Now Reading
ਅਜਨਾਲਾ ਵਿਖੇ ਪੁਤਲਾ ਫੂਕ ਕੇ ਰੋਹ ਪ੍ਰਗਟਾਇਆ

ਅਜਨਾਲਾ ਵਿਖੇ ਪੁਤਲਾ ਫੂਕ ਕੇ ਰੋਹ ਪ੍ਰਗਟਾਇਆ


ਅਜਨਾਲਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂਆਂ ਅਤੇ ਕਾਰਕੁਨਾਂ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀਆਂ ਮੰਗਾਂ ਦੇ ਹੱਕ ਵਿੱਚ ਅੱਜ ਇਥੇ ਜ਼ੋਰਦਾਰ ਅਵਾਜ਼ ਉਠਾਉਂਦਿਆਂ ਭਗਵੰਤ ਮਾਨ ਸਰਕਾਰ ਵਿਰੁੱਧ ਨਾਅਰੇ ਮਾਰਦਿਆਂ ਮੰਗ ਕੀਤੀ ਕਿ ਜਦੋਂ ਭਗਵੰਤ ਮਾਨ ਨੇ 16 ਮਾਰਚ 2022 ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਬਤੌਰ ਮੁੱਖ ਮੰਤਰੀ ਸਹੁੰ ਚੁੱਕੀ ਸੀ, ਉਸ ਵੇਲੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਜਲਦ ਹੀ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗੀ ਜੇ ਅਜਿਹਾ ਨਾ ਹੋ ਸਕਿਆ ਤਾਂ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਵੇਗੀ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਇਹ ਸਰਕਾਰ ਚੱਲਦੀ ਨੂੰ ਸਾਢੇ ਤਿੰਨ ਸਾਲ ਬੀਤ ਗਏ ਹਨ ਪ੍ਰੰਤੂ ਸਿਤਮ ਦੀ ਗੱਲ ਹੈ ਕਿ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ ਤਾਂ ਕੀ ਸੀ ਉਲਟਾ ਨੌਜਵਾਨ ਜਦੋਂ ਆਪਣੀ ਮੰਗਾਂ ਦੇ ਹੱਕ ਵਿੱਚ ਮੁਜ਼ਾਹਰਾ ਜਾਂ ਪ੍ਰਦਰਸ਼ਨ ਕਰਦੇ ਹਨ ਤਾਂ ਉਹਨਾਂ ਨੂੰ ਅਜਿਹਾ ਕਰਨ ਤੋਂ ਡਰਾਇਆ ਧਮਕਾਇਆ ਜਾਂਦਾ ਹੈ ਅਤੇ ਨੌਜਵਾਨਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਗੱਲਬਾਤ ਨਹੀਂ ਕਰਦੇ। ਬੜੀ ਹੈਰਾਨੀ ਹੁੰਦੀ ਹੈ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਆਪਣੀ ਮੰਗਾਂ ਦੇ ਹੱਕ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਲੰਬਾ ਮੋਟਰਸਾਈਕਲ ਮਾਰਚ ਕਰਕੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਸਾਹਮਣੇ ਖਟਕੜ ਕਲਾਂ ਵਿਖੇ ਨੌਜਵਾਨਾਂ ਵੱਲੋਂ 28 ਸਤੰਬਰ ਤੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਦਿਨ ਰਾਤ ਦਾ ਧਰਨਾ ਲਗਾਇਆ ਹੋਇਆ ਹੈ ਪ੍ਰੰਤੂ ਸਰਕਾਰ ਵੱਲੋਂ ਅਜੇ ਤੱਕ ਨੌਜਵਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਜੋ ਕਿ ਅਤਿ ਨਿੰਦਣਯੋਗ ਹੈ।
ਇਸ ਸਮੇ ਪਾਰਟੀ ਦੇ ਆਗੂਆਂ ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਭੂਰੇ ਗਿੱਲ, ਤਰਸੇਮ ਸਿੰਘ ਕਾਮਲਪੁਰਾ, ਪ੍ਰੋ. ਮਾਲਕ ਸਿੰਘ ਗੁਰਾਲਾ, ਕਰਨੈਲ ਸਿੰਘ ਭਿੰਡੀ ਸੈਦਾਂ ਨੇ ਵੀ ਪੰਜਾਬ ਸਰਕਾਰ ਦੀ ਘੋਰ ਨਿੰਦਿਆ ਕਰਦਿਆਂ ਮੰਗ ਦੁਹਰਾਈ ਕਿ ਸਰਕਾਰ ਤਰੁੰਤ ਨੌਜਵਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਦੀ ਨਿਪਟਾਰਾ ਕਰੇ।
ਇਸ ਸਮੇਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਜਨਾਲਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ, ਸਭਾ ਦੇ ਸਕੱਤਰ ਸੁੱਚਾ ਸਿੰਘ ਘੋਗਾ ਤੇ ਵਿੱਤ ਸਕੱਤਰ ਗੁਰਪਾਲ ਗਿੱਲ ਸੈਦਪੁਰ, ਜੱਗਪ੍ਰੀਤ ਸਿੰਘ ਜੋਸ਼ ਹੋਣਾ ਨੇ ਵੀ ਕਿਹਾ ਕਿ ਪੰਜਾਬ ਦੇ ਨੌਜਵਾਨ ਸੂਬੇ ਦੀ ਆਰਥਿਕਤਾ ਵਿੱਚ ਵੱਡਾ ਹਿੱਸਾ ਪਾਉਂਦੇ ਹਨ ਪ੍ਰੰਤੂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੀਆਂ ਮੁੱਖ ਮੰਗ ਰੁਜ਼ਗਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਨਹੀਂ ਪਾ ਰਹੀ। ਇਹਨਾਂ ਨੌਜਵਾਨਾਂ ਨੇ ਪ੍ਰੈਸ ਨੂੰ ਦੱਸਿਆ ਕਿ ਅਜਨਾਲਾ ਖੇਤਰ ਵਿੱਚੋਂ 2 ਅਕਤੂਬਰ ਨੂੰ ਖਟਕੜ ਕਲਾਂ ਵਿਖੇ ਧਰਨੇ ਵਿੱਚ ਵੱਡੀ ਗਿਣਤੀ ਵਿਚ ਨੌਜਵਾਨ ਪਹੁੰਚ ਰਹੇ ਹਨ। ਇਸ ਮੌਕੇ ਔਰਤ ਮੁਕਤੀ ਮੋਰਚਾ ਦੀ ਪ੍ਰਧਾਨ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਨੇ ਵੀ ਨੌਜਵਾਨਾਂ ਦੀਆਂ ਮੰਗਾਂ ਦਾ ਭਰਪੂਰ ਸਮਰਥਨ ਕੀਤਾ।

Scroll To Top