ਉਹ ਮਾਂ ਜਿਸਦੇ ਨਸ਼ੇ ਦੀ ਭੇਟ ਚੜੇ ਪੰਜ ਪੁੱਤ


ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲੇ ਦੀ ਬੇਵੱਸ ਮਾਂ ਦੀਆਂ ਹੰਝੂਆਂ ਭਰੀਆਂ ਅਪੀਲਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪੰਜ ਪੁੱਤਰਾਂ ਦੀ ਮਾਂ ਮਨਜੀਤ ਕੌਰ ਨੇ ਆਪਣੇ ਪੰਜ ਪੁੱਤ ਨਸ਼ਿਆਂ ਕਾਰਨ ਗੁਆ ਦਿੱਤੇ ਹਨ। ਇਸ ਪੀੜਤ ਮਾਂ ਦਾ ਦੋਸ਼ ਹੈ ਕਿ ਨਸ਼ਾ ਉਸ ਦੇ ਘਰ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ ‘ਤੇ ਆਸਾਨੀ ਨਾਲ ਮਿਲ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੇ ਮੁਹੱਲੇ ਵਿੱਚ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ, ਜਦਕਿ ਇਸ ਇਲਾਕੇ ਦੀ ਸਾਂਝੀ ਕੰਧ ਸੁਲਤਾਨਪੁਰ ਲੋਧੀ ਥਾਣੇ ਨਾਲ ਲੱਗਦੀ ਹੈ। ਜਿਵੇਂ ਆਖਦੇ ਹਨ ਦੀਵੇ ਥੱਲੇ ਹਨੇਰਾ ਇੱਥੇ ਵੀ ਉਹ ਮੁਹਾਵਰਾ ਪੂਰਾ ਢੁੱਕਦਾ ਹੈ।

ਇਲਾਕੇ ਵਿੱਚ ਫੈਲੇ ਨਸ਼ੇ ਕਾਰਨ ਸਿਰਫ਼ ਮਨਜੀਤ ਕੌਰ ਹੀ ਨਹੀਂ, ਸਗੋਂ ਹੋਰ ਔਰਤਾਂ ਨੇ ਵੀ ਆਪਣੇ ਪੁੱਤ ਗਵਾ ਚੁੱਕੀਆਂ ਹਨ। ਦੁਖੀ ਪਰਿਵਾਰਾਂ ਦਾ ਦਰਦ ਵੰਡਾਉਣ ਵਾਲਾ ਕੋਈ ਨਹੀਂ। ਪੱਤਰਕਾਰਾਂ ਨੂੰ ਵਿਥਿਆ ਸੁਣਾਉਂਦੀ ਹੋਈ ਮਨਜੀਤ ਕੌਰ ਆਪਣੀ ਦਰਦ ਕਹਾਣੀ ਨਾਲ ਮਹੱਲੇ ਦਾ ਦਰਦ ਵੀ ਬਿਆਨ ਕਰਦੀ ਹੈ। ਭਾਵੇਂ ਉਸ ਦਾ ਦਰਦ ਸਾਰੇ ਮਹੱਲੇ ਦੇ ਦਰਦ ਨਾਲੋਂ ਬਹੁਤ ਵੱਡਾ ਪਰ ਉਸ ਨੂੰ ਜਾਪਦਾ ਕਿ ਉਸ ਦੇ ਦਰਦ ਦੀਆਂ ਜੜਾਂ ਮਹੱਲੇ ਚ ਵਿਕਦੇ ਨਸ਼ੇ ਵਿੱਚ ਪਈਆਂ ਹਨ। ਨਸ਼ੇ ਦੀ ਸੰਗਤ ਚ ਪਏ ਮੁੰਡੇ ਨਵੇਂ ਨੌਜਵਾਨਾਂ ਨੂੰ ਬੜੇ ਆਰਾਮ ਨਾਲ ਆਪਣੇ ਵੱਲ ਖਿੱਚ ਰਹੇ ਹਨ। ਇੱਕ ਦੇ ਦੇਖੀ ਦੂਜਾ ਦੂਜੇ ਦੀ ਦੇਖੀ ਤੀਜਾ ਜੁੜਦਾ ਜਾ ਰਿਹਾ ਹੈ।

ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਕਈ ਨੂੰਹਾਂ ਪਿੰਡ ਛੱਡ ਕੇ ਚਲੀਆਂ ਗਈਆਂ ਹਨ। ਬਜ਼ੁਰਗ ਔਰਤਾਂ ਹੁਣ ਆਪਣੇ ਪੋਤੇ-ਪੋਤੀਆਂ ਨੂੰ ਸੰਭਾਲਣ ਲਈ ਮਜਬੂਰ ਹਨ। ਕਈ ਪਰਿਵਾਰਾਂ ਨੇ ਆਪਣੇ ਪੁੱਤਾਂ ਨੂੰ ਨਸ਼ਾ ਛਡਾਉ ਕੇਂਦਰਾਂ ਵਿੱਚ ਵੀ ਭੇਜਿਆ, ਪਰ ਘਰ ਪਰਤਣ ‘ਤੇ ਉਹ ਮੁੜ ਨਸ਼ੇ ਦੀ ਦਲਦਲ ਵਿੱਚ ਫਸ ਗਏ। ਇਸ ਤਰ੍ਹਾਂ ਉਹ ਦੋ ਤਰਫੋਂ ਲੁੱਟੇ ਗਏ। ਇੱਕ ਤਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੱਡਾ ਵਿੱਤੀ ਬੋਝ ਉਹਨਾਂ ਉੱਪਰ ਪਿਆ ਤੇ ਦੂਸਰਾ ਉਹਨਾਂ ਦਾ ਪੁੱਤਰ ਨਸ਼ੇ ਦੇ ਵੱਖ ਵੱਖ ਖੇਤਰਾਂ ਦੇ ਮਾਹਰ ਵਿਅਕਤੀਆਂ ਦਾ ਗਿਆਤਾ ਬਣ ਕੇ ਨਸ਼ਾ ਛੁਡਾਊ ਕੇਂਦਰ ਵਿੱਚੋਂ ਪਰਤਿਆ। ਨਸ਼ਾ ਛੁਡਾਊ ਕੇਂਦਰ ਨੇ ਉਹਨਾਂ ਦੇ ਪੁੱਤਰਾਂ ਨੂੰ ਬਚਾਇਆ ਨਹੀਂ ਸਗੋਂ ਇਸ ਦਲ ਦਲ ਵਿੱਚ ਹੋਰ ਧਸਦੇ ਜਾਂਦੇ ਪਰਿਵਾਰਾਂ ਦਾ ਆਰਥਿਕ ਤੌਰ ‘ਤੇ ਲੱਕ ਤੋੜਿਆ ਤੇ ਨਸ਼ੇ ਦੇ ਸੁਦਾਗਰਾਂ ਤੱਕ ਉਹਨਾਂ ਦੀ ਪਹੁੰਚ ਸਹਿਜ ਕਰਵਾਈ। ਨਸ਼ਾ ਛੁਡਾਊ ਕੇਂਦਰਾਂ ਵਿੱਚ ਇੱਕ ਨਸ਼ੇੜੀ ਦੂਸਰੇ ਨਸ਼ੇੜੀ ਨੂੰ ਆਪਣੇ ਇਲਾਕੇ ਦਾ ਭੇਦ ਦੱਸਦਾ ਹੈ ਉਹ ਇੱਕ ਦੂਸਰੇ ਦੇ ਇਲਾਕੇ ਤੋਂ ਜਾਣੂ ਹੁੰਦੇ ਤੇ ਨਾਲ ਦੀ ਨਾਲ ਇਹਨਾਂ ਨਸ਼ਾ ਛਡਾਊ ਕੇਂਦਰਾਂ ਵਿੱਚ ਕਿਤੇ ਵੀ ਡਾਕਟਰ ਨਾ ਹੋਣ ਕਰਕੇ ਇਹਨਾਂ ਨੂੰ ਨਸ਼ਾ ਛਡਾਉਣ ਦੀਆਂ ਮਿਲਦੀਆਂ ਗੋਲੀਆਂ ਵੀ ਆਪਣੇ ਆਪ ਵਿੱਚ ਨਸ਼ੇ ਦਾ ਕਾਰਜ ਕਰਦੀਆਂ ਹਨ। ਨਸ਼ਾ ਛਡਾਓ ਕੇਂਦਰ ਨਸ਼ੇੜੀਆਂ ਨੂੰ ਇੱਕ ਤਰੀਕੇ ਨਾਲ ਜਥੇਬੰਦ ਕਰਨ ਦਾ ਕੰਮ ਕਰ ਰਹੇ ਹਨ।

ਪੰਜਵੇਂ ਪੁੱਤ ਦੀ ਮੌਤ ਤੋਂ ਪਹਿਲਾ, ਆਪਣੇ 30 ਸਾਲਾ ਪੁੱਤਰ ਸੋਨੂ ਦੇ ਮੰਜੇ ਦੀ ਬਾਹੀ ਤੇ ਬੈਠੀ ਮਾਂ ਮਨਜੀਤ ਕੌਰ ਨੇ ਰੋਂਦਿਆਂ ਕਿਹਾ, “ਮੈਂ ਪੰਜ ਪੁੱਤਰਾਂ ਦੀ ਮਾਂ ਸਾਂ। ਉਨ੍ਹਾਂ ਵਿੱਚੋਂ ਚਾਰ ਮੈਂ ਚਿੱਟੇ ਕਾਰਨ ਗੁਆ ਦਿੱਤੇ ਹਨ : ਅਤੇ ਪੰਜਵਾਂ ਪਤਾ ਨਹੀਂ ਕਦੋਂ ਤੱਕ ਜਿਊਂਦਾ ਰਹੇਗਾ। ਅਸੀਂ ਤਿੰਨ ਦਿਨਾਂ ਤੋਂ ਰੋਟੀ ਨਹੀਂ ਖਾਧੀ। ਇਸਦਾ ਇਲਾਜ ਕਿਥੋਂ ਕਰਵਾਈਏ। ਉਸ ਦੀ ਹਾਲਤ ਦੇਖੋ।” ਜਦੋਂ ਮੈਂ ਦੁੱਖਾਂ ਦੇ ਪਹਾੜ ਚੁੱਕੀ ਬੈਠੀ ਮਾਂ ਨਾਲ ਗੱਲਾਂ ਕਰ ਰਿਹਾ ਸੀ ਤਾਂ ਸੋਨੂ ਬਿਸਤਰੇ ‘ਤੇ ਪਿਆ ਸੀ ਅਤੇ ਉਸ ਦਾ ਸਰੀਰ ਹੱਡੀਆਂ ਦੀ ਮੁੱਠ ਰਹਿ ਗਿਆ ਹੈ। ਉਹ ਚੁੱਪ ਚਾਪ ਸਾਡੀਆਂ ਗੱਲਾਂ ਸੁਣ ਰਿਹਾ ਸੀ। ਉਸਦੀ ਅੱਖੀਆਂ ਦੀ ਚਮਕ ਮੱਧਮ ਪੈ ਗਈ ਹੈ।

ਜੋਗਿੰਦਰ ਪਾਲ ਸਿੰਘ ਅਤੇ ਮਨਜੀਤ ਕੌਰ, ਦੋਵੇਂ ਆਪਣੀ ਉਮਰ ਦੇ ਸੱਠਵਿਆਂ ਦੇ ਦਹਾਕੇ ਵਿੱਚ ਹਨ। ਪਹਿਲਾਂ ਹੀ ਚਾਰ ਪੁੱਤਰ ਨਸ਼ੇ ਦੀ ਲਤ ਕਾਰਨ ਗੁਆ ​​ਚੁੱਕੇ ਹਨ। ਹੁਣ, ਉਨ੍ਹਾਂ ਨੂੰ ਡਰ ਹੈ ਕਿ ਉਹ ਆਪਣਾ ਪੰਜਵਾਂ ਤੇ ਆਖਰੀ ਪੁੱਤਰ ਵੀ ਹੱਥਾਂ ਵਿੱਚੋਂ ਰੇਤ ਵਾਂਗੂ ਕਿਰ ਰਿਹਾ ਹੈ। ਉਹਨਾਂ ਦਾ ਸਾਰਾ ਜ਼ੋਰ ਉਸ ਨੂੰ ਬਚਾਉਣ ਲਈ ਲੱਗਾ ਹੋਇਆ ਹੈ।

ਅਪ੍ਰੈਲ ਮਹੀਨੇ ਦੇ ਪਹਿਲੇ ਐਤਵਾਰ ਉਮਰ ਤੋਂ ਪਹਿਲਾਂ ਬਿਰਧ ਹੋ ਗਏ ਪਰੇਸ਼ਾਨ ਜੋੜੇ ਨੇ, ਇਲਾਕੇ ਦੇ ਵਸਨੀਕਾਂ ਦੇ ਨਾਲ ਮਿਲਕੇ ਇੱਕ ਵਿਰੋਧ ਪ੍ਰਦਰਸ਼ਨ ਨਸ਼ਿਆਂ ਦੇ ਖਿਲਾਫ ਕੀਤਾ ਜਿਸ ਵਿੱਚ ਮੰਗ ਕੀਤੀ ਕਿ ਰਾਜ ਸਰਕਾਰ ਸੋਨੂੰ ਨੂੰ ਬਚਾਉਣ ਅਤੇ ਇਲਾਕੇ ਨੂੰ ਨਸ਼ੇ ਦੇ ਖਤਰੇ ਤੋਂ ਮੁਕਤ ਕਰਨ ਲਈ ਦਖਲ ਦੇਵੇ।
ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਨਾਮ ਦੀ ਇਕ ਲੜਾਈ ਸ਼ੁਰੂ ਕੀਤੀ ਹੋਈ ਹੈ ਪਰ ਪੰਜਾਬ ਸਰਕਾਰ ਨੂੰ ਸ਼ਾਇਦ ਇਹ ਪਿੰਡ, ਇਹ ਮਹੱਲਾ, ਇਹ ਬਸਤੀ ਤੇ ਇਹ ਘਰ ਕਦੀ ਨਹੀਂ ਦਿਸਿਆ। ਜਿਸ ਦੇ ਚਾਰ ਪੁੱਤ ਨਸ਼ੇ ਦੇ ਦੈਂਤ ਨੇ ਖਾ ਲਏ ਹਨ ਤੇ ਪੰਜਵੇਂ ਦੀ ਤਿਆਰੀ ਹੈ।

ਮਨਜੀਤ ਕੌਰ ਅਤੇ ਮੁਹੱਲੇ ਦੀਆਂ ਹੋਰ ਔਰਤਾਂ ਨੇ ਦੋਸ਼ ਲਗਾਇਆ ਕਿ ਇਲਾਕੇ ਵਿੱਚ ਨਸ਼ੇ ਖੁੱਲ੍ਹੇਆਮ ਉਪਲਬਧ ਹਨ, ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਕੁਝ ਸਾਲਾਂ ਵਿੱਚ ਹੀ ਉਨ੍ਹਾਂ ਦੇ ਆਪਣੇ ਮੁਹੱਲੇ ਵਿਚ ਲਗਭਗ 20 ਨੌਜਵਾਨਾਂ ਦੀ ਮੌਤ ਨਸ਼ੇ ਕਰਕੇ ਹੋ ਗਈ ਹੈ। ਨਾਲ ਖੜੀ ਇਕ ਹੋਰ ਔਰਤ ਨੇ ਗੱਲ ਨੂੰ ਵਿਸਥਾਰ ਦਿੰਦਿਆਂ ਕਿਹਾ “ਸਾਡੇ ਮੁਹੱਲੇ ਵਿੱਚ ਪਿਛਲੇ ਚਾਰ ਤੋਂ ਪੰਜ ਮਹੀਨਿਆਂ ਵਿੱਚ ਹੀ ਤਿੰਨ ਨੌਜਵਾਨਾਂ ਦੀ ਮੌਤ ਨਸ਼ੇ ਕਰਕੇ ਹੋ ਗਈ ਹੈ”।
ਮਨਜੀਤ ਕੌਰ ਦਾ ਦਿਲ ਕਰਦਾ ਹੈ ਕਿ ਮੈਂ ਬਾਕੀਆਂ ਵੱਲੋਂ ਧਿਆਨ ਹਟਾ ਕੇ ਕੇਵਲ ਉਸ ਦੀ ਗੱਲ ਸੁਣਦਾ ਜਾਵਾਂ। ਉਹ ਆਖਦੀ ਹੈ “ਮੇਰੇ ਮਰਨ ਵਾਲੇ ਦੋ ਪੁੱਤਰ ਵਿਆਹੇ ਹੋਏ ਸਨ ਅਤੇ ਦੋ ਅਣਵਿਆਹੇ ਸਨ। ਹੁਣ ਸਾਨੂੰ ਡਰ ਹੈ ਕਿ ਸਾਡਾ ਪੰਜਵਾਂ ਪੁੱਤਰ ਵੀ ਇਹੀ ਹਾਲ ਕਰੇਗਾ” ਮਨਜੀਤ ਨੇ ਦੱਸਿਆ ਕਿ ਸੋਨੂੰ ਨੂੰ ਹਾਲ ਹੀ ਵਿੱਚ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਡਾਕਟਰਾਂ ਵੱਲੋਂ ਉਸਦੀਆਂ ਨਾੜੀਆਂ ਨਾ ਲੱਭਣ ਅਤੇ ਸਿਰਫ਼ ਮੂੰਹ ਰਾਹੀਂ ਦਵਾਈ ਦੇਣ ਤੋਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ। “ਸਰਕਾਰ ਨੂੰ ਮੇਰੇ ਪੁੱਤਰ ਨੂੰ ਬਚਾਉਣ ਲਈ ਦਖਲ ਦੇਣਾ ਚਾਹੀਦਾ ਹੈ,” ਉਸਨੇ ਹੱਥ ਜੋੜਕੇ ਬੇਨਤੀ ਕੀਤੀ। ਮੈਂ ਸਮਝ ਗਿਆ ਸੀ ਕਿ ਡਾਕਟਰਾਂ ਨੂੰ ਇਸ ਦੀਆਂ ਨਾੜੀਆਂ ਕਿਉਂ ਨਹੀਂ ਲੱਭੀਆਂ, ਕਿਉਂਕਿ ਸੋਨੂ ਨੂੰ ਟੀਕੇ ਲਾਉਣ ਦੀ ਆਦਤ ਹੈ, ਇਸ ਕਰਕੇ ਉਸਨੇ ਹਰ ਇੱਕ ਨਾੜੀ ਨੂੰ ਬਾਰ ਬਾਰ ਪੰਚਰ ਕੀਤਾ ਹੈ ਜਿਸ ਨਾਲ ਨਾੜੀਆਂ ਆਸਾਨੀ ਨਾਲ ਨਹੀਂ ਲੱਭਦੀਆਂ। ਇਸ ਲਈ ਉਸ ਨੂੰ ਮੌਤ ਦੇ ਮੂੰਹੋਂ ਜਾਣੋ ਬਚਾਇਆ ਨਹੀਂ ਜਾ ਸਕਦਾ। ਡਾਕਟਰਾਂ ਨੇ ਇੱਕ ਤਰ੍ਹਾਂ ਦਾ ਜਵਾਬ ਦੇ ਦਿੱਤਾ ਹੈ ਡਾਕਟਰਾਂ ਨੇ ਇੱਕ ਤਰ੍ਹਾਂ ਦਾ ਜਵਾਬ ਹੀ ਦੇ ਦਿੱਤਾ ਹੈ। ਜੋ ਮਨਜੀਤ ਕੌਰ ਆਪਣੇ ਮੂੰਹੋਂ ਨਹੀਂ ਆਖਦੀ।

