Now Reading
ਇਜ਼ਰਾਈਲ-ਅਮਰੀਕਾ ਜੰਗਬਾਜ਼ ਜੁੰਡਲੀ ਵਲੋਂ ਕੀਤੀ ਜਾ ਰਹੀ ਫ਼ਲਸਤੀਨੀਆਂ ਦੀ ਨਸ਼ਲਕੁਸ਼ੀ ਤੇ ਉਜਾੜੇ ਦਾ ਕੀਤਾ ਡੱਟਵਾਂ ਵਿਰੋਧ

ਇਜ਼ਰਾਈਲ-ਅਮਰੀਕਾ ਜੰਗਬਾਜ਼ ਜੁੰਡਲੀ ਵਲੋਂ ਕੀਤੀ ਜਾ ਰਹੀ ਫ਼ਲਸਤੀਨੀਆਂ ਦੀ ਨਸ਼ਲਕੁਸ਼ੀ ਤੇ ਉਜਾੜੇ ਦਾ ਕੀਤਾ ਡੱਟਵਾਂ ਵਿਰੋਧ


ਬਰਨਾਲਾ: ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਇੱਥੋਂ ਦੇ ਸ਼ਕਤੀ ਕਲਾ ਮੰਦਰ ਵਿਖੇ ਸਰਵ ਸਾਥੀ ਖੁਸ਼ੀਆ ਸਿੰਘ, ਪ੍ਰੋ ਜੈਪਾਲ ਸਿੰਘ, ਅਵਤਾਰ ਸਿੰਘ ਤਾਰੀ, ਗੋਬਿੰਦ ਸਿੰਘ ਛਾਜਲੀ, ਜਗਜੀਤ ਸਿੰਘ ਲਹਿਰਾ, ਹਰਮੇਲ ਸਿੰਘ ਮਹਿਰੋਕ ਦੀ ਪ੍ਰਧਾਨਗੀ ਹੇਠ ਮਾਲਵਾ ਜ਼ੋਨ ਦੀ ਪ੍ਰਭਾਵਸ਼ਾਲੀ ਕਨਵੈਨਸ਼ਨ ਸੱਦੀ ਗਈ। ਮੰਚ ਸੰਚਾਲਕ ਦੇ ਫਰਜ ਸਾਥੀ ਨਾਰਾਇਣ ਦੱਤ ਵਲੋਂ ਬਾਖੂਬੀ ਨਿਭਾਏ ਗਏ। ਕਨਵੈਨਸ਼ਨ ਦੇ ਮਨੋਰਥ ਨੂੰ ਦਰਸਾਉਂਦੇ ਮਤੇ ਸਾਥੀ ਮਹੀਪਾਲ ਨੇ ਰੱਖੇ ਜੋ ਹਾਜ਼ਰ ਪ੍ਰਤੀਨਿਧਾਂ ਵਲੋਂ ਆਕਾਸ਼ ਗੂੰਜਾਊ ਨਾਹਰੇ ਬੁਲੰਦ ਕਰਦੇ ਹੋਏ ਸਰਵ ਸੰਮਤੀ ਨਾਲ ਪ੍ਰਵਾਨ ਕੀਤੇ ਗਏ।
ਮੁੱਖ ਬੁਲਾਰਿਆਂ ਆਰਐਮਪੀਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀਪੀਆਈ ਦੀ ਕੌਮੀ ਕੌਂਸਲ ਦੇ ਮੈਂਬਰ ਸਾਥੀ ਨਿਰਮਲ ਸਿੰਘ ਧਾਲੀਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਸਾਥੀ ਕੰਵਲਜੀਤ ਖੰਨਾ, ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਸੁਖਦਰਸ਼ਨ ਸਿੰਘ ਨੱਤ, ਸੀਪੀਆਈ (ਐਮਐਲ) ਨਿਊ ਡੈਮੋਕ੍ਰੇਸੀ ਦੇ ਸੂਬਾਈ ਆਗੂ ਸਾਥੀ ਕੁਲਵਿੰਦਰ ਸਿੰਘ ਵੜੈਚ, ਐਮਸੀਪੀਆਈ-ਯੂ ਦੀ ਪੋਲਿਟ ਬਿਊਰੋ ਦੇ ਮੈਂਬਰ ਸਾਥੀ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਇਜ਼ਰਾਈਲ-ਅਮਰੀਕਾ ਤੇ ਪੱਛਮ ਦੇ ਅਮੀਰ ਦੇਸ਼ਾਂ ਦੀ ਜੰਗਬਾਜ਼ ਜੁੰਡਲੀ ਸੰਸਾਰ ਭਰ ਦੇ ਅਮਨ ਪਸੰਦ ਤੇ ਨਿਆਂ ਪ੍ਰੇਮੀ ਲੋਕਾਂ ਦੇ ਜਬਰਦਸਤ ਵਿਰੋਧ ਦੇ ਬਾਵਜੂਦ ਫ਼ਲਸਤੀਨੀਆਂ ਦਾ ਨਸਲਘਾਤ ਜਰੀ ਰੱਖ ਰਹੀ ਹੈ। ਇਹ ਜੁੰਡਲੀ ਸਮੁੱਚੇ ਮਾਨਵੀ ਅਧਿਕਾਰਾਂ ਤੇ ਅਮਨ ਚਾਰਟਰ ਦੀ ਸਰਾਸਰ ਉਲੰਘਣਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹਜ਼ਾਰਾਂ ਫ਼ਲਸਤੀਨ ਪ੍ਰੀਵਾਰ ਮਾਰ ਮੁਕਾਏ ਗਏ ਹਨ। ਮਰਨ ਵਾਲਿਆਂ ‘ਚ ਦੋ-ਤਿਹਾਈ ਤੋਂ ਵੱਧ ਗਿਣਤੀ ਬੱਚਿਆਂ ਔਰਤਾਂ ਤੇ ਬਜ਼ੁਰਗਾਂ ਦੀ ਹੈ। ਦੁਨੀਆਂ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਗਾਜ਼ਾ ਸ਼ਹਿਰ ਤੇ ਪੱਛਮੀ ਕਿਨਾਰੇ ਦਾ ਵੱਡਾ ਹਿੱਸਾ ਤਬਾਹ ਕਰ ਦਿੱਤਾ ਗਿਆ ਹੈ। ਬਹੁ ਗਿਣਤੀ ਇਮਾਰਤਾਂ ਬੰਬਾਰੀ ਨਾਲ ਮਲਬੇ ਦੇ ਢੇਰ ‘ਚ ਤਬਦੀਲ ਕਰ ਦਿੱਤੀਆਂ ਗਈਆਂ ਹਨ। ਸਕੂਲ, ਹਸਪਤਾਲ, ਪਨਾਹਗਾਹਾਂ ਮਿੱਟੀ ‘ਚ ਮਿਲਾ ਦਿੱਤੇ ਗਏ ਹਨ। ਵਿਸ਼ਵ ਭਰ ਦੇ ਮਾਨਵ ਹਿਤੈਸ਼ੀਆਂ ਵਲੋਂ ਇਮਾਰਤਾਂ ਦੇ ਮਲਬੇ ਹੇਠ ਲੱਖਾਂ ਲੋਕਾਂ ਦੀਆਂ ਲਾਸ਼ਾਂ ਦੱਬੀਆਂ ਹੋਣ ਦੇ ਸ਼ੰਕੇ ਪ੍ਰਗਟਾਏ ਜਾ ਰਹੇ ਹਨ। ਸਫ਼ਾਈ ਕਾਰਜਾਂ ਚੋਂ ਵੀ ਕਾਰਪੋਰੇਟ ਕੰਪਨੀਆਂ, ਜਿਨਾਂ ਚੋਂ ਵਧੇਰੇ ਅਮਰੀਕਾ ਦੀਆਂ ਹਨ, ਵੱਡੇ ਮੁਨਾਫ਼ੇ ਕਮਾ ਰਹੀਆਂ ਹਨ। ਇਜਰਾਈਲ ਨੂੰ ਹਥਿਆਰ ਤੇ ਜੰਗੀ ਸਾਜੋ-ਸਮਾਨ ਵੇਚਣ ਵਾਲੀਆਂ ਜ਼ਿਆਦਾਤਰ ਕੰਪਨੀਆਂ ਵੀ ਅਮਰੀਕਾ ਦੀਆਂ ਹੀ ਹਨ। ਫ਼ਲਸਤੀਨੀ ਲੋਕ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਅਤੇ ਭੁੱਖੇ-ਤਿਹਾਏ ਤੜਫ਼-ਤੜਫ਼ ਕੇ ਮਰ ਰਹੇ ਹਨ। ਲੱਖਾਂ ਫਲੀਸਤੀਨੀ ਬਾਸ਼ਿੰਦੇ ਆਪਣੀ ਮਾਤ ਭੂਮੀ ਤੋਂ ਖਦੇੜ ਦਿੱਤੇ ਗਏ ਹਨ। ਸਿਰਫ਼ ਮੁਨਾਫ਼ੇ ਨੂੰ ਮੁੱਖ ਰੱਖਣ ਵਾਲੇ ਸੰਸਾਰ ਪੂੰਜੀਵਾਦੀ ਪ੍ਰਬੰਧ ਦੇ ਚਾਲਕਾਂ ਨੇ ਆਵਾਜਾਈ ਦੇ ਸਾਧਨ ਬੇਹੱਦ ਮਹਿੰਗੇ ਕਰ ਦਿੱਤੇ ਹਨ।
ਬੁਲਾਰਿਆਂ ਨੇ, ਸੱਜ ਪਿਛਾਖੜੀ ਫਿਰਕੂ-ਫਾਸ਼ੀ ਸੰਗਠਨ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਤੋਂ ਵਿਚਾਰਧਾਰਕ ਸੇਧ ਲੈਂਦੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਭਾਰਤ ਦੀ ਦਹਾਕਿਆਂ ਪੁਰਾਣੀ ਵਿਦੇਸ਼ ਨੀਤੀ ਨੂੰ ਦਰਕਿਨਾਰ ਕਰਕੇ ਇਜ਼ਰਾਇਲ ਦੀ ਨੰਗੀ-ਚਿੱਟੀ ਹਿਮਾਇਤ ਕਰਨ ਦੇ ਤਬਾਹਕੁੰਨ ਨੀਤੀ-ਪੈਂਤੜੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਉਨ੍ਹਾਂ ਭਾਰਤੀ ਲੋਕਾਂ, ਖਾਸ ਕਰਕੇ ਕਿਰਤੀ-ਕਿਸਾਨਾਂ ਤੇ ਮਿਹਨਤੀ ਤਬਕਿਆਂ ਨੂੰ ਫਲਸਤੀਨੀਆਂ ਦੇ ਹੱਕ ‘ਚ ਤੇ ਜੰਗਬਾਜ਼ ਜੁੰਡਲੀ ਖਿਲਾਫ ਲੜੇ ਜਾ ਰਹੇ ਵਿਸ਼ਵੀ ਲੋਕ ਯੁੱਧ ਨੂੰ ਭਾਰਤ ਅੰਦਰ ਹੋਰ ਤਕੜਾ ਕਰਨ ਲਈ ਬੱਝਵੇਂ, ਸਰਵ ਪੱਖੀ ਯਤਨ ਕਰਨ ਦੀ ਅਪੀਲ ਕੀਤੀ ਹੈ।
ਕਨਵੈਨਸ਼ਨ ਵਲੋਂ ਇਜ਼ਰਾਈਲੀ ਫ਼ੌਜਾਂ ਨੂੰ ਫਲਸਤੀਨ ਚੋਂ ਤੁਰੰਤ ਵਾਪਸ ਜਾਣ, ਫਲਸਤੀਨ ਨੂੰ ਆਜ਼ਾਦ ਦੇਸ਼ ਤੲਲੀਮ ਕੀਤੇ ਜਾਣ, ਇਜ਼ਰਾਈਲ ਵੱਲੋਂ ਫਲਸਤੀਨ ਤੇ ਲਾਈਆਂ ਸਾਰੀਆਂ ਪਾਬੰਦੀਆਂ ਮਨਸੂਖ ਕੀਤੇ ਜਾਣ, ਫ਼ਲਸਤੀਨੀਆਂ ਨੂੰ ਖਾਧ-ਖੁਰਾਕ ਤੇ ਹੋਰ ਰਾਹਤ ਸਮੱਗਰੀ ਪੁਚਾਏ ਜਾਣ ‘ਚ ਅੜਿੱਕੇ ਡਾਹੁਣੇ ਬੰਦ ਕੀਤੇ ਜਾਣ, ਯੂ ਐਨ ਓ ਵਿਚ ਜੰਗਬੰਦੀ ਦੇ ਮਤਿਆਂ ਨੂੰ ਵੀਟੋ ਕਰਨਾ ਬੰਦ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਮੰਗ ਕੀਤੀ ਗਈ ਹੈ ਕੀ ਦੇਸ਼ ਦੇ ਕਬਾਇਲੀਆਂ, ਮਾਉਵਾਦੀਆਂ ਤੇ ਨਕਸਲਾਈਟਾਂ ਦੇ ਝੂਠੇ ਪੁਲਸ ਮੁਕਾਬਲੇ ਬੰਦ ਕੀਤੇ ਜਾਣ ਅਤੇ ਕਾਰਪੋਰੇਟ ਘਰਾਣਿਆਂ ਨੂੰ ਜਲ, ਜੰਗਲ, ਜ਼ਮੀਨ ਲੁੱਟੇ ਜਾਣ ਦੀ ਖੁੱਲ੍ਹ ਦੇਣੀ ਬੰਦ ਕੀਤੀ ਜਾਵੇ।
ਨਾਲ ਹੀ ਹੜ੍ਹ ਤੇ ਬਾਰਿਸ਼ਾਂ ਨਾਲ ਹੋਏ ਪੰਜਾਬ ਦੇ ਲੋਕਾਂ ਦੇ ਜਾਨੀ-ਮਾਲੀ, ਫਸਲਾਂ, ਘਰਾਂ ਤੇ ਹਰ ਕਿਸਮ ਦੇ ਹੋਰ ਨੁਕਸਾਨ ਦੀ ਫੌਰੀ ਪੂਰਤੀ ਕਰਨ ਦੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਮੁਆਵਜ਼ਾ ਦੇਣ ਵੇਲੇ ਬੇਜ਼ਮੀਨੇ-ਸਾਧਨਹੀਣ ਮਜ਼ਦੂਰਾਂ ਦੇ ਹਿਤਾਂ ਨੂੰ ਪਹਿਲ ਦਿੱਤੀ ਜਾਵੇ। ਭਵਿੱਖ ‘ਚ ਦਰਿਆਵਾਂ ਦੇ ਪਾਣੀ ਤੋਂ ਹੋਣ ਵਾਲਾ ਨੁਕਸਾਨ ਰੋਕਣ ਲਈ ਦੋਵੇਂ ਪਾਸੇ ਮਜ਼ਬੂਤ ਬੰਨ ਉਸਾਰੇ ਜਾਣ। ਲਦਾਖ਼ ਨੂੰ ਪੂਰਨ ਰਾਜ ਦਾ ਦਰਜਾ ਦੇਣ ਅਤੇ ਸੋਨਮ ਵਾਂਗਚੁੱਕ ਦੀ ਤੁਰੰਤ ਰਿਹਾ ਕਰਨ ਦੀ ਵੀ ਮੰਗ ਕੀਤੀ ਗਈ। ਬਿਹਾਰ ਤੋਂ ਬਾਅਦ ਪੰਜਾਬ ਸਮੇਤ ਸਾਰੇ ਦੇਸ਼ ‘ਚ ਐਸ ਆਈ ਆਰ (ਸਪੈਸ਼ਲ ਵੋਟ ਸੋਧ) ਲਾਗੂ ਕਰਨ ਦੀ ਮੁਹਿੰਮ ਬੰਦ ਕਰਨ ਦੀ ਮੰਗ ਕੀਤੀ ਗਈ।
ਕਨਵੈਨਸ਼ਨ ਦੀ ਸਮਾਪਤੀ ਤੇ ਸ਼ਹੀਦ ਭਗਤ ਸਿੰਘ ਚੌਂਕ ਤੱਕ ਫ਼ਲਸਤੀਨੀਆਂ ਨਾਲ ਇੱਕਮੁੱਠਤਾ ਜ਼ਾਹਰ ਕਰਦਾ ਜੋਸ਼ ਭਰਪੂਰ ਮਾਰਚ ਵੀ ਕੀਤਾ ਗਿਆ।

Scroll To Top