
ਅਜਨਾਲਾ: ਹੜ੍ਹਾਂ ਨਾਲ ਜਿਹੜਾ ਲੋਕਾਂ ਦਾ ਬਹੁਤ ਭਾਰੀ ਫ਼ਸਲਾਂ ਤੇ ਜਾਨ ਮਾਲ ਦਾ ਨੁਕਸਾਨ ਹੋਇਆ ਉਸਦੀ ਪੂਰੀ ਪੂਰੀ ਭਰਪਾਈ ਪੰਜਾਬ ਤੇ ਕੇਂਦਰ ਸਰਕਾਰ ਕੋਲੋਂ ਕਰਾਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮਾਂ ਅਨੁਸਾਰ ਸਰਕਾਰਾਂ ’ਤੇ ਬਣਦਾ ਦਬਾਅ ਪਾਉਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਸਾਹਮਣੇ 10 ਅਕਤੂਬਰ ਨੂੰ ਵਿਸ਼ਾਲ ਧਰਨਾ ਤੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਉਸ ਵਿੱਚ ਹੜ੍ਹ ਪੀੜਤਾਂ ਨੂੰ ਵੱਧ ਤੋਂ ਵੱਧ ਲਾਮਬੰਦੀ ਕਰਨ ਲਈ ਅੱਜ ਇਥੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ’ਚ ਹੜ੍ਹ ਪੀੜਤ ਪਿੰਡਾਂ ਤਲਵੰਡੀ ਰਾਏ ਦਾਦੂ, ਚੱਕ ਔਲ, ਚੱਕ ਡੋਗਰਾਂ ਦੀਆਂ ਛੰਨਾ, ਤੇੜਾਂ ਰਾਜਪੂਤਾਂ, ਡੱਲਾ ਰਾਜਪੂਤਾਂ ਆਦਿ ਪਿੰਡਾਂ ਦਾ ਦੌਰਾ ਕਰਦੇ ਹੋਏ ਡਿਆਲ ਭੱਟੀ ਵਿੱਚ ਹੜ੍ਹ ਪੀੜਤਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਮੀਟਿੰਗ ਜਿਹੜੀ 7 ਅਕਤੂਬਰ ਨੂੰ ਕਿਸਾਨ ਭਵਨ ਵਿਖੇ ਕੀਤੀ ਗਈ ਹੈ ਉਸ ਵਿੱਚ ਫੈਸਲਾ ਕੀਤਾ ਗਿਆ ਕਿ ਇਹ ਜਿਹੜੇ ਹੜ੍ਹ ਆਏ ਨੇ ਇਹ ਕੁਦਰਤੀ ਕਰੋਪੀ ਨਹੀਂ ਸਗੋਂ ਮਨੁੱਖੀ ਲਾਪਰਵਾਹੀ ਜਿਸ ਦੀ ਜ਼ਿੰਮੇਵਾਰ ਪੰਜਾਬ ਤੇ ਕੇਂਦਰ ਸਰਕਾਰਾਂ ਅਤੇ ਭਾਖੜਾ ਬਿਆਸ ਮੈਨੇਜਮੈਂਟ ਮੁੱਖ ਰੂਪ ਵਿੱਚ ਜ਼ਿਮੇਂਦਾਰ ਹਨ।
ਜਿਸ ਲਈ ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਇਸ ਦੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਹੇਠ ਜੁਡੀਸ਼ਲ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਮੋਰਚੇ ਨੇ ਇਹ ਵੀ ਮੰਗ ਕੀਤੀ ਹੈ ਕਿ ਭਵਿੱਖ ਵਿਚ ਹੜ੍ਹਾਂ ਦੀ ਪੱਕੀ ਰੋਕਥਾਮ ਕਰਨ ਲਈ ਦਰਿਆਵਾਂ ਦਾ ਨਹਿਰੀ ਕਰਨ ਕੀਤਾ ਜਾਵੇ। ਐੱਸਕੇਐੱਮ ਵੱਲੋਂ ਇਸ ਗੱਲ ’ਤੇ ਖਾਸ ਜ਼ੋਰ ਦਿੱਤਾ ਕਿ ਫਸਲਾਂ ਦਾ ਖ਼ਰਾਬਾ ਕਾਸ਼ਤਕਾਰਾਂ ਨੂੰ ਹੀ ਦਿੱਤਾ ਜਾਵੇ ਜਿਸ ਦੀ ਸ਼ਨਾਖਤ ਆਸੇ ਪਾਸੇ ਤੋਂ ਕੀਤੀ ਜਾ ਸਕਦੀ ਹੈ। ਮੋਰਚੇ ਨੇ ਇਹ ਵੀ ਉਚੇਚਾ ਫੈਸਲਾ ਕੀਤਾ ਕਿ ਹੜ੍ਹ ਪੀੜਿਤ ਪਿੰਡਾਂ ਦੇ ਖੇਤ ਮਜ਼ਦੂਰਾਂ ਨੂੰ ਇੱਕ ਏਕੜ ਖ਼ਰਾਬੇ ਪਿੱਛੇ 10 ਹਜ਼ਾਰ ਰੁਪਏ ਦਿੱਤੇ ਜਾਣ ਅਤੇ ਪਿੰਡਾਂ ਦੇ ਹੜ੍ਹ ਪੀੜਤਾਂ ਗਰੀਬ ਪਰਿਵਾਰਾਂ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ 1 ਲੱਖ ਰੁਪਏ ਪ੍ਰਤੀ ਪਰਿਵਾਰਾਂ ਨੂੰ ਅੰਤਿ੍ਮ ਰਾਹਤ ਵਜੋਂ ਦਿੱਤੇ ਜਾਣ।
