
ਬੀਨੇਵਾਲ: ਅੱਜ ਇਥੇ ਇਲਾਕਾ ਬੀਤ ਦੇ ਪਿੰਡ ਰਤਨਪੁਰ ਵਿਖੇ ਸਥਾਨਕ ਪਿੰਡਾਂ ਰਤਨਪੁਰ, ਕਾਣੇਵਾਲ ਤੇ ਭਵਾਨੀਪੁਰ ਦੇ ਮੁਹਤਵਾਰ ਬੰਦਿਆਂ ਅਤੇ ਵਸਨੀਕਾਂ ਦਾ ਇਕੱਠ ਹੋਇਆ, ਜਿਸ ਵਿੱਚ ਹੱਦਬਸਤ ਨੰਬਰ 487 ਪਿੰਡ ਰਤਨਪੁਰ ਦੀ ਜ਼ਮੀਨ ਅਤੇ ਜੰਗਲ ਉੱਤੇ ਕੁੱਝ ਬਾਹਰੀ ਪਾਰਟੀਆਂ /ਮਾਲਕਾਂ ਵਲੋਂ ਧੱਕੇ ਨਾਲ਼ ਕੀਤੇ ਜਾ ਰਹੇ ਕਬਜੇ਼ ਅਤੇ ਜੰਗਲ ਦੀ ਨਜਾਇਜ਼ ਕਟਾਈ ਦਾ ਗੰਭੀਰ ਨੋਟਿਸ ਲਿਆ ਗਿਆ।
ਹਾਜ਼ਰ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਫੈ਼ਸਲਾ ਲਿਆ ਗਿਆ ਕਿ ਪਿੰਡ ਦੀ ਜ਼ਮੀਨ ਅਤੇ ਜੰਗਲ ਉੱਤੇ ਕਿਸੇ ਵੀ ਬਾਹਰੀ ਮਾਲਕ/ਪਾਰਟੀ ਨੂੰ ਨਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਨਾ ਹੀ ਪਿੰਡ ਦੀ ਹਦੂਦ ਅੰਦਰ ਕੋਈ ਵੀ ਸਟੋਨ ਕਰੈਸ਼ਰ ਜਾਂ ਇੰਡਸਟਰੀ ਲੱਗਣ ਦਿੱਤੀ ਜਾਵੇਗੀ। ਜੇਕਰ ਕਿਸੇ ਨੇ ਵੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅੱਜ ਦੇ ਇਕੱਠ ਵਿੱਚ ਤਿੰਨਾਂ ਪਿੰਡਾਂ ਦੇ ਵਸਨੀਕਾ ਵੱਲੋਂ “ਜ਼ਮੀਨ ਬਚਾਓ, ਪਿੰਡ ਬਚਾਓ” ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਅਗਲੇ ਐਕਸ਼ਨਾਂ ਦੀ ਵਿਉਂਤਬੰਦੀ ਅਤੇ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਅਤੇ ਸੰਘਰਸ਼ ਉਲੀਕਣ ਲਈ ਅਧਿਕਾਰਿਤ ਹੋਵੇਗੀ। ਸਾਰੇ ਨਗਰ ਨਿਵਾਸੀਆਂ ਵਲੋਂ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਪ੍ਰੈਸ ਨੂੰ ਇਹ ਜਾਣਕਾਰੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਕਮੇਟੀ ਵਿੱਚ ਉੱਕਤ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਤੋਂ ਇਲਾਵਾ ਜਸਪਾਲ, ਪਵਨਜੀਤ, ਕੁਲਦੀਪ (ਦੀਪਾ), ਰਾਮ ਜੀ ਦਾਸ ਚੌਹਾਨ, ਗੁਰਦੇਵ ਰਾਜ ਨੰਬਰਦਾਰ, ਕ੍ਰਿਸ਼ਨਦੇਵ, ਬਲਵਿੰਦਰ (ਬਿੰਦੀ) ਰਾਮ ਸ਼ਾਹ, ਅਮਰ ਚੰਦ ਫੌਜੀ, ਧਰਮ ਦਾਸ ਚੇਚੀ, ਸੁਰਿੰਦਰ ਪਾਲ, ਹਰਦਿਆਲ, ਨੰਦ ਲਾਲ, ਗੁਰਦਰਸ਼ਨ, ਪੰਮੀ ਪੰਚ, ਅਮਰ ਚੰਦ, ਮੇਹਰ ਚੰਦ ਆਦਿ ਮੈਂਬਰ ਲਏ ਗਏ ਹਨ।