ਉਸਨੇ ਅੱਗੇ ਕਿਹਾ ਕਿ ਉਸਦੇ ਸਭ ਤੋਂ ਛੋਟੇ ਪੁੱਤਰ ਦੀ ਲਗਭਗ ਦੋ ਸਾਲ ਪਹਿਲਾਂ ਨਸ਼ੇ ਕਰਕੇ ਮੌਤ ਹੋ ਗਈ ਸੀ। ਉਹ ਸਬੂਤ ਵਜੋਂ ਆਪਣੇ ਪੁੱਤਰਾਂ ਦੀਆਂ ਫੋਟੋਆਂ ਵਾਲੇ ਇਸ਼ਾਰਾ ਕਰਦੀ ਹੋਈ ਹੌਕੇ ਭਰਦੀ ਹੈ। ਸੋਨੂੰ, ਜੋ ਆਪਣੀ ਜ਼ਿੰਦਗੀ ਮੌਤ ਦੀ ਆਖਰੀ ਲੜਾਈ ਲੜ ਰਿਹਾ ਹੈ, ਵਿਆਹਿਆ ਹੋਇਆ ਹੈ ਉਸ ਦੇ ਦੋ ਬੱਚੇ ਹਨ – ਢਾਈ ਸਾਲ ਦਾ ਇੱਕ ਪੁੱਤਰ ਅਤੇ ਛੇ ਮਹੀਨੇ ਦੀ ਇੱਕ ਧੀ। ਜਿਨਾਂ ਮਸੂਮ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਉਨਾਂ ਦੇ ਪਰਿਵਾਰ ਦੀ ਹੋਣੀ ਉਹਨਾਂ ਨੂੰ ਕਿਸ ਪਾਸੇ ਵੱਲ ਧੱਕੀ ਲੈ ਜਾ ਰਹੀ ਹੈ।

ਚੁੱਪ ਤੇ ਉਦਾਸ ਬੈਠਾ ਬਾਪ ਦੱਸਦਾ ਹੈ ਕਿ ਸੋਨੂੰ ਨੂੰ ਪਹਿਲਾਂ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਘਰ ਵਾਪਸ ਆਉਣ ਦੇ ਕੁਝ ਦਿਨਾਂ ਦੇ ਅੰਦਰ ਹੀ ਦੁਬਾਰਾ ਆ ਗਿਆ, ਕੁਝ ਨਵੇਂ ਨਸ਼ੇ ਕਰਨੇ ਵੀ ਸਿੱਖ ਕੇ ਆਇਆ।

ਬਹੁਤ ਸਾਰੀਆਂ ਔਰਤਾਂ ਨੇ ਇਸ ਗੱਲ ਦੇ ਵੇਰਵੇ ਸਾਂਝੇ ਕੀਤੇ ਕਿ ਕਿਵੇਂ ਨਸ਼ੇ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੋੜ ਦਿੱਤਾ ਹੈ। ਕੁਝ ਨੇ ਕਿਹਾ ਕਿ ਨਸ਼ੇੜੀ ਅਕਸਰ ਆਪਣੀ ਆਦਤ ਨੂੰ ਕਾਇਮ ਰੱਖਣ ਲਈ ਚੋਰੀ ਦਾ ਸਹਾਰਾ ਲੈਂਦੇ ਹਨ ਜਾਂ ਘਰੇਲੂ ਸਮਾਨ ਵੇਚਦੇ ਹਨ। ਇੱਕ ਔਰਤ ਨੇ ਏਥੋ ਤੱਕ ਕਿਹਾ ਕਿ ਉਸਦੀ ਨੂੰਹ ਉਸਦੇ ਪੁੱਤਰ ਦੇ ਨਸ਼ੇ ਨਾ ਛੱਡਣ ਕਰਕੇ ਪੇਕਿਆਂ ਦੇ ਚਲੇ ਗਈ ਹੈ। ਕੋਲ ਖੜ੍ਹੀ ਦੂਜੀ ਨੇ ਕਿਹਾ ਕਿ ਉਸਦਾ ਇਕਲੌਤਾ ਪੁੱਤਰ, ਜਿਸਦਾ ਛੋਟੀ ਉਮਰ ਵਿੱਚ ਵਿਆਹ ਹੋਇਆ ਸੀ, ਹੁਣ ਨਸ਼ਿਆਂ ਦਾ ਆਦੀ ਹੋ ਗਿਆ ਹੈ।

ਮੁਹੱਲਾ ਨਿਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਨਸ਼ਾ ਤਸਕਰ ਇਲਾਕੇ ਵਿੱਚ ਖੁੱਲ੍ਹੇਆਮ ਕੰਮ ਕਰਦੇ ਹਨ, ਉਹਨਾਂ ਨੂੰ ਕਿਸੇ ਸਰਕਾਰ ਦਾ ਕੋਈ ਡਰ ਭੈ ਨਹੀਂ। ਆਪਣੇ ਮੂੰਹ ਢੱਕ ਕੇ ਮੋਟਰਸਾਈਕਲਾਂ ‘ਤੇ ਘੁੰਮਦੇ ਹਨ ਅਤੇ ਬਿਨਾਂ ਡਰ ਭੈਅ ਤੋਂ ਨਸ਼ੇ ਸਪਲਾਈ ਕਰਦੇ ਹਨ।

ਪੰਡੋਰੀ ਮੁਹੱਲੇ ਦੇ ਬਹੁਤ ਸਾਰੇ ਪ੍ਰਭਾਵਿਤ ਪਰਿਵਾਰ ਆਰਥਿਕ ਤੌਰ ‘ਤੇ ਕਮਜ਼ੋਰ ਪਿਛੋਕੜ ਵਾਲੇ ਹਨ। “ਅਸੀਂ ਗਰੀਬ ਹਾਂ। ਸਾਡੇ ਕੋਲ ਜੋ ਕੁਝ ਵੀ ਸੀ ਉਹ ਸਾਡੇ ਪੁੱਤਰਾਂ ਦੀ ਲਤ ਨੇ ਖਤਮ ਕਰ ਦਿੱਤਾ ਹੈ”।

ਉਨ੍ਹਾਂ ਦਾ ਦੋਸ਼ ਹੈ ਕਿ ‘ਚਿੱਟਾ’ ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲਾ ਵਿੱਚ ਹਰ ਘਰ ਤੋਂ 10 ਮਿੰਟ ਦੀ ਪੈਦਲ ਯਾਤਰਾ ਦੇ ਅੰਦਰ ਅੰਦਰ ਆਸਾਨੀ ਨਾਲ ਉਪਲਬਧ ਹੋ ਜਾਂਦਾ ਹੈ। ਮਹੱਲੇ ਦੇ ਨਾਲ ਹੀ ਪੁਲਿਸ ਥਾਣਾ ਹੈ। ਪਰ ਇਹਨਾਂ ਨੂੰ ਡੱਕਣ ਵਾਲਾ ਕੋਈ ਨਹੀਂ।
ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨਾਂ ਦਾ ਅਧਿਕਾਰਤ ਜਵਾਬ ਸੀ ਕਿ ਉਹ ਇਸ ਮੁੱਦੇ ਤੋਂ ਜਾਣੂ ਹਨ, ਐੱਨਡੀਪੀਐੱਸ ਐਕਟ ਦੇ ਤਹਿਤ ਕਈ ਮਾਮਲੇ ਦਰਜ ਕੀਤੇ ਹਨ। ਉਹ ਸੋਨੂੰ ਦੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ ਵਚਨਬੱਧ ਹਨ।
ਕਿਸੇ ਨੇ ਆਪਣਾ ਨਾਂ ਜਨਤਕ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਸੋਨੂੰ ਨੂੰ ਲਿਵਰ ਦੀ ਗੰਭੀਰ ਇਨਫੈਕਸ਼ਨ ਹੈ, ਇਹ ਨਸ਼ੇ ਦੀ ‘ਤੇ ਗੰਦੀ ਸ਼ਰਾਬ ਤੇ ਨਸ਼ੇ ਦੀਆਂ ਗੋਲੀਆਂ ਦੀ ਦੁਰਵਰਤੋਂ ਕਰਨ ਕਾਰਨ ਹੀ ਹੈ। ਅਤੇ ਉਹ ਪਿਛਲੇ 10 ਦਿਨਾਂ ਤੋਂ ਬਿਸਤਰੇ ‘ਤੇ ਭੁੱਖਾ ਪਿਆਸਾ ਪਿਆ ਹੈ। ਉਹ ਆਪਣੀ ਆਪ ਸਹੇੜੀ ਬਿਮਾਰੀ ਕਰਕੇ ਖਾਣ ਜਾਂ ਬੋਲਣ ਤੋਂ ਅਸਮਰੱਥ ਹੋ ਗਿਆ ਹੈ।

ਜਾਪਦਾ ਇਹ ਹੈ ਕਿ ਸੋਨੂ ਮੰਜੇ ‘ਤੇ ਪਿਆ ਵੀ ਨਸ਼ੇ ਲਈ ਤੜਫਦਾ ਹੈ। ਇਸੇ ਬੇਚੈਨੀ ਨਾਲ ਰੋਂਦੇ ਹੋਏ, ਮਨਜੀਤ ਨੇ ਕਿਹਾ, “ਜਦੋਂ ਮੇਰਾ ਪੁੱਤਰ ਨਸ਼ਿਆਂ ਲਈ ਰੋਂਦਾ ਹੈ, ਤਾਂ ਇਹ ਅਸਹਿ ਹੁੰਦਾ ਹੈ ਦੇਖਿਆ ਨਹੀਂ ਜਾਂਦਾ। ਨਸ਼ੇ ਅਸਲੀ ਮੌਤ ਹਨ ਤੇ ਇਹ ਬਾਰ ਬਾਰ ਨਸ਼ਿਆਂ ਦੀ ਮੰਗ ਕਰਦਾ ਹੈ। ਮਾਂ ਆਖਦੀ ਅਸੀਂ ਪੁਲਿਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਸਾਡੇ ਇਲਾਕੇ ਨੂੰ ਬਚਾਇਆ ਜਾਵੇ। ਸਾਡੇ ਘਰਾਂ ਅਤੇ ਇਲਾਕੇ ਦੀ ਤਲਾਸ਼ੀ ਲਓ, ਪਰ ਇੱਥੋਂ ਨਸ਼ਿਆਂ ਨੂੰ ਜੜ੍ਹੋਂ ਪੁੱਟ ਦਿਓ।”

ਇੱਕ ਗੁਆਂਢੀ ਨੇ ਕਿਹਾ, “ਸਾਡੇ ਪੁੱਤਰ ‘ਚਿੱਟੇ’ ਦੇ ਆਦੀ ਹਨ। ਨਸ਼ੇ ਇੱਕ ਮਜਬੂਰੀ ਬਣ ਗਏ ਹਨ। ਸਾਨੂੰ ਨਹੀਂ ਪਤਾ ਕਿ ਉਹ ਇਹ ਕਿੱਥੋਂ ਪ੍ਰਾਪਤ ਕਰਦੇ ਹਨ, ਪਰ ਇਹ ਆਸਾਨੀ ਨਾਲ ਉਪਲਬਧ ਹੈ। ਉਹ ਇਸਦੇ ਲਈ ਆਪਣੀਆਂ ਮਾਵਾਂ ਦਾ ਸਮਾਨ ਵੀ ਵੇਚ ਦਿੰਦੇ ਹਨ।”ਸਾਡੇ ਪੁੱਤਰਾਂ ਨੇ ਨਸ਼ਿਆਂ ਦੀ ਖਾਤਰ ਛੋਟੀਆਂ ਮੋਟੀਆਂ ਚੋਰੀਆਂ ਦੀ ਆਦਤ ਬਣਾ ਲਈ। ਕਦੇ ਦਾਤਰੀ ਚੋਰੀ ਕਰ ਲਈ ਤੇ ਕਦੇ ਗੈਸ ਸਿਲੰਡਰ ਚੋਰੀ ਕਰ ਲਿਆ। ਸਮਾਜਿਕ ਤੌਰ ‘ਤੇ ਇੰਨੇ ਲੀਹੋ ਲੱਥ ਗਏ ਹਨ ਕਿ ਕੋਈ ਮੂੰਹ ਨਹੀਂ ਲਾਉਂਦਾ।

ਜ਼ਿੰਦਗੀ ਮੌਤ ਦੀ ਲੜਾਈ ਲੜਦੇ ਸੋਨੂ ਦੀ 25 ਕੁਝ ਸਾਲਾਂ ਪਤਨੀ ਨੇ ਕਿਹਾ, “ਡਾਕਟਰਾਂ ਨੇ ਕਿਹਾ ਹੈ ਕਿ ਮੇਰੇ ਪਤੀ ਦੀ ਬਿਮਾਰੀ ਦੀ ਹਾਲਤ ਹੁਣ ਲਾਇਲਾਜ ਹੈ। ਸਾਡਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ। ਉਸਦੇ ਤਿੰਨ ਵੱਡੇ ਭਰਾ ਪਹਿਲਾਂ ਹੀ ਮਰ ਚੁੱਕੇ ਸਨ, ਅਤੇ ਇੱਕ ਛੋਟੇ ਭਰਾ ਦੀ ਮੌਤ ਸਾਡੇ ਵਿਆਹ ਤੋਂ ਕੁਝ ਮਹੀਨੇ ਬਾਅਦ ਹੋ ਗਈ ਸੀ। ਅਸੀਂ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਮੇਰੇ ਪਤੀ ਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਉਸਦੀ ਜਾਨ ਬਚਾਈ ਜਾ ਸਕੇ। ਅਸੀਂ ਆਪਣੀ ਸੱਸ ਦੀ ਕਮਾਈ ‘ਤੇ ਗੁਜ਼ਾਰਾ ਕਰਦੇ ਹਾਂ, ਜੋ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਮੈਂ ਵੀ ਪੇਕਿਆਂ ਨੂੰ ਵਾਪਸ ਜਾ ਸਕਦੀ ਸੀ, ਪਰ ਮੈਂ ਆਪਣੇ ਬੇਸਹਾਰਾ ਸਹੁਰਿਆਂ ਨੂੰ ਇਸ ਹਾਲਤ ਨਹੀਂ ਛੱਡ ਸਕਦੀ।” ਜੇ ਸਰਕਾਰ ਮੇਰੀ ਮਦਦ ਕਰੇ ਤਾਂ ਮੈਂ ਆਪਣੇ ਬੱਚੇ ਪਾਲ ਸਕਦੀ ਹਾਂ।
ਕਪੂਰਥਲਾ ਦੇ ਡੀ ਐੱਸ ਪੀ (ਅਪਰਾਧ) ਹਰਗੁਰਦੇਵ ਸਿੰਘ ਨੇ ਕਿਹਾ, “ਇਹ ਮਾਮਲਾ ਸਾਡੇ ਨੋਟਿਸ ਵਿੱਚ ਹੈ। ਪੁਲੀਸ ਸਥਾਨਕ ਲੋਕਾਂ ਦੀ ਮਦਦ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ। ਨਸ਼ਿਆਂ ਖ਼ਿਲਾਫ਼ ਸਾਡੀ ਮੁਹਿੰਮ ਲਗਾਤਾਰ ਜਾਰੀ ਹੈ।” ਉਧਰ ਸੁਲਤਾਨਪੁਰ ਲੋਧੀ ਦੇ ਐੱਸ ਐੱਚ ਓ ਹਰਿੰਦਰ ਸਿੰਘ ਨੇ ਕਿਹਾ, “ਅਸੀਂ ਉਸ ਇਲਾਕੇ ਦਾ ਦੌਰਾ ਕੀਤਾ ਹੈ ਅਤੇ ਕਈ ਨੌਜਵਾਨਾਂ ਨੂੰ ਨਸ਼ਾ ਛਡਾਊ ਇਲਾਜ ਲਈ ਦਾਖ਼ਲ ਕਰਵਾਇਆ ਹੈ। ਕੁਝ ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕੀਤੇ ਗਏ ਹਨ। ਹਾਲ ਦੇ ਦੇ ਸਮੇਂ ਪਿੰਡ ਦੇ ਮੁਲਜ਼ਮਾਂ ਖ਼ਿਲਾਫ਼ ਐੱਨ ਡੀ ਪੀ ਐੱਸ ਐਕਟ ਤਹਿਤ ਘੱਟੋ-ਘੱਟ 10-12 ਕੇਸ ਦਰਜ ਹਨ। ਮਨਜੀਤ ਕੌਰ ਦੇ ਬਿਮਾਰ ਪੁੱਤਰ ਨੂੰ ਵੀ ਭਲਕੇ ਹਸਪਤਾਲ ਦਾਖਲ ਕਰਵਾਇਆ ਜਾਵੇਗਾ।”

ਕੱਲ ਅਖਬਾਰ ਵਿੱਚੋਂ ਇੱਕ ਖਬਰ ਪੜੀ ਹੈ ਮਨਜੀਤ ਕੌਰ ਦਾ ਪੰਜਵਾਂ ਪੁੱਤਰ ਵੀ ਨਸ਼ਿਆਂ ਦੀ ਭੇਟ ਚੜ ਗਿਆ ਹੈ ਖਬਰ ਉਦਾਸ ਕਰਨ ਵਾਲੀ ਹੈ, ਮਾਂ ਦਾ ਮਾਸੂਮ ਚਿਹਰਾ ਮੇਰੀਆਂ ਅੱਖਾਂ ਮੇਰੇ ਘੁੰਮ ਰਿਹਾ ਹੈ, ਗੋਦੀ ਵਿੱਚ ਸੋਨੂ ਦਾ ਪੁੱਤਰ ਚੁੱਕੀ ਖੜੀ ਪਤਨੀ ਪਤਾ ਨਹੀਂ ਹੁਣ ਕੀ ਸੋਚਦੀ ਹੋਵੇਗੀ।
ਬਾਬੇ ਨਾਨਕ ਦੀ ਨਗਰੀ ਵਜੋਂ ਜਾਣਿਆ ਜਾਂਦਾ ਇਹ ਸ਼ਹਿਰ ਸੱਚਮੁੱਚ ਉਦਾਸ ਨਹੀਂ ਹੈ। ਸਭ ਕੁਝ ਆਮ ਵਰਗਾ ਹੀ ਹੋਵੇਗਾ ਬਸ ਇਕ ਮਾਂ ਜੋ ਹਫਤਾ ਪਹਿਲਾਂ ਕੁਰਲਾ ਰਹੀ ਸੀ ਕਿ ਮੇਰੇ ਚਾਰ ਪੁੱਤ ਨਸ਼ੇ ਨੇ ਖਾ ਲੈ ਹੁਣ ਉਸ ਦੇ ਵਾਕ ਬਦਲ ਜਾਣਗੇ ਮੇਰੇ ਪੰਜੋ ਪੁੱਤਰ ਨਸ਼ੇ ਨੇ ਖਾ ਲੈ।