ਐੱਸਕੇਐੱਮ ਨੇ ਜਿਹੜੀ ਰਾਹਤ ਪੰਜਾਬ ਤੇ ਕੇਂਦਰ ਸਰਕਾਰ ਨੇ ਐਲਾਨੀ ਹੈ ਉਸ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਉਠ ਦੇ ਮੂੰਹ ਵਿੱਚ ਜ਼ੀਰਾ ਦੇਣ ਵਾਲੀ ਗੱਲ ਹੈ। ਮੋਰਚੇ ਨੇ ਮੰਗ ਦੁਹਰਾਈ ਕਿ ਫਸਲਾਂ ਦੇ ਖ਼ਰਾਬਾ ਲਈ 70 ਹਜ਼ਾਰ ਰੁਪਏ ਪ੍ਰਤੀ ਏਕੜ ਕਾਸ਼ਤਕਾਰਾਂ ਨੂੰ ਦਿੱਤੇ ਜਾਣ, ਮਰ ਗਈਆਂ ਗਾਵਾਂ ਮੱਝਾਂ ਦਾ ਮੁਆਵਜ਼ਾ 1 ਲੱਖ ਰੁਪਏ ਪ੍ਰਤੀ ਪਸ਼ੂ ਭੇਡ ਬੱਕਰੀ ਵਗੈਰਾ ਛੋਟੇ ਪਸ਼ੂਆਂ ਲਈ 20 ਹਜ਼ਾਰ ਰੁਪਏ ਦਿੱਤੇ ਜਾਣ। ਇਸ ਤਰ੍ਹਾਂ ਹੜ੍ਹਾਂ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਡਾ. ਸਤਨਾਮ ਸਿੰਘ ਅਜਨਾਲਾ ਨੇ ਅੱਗੇ ਦੱਸਿਆ ਕਿ ਮੋਰਚੇ ਨੇ ਪੁਰਜ਼ੋਰ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੜ੍ਹਾਂ ਨੂੰ ਕੌਮੀ ਆਫ਼ਤ ਮੰਨਕੇ, ਹੋਏ ਨੁਕਸਾਨ ਅਤੇ ਮੁੜ ਵਸੇਬੇ ਲਈ ਅਤੇ ਢਹਿ ਗਏ ਬੁਨਿਆਦੀ ਢਾਂਚੇ ਦੀ ਮੁੜ ਉਸਾਰੀ ਲਈ 25 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਵਿੱਤੀ ਪੈਕੇਜ ਦਿੱਤਾ ਜਾਵੇ। ਅਜਿਹੀਆਂ ਬੁਨਿਆਦੀ ਮੰਗਾਂ ਪੂਰੀਆਂ ਕਰਵਾਉਣ ਲਈ ਐੱਸਕੇਐੱਮ ਵੱਲੋਂ ਸੰਘਰਸ਼ ਦੇ ਪਹਿਲੇ ਪੜਾਅ ਵਿੱਚ ਡਿਪਟੀ ਕਮਿਸ਼ਨਰ ਸਾਹਮਣੇ ਧਰਨੇ ਦਿੱਤੇ ਜਾ ਰਹੇ ਹਨ। ਐੱਸਕੇਐੱਮ ਚੇ ਸ਼ਾਮਿਲ ਕਿਸਾਨ ਜੱਥੇਬੰਦੀਆਂ ਵੱਲੋਂ 10 ਅਕਤੂਬਰ ਨੂੰ ਡੀਸੀ ਅੰਮ੍ਰਿਤਸਰ ਦੇ ਦਫਤਰ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਧਰਨਾ ਤੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਪੰਚ ਹਰਦਿਆਲ ਸਿੰਘ ਡਿਆਲ ਭੱਟੀ, ਪ੍ਰੋ. ਮਾਲਕ ਸਿੰਘ ਗੁਰਾਲਾ, ਬੀਬੀ ਅਜੀਤ ਕੌਰ ਤੇ ਸੂਰਤ ਸਿੰਘ ਕੋਟ ਰਜ਼ਾਦਾ, ਬਲਵਿੰਦਰ ਸਿੰਘ ਡਿਆਲ ਭੱਟੀ, ਹਰਨੇਕ ਸਿੰਘ ਨੇਪਾਲ, ਗਾਇਕ ਗੁਰਪਾਲ ਗਿੱਲ ਸੈਦਪੁਰ, ਕੁਲਬੀਰ ਸਿੰਘ ਤੇੜਾਂ ਰਾਜਪੂਤਾਂ, ਬਾਬਾ ਸੁਖਦੇਵ ਸਿੰਘ ਤੇ ਸੁਖਵਿੰਦਰ ਸਿੰਘ ਡਿਆਲ ਭੱਟੀ ਆਦਿ ਹੜ੍ਹ ਪੀੜਤ ਸ਼ਾਮਿਲ ਸਨ।