Now Reading
ਮਨੂਵਾਦ ਭਜਾਓ ਬੇਗਮਪੁਰਾ ਵਸਾਓ

ਮਨੂਵਾਦ ਭਜਾਓ ਬੇਗਮਪੁਰਾ ਵਸਾਓ

ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ. ਜਾਂ ਸੰਘ), ਸਾਲ 1925 ‘ਚ ਆਪਣੇ ਜਨਮ ਤੋਂ ਲੈ ਕੇ ਅੱਜ ਤਾਈਂ ਭਾਰਤੀ ਸਮਾਜ ‘ਚ ਧਰਮ, ਜਾਤੀ, ਭਾਸ਼ਾ ਅਤੇ ਲਿੰਗਕ ਅਧਾਰ ‘ਤੇ ਫੁੱਟ ਦੇ ਬੀਜ ਬੀਜਦਾ ਆ ਰਿਹਾ ਹੈ। ਧਰਮ ਅਧਾਰਤ, ‘ਹਿੰਦੂਤਵੀ- ਮਨੂਵਾਦੀ ਰਾਜ’ ਕਾਇਮ ਕਰਨ ਲਈ ਆਰ.ਐਸ.ਐਸ. ਵੱਲੋਂ ਮੁਸਲਮਾਨ, ਇਸਾਈ, ਬੋਧੀ, ਜੈਨੀ ਤੇ ਹੋਰ ਭਾਈਚਾਰਿਆਂ ਤੋਂ ਹਿੰਦੂ ਧਰਮ ਨੂੰ ਖਿਆਲੀ ਖਤਰਿਆਂ ਦਾ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ। ਅਜਿਹਾ ਕਰਨ ਪਿੱਛੇ ਆਰ.ਐਸ.ਐਸ. ਦੀ ਇੱਛਾ ਭਾਰਤੀ ਸਮਾਜ ਦੀ ਫਿਰਕੂ-ਵੰਡ ਕਰਨ ਲਈ, ਦੂਸਰੇ ਧਰਮਾਂ ਤੇ ਉਨ੍ਹਾਂ ਦੇ ਪੈਰੋਕਾਰਾਂ ਵਿਰੁੱਧ ਘ੍ਰਿਣਾ ਪੈਦਾ ਕਰਨਾ ਹੈ। ਇਸੇ ਮੰਤਵ ਤਹਿਤ, ਸੁਤੰਤਰਤਾ ਸੰਗਰਾਮ ਦੌਰਾਨ ਆਰ.ਐਸ.ਐਸ. ਨੇ ਬਸਤੀਵਾਦੀ ਅੰਗਰੇਜ਼ ਸਾਮਰਾਜੀਆਂ ਦਾ ਸਾਥ ਦੇਣ ਲਈ ਦੇਸ਼ ਵਾਸੀਆਂ ਦਰਮਿਆਨ ਹਿੰਦੂ-ਮੁਸਲਿਮ ਦੀ ਦੀਵਾਰ ਖੜ੍ਹੀ ਕਰਕੇ ਆਜ਼ਾਦੀ ਦੇ ਘੋਲ ਨੂੰ ਸਾਬੋਤਾਜ ਕਰਨ ਦੇ ਹਥਕੰਡੇ ਵਰਤੇ ਸਨ। ਇਹੋ ਨਹੀਂ ਆਰ.ਐਸ.ਐਸ ਨੇ ਨਾ ਤਾਂ 1947 ‘ਚ ਮਿਲੀ ਆਜ਼ਾਦੀ ਨੂੰ ਪ੍ਰਵਾਨ ਕੀਤਾ ਹੈ, ਨਾ ਦੇਸ਼ ਦੇ ਕੌਮੀ ਝੰਡੇ, ਭਾਵ ਤਿਰੰਗੇ ਦਾ ਦਿਲੋਂ ਸਨਮਾਨ ਕੀਤਾ ਹੈ ਅਤੇ ਨਾ ਹੀ ਕਦੀ ਭਾਰਤੀ ਸੰਵਿਧਾਨ ਨੂੰ ਮਾਨਤਾ ਦਿੱਤੀ ਹੈ । ਆਰ.ਐਸ.ਐਸ. ਨੇ, ਸਮਾਜ ਨੂੰ ਧਰਮ ਦੇ ਆਧਾਰ ‘ਤੇ ਵੰਡਣ ਦਾ ਆਪਣਾ ਫਿਰਕੂ-ਫਾਸ਼ੀ ਏਜੰਡਾ ਪਿਛਲੇ ਸੌ ਸਾਲਾਂ ਤੋਂ ਵੱਧ ਸਮੇਂ ਤੋਂ ਬਾਦਸਤੂਰ ਜਾਰੀ ਰੱਖਿਆ ਹੋਇਆ ਹੈ। ਪ੍ਰੰਤੂ, ਸਾਲ 2014 ‘ਚ ਕੇਂਦਰ ‘ਚ ਆਪਣੇ ਸਿਆਸੀ ਵਿੰਗ ‘ਭਾਜਪਾ’ ਦੀ ਅਗਵਾਈ ਵਾਲੀ ਮੋਦੀ ਸਰਕਾਰ ਕਾਇਮ ਹੋ ਜਾਣ ਨਾਲ, ਆਰ.ਐਸ.ਐਸ. ਨੇ ਆਪਣੇ ਇਸ ਘਾਤਕ ਏਜੰਡੇ ‘ਤੇ ਹੋਰ ਤੇਜ਼ੀ ਨਾਲ ਅਮਲ ਕਰਨਾ ਆਰੰਭ ਦਿੱਤਾ ਹੈ। ਇਸੇ ਕਾਰਨ, ਮੋਦੀ ਸਰਕਾਰ ਦੇ ਦੇਸ਼ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਹੋ ਜਾਣ ਨੂੰ ਸੰਘ ਨੇ ‘ਹਿੰਦੂਆਂ’ ਦੀ ਅੱਠ ਸਦੀਆਂ ਦੀ ‘ਗੁਲਾਮੀ’ ਦਾ ਅੰਤ ਦੱਸਦਿਆਂ ਭੰਗੜੇ ਪਾਏ ਸਨ। ਆਰ.ਐਸ.ਐਸ., ਅਤੀਤ ‘ਚ ਆਪਣੇ-ਆਪ ਨੂੰ ਇਕ ਮੁਕੰਮਲ ਗੈਰ ਸਿਆਸੀ ਸੰਗਠਨ ਦੱਸਦਾ ਹੋਇਆ, ਇਹ ਧੋਖੇ ਭਰਿਆ ਪ੍ਰਪੰਚ ਰਚਦਾ ਆ ਰਿਹਾ ਹੈ ਕਿ “ਇਕ ਸਮਾਜਿਕ-ਸਭਿਆਚਾਰਕ ਸੰਗਠਨ ਵਜੋਂ ਅਸਾਡਾ ਮੁੱਖ ਕੰਮ ਕੇਵਲ ਲੋਕਾਂ ਦੇ ਮਨਾਂ ‘ਚ ‘ਦੇਸ਼ ਭਗਤੀ ਦਾ ਜਜ਼ਬਾ ਭਰਨਾ’, ‘ਦੇਸ਼ ਵਾਸੀਆਂ ਦਾ ਚਰਿੱਤਰ ਨਿਰਮਾਣ ਕਰਨ ਤੇ ‘ਸਦਾਚਾਰਕ ਕਦਰਾਂ-ਕੀਮਤਾਂ ਮਜ਼ਬੂਤ ਕਰਨਾ’ ਹੈ। ਲੇਕਿਨ ਭਾਜਪਾ ਦੇ ਦੇਸ਼ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਹੁੰਦੇ ਸਾਰ ਹੀ ਆਰ.ਐਸ.ਐਸ. ਦੇ ਵਿਚਾਰਕ ਤੇ ਪ੍ਰਚਾਰਕ ਆਪਣੇ ਅਸਲੀ ਰੰਗ ‘ਚ ਆ ਗਏ ਹਨ ਤੇ ਆਪਣੇ ਰਾਜਸੀ ਉਦੇਸ਼ਾਂ ਦਾ ਖੁਲ੍ਹੇ ਆਮ ਐਲਾਨ ਕਰਨ ਲੱਗ ਪਏ ਹਨ। ਸੱਚ ‘ਤੇ ਪਰਦਾ ਪਾਉਣ ਲਈ, ਆਰ.