Now Reading
ਹਿੰਦੂਤਵੀ ਹੁਕਮਰਾਨਾਂ, ਏਜੰਸੀਆਂ ਤੇ ਕੱਟੜਪੰਥੀਆਂ ਦਾ ਹੱਲਾ ਪੰਜਾਬ ਦੇ ਅਮਨ-ਚੈਨ ਤੇ ਮਹਾਨ ਵਿਰਸੇ ਲਈ ਖਤਰੇ ਦੀ ਘੰਟੀ

ਹਿੰਦੂਤਵੀ ਹੁਕਮਰਾਨਾਂ, ਏਜੰਸੀਆਂ ਤੇ ਕੱਟੜਪੰਥੀਆਂ ਦਾ ਹੱਲਾ ਪੰਜਾਬ ਦੇ ਅਮਨ-ਚੈਨ ਤੇ ਮਹਾਨ ਵਿਰਸੇ ਲਈ ਖਤਰੇ ਦੀ ਘੰਟੀ

ਮੰਗਤ ਰਾਮ ਪਾਸਲਾ
ਸੁਤੰਤਰਤਾ ਪ੍ਰਾਪਤੀ ਤੋਂ ਪਿਛੋਂ ਭਾਰਤ ’ਚ ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਤੇ ਮਾਰੇ ਜਾਂਦੇ ਛਾਪਿਆਂ ਅਤੇ ਹਾਕਮ ਧਿਰਾਂ ਵੱਲੋਂ ਉਨ੍ਹਾਂ ਨਾਲ ਕੀਤੇ ਜਾਂਦੇ ਵਿਤਕਰਿਆਂ ਬਾਰੇ ਲਗਾਤਾਰ ਚਰਚਾ ਹੁੰਦੀ ਆ ਰਹੀ ਹੈ। ਇਉਂ ਹੀ ਦੇਸ਼ ਦੇ ਸੰਘਾਤਮਕ (ਫੈਡਰਲ) ਢਾਂਚੇ ਤੇ ਧਰਮ ਨਿਰਪੱਖ ਸਰੋਕਾਰਾਂ ਖ਼ਿਲਾਫ਼ ਵੀ ਹੁਕਮਰਾਨਾਂ ਦੀ ਟੇਢੀ ਨਜ਼ਰ ਵਿਰੁੱਧ ਜਮਹੂਰੀ ਧਿਰਾਂ ਵੱਲੋਂ ਸਮੇਂ-ਸਮੇਂ ’ਤੇ ਅਨੇਕਾਂ ਕਿੰਤੂ-ਪ੍ਰੰਤੂ ਕੀਤੇ ਜਾਂਦੇ ਰਹੇ ਹਨ।


ਸਾਲ 1925 ’ਚ ਹੋਂਦ ’ਚ ਆਏ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਨੇ 15 ਅਗਸਤ 1947 ਨੂੰ ਅੰਗਰੇਜ਼ ਸਾਮਰਾਜੀਆਂ ਦੀ ਗੁਲਾਮੀ ਤੋਂ ਮਿਲੀ ਆਜ਼ਾਦੀ ਨੂੰ ਕਦੀ ਵੀ ਦਿਲੋਂ ਸਵੀਕਾਰ ਨਹੀਂ ਕੀਤਾ। ਆਰ.ਐਸ.ਐਸ. ਅਨੁਸਾਰ ਭਾਰਤ, ਸਹੀ ਅਰਥਾਂ ’ਚ ਉਦੋਂ ਪੂਰਨ ਆਜ਼ਾਦ ਦੇਸ਼ ਮੰਨਿਆ ਜਾਵੇਗਾ, ਜਦੋਂ ਇੱਥੇ ਬਹੁ ਗਿਣਤੀ ਧਰਮ ਦਾ ਰਾਜ, ਭਾਵ ਹਿੰਦੂਤਵੀ ਰਾਸ਼ਟਰ ਕਾਇਮ ਹੋ ਜਾਵੇਗਾ। ਉਸੇ ਅਨੁਸਾਰ ਮੌਜੂਦਾ ਸੰਵਿਧਾਨ ਦੀ ਥਾਂ ਤਾਨਾਸ਼ਾਹੀ ਤਰਜ਼ ਦਾ, ਗੈਰ ਲੋਕਰਾਜੀ, ਮਨੂੰਵਾਦੀ ਵਿਵਸਥਾ ਦੀ ਤਰਜ਼ਮਾਨੀ ਕਰਦਾ ਨਵਾਂ ਸੰਵਿਧਾਨ ਲਿਖਿਆ ਜਾਵੇਗਾ। ਉਸ ਰਾਜ ਪ੍ਰਬੰਧ ’ਚ ਧਾਰਮਿਕ ਘੱਟ ਗਿਣਤੀਆਂ ਨੂੰ ਦੂਜੇ ਦਰਜ਼ੇ ਦੇ ਸ਼ਹਿਰੀ ਬਣ ਕੇ ਰਹਿਣਾ ਪਵੇਗਾ, ਜਾਂ ਫਿਰ ਦੇਸ਼ ’ਚੋਂ ਬਾਹਰ ਜਾਣ ਦਾ ਫਤਵਾ ਮਨਜ਼ੂਰ ਕਰਨਾ ਹੋਵੇਗਾ। ਅਜੋਕੇ ਸੰਵਿਧਾਨ ’ਚ ਉਨ੍ਹਾਂ ਨੂੰ ਹਾਸਲ ਆਜ਼ਾਦੀਆਂ ਤੇ ਮੌਲਿਕ ਅਧਿਕਾਰਾਂ ਤੋਂ ਵਾਂਝੇ ਰੱਖਣ ਦੇ ਇਰਾਦੇ ਆਰ.ਐਸ.ਐਸ. ਦੇ ਨੇਤਾ ਅਨੇਕਾਂ ਮੌਕਿਆਂ ’ਤੇ ਜ਼ਾਹਿਰ ਕਰ ਚੁੱਕੇ ਹਨ।


ਆਜ਼ਾਦੀ ਪ੍ਰਾਪਤੀ ਤੋਂ ਪਿੱਛੋਂ ਦੇਸ਼ ’ਚ ਘੱਟ ਗਿਣਤੀਆਂ ਨਾਲ ਹੋਈਆਂ ਜ਼ਿਆਦਤੀਆਂ ਤੇ ਵਿਤਕਰਿਆਂ ਦੀ ਲੰਬੀ ਸੂਚੀ ਹੈ। ਇਸ ’ਚ ਦੇਸ਼ ਦੇ ਵੱਖੋ-ਵੱਖ ਭਾਗਾਂ ’ਚ ਵੱਖੋ-ਵੱਖ ਸਮਿਆਂ ’ਤੇ ਹੋਏ ਫਿਰਕੂ ਫਸਾਦਾਂ ’ਚ ਮੁਸਲਮਾਨਾਂ ਵਿਰੁੱਧ ਕੀਤੀ ਗਈ ਯੋਜਨਾਬੱਧ ਹਿੰਸਾ ਸ਼ਾਮਲ ਹੈ। ਗੁਜਰਾਤ ਦੇ ਗੋਧਰਾ ਰੇਲ ਕਾਂਡ ਦੀ ਪਿੱਠਭੂਮੀ ’ਚ ਸਾਲ 2002 ’ਚ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਕੀਤੀ ਗਈ ਖੌਫਨਾਕ ਫਿਰਕੂ ਹਿੰਸਾ ਇਸ ਅਮਾਨਵੀ ਵਰਤਾਰੇ ