
ਗੁਰਦਾਸਪੁਰ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਹੜ/ਬਾਰਸ਼ ਪੀੜਤਾਂ ਨੂੰ ਰਾਹਤ ਦਿਵਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵੱਖ-ਵੱਖ ਪਿੰਡਾਂ ਬਾਹਮਣੀ, ਚੰਡੀਗੜ੍ਹ, ਮਕੌੜਾ, ਨਵਾਂ ਟਾਂਡਾ, ਝਬੱਕਰਾ, ਯੱਗੋ ਚੱਕ ਟਾਂਡਾ, ਫਰੀਦਪੁਰ, ਚਿੱਟੀ, ਬਾਊਪੁਰ ਜੱਟਾਂ, ਗਾਹਲੜੀ ਆਦਿ ਥਾਵਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੋਟਰਸਾਈਕਲ ਮਾਰਚ ਕਰਕੇ ਮੰਗ ਕੀਤੀ ਕਿ ਹੜਾ/ਬਾਰਸ਼ਾਂ ਕਾਰਨ ਹੋਏ ਭਾਰੀ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਵੱਖ ਵੱਖ ਪਿੰਡਾਂ ਅੰਦਰ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਵਿੱਤ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਬਟਾਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਮੇਜ਼ਰ ਸਿੰਘ ਕੋਟ ਟੋਡਰ ਮੱਲ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਸਕੱਤਰ ਵਿਜੇ ਸੋਹਲ ਨੇ ਕਿਹਾ ਕਿ ਆਗੂਆਂ ਨੇ ਕਿਹਾ ਕਿ ਹੜ੍ਹਾਂ ਦੀ ਸਿੱਧੀ ਮਾਰ ਹੇਠ ਆਏ ਲੋਕਾਂ ਦਾ ਜਿੱਥੇ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਉੱਥੇ ਮਜ਼ਦੂਰ ਵਰਗ ਦੇ ਲੋਕਾਂ ਦੇ ਪੂਰੇ ਪੰਜਾਬ ਅੰਦਰ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ, ਅਜੇ ਤੱਕ ਪੰਜਾਬ ਸਰਕਾਰ ਨੇ ਸਿਵਾਏ ਨਿਗੁਣੇ ਐਲਾਨ ਤੋਂ ਬਿਨਾਂ ਕੁਝ ਨਹੀਂ ਦਿੱਤਾ, ਜੋ ਮੁਆਵਜ਼ਾ ਰਾਸ਼ੀ ਐਲਾਨੀ ਹੈ, ਨੁਕਸਾਨ ਦੇ ਮੱਦੇਨਜ਼ਰ ਬਹੁਤ ਊਣੀ ਹੈ। ਅਜੇ ਤੱਕ ਕੋਈ ਅਧਿਕਾਰੀ ਮਜ਼ਦੂਰ ਘਰਾਂ ਦੇ ਸਰਵੇ ਕਰਨ ਨਹੀਂ ਆਇਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੂਬਾ ਸਰਕਾਰ ਕਿੰਨੀ ਕੁਝ ਸੰਜੀਦਾ ਹੈ? ਉਨ੍ਹਾਂ ਕਿਹਾ ਕਿ 2023 ਦੇ ਹੜ੍ਹਾਂ ਵੇਲੇ ਵੀ ਸਿਰਫ਼ ਐਲਾਨ ਹੀ ਰਹਿ ਗਏ ਸਨ ਲੋਕਾਂ ਨੂੰ ਮੁਆਵਜ਼ਾ ਨਹੀਂ ਸੀ ਮਿਲਿਆ।
ਮੋਟਰਸਾਈਕਲ ਮਾਰਚ ਵਿਚ ਮੰਗ ਕੀਤੀ ਗਈ ਕਿ ਹੜ੍ਹਾਂ/ਬਾਰਸ਼ਾਂ ਨਾਲ ਢਹਿ ਗਏ ਘਰਾਂ ਨੂੰ ਮੁੜ ਉਸਾਰਨ ਲਈ 15 ਲੱਖ ਰੁਪਏ, ਬਾਲੇ ਗਾਡਰਾਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਰੁਪਏ, ਹੜਾਂ ਚ ਜਾਨਾਂ ਗੁਆਉਣ ਵਾਲੇ ਪੀੜਤਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 25 ਲੱਖ ਰੁਪਏ ਅਤੇ ਮਜ਼ਦੂਰਾਂ ਦੀਆਂ ਟੁੱਟੀਆਂ ਦਿਹਾੜੀਆਂ ਦੀ ਭਰਪਾਈ ਲਈ ਪ੍ਰਤੀ ਪਰਿਵਾਰ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਸਿਆਸੀ ਲੀਡਰਸ਼ਿਪ ਅਤੇ ਅਫ਼ਸਰਸ਼ਾਹੀ ਦੀ ਲਾਪਰਵਾਹੀ ਕਰਕੇ ਆਏ ਹੜਾਂ ਦੇ ਦੋਸ਼ੀਆਂ ਪਛਾਣ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਮਜ਼ਦੂਰਾਂ ਦੇ ਸਹਿਕਾਰੀ ਅਤੇ ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਸਾਰੇ ਕਰਜ਼ਿਆਂ ਨੂੰ ਮਾਫ਼ ਕੀਤੇ ਜਾਣ।
ਉਪਰੋਕਤ ਆਗੂਆਂ ਤੋਂ ਬਿਨਾਂ ਸੁਖਵੰਤ ਸਿੰਘ ਸੰਦਲਪੁਰ, ਦਲਬੀਰ ਭੋਲਾ, ਬਾਬਾ ਬਲਬੀਰ ਸਿੰਘ ਲੀਲ ਕਲਾਂ, ਜਸਵਿੰਦਰ ਸਿੰਘ ਛਿੱਤ, ਗੋਬਿੰਦ ਪੂਰੋਵਾਲ, ਰਾਮ ਮੂਰਤੀ ਪੰਡੋਰੀ, ਬੂਟਾ ਮਸੀਹ ਕੋਟਲੀ ਫੱਸੀ, ਰੂਪ ਲਾਲ ਮੁਸਤਫ਼ਾਬਾਦ ਸੈਦਾਂ, ਨਿਸ਼ਾਨ ਉਧੋਵਾਲ, ਰਣਜੀਤ ਸਿੰਘ ਸੋਹਲ, ਗੁਰਨਾਮ ਸਿੰਘ ਬਟਾਲਾ, ਰਾਜੂ ਕੰਗ, ਸੁਖਵੰਤ ਸਿੰਘ ਹਜ਼ਾਰਾ ਜਾਪੂਵਾਲ, ਹਰਜਿੰਦਰ ਸਿੰਘ ਸਰਕਈਆ, ਰਣਜੀਤ ਸਿੰਘ ਕੋਟ ਟੋਡਰ ਮੱਲ ਆਦਿ ਹਾਜ਼ਰ ਸਨ।