Now Reading
ਪੁਲੀਸ ਵਧੀਕੀਆਂ ਖ਼ਿਲਾਫ਼ ਪੁਲਿਸ ਚੌਂਕੀ ਅੱਗੇ ਧਰਨਾ ਆਰੰਭ

ਪੁਲੀਸ ਵਧੀਕੀਆਂ ਖ਼ਿਲਾਫ਼ ਪੁਲਿਸ ਚੌਂਕੀ ਅੱਗੇ ਧਰਨਾ ਆਰੰਭ


ਰਈਆ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ( ਆਰਐੱਮਪੀਆਈ) ਦੇ ਸੈਂਕੜੇ ਵਰਕਰਾਂ ਵੱਲੋਂ ਪੁਲਿਸ ਚੌਂਕੀ ਰਈਆ ਸਾਹਮਣੇ ਅਣਮਿਥੇ ਸਮੇਂ ਦਾ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ। ਰੋਸ ਧਰਨੇ ਦੀ ਅਗਵਾਈ ਗੁਰਮੇਜ ਸਿੰਘ ਤਿੰਮੋਵਾਲ, ਗੁਰਨਾਮ ਸਿੰਘ ਭਿੰਡਰ ਆਦਿ ਆਗੂਆਂ ਨੇ ਕੀਤੀ।
ਰੋਸ ਧਰਨੇ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਕੇਂਦਰੀ ਅਤੇ ਸੂਬਾਈ ਕਮੇਟੀ ਆਗੂਆਂ ਸਰਵ ਸਾਥੀ ਗੁਰਨਾਮ ਸਿੰਘ ਦਾਊਦ, ਅਮਰੀਕ ਸਿੰਘ ਦਾਊਦ ਨੇ ਦੱਸਿਆ ਕਿ ਬੀਤੀ 23 ਜੂਨ ਨੂੰ ਇਲਾਕੇ ਦੇ ਪਿੰਡ ਟੌਗ ਜੋ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਦਾ ਪਿੰਡ ਹੈ, ਵਿਖੇ ਨਰਿੰਦਰ ਕੌਰ ਅਤੇ ਪਰਮਜੀਤ ਕੌਰ ਨਾਂ ਦੀਆਂ ਦੋ ਮਜ਼ਦੂਰ ਔਰਤਾਂ ਨੂੰ ਪਿੰਡ ਦੇ ਵਾਸੀ ਅਤੇ ਉਸ ਦੀ ਮਾਤਾ ਵੱਲੋਂ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ। ਜਿਸ ਨਾਲ ਦੋਹਾਂ ਔਰਤਾਂ ਦੀਆਂ ਬਾਹਾਂ ਟੁੱਟ ਗਈਆਂ ਪਰ 23 ਦਿਨ ਬੀਤਣ ਤੋਂ ਬਾਅਦ ਪਾਰਟੀ ਵੱਲੋਂ ਸਿਵਲ ਹਸਪਤਾਲ ਬਾਬਾ ਬਕਾਲਾ ਤੋਂ ਪੀੜਤਾਂ ਨੂੰ ਡਾਕਟਰੀ ਨਤੀਜੇ ਲੈ ਕੇ ਦਿੱਤੇ। ਇਸ ਸਬੰਧੀ ਪੁਲੀਸ ਵੱਲੋਂ ਪੀੜਤਾਂ ਨੂੰ ਇਨਸਾਫ ਦੇਣ ਦੀ ਥਾਂ ਉਲਟਾ ਉਹਨਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਖਿਲਾਫ ਸੰਗੀਨ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਦਿੱਤਾ।
ਇਸ ਸਬੰਧੀ ਵਾਰ ਵਾਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਰਿਹਾ ਪਰ ਕਿਸੇ ਵੀ ਪੁਲਿਸ ਅਧਿਕਾਰੀ ਨਹੀਂ ਗੰਭੀਰਤਾ ਵਿਖਾਉਂਦਿਆਂ ਪੀੜਤਾਂ ਨੂੰ ਇਨਸਾਫ ਨਹੀਂ ਦਿੱਤਾ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਜਿਸ ਦੀ ਜਿੰਮੇਵਾਰੀ ਹਲਕੇ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਤੱਕ ਪਹੁੰਚਾਉਣਾ ਹੁੰਦਾ ਹੈ ਉਹ ਆਪਣੀ ਅਸਲ ਡਿਊਟੀ ਕਰਨ ਦੀ ਥਾਂ ਆਪਣੇ ਜੱਦੀ ਪਿੰਡ ਵਿੱਚ ਝਗੜੇ ਕਰਵਾ ਕੇ ਲੋਕਾਂ ਉੱਪਰ ਨਜਾਇਜ਼ ਪਰਚੇ ਦਰਜ ਕਰਵਾ ਰਿਹਾ ਹੈ।
ਰੋਸ ਧਰਨੇ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਧਰਨੇ ਵਿੱਚ ਪਹੁੰਚ ਕੇ ਮਸਲਾ ਨਾ ਹੱਲ ਹੋਣ ਦੀ ਸੂਰਤ ਵਿੱਚ ਵੱਡੇ ਕਾਫਲੇ ਲੈ ਕੇ ਆਉਣ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਇਨਸਾਫ ਮਿਲਣ ਤੱਕ ਰੋਸ ਧਰਨਾ ਜਾਰੀ ਰੱਖਿਆ ਜਾਵੇਗਾ।

Scroll To Top