ਐਸ.ਐਸ. ਨੇ ਸਮੁੱਚੇ ਦੇਸ਼ ਅੰਦਰ, ਖਾਸਕਰ ਕਬਾਇਲੀਆਂ ਤੇ ਉੱਤਰ ਪੂਰਬੀ ਖਿੱਤੇ ਦੇ ਆਮ ਲੋਕਾਂ ‘ਚ ਸਿਹਤ, ਵਿੱਦਿਆ ਆਦਿ ਸਹੂਲਤਾਂ ਪ੍ਰਦਾਨ ਕਰਨ ਦੇ ਨਾਂ ‘ਤੇ ਆਪਣੇ ਪੇਸ਼ਾਵਰ ਪ੍ਰਚਾਰਕਾਂ ਤੇ ਤਨਖਾਹਦਾਰਾਂ ਨੂੰ ਜਥੇਬੰਦਕ ਢਾਚਾਂ ਕਾਇਮ ਕਰਨ ਦਾ ਕੰਮ ਸੌਂਪਿਆ ਸੀ। ਇਹੋ ਢਾਂਚਾ, ਜਨ ਸਮੂਹਾਂ ਨੂੰ ਲੁਕਵੇਂ ਢੰਗ ਨਾਲ ਆਰ.ਐਸ.ਐਸ. ਦੀ ਫਿਰਕੂ ਵਿਚਾਰਧਾਰਾ ਅਤੇ ਘਾਤਕ ਏਜੰਡੇ ਦੇ ਦੁਆਲੇ ਜੋੜਨ ਦਾ ਮਾਧਿਅਮ ਹੈ। ਆਰ.ਐਸ.ਐਸ. ਦੇ ਸੋਇਮ ਸੇਵਕਾਂ ਨੂੰ, ਗਰੀਬ ਵਸੋਂ ਨੂੰ ਧਨ ਦਾ ਲੋਭ ਦੇ ਕੇ ਜਬਰੀ ਧਰਮ ਬਦਲੀ ਦਾ ਪ੍ਰਾਜੈਕਟ ਵੀ ਤੇਜ਼ੀ ਨਾਲ ਸਿਰੇ ਚਾੜ੍ਹਨ ਦਾ ਟੀਚਾ ਦਿੱਤਾ ਗਿਆ ਹੈ। ਇਸ ਸੱਜ ਪਿਛਾਖੜੀ ਸੰਗਠਨ ਨੂੰ ਧਨ ਦੀ ਕਦੀ ਕੋਈ ਥੋੜ ਨਹੀਂ ਰਹਿੰਦੀ। ਕਿਉਂਕਿ ਕੌਮਾਂਤਰੀ ਤੇ ਕੌਮੀ ਪੱਧਰ ਦੇ ਧਨਾਢਾਂ ਤੇ ਫਾਸ਼ੀ ਰੁਝਾਨ ਵਾਲੀਆਂ ਸੰਸਥਾਵਾਂ ਨੇ ਇਸ ਦੇ ਮਾਇਕ ਸਰੋਤਾਂ ‘ਚ ਕਦੀ ਕੋਈ ਘਾਟ ਨਹੀਂ ਆਉਣ ਦਿੱਤੀ।

ਆਰ.ਐਸ.ਐਸ., ਮੋਦੀ ਸਰਕਾਰ ਦੀ ਕਾਇਮੀ ਦਾ ਲਾਹਾ ਲੈਂਦਾ ਹੋਇਆ, ਛੇਤੀ ਤੋਂ ਛੇਤੀ ਦੇਸ਼ ਦੇ ਲੋਕਰਾਜੀ, ਧਰਮ ਨਿਰਪੱਖ, ਸੰਘਾਤਮਕ ਢਾਂਚੇ ਨੂੰ ਬਰਬਾਦ ਕਰਕੇ ਇਸਦੀ ਦੀ ਥਾਂ ਇਕ ਵਿਸ਼ੇਸ਼ ਧਰਮ ‘ਤੇ ਅਧਾਰਤ ‘ਹਿੰਦੂਤਵੀ-ਮਨੂੰਵਾਦੀ ਰਾਸ਼ਟਰ’ ਸਥਾਪਤ ਕਰਨਾ ਚਾਹੁੰਦਾ ਹੈ। ਅਜਿਹਾ ਤਾਨਾਸ਼ਾਹ ਰਾਸ਼ਟਰ, ਜਿਸ ‘ਚ ਆਰਥਿਕ, ਸਿਆਸੀ, ਪ੍ਰਸ਼ਾਸਕੀ ਤਾਕਤਾਂ ਦਾ ਮੁਕੰਮਲ ਕੇਂਦਰੀਕਰਨ ਕੀਤਾ ਗਿਆ ਹੋਵੇ। ਆਪਣੇ ਇਸ ਫਿਰਕੂ-ਫਾਸ਼ੀ ਏਜੰਡੇ ਦੀ ਪੂਰਤੀ ਲਈ ਹੀ ਸਮੂਹ ਧਾਰਮਿਕ ਘੱਟ ਗਿਣਤੀਆਂ, ਔਰਤਾਂ, ਦਲਿਤਾਂ, ਬੁਧੀਜੀਵੀਆਂ ਤੇ ਅਗਾਂਹਵਧੂ ਧਿਰਾਂ ਨੂੰ ਹਰ ਤਰ੍ਹਾਂ ਦੇ ਝੂਠੇ ਇਲਜ਼ਾਮਾਂ ਤੇ ਭੰਡੀ ਪ੍ਰਚਾਰ ਰਾਹੀਂ ‘ਦੇਸ਼ ਧ੍ਰੋਹੀ’ ਐਲਾਨ ਕੇ ਹਰ ਤਰ੍ਹਾਂ ਦੇ ਜ਼ੁਲਮਾਂ ਦਾ ਨਿਸ਼ਾਨਾ ਬਣਾ ਰਿਹਾ ਹੈ। ਇਸ ਕੰਮ ‘ਚ ਮੀਡੀਆ, ਖਾਸ ਕਰਕੇ ਬਿਜਲਈ ਮੀਡੀਆ ਨੇ ਆਰ.ਐਸ.ਐਸ., ਭਾਜਪਾ ਤੇ ਮੋਦੀ ਸਰਕਾਰ ਦਾ ਹਰ ਪੱਖੋਂ ਸਾਥ ਨਿਭਾਇਆ ਹੈ। ਦੇਸ਼ ਦੇ ਮੌਜੂਦਾ ਸੰਵਿਧਾਨ ਨੂੰ ਰੱਦ ਕਰਕੇ ਮਨੂੰਵਾਦੀ ਵਿਵਸਥਾ ਦੇ ਚੌਖਟੇ ‘ਚ ‘ਨਵਾਂ ਸੰਵਿਧਾਨ’ ਲਿਖਣਾ ਅਤੇ ਇਤਿਹਾਸ, ਵਿੱਦਿਅਕ ਪਾਠਕ੍ਰਮ, ਸਮਾਜਿਕ- ਸੱਭਿਆਚਾਰਕ ਕਦਰਾਂ-ਕੀਮਤਾਂ ਤੇ ਰਸਮੋ-ਰਿਵਾਜ਼, ਭਾਸ਼ਾਵਾਂ ਦਾ ਭਗਵਾਂਕਰਨ ਕਰਦੇ ਹੋਏ ਇਨ੍ਹਾਂ ਨੂੰ ਗੈਰ ਵਿਗਿਆਨਕ ਰੰਗਤ ਦੇਣੀ ਇਸ ਦਿਸ਼ਾ ‘ਚ ਸੰਘ ਦਾ ਸਭ ਤੋਂ ਵੱਧ ਮਹੱਤਵਪੂਰਨ ਤੇ ਜ਼ਰੂਰੀ ਕਾਰਜ ਹੈ। ਇਉਂ, ਦੇਸ਼ ਨੂੰ ਮੁੜ ਤੋਂ ਮੱਧ ਕਾਲ ਦੇ ਹਨੇਰੇ ਯੁੱਗ ਵੱਲ ਧੱਕਣ ਦੀ ਉਚੇਚੀ ਯੋਜਨਾਬੰਦੀ ਕੀਤੀ ਜਾ ਰਹੀ ਹੈ। ਫੌਜ ਤੇ ਅਰਧ ਫੌਜੀ ਬਲਾਂ, ਖੁਦ ਮੁਖਤਿਆਰ ਸੰਵਿਧਾਨਕ ਸੰਸਥਾਵਾਂ, ਵਿਭਾਗਾਂ-ਏਜੰਸੀਆਂ, ਨਿਆਂ ਪਾਲਕਾ, ਕਾਰਜ ਪਾਲਕਾ, ਵਿਦਿਅਕ ਅਦਾਰਿਆਂ ਸਮੇਤ ਦੇਸ਼ ਦੇ ਸਾਰੇ ਵਕਾਰੀ ਅਹੁਦਿਆਂ ‘ਤੇ ਆਰ.ਐਸ.ਐਸ. ਦੇ ਪੈਰੋਕਾਰ ਬਿਠਾਏ ਜਾ ਰਹੇ ਹਨ। ਸਰਕਾਰੀ ਨੀਤੀ ਜਾਂ ਆਰ.ਐਸ.ਐਸ. ਦੀ ਤਬਾਹਕੁੰਨ ਵਿਚਾਰਧਾਰਾ ਤੇ ਏਜੰਡੇ ਦਾ ਬਾਦਲੀਲ ਵਿਰੋਧ ਕਰਦੀ ਹਰ ਆਵਾਜ਼ ਨੂੰ ਦਬਾਉਣ ਲਈ, ਅਜਿਹਾ ਕਰਨ ਵਾਲਿਆਂ ਨੂੰ ‘ਦੇਸ਼ ਧ੍ਰੋਹੀ’ ਦੱਸ ਕੇ ਝੂਠੇ ਕੇਸਾਂ ਤਹਿਤ ਜੇਲ੍ਹਾਂ ‘ਚ ਬੰਦ ਕੀਤਾ ਜਾ ਰਿਹਾ ਹੈ। ਮੋਦੀ-ਸ਼ਾਹ ਜੋੜੀ ਦੇ ਫੌਰੀ ਨਿਸ਼ਾਨੇ ‘ਤੇ ਖੱਬੇ ਪੱਖੀ ਕਾਰਕੁੰਨ ਹਨ। ਇਸੇ ਲਈ ਉਹ ਮਾਓਵਾਦ ਨੂੰ ਖਤਮ ਕਰਨ ਦੇ ਨਾਂ ‘ਤੇ ਦੇਸ਼ ਨੂੰ ਖੱਬੇ ਪੱਖੀ ਤੇ ਅਗਾਂਹਵਧੂ ਵਿਚਾਰਧਾਰਾ ਤੋਂ ਮੁਕਤ ਕਰਨ ਦੇ ਆਹਰ ਲੱਗੇ ਹੋਏ ਹਨ । ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ‘ਤੇ ਲਗਾਤਾਰ ਵੱਧ ਰਹੇ ਹਮਲੇ ਸੰਘ ਦੀ ਸੰਕੀਰਨ ਸੋਚ ਤੇ ਵੱਖਵਾਦੀ ਏਜੰਡੇ ਦਾ ਹੀ ਭਾਗ ਹਨ। ਮੋਦੀ ਸਰਕਾਰ, ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਰਾਹੀਂ ਤੇ ਨਿਆਂ ਪਾਲਕਾ ਨੂੰ ਸੱਤਾ ਦਾ ਡਰ ਦਿਖਾ ਕੇ, ਆਰ.ਐਸ.ਐਸ. ਦਾ ਤੈਅਸ਼ੁਦਾ ਏਜੰਡਾ ਪੂਰਾ ਕਰਨ ਲਈ ਹਰ ਵਸੀਲਾ ਜੁਟਾ ਰਹੀ ਹੈ।

ਆਰ.ਐਸ.ਐਸ. ਦੀ ‘ਕਾਰੀਗਰੀ’ ਦੇਖੋ! ਇਕ ਪਾਸੇ ਕੁਦਰਤੀ ਤੇ ਨਿਆਂ ਪੂਰਨ ‘ਕੰਮ ਵੰਡ’ ਦੱਸ ਕੇ ‘ਮਨੂੰਵਾਦੀ’ ਵਿਵਸਥਾ ਦੇ ਸੋਹਲੇ ਗਾਏ ਜਾ ਰਹੇ ਹਨ ਤੇ ਦੂਜੇ ਪਾਸੇ ਮਨੂੰਵਾਦੀ ਸੋਚ ਤੋਂ ਸਭ ਤੋਂ ਵਧੇਰੇ ਪੀੜਤ ‘ਸ਼ੂਦਰਾਂ’ ਤੇ ਕਥਿਤ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਆਰ.ਐਸ.ਐਸ. ਦੇ ਨਾਲ ਜੋੜਨ ਲਈ ਹਿੰਦੂ ਸਮਾਜ ਦਾ ਅੰਗ ਦੱਸਿਆ ਜਾ ਰਿਹਾ ਹੈ। ਆਰ.ਐਸ.ਐਸ. ਦੇ ਬੁਲਾਰੇ ਤਾਂ ਇਸ ਹੱਦ ਤਾਈਂ ਕੂੜ ਪ੍ਰਚਾਰ ‘ਤੇ ਉੱਤਰ ਆਏ ਹਨ ਕਿ “ਦੇਸ਼ ਦੇ ਉਤਰ-ਪੂਰਬੀ ਰਾਜਾਂ ‘ਚ ਜਾਤੀ-ਪਾਤੀ ਵਿਵਸਥਾ ਦੇ ਡਟਵੇਂ ਵਿਰੋਧੀ ਬੁੱਧ ਮਤ ਦੇ ਫੈਲ ਜਾਣ ਕਰਕੇ ਲੋਕੀਂ ਡਰਪੋਕ ਤੇ ਕਮਜ਼ੋਰ ਬਣ ਗਏ ਸਨ। ਜਿਸ ਦੇ ਸਿੱਟੇ ਵਜੋਂ ਮੁਗਲ ਸ਼ਾਸ਼ਕ ਤੇ ਅੰਗਰੇਜ਼ ਸਾਮਰਾਜੀਏ, ਇਸ ਖਿੱਤੇ ‘ਚ ਆਪਣੇ ਪੈਰ ਸੌਖਿਆਂ ਹੀ ਪਸਾਰਨ ‘ਚ ਸਫਲ ਹੋ ਗਏ ਸਨ । ਜਦਕਿ ਦੂਜੇ ਬੰਨੇ ਕੇਂਦਰੀ ਤੇ ਉਤਰੀ ਭਾਰਤ ‘ਚ ਮਨੂੰਵਾਦੀ ਵਿਵਸਥਾ ਪ੍ਰਚਲਿਤ ਹੋਣ ਕਰਕੇ ਆਮ ਲੋਕਾਂ, ਖਾਸ ਕਰਕੇ ਦਲਿਤਾਂ ਤੇ ਪੱਛੜੀਆਂ ਜਾਤਾਂ ਨੇ ਮੁਗਲਾਂ ਤੇ ਅੰਗ੍ਰੇਜ਼ ਸਾਮਰਾਜੀਆਂ ਨਾਲ ਜਬਰਦਸਤ ਟੱਕਰਾਂ ਲਈਆਂ ਸਨ ਤੇ ਉਨ੍ਹਾਂ ਨੂੰ ਦੇਸ਼ ‘ਤੇ ਕਾਬਜ਼ ਹੋਣ ਤੋਂ ਲੰਮਾ ਸਮਾਂ ਰੋਕੀ ਰੱਖਿਆ ਸੀ।” ਆਰ.ਐਸ.ਐਸ., ਇਹ ਕਹਿਣ ਦੀ ਜੁਰਅਤ ਕਰ ਰਿਹਾ ਹੈ ਕਿ ਜਾਤੀਪਾਤੀ ਵਿਵਸਥਾ ‘ਚ ਅਖੌਤੀ ਉੱਚ ਜਾਤੀਆਂ ਦੇ ਅੱਤਿਆਚਾਰਾਂ ਦੇ ਭੰਨ੍ਹੇ ਲੋਕ ਵਧੇਰੇ ਬਹਾਦਰ ਬਣ ਜਾਂਦੇ ਹਨ। ਭਲਾ ਦਲਿਤ ਜਾਤੀਆਂ ਦਾ ਇਸ ਤੋਂ ਵੱਡਾ ਅਪਮਾਨ ਹੋਰ ਕੀ ਹੋ ਸਕਦਾ ਹੈ? ਆਰ.ਐਸ.ਐਸ. ਨੇ ਹੁਣ ਇਸੇ ਦਲਿਤ ਸਮਾਜ ਤੇ ਕਥਿਤ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਇਕ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਇਹ ਕਹਿ ਕੇ ਕਿ “ਕਿਸਾਨ ਉਨ੍ਹਾਂ ਨੂੰ ਜ਼ਮੀਨ ਦੇ ਮਾਲਕ ਬਣਾਏ ਜਾਣ ਦੇ ਰਾਹ ਦਾ ਮੁੱਖ ਅੜਿੱਕਾ ਹਨ”, ਦਲਿਤ ਭਾਈਚਾਰੇ ਨੂੰ ਕਿਸਾਨੀ ਵਿਰੁੱਧ ਖੜ੍ਹੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦਲਿਤਾਂ ਨੂੰ ਉਸੇ ਹਿੰਦੂ ਸਮਾਜ ਦਾ ਅਨਿੱਖੜਵਾਂ ਅੰਗ ਦੱਸਿਆ ਜਾ ਰਿਹਾ ਹੈ, ਜਿਸ ਵਿਚਲੇ ਅਖੌਤੀ ਉਚ ਜਾਤੀਆਂ ਦੇ ਲੋਕਾਂ ਨੇ ਸਦੀਆਂ ਤੋਂ ਦਲਿਤਾਂ ‘ਤੇ ਬਿਆਨੋਂ ਬਾਹਰਾ ਕਹਿਰ ਢਾਹਿਆ ਹੈ। ਦਲਿਤ ਸਮਾਜ ‘ਚ ਫੁੱਟ ਪਾਉਣ ਦੇ ਦੰਭੀ ਯਤਨਾਂ ਵਜੋਂ ਰਵਿਦਾਸੀਆ ਤੇ ਬਾਲਮੀਕਿ ਸਮਾਜ ‘ਚ ਤ੍ਰੇੜਾਂ ਖਿੱਚੀਆਂ ਜਾ ਰਹੀਆਂ ਹਨ। ਬਾਲਮੀਕਿ ਸਮਾਜ ਨੂੰ, ਆਰ.ਐਸ.ਐਸ. ਤੇ ਭਾਜਪਾ ਸਮੇਤ ਸਾਰੇ ਮਨੂੰਵਾਦੀਆਂ ਵਲੋਂ ਉਂਝ ਤਾਂ ਸਮਾਜ ਦੀ ਸਭ ਤੋਂ ਉੱਤਮ ਸੇਵਾ ਕਰਨ ਦੇ ਬਾਵਜੂਦ ਮਨੂੰ ਸਿਮਰਤੀ ਵਿਚਲੇ ਅਸੂਲਾਂ ਮੁਤਾਬਕ ਘੋਰ ਨਫਰਤ ਕੀਤੀ ਜਾਂਦੀ ਹੈ ਪ੍ਰੰਤੂ ਰਾਜਸੀ ਲਾਹਾ ਲੈਣ ਲਈ ਹੁਣ ਭਗਵਾਨ ਬਾਲਮੀਕਿ ਜੀ ਦੇ ਮੰਦਰ ਬਣਾਉਣ ਤੇ ਮੁਫ਼ਤ ਯਾਤਰਾਵਾਂ ਕਰਾਉਣ ਦਾ ਲਾਲਚ ਦੇ ਕੇ ਇਨ੍ਹਾਂ ਨੂੰ ਆਰ.ਐਸ.ਐਸ. ਦੇ ਕਲਾਵੇ ‘ਚ ਲਿਆਉਣ ਦੇ ਹੀਲੇ ਵੀ ਕੀਤੇ ਜਾ ਰਹੇ ਹਨ। ਕਿੰਨਾ ਦੋਗਲਾ ਤੇ ਦੰਭੀ ਕਿਰਦਾਰ ਹੈ, ਆਰ.ਐਸ.ਐਸ. ਦਾ ! ਇਕ ਪਾਸੇ ਸਮਾਜ ਦੀ ਸੇਵਾ ਕਰਨ ਦੇ ਬਾਵਜੂਦ ਬਾਲਮੀਕਿ ਭਾਈਚਾਰੇ ਨੂੰ ਹਰ ਕਿਸਮ ਦੀ ਜ਼ਿੱਲਤ ਤੇ ਦਮਨ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੇ ਵੱਖਰੇ ਰਿਹਾਇਸ਼ੀ ਇਲਾਕੇ, ਜਲ ਸਰੋਤ ਤੇ ਸ਼ਮਸ਼ਾਨ ਘਾਟ ਸਥਾਪਤ ਕੀਤੇ ਗਏ ਹਨ। ਨਾਲ ਹੀ, ਇਨ੍ਹਾਂ ਅਤਿਆਚਾਰਾਂ ਦੇ ਸਭ ਤੋਂ ਵੱਧ ਸ਼ਿਕਾਰ ਬਾਲਮੀਕਿ ਸਮਾਜ ਨੂੰ ਹਿੰਦੂ ਸਮਾਜ ਦਾ ਅੰਗ ਵੀ ਦੱਸਿਆ ਜਾ ਰਿਹਾ ਹੈ।

ਅਸੀਂ ਪੂਰੀ ਨਿਮਰਤਾ ਤੇ ਇਮਾਨਦਾਰੀ ਨਾਲ ਨਾ ਕੇਵਲ ਦਲਿਤ ਭਾਈਚਾਰੇ, ਬਲਕਿ ਬਹੁ ਗਿਣਤੀ ਹਿੰਦੂਆਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹ ਸੰਘ ਪਰਿਵਾਰ ਦੇ ਵਿਛਾਏ ਮੱਕੜ ਜਾਲ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਤੇ ਮਨੂੰਵਾਦ ਦੇ ਇਨ੍ਹਾਂ ਸਮਰਥਕਾਂ ਦੇ ਮਨਹੂਸ ਇਰਾਦੇ ਫੇਲ੍ਹ ਕਰਨ। ਅੱਜ ਲੋੜ, ਮਾਨਵਤਾ ਦੋਖੀ ਆਰ.ਐਸ.ਐਸ. ਤੇ ਇਸਦੀ ਖਤਰਨਾਕ ਮਨੂੰਵਾਦੀ ਵਿਚਾਰਧਾਰਾ ਨੂੰ ਭਾਂਜ ਦੇਣ ਦੀ ਹੈ, ਤਾਂ ਜੋ ਭਾਰਤੀ ਸਮਾਜ ਨੂੰ ਹਰ ਕਿਸਮ ਦੀ ਲੁੱਟ- ਖਸੁੱਟ ਅਤੇ ਜਾਤੀਪਾਤੀ ਤੇ ਲਿੰਗਕ ਜ਼ੁਲਮਾਂ ਤੇ ਵਿਤਕਰਿਆਂ ਤੋਂ ਮੁਕਤ ਕਰਕੇ ਬਰਾਬਰਤਾ ਤੇ ਆਜ਼ਾਦੀ ਦੀ ਜਾਮਨੀ ਭਰਦੀ ਖੂਬਸੂਰਤ ਸਮਾਜਿਕ ਵਿਵਸਥਾ ਕਾਇਮ ਕੀਤੀ ਜਾ ਸਕੇ।

See Also

ਆਰ.ਐਮ.ਪੀ.ਆਈ., 28 ਨਵੰਬਰ ਤੋਂ 12 ਦਸੰਬਰ 2025 ਤੱਕ ਪੰਜਾਬ ਭਰ ‘ਚ “ਮਨੂੰਵਾਦ ਭਜਾਓ, ਬੇਗਮ ਪੁਰਾ ਵਸਾਓ” ਮੁਹਿੰਮ ਅਰੰਭਣ ਜਾ ਰਹੀ ਹੈ । ਮੁਹਿੰਮ ਅਧੀਨ ਸੂਬੇ ਦੇ 1000 ਪਿੰਡਾਂ ਤੇ ਸ਼ਹਿਰਾਂ-ਕਸਬਿਆਂ ‘ਚ ਲੋਕਾਂ ਨੂੰ ਫਿਰਕੂ-ਫਾਸ਼ੀ, ਮਨੂੰਵਾਦੀ ਤਾਕਤਾਂ ਨੂੰ ਹਾਰ ਦੇਣ ਤੇ ਇਕ ਲੋਕ ਪੱਖੀ ਮੁਤਬਾਦਲ ਦੀ ਉਸਾਰੀ ਕਰਨ ਲਈ ਵਿਸ਼ਾਲ ਜਨਤਕ ਸੰਘਰਸ਼ ਵਿੱਢਣ ਦਾ ਹੋਕਾ ਦਿੱਤਾ ਜਾਵੇਗਾ। ਸਾਨੂੰ ਪੂਰਨ ਆਸ ਹੈ ਕਿ ਸੂਬੇ ਦੇ ਮਿਹਨਤਕਸ਼ ਲੋਕ, ਖਾਸ ਤੌਰ ‘ਤੇ ਦਲਿਤ ਭੈਣ-ਭਰਾ ਇਸ ਮੁਹਿੰਮ ‘ਚ ਭਰਵਾਂ ਸਹਿਯੋਗ ਦੇਣਗੇ।

ਮੰਗਤ ਰਾਮ ਪਾਸਲਾ

Scroll To Top