/* SC_TH_END:4.3.24:fc0ffc30 */ ਨਸ਼ਿਆਂ ਖ਼ਿਲਾਫ਼ ਪੰਜਾਬੀਆਂ ਦੇ ਹਕੀਕੀ ਲੋਕ ਯੁੱਧ ਦੇ ਸ਼ਹੀਦ ਕਾਮਰੇਡ ਮਹਿੰਦਰ ਸਿੰਘ ਨੂੰ ਲਾਲ ਸਲਾਮ! – Sangrami Lehar
Now Reading
ਨਸ਼ਿਆਂ ਖ਼ਿਲਾਫ਼ ਪੰਜਾਬੀਆਂ ਦੇ ਹਕੀਕੀ ਲੋਕ ਯੁੱਧ ਦੇ ਸ਼ਹੀਦ ਕਾਮਰੇਡ ਮਹਿੰਦਰ ਸਿੰਘ ਨੂੰ ਲਾਲ ਸਲਾਮ!

ਨਸ਼ਿਆਂ ਖ਼ਿਲਾਫ਼ ਪੰਜਾਬੀਆਂ ਦੇ ਹਕੀਕੀ ਲੋਕ ਯੁੱਧ ਦੇ ਸ਼ਹੀਦ ਕਾਮਰੇਡ ਮਹਿੰਦਰ ਸਿੰਘ ਨੂੰ ਲਾਲ ਸਲਾਮ!

ਸ਼ਹੀਦ ਮਹਿੰਦਰ ਸਿੰਘ

ਸਾਥੀ ਮਹਿੰਦਰ ਸਿੰਘ ਆਪਣੇ ਪਿੰਡ ਬੂਟੇ ਦੀਆਂ ਛੰਨਾਂ, ਬਲਾਕ ਮਹਿਤਪੁਰ, ਜਿਲ੍ਹਾ ਜਲੰਧਰ ਦੇ ਦੋ ਵਾਰ ਸਰਪੰਚ ਰਹੇ ਸਨ। ਉਨ੍ਹਾਂ ਦੀ ਪਤਨੀ, ਜੋ ਇਕ ਵਾਰ ਪਹਿਲਾਂ ਵੀ ਸਰਪੰਚ ਰਹਿ ਚੁੱਕੀ ਹੈ, ਮੌਜੂਦਾ ਸਮੇਂ ਵੀ ਪਿੰਡ ਦੀ ਚੁਣੀ ਹੋਈ ਸਰਪੰਚ ਹੈ।  ਲੰਘੀ 28 ਫਰਵਰੀ ਨੂੰ ਜਦੋਂ ਦੋਨੋਂ ਪਤੀ-ਪਤਨੀ  ਆਪਣੇ ਖੇਤਾਂ ਵੱਲ ਜਾ ਰਹੇ ਸਨ ਤਾਂ ਸਮਾਜ ਵਿਰੋਧੀ ਤੱਤ ਕਾਤਲਾਨਾ ਹਮਲਾ ਕਰਕੇ ਦੋਹਾਂ ਨੂੰ ਸਖਤ ਜ਼ਖ਼ਮੀ ਕਰਕੇ ਫਰਾਰ ਹੋ ਗਏ ਸਨ। ਯਾਦ ਰਹੇ ਸਾਥੀ ਮਹਿੰਦਰ ਸਿੰਘ ਆਪਣੇ ਪਿੰਡ ਅਤੇ ਇਲਾਕੇ ’ਚ ਨਸ਼ਾ ਤਸਕਰਾਂ ਤੇ ਇਨ੍ਹਾਂ ਦੀ ਪਿੱਠ ਥਾਪੜਨ ਵਾਲਿਆਂ ਖ਼ਿਲਾਫ਼ ਬੜੀ ਦੀਦਾ ਦਲੇਰੀ ਨਾਲ ਆਵਾਜ਼ ਬੁਲੰਦ ਕਰਦੇ ਸਨ। ਮਾਰ ਦੇਣ ਦੀ ਨੀਅਤ ਨਾਲ ਗਿਣ-ਮਿਥ ਕੇ ਕੀਤੇ ਗਏ ਇਸ ਹਮਲੇ ਕਾਰਨ, ਸਾਥੀ ਮਹਿੰਦਰ ਸਿੰਘ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਲੰਘੀ ਸੱਤ ਮਾਰਚ ਨੂੰ ਸੁਵੱਖਤੇ ਸਦੀਵੀ ਵਿਛੋੜਾ ਦੇ ਗਏ ਸਨ। ਇੰਝ, ਉਹ ਪੰਜਾਬੀਆਂ ਵਲੋਂ ਨਸ਼ਿਆਂ ਖ਼ਿਲਾਫ਼ ਲੜੇ ਜਾ ਰਹੇ ਹਕੀਕੀ ਲੋਕ ਯੁੱਧ ਦੇ ਸ਼ਹੀਦ ਹੋ ਨਿੱਬੜੇ ਹਨ।

ਸ਼ਹੀਦ ਸਾਥੀ ਸੁਰਜੀਤ ਸਿੰਘ ਦੇ ਨਾਂ ਨਾਲ ਮਸ਼ਹੂਰ ਹੋਏ ਪਿੰਡ ਕੈਮਵਾਲਾ ’ਚੋਂ ਨਿਕਲ ਕੇ ਦਰਿਆ ਕੰਢੇ ਵਸੇ ਪਿੰਡ ਬੂਟੇ ਦੀਆਂ ਛੰਨਾ ਸਮੇਤ ਇਹ ਸਾਰਾ ਇਲਾਕਾ ਆਬਾਦਕਾਰਾਂ ਦੇ ਸੰਘਰਸ਼ਾਂ ਦਾ ਕੇਂਦਰ ਰਿਹਾ ਹੈ। ਸਾਥੀ ਦੇ ਅੰਤਿਮ ਸਸਕਾਰ ਵੇਲੇ ਉਨ੍ਹਾਂ ਦੇ ਪਿਤਾ ਸਾਥੀ ਸੰਤਾ ਸਿੰਘ, ਜੋ ਆਪ ਵੀ ਆਬਾਦਕਾਰਾਂ ਦੇ ਮਿਸਾਲੀ ਤੇ ਜੁਝਾਰੂ ਆਗੂ ਰਹੇ ਹਨ, ਦਾ ਦੁੱਖ ਦੇਖਿਆ ਨਹੀਂ ਸੀ ਜਾਂਦਾ। ਜਿਸ ਸ਼ਖਸ ਨੇ ਇਲਾਕੇ ਦੇ ਲੋਕਾਂ ਦੀ ਬਿਹਤਰੀ ਲਈ ਜ਼ਮੀਨੀ ਪੱਧਰ ’ਤੇ ਲਗਾਤਾਰ ਸੰਘਰਸ਼ ਲੜੇ ਹੋਣ, ਉਸੇ ਦੇ ਪੁੱਤਰ ਦਾ ਕਤਲ ਹੋ ਜਾਣਾ ਬੜਾ ਦੁਖਦਾਇਕ ਘਟਨਾਕ੍ਰਮ ਹੈ। ਯਾਦ ਰਹੇ ਇਹ ਇਲਾਕਾ ਨਿਰੰਤਰ ਕੁਦਰਤ ਤੇ ਹਾਕਮਾਂ ਦੀ ਮਾਰ ਝੱਲਦਾ ਆ ਰਿਹਾ ਹੈ। ਇਸੇ ਕਰਕੇ ਇੱਥੇ ਲੜੇ ਜਾਂਦੇ ਲੋਕ ਘੋਲਾਂ ਦੀ ਅਮੁੱਕ ਲੜੀ ਹੈ।

ਹੜ੍ਹਾਂ ਵੇਲੇ ਦਰਿਆ ਦੀ ਮਾਰ ਨਾਲ ਅਕਸਰ ਇਨ੍ਹਾਂ ਪਿੰਡਾਂ ਦੀ ਉਪਜਾਈ ਭੂਮੀ ਦਰਿਆ ਬੁਰਦ ਹੋ ਜਾਂਦੀ ਹੈ। ਕਦੀ ਇਥੋਂ ਦੀਆਂ ਜ਼ਮੀਨਾਂ ਕਬਜ਼ਾਉਣ ਲਈ ਭੂ-ਮਾਫੀਆ ਚੜ੍ਹਾਈ ਕਰ ਦਿੰਦਾ ਹੈ। ਲੋਕ ਇਕਜੁੱਟ ਹੋ ਕੇ ਕੁਦਰਤ ਦੇ ਕਹਿਰ ਤੇ ਜਰਵਾਣਿਆਂ ਦੇ ਧੱਕੇ ਦਾ ਸਿਦਕ ਦਿਲੀ ਨਾਲ ਟਾਕਰਾ ਕਰਦੇ ਹਨ। ਸੱਟਾਂ-ਫੇਟਾਂ ਵੀ ਵਜਦੀਆਂ ਹਨ ’ਤੇ ਪੁਲਸ ਕੇਸ ਵੀ ਬਣਦੇ ਹਨ। ਸਾਥੀ ਮਹਿੰਦਰ ਸਿੰਘ ਦੇ ਪਿਤਾ ਕਾਮਰੇਡ ਸੰਤਾ ਸਿੰਘ ਸਮੇਤ 9 ਬੰਦਿਆਂ ਖ਼ਿਲਾਫ਼ ਧਾਰਾ 307 ਤੇ 326 ਅਧੀਨ ਦਰਜ਼ ਕੀਤੇ ਗਏ ਅਜਿਹੇ ਹੀ ਕੇਸ ਇਨਕਲਾਬੀ ਧਿਰਾਂ ਦੀ ਮਦਦ ਨਾਲ ਅੱਜ ਵੀ ਲੜੇ ਜਾ ਰਹੇ ਹਨ। ਮੁੱਕਦੀ ਗੱਲ, ਨਿੱਤ ਮੁਹਿੰਮਾਂ ਇਸ ਇਲਾਕੇ ਦੇ ਜੰਮਿਆਂ ਦਾ ਮੁਕੱਦਰ ਬਣ ਗਈਆਂ ਹਨ।

ਸ਼ਹੀਦ ਸਾਥੀ ਮਹਿੰਦਰ ਸਿੰਘ ਕੇਵਲ ਪਿੰਡ ਬੂਟੇ ਦੀਆਂ ਛੰਨਾ ਦੀ ਪੰਚਾਇਤ ਦੇ ਸਰਪੰਚ ਹੀ ਨਹੀਂ ਸਨ, ਬਲਕਿ ਜੁਝਾਰੂ ਕਿਸਾਨ ਘੁਲਾਟੀਏ ਤੇ ਆਪਾ ਵਾਰੂ ਕਮਿਊਨਿਸਟ ਕਾਰਕੁੰਨ ਵੀ ਸਨ। ਸ਼ਹਾਦਤ ਦਾ ਜਾਮ ਪੀਣ ਸਮੇਂ ਉਹ ਕਿਰਤੀ-ਕਿਸਾਨਾਂ, ਮਿਹਨਤੀਆਂ ਦੀ ਪਿਆਰੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਨਕੋਦਰ ਤਹਿਸੀਲ ਕਮੇਟੀ ਅਤੇ ਕਿਸਾਨਾਂ ਦੀ ਹਰਮਨ ਪਿਆਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਦੀ ਜਲੰਧਰ ਜ਼ਿਲ੍ਹਾ ਕਮੇਟੀ ਦੇ ਮੈਂਬਰ ਸਨ। ਮਜਦੂਰਾਂ-ਕਿਸਾਨਾਂ ਦੇ ਹੱਕ-ਹਕੂਕ ਲਈ ਲੜਣ ਵਾਲੇ ਬਾਕਿਰਦਾਰ ਇਨਸਾਨ ਸਾਥੀ ਮਹਿੰਦਰ ਸਿੰਘ ਨੂੰ ਇਹ ਗੁੜ੍ਹਤੀ ਪਰਿਵਾਰ ’ਚੋਂ ਮਿਲੀ ਸੀ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਸਾਥੀ ਸੰਤਾ ਸਿੰਘ ਵੀ 1969 ਤੋਂ 1975 ਤੱਕ ਇਲਾਕੇ ਦੇ ਆਬਾਦਕਾਰਾਂ ਦੇ ਹੱਕ ’ਚ ਲੜੇ ਗਏ ਲਹੂ ਵੀਟਵੇਂ ਘੋਲ ਦੇ ਉੱਚ ਪਾਏ ਦੇ ਲੀਡਰ ਰਹੇ ਸਨ। ਇਸ ਇਤਿਹਾਸਕ ਘੋਲ ਸਦਕਾ ਹੀ ਸੰਗੋਵਾਲ ਸੀਡ ਫਾਰਮ ਚੋਂ ਦਸ ਹਜ਼ਾਰ ਕਿਲੇ ਦਾ ਟੱਕ, ਜਿਸ ਨੂੰ ਸ੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਖੋਹਣਾ ਚਾਹੁੰਦੀ ਸੀ, ਤੋਂ ਆਬਾਦਕਾਰਾਂ ਦੇ ਉਜਾੜੇ ਨੂੰ ਠੱਲ੍ਹ ਪਾਈ ਗਈ ਸੀ। ਦੱਸ ਦੇਈਏ ਇਹ ਭੂਮੀ ਹਥਿਆਉਣ ਲਈ ਉਦੋਂ ਭਾਰਤੀ ਫੌਜ ਦੀ ਵਰਤੋਂ ਵੀ ਕੀਤੀ ਗਈ ਸੀ। ਆਬਾਦਕਾਰਾਂ ਨੇ ਆਪਣੇ ਛੋਟੇ-ਛੋਟੇ ਬੱਚੇ, ਜਵਾਨ ਧੀਆਂ ਤੇ ਪਤਨੀਆਂ ਫੌਜ ਦੇ ਅਤਿ ਅਧੁਨਿਕ ਟਰੈਕਟਰਾਂ ਮੂਹਰੇ ਪਾ ਦਿੱਤੇ ਸਨ। ਉਸੇ ਜੇਤੂ ਘੋਲ ਦੀ ਬਦੌਲਤ ਕੈਮਵਾਲਾ ਤੋਂ ਲੈਕੇ ਲੋਹੀਆਂ ਖਾਸ ਤੱਕ ਦੇ ਮੰਡ-ਬੇਟ ਦੇ ਹਜ਼ਾਰਾਂ ਆਬਾਦਕਾਰ ਅੱਜ ਵੀ ਉਸ ਜ਼ਮੀਨ ’ਤੇ ਕਾਬਜ਼ ਹਨ। ਸ਼ਹੀਦ ਕਾਮਰੇਡ ਦੇਸ ਰਾਜ ਸਹੋਤਾ, ਐਡਵੋਕੇਟ ਹਰਭਜਨ ਸਿੰਘ ਗੱਗੜਵਾਲ,  ਅਰਜਣ ਦਾਸ ਅਣਜਾਣ, ਅਰਜਣ ਸਿੰਘ ਗੌਂਸੂਵਾਲ, ਮਲਕੀਤ ਚੰਦ ਭੋਏਪੁਰੀ, ਨੰਬਰਦਾਰ ਕਰਤਾਰ ਸਿੰਘ, ਦੋਨਾ ਸਿੰਘ ਵੇਅਰਾਂ, ਕਰਤਾਰ ਸਿੰਘ ਛੋਹਲੇ, ਫੌਜਾ ਸਿੰਘ, ਕੁਲਵੰਤ ਸਿੰਘ ਮੰਡਿਆਲਾ ਦੀ ਅਗਵਾਈ ਹੇਠ ਲੜੇ ਗਏ ਇਸ ਘੋਲ ’ਚ ਅਨੇਕਾਂ ਲੋਕਾਂ ਨੇ ਆਪਣਾ ਬਣਦਾ ਹਿੱਸਾ ਪਾਇਆ ਸੀ। ਸ਼ਹੀਦ ਮਹਿੰਦਰ ਸਿੰਘ ਸਰਪੰਚ ਦੇ ਪਿਤਾ ਜੀ ਸਾਥੀ ਸੰਤਾ ਸਿੰਘ ਉਸ ਘੋਲ ਦੀ ਜ਼ਿੰਦਾ ਜਾਗਦੀ ਤਵਾਰੀਖ ਦੇ ਰੂਪ ’ਚ ਅੱਜ ਵੀ ਸਾਡੇ ਦਰਮਿਆਨ ਮੌਜੂਦ ਹਨ। ਸਰਪੰਚ ਮਹਿੰਦਰ ਸਿੰਘ ਦੇ ਪਰਿਵਾਰ ਦੀਆਂ ਰਗਾਂ ’ਚ ਲੋਕ ਸੇਵਾ ਤੇ ਜ਼ਬਰ ਖ਼ਿਲਾਫ਼ ਲੜਣ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਹ ਨਸ਼ੇ ਕਾਰਨ ਇਲਾਕੇ ’ਚ ਰੋਜ਼ਾਨਾ ਹੋ ਰਹੀਆਂ ਦਰਜਨਾਂ ਨੌਜਵਾਨਾਂ ਦੀਆਂ ਮੌਤਾਂ ਤੋਂ ਬਹੁਤ ਦੁਖੀ ਸੀ। ਇਸੇ ਕਰਕੇ ਉਸਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਜੂਝਣ ਦਾ ਤਹੱਈਆ ਕੀਤਾ ਸੀ। ਦੁੱਖ ਦੀ ਗੱਲ ਇਹ ਹੈ ਕਿ ਪੁਲਸ ਨੂੰ ਨਸ਼ਾ ਸਮੱਗਲਰਾਂ ਬਾਰੇ ਪੂਰੀ ਜਾਣਕਾਰੀ ਹੈ, ਫਿਰ ਵੀ ਇਨ੍ਹਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਸਪੱਸ਼ਟ ਹੈ ਕਿ ਪੁਲਸ ਤੇ ਨਸ਼ਾ ਸਮੱਗਲਰ ਮਿਲੇ ਹੋਏ ਹਨ ਤੇ ਇਨ੍ਹਾਂ ਦੇ ਸਿਰ ’ਤੇ ਸਿਆਸਤਦਾਨਾਂ, ਖਾਸ ਕਰਕੇ ਰਾਜ ਕਰਦੀ ਧਿਰ ਦਾ ਹੱਥ ਹੈ। ਇਸੇ ਕਰਕੇ ਇਕ ਲੋਕ ਆਗੂ ਦਾ ਸ਼ਰ੍ਹੇਆਮ ਉਸ ਦੇ ਘਰ ਦੇ ਐਨ ਕੋਲ, ਉਸ ਦੀ ਪਤਨੀ ਦੀਆਂ ਅੱਖਾਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ।

ਇਲਾਕੇ ’ਚ ਸ਼ਹੀਦ ਸਾਥੀ ਮਹਿੰਦਰ ਸਿੰਘ ਸਰਪੰਚ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਸਾਥੀ ਦੀ ਸ਼ਹਾਦਤ ਦੀ ਖਬਰ ਮਿਲਦੇ ਸਾਰ ਹੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਅਗਵਾਈ ਹੇਠ ਸੈਂਕੜੇ ਲੋਕ ਥਾਣਾ ਮਹਿਤਪੁਰ ਅੱਗੇ ਇਕੱਠੇ ਹੋ ਗਏ। ਪਾਰਟੀ ਦੀ ਜਲੰਧਰ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ, ਕਿਸਾਨ ਆਗੂ ਮਨੋਹਰ ਸਿੰਘ ਗਿੱਲ, ਰਾਮ ਸਿੰਘ ਕੈਮਵਾਲਾ, ਮੇਜਰ ਸਿੰਘ ਖੁਰਲਾਪੁਰ, ਸੁਖਦੇਵ ਦੱਤ ਬਾਂਕਾ, ਦਲਵਿੰਦਰ ਸਿੰਘ ਕੁਲਾਰ, ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ, ਬੀਕੇਯੂ ਖਹਿਰਾ ਦੇ ਕੇਵਲ ਸਿੰਘ ਖਹਿਰਾ, ਆਲ ਇੰਡੀਆ ਕਿਸਾਨ ਸਭਾ ਦੇ ਸੰਦੀਪ ਅਰੋੜਾ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਮੰਡ, ਕੁਲ ਹਿੰਦ ਕਿਸਾਨ ਸਭਾ ਦੇ ਕੇਵਲ ਸਿੰਘ ਦਾਨੇਵਾਲ ਤੇ ਹੋਰਾਂ ਨੇ ਸਲਾਹ-ਮਸ਼ਵਰਾ ਕਰਕੇ ਕਾਤਲਾਂ ਨੂੰ ਫੜ੍ਹਾਉਣ ਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦਿਨ-ਰਾਤ ਦਾ ਧਰਨਾ-ਪ੍ਰਦਰਸ਼ਨ ਵਿੱਢ ਦਿੱਤਾ। ਤਿੰਨ ਦਿਨ ਲਗਾਤਾਰ ਚੱਲੇ ਧਰਨਾ-ਪ੍ਰਦਰਸ਼ਨ ਤੋਂ ਪਿੱਛੋਂ ਪ੍ਰਸ਼ਾਸਨ ਨੇ ਕੁੱਝ ਮੰਗਾਂ ਮੰਨ ਲਈਆਂ। ਇਨ੍ਹਾਂ ’ਚ ਨਸ਼ਾ ਸਮੱਗਲਰਾਂ ਨਾਲ ਸਾਂਝ ਰੱਖਣ ਵਾਲੇ ਮੁੱਖ ਮੁਨਸ਼ੀ ਨੂੰ ਮੁਅੱਤਲ ਕਰਨਾ, ਥਾਣਾ ਮੁਖੀ ਦਾ ਤਬਾਦਲਾ ਕਰਨਾ, ਪਰਿਵਾਰ ਦੇ ਇਕ ਮੈਂਬਰ ਨੂੰ ਕਲੈਕਟਰ ਰੇਟ ’ਤੇ ਸਰਕਾਰੀ ਨੌਕਰੀ ਦੇਣੀ, ਪਰਿਵਾਰ ਨੂੰ ਮੁਆਵਜ਼ੇ ਵਜੋਂ ਨਗਦ ਰਕਮ ਦੇਣੀ, ਇਲਾਕੇ ਦੇ ਕਿਸੇ ਵੱਡੇ ਪਿੰਡ ਦੇ ਸਕੂਲ ਦੇ ਖੇਡ ਮੈਦਾਨ ਦਾ ਨਾਂ ਸ਼ਹੀਦ ਸਾਥੀ ਮਹਿੰਦਰ ਸਿੰਘ ਸਰਪੰਚ ਦੇ ਨਾਂ ’ਤੇ ਰੱਖਣਾ ਅਤੇ ਬਾਕੀ ਬਚਦੇ ਦੋਸ਼ੀਆਂ ਨੂੰ ਤਰੁੰਤ ਗ੍ਰਿਫਤਾਰ ਕਰਨਾ ਸ਼ਾਮਲ ਸਨ। ਇਸ ਪਿਛੋਂ ‘ਸ਼ਹੀਦ ਸਰਪੰਚ ਮਹਿੰਦਰ ਸਿੰਘ ਅਮਰ ਰਹੇ’ ਦੇ ਆਕਾਸ਼ ਗੂੰਜਾਊ ਨਾਅਰਿਆਂ ਨਾਲ ਤਿੰਨ ਦਿਨਾਂ ਤੋਂ ਜਾਰੀ ਧਰਨਾ-ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ।

See Also

ਲੇਕਿਨ ਪੰਜਾਬ ਦਾ ਸੰਤਾਪ ਅਜੇ ਵੀ ਮੁੱਕਿਆ ਨਹੀਂ। ਨਸ਼ਾ ਤਸਕਰਾਂ, ਭ੍ਰਿਸ਼ਟ ਸਿਆਸਤਦਾਨਾਂ ਤੇ ਪੁਲਸ-ਪ੍ਰਸ਼ਾਸਨ ਵਿਚਲੀਆਂ ਕਾਲੀਆਂ ਭੇਡਾਂ ਦੀ ਨਾਪਾਕ ਤਿੱਕੜੀ ਆਪਣਾ ਮਲੀਨ ਧੰਦਾ ਬੇਰੋਕ-ਟੋਕ ਜਾਰੀ ਰੱਖਣ ਲਈ ਪਤਾ ਨਹੀਂ ਕਿੰਨੇ ਹੋਰ ਘਰਾਂ ’ਚ ਜਵਾਨ-ਜਹਾਨ ਧੀਆਂ-ਪੁੱਤਾਂ ਦੇ ਸੱਥਰ ਵਸਾਏਗੀ। ਜ਼ਾਹਿਰ ਹੈ ਸਾਥੀ ਮਹਿੰਦਰ ਸਿੰਘ ਵਰਗੇ ਸਿਰਲੱਥ ਯੋਧਿਆਂ ਦੀਆਂ ਸ਼ਹਾਦਤਾਂ ਵੀ ਹੋਣਗੀਆਂ। ਪੰਜਾਬੀਆਂ ਨੂੰ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਰੂਪੀ ਢਕਵੰਜ ਦੇ ਭਰਮਜਾਲ ਜੋਂ ਨਿਕਲ ਕੇ ਇਕਜੁੱਟ ਲੋਕ ਘੋਲਾਂ ਰਾਹੀਂ ‘ਆਪਣਾ ਸਿਰ ਆਪ ਗੁੰਦਣਾ’ ਪੈਣਾ ਹੈ।

ਕਿਸੇ ਵੀ ਬੁਰਾਈ ਜਾਂ ਧੱਕੇ ਦੇ ਖ਼ਿਲਾਫ਼ ਲੜਦਿਆਂ ਸ਼ਹਾਦਤਾਂ ਹੋਣੀਆਂ ਸੁਭਾਵਕ ਹਨ। ਗੁਰੂ ਸਾਹਿਬਾਨ ਤੋਂ ਲੈਕੇ ਦੇਸ਼ ਭਗਤਾਂ ਤਾਈਂ ਬੇਸ਼ੁਮਾਰ  ਸ਼ਹਾਦਤਾਂ ਹੋਈਆਂ ਹਨ। ਲੋਕ ਆਪਣੇ ਸ਼ਹੀਦਾਂ ਨੂੰ ਬੜੇ ਅਦਬ-ਸਤਿਕਾਰ ਨਾਲ ਯਾਦ ਕਰਦੇ ਹਨ। ਸ਼ਹੀਦ ਲੋਕਾਂ ਦੇ ਮੱਥਿਆਂ ਵਿਚਲੀ ਸੋਚ ਦਾ ਸਦੀਵੀ ਸ਼ਿੰਗਾਰ ਬਣ ਜਾਂਦੇ ਹਨ। ਦੂਜੇ ਪਾਸੇ ਲੋਕ ਵਿਰੋਧੀ ਹੁਕਮਰਾਨਾਂ ਤੇ ਹਾਕਮ ਜਮਾਤਾਂ, ਸਮਾਜ ਵਿਰੋਧੀ ਅਨਸਰਾਂ ਤੇ ਅਜਿਹੇ ਹੋਰ ਮਾਨਵ ਦੋਖੀਆਂ ਦਾ ਲੋਕੀਂ ਨਾਂ ਲੈਣਾ ਵੀ ਗਵਾਰਾ ਨਹੀਂ ਕਰਦੇ। ਸ਼ਹੀਦ ਸਾਥੀ ਮਹਿੰਦਰ ਸਿੰਘ ਸਰਪੰਚ ਨੂੰ ਵੀ ਲੋਕਾਂ ਨੇ ਆਪਣੇ ਸ਼ਹੀਦ ਦਾ ਦਰਜਾ ਪ੍ਰਦਾਨ ਕੀਤਾ ਹੈ। ਲੋਕ ਹਿੱਤਾਂ ਲਈ ਲੜਣ ਵਾਲੇ ਯੋਧੇ ਸਰਕਾਰੀ ਉਪਾਧੀਆਂ ਦੀ ਉਮੀਦ ਕਦੇ ਵੀ ਨਹੀਂ ਰੱਖਦੇ। ਲੋਕਾਂ ਲਈ ਜੂਝਦਿਆਂ ਸ਼ਹਾਦਤਾਂ ਦਾ ਜਾਮ ਪੀਣ ਵਾਲਿਆਂ ਦੀ ਸੋਚ ਨੂੰ ਲੋਕ ਹਮੇਸ਼ਾ ਜਿਉਂਦਾ ਰੱਖਦੇ ਹਨ।

Scroll To Top