੇ ਵਿਚ ਆਉਣਾ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਕਰਨ ਨੂੰ ਇਸ ਵਾਰ ਮੇਲੇ ਦੀ ਵਿਸ਼ੇਸ਼ ਉਪਲਬਧੀ ਵਜੋਂ ਨੋਟ ਕੀਤਾ ਗਿਆ ਅਤੇ ਉਹਨਾਂ ਸਭਨਾਂ ਨੂੰ ਧੰਨਵਾਦ ਪੱਤਰ ਭੇਜਣ ਬਾਰੇ ਵੀ ਸੁਝਾਅ ਆਏ।
ਮੇਲੇ ਦੀਆਂ ਪ੍ਰਬੰਧਕੀ ਊਣਤਾਈਆਂ ਉਪਰ ਵੀ ਬੇਕਿਰਕੀ ਨਾਲ਼ ਚਰਚਾ ਹੋਈ ਅਤੇ ਅੱਗੇ ਤੋਂ ਪ੍ਰਾਪਤੀਆਂ ਨੂੰ ਪੱਲੇ ਬੰਨ੍ਹਣ ਅਤੇ ਊਣਤਾਈਆਂ ਤੋਂ ਸਬਕ ਲੈਣ ਬਾਰੇ ਵਿਚਾਰਾਂ ਹੋਈਆਂ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੋਕਾਂ ਵਿਚ ਆਪਣੇ ਸ਼ਾਨਾਮੱਤੇ ਇਤਿਹਾਸ ਅਤੇ ਵਿਰਸੇ ਦੀ ਜੋਤ ਜਗਦੀ ਰੱਖ ਰਿਹਾ ਮੇਲਾ ਹਰ ਸਾਲ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ।
ਮੀਟਿੰਗ ਚ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਿਰੰਜੀ ਲਾਲ ਕੰਗਣੀਵਾਲ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਤੋਂ ਇਲਾਵਾ ਵੱਖ-ਵੱਖ ਕਮੇਟੀਆਂ ਦੇ ਕਨਵੀਨਰ ਅਤੇ ਕਮੇਟੀ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਚ ਸੱਭਿਆਚਾਰਕ ਵਿੰਗ ਨਾਲ ਜੁੜੇ ਕਾਮੇ ਹਾਜ਼ਰ ਸਨ।

Scroll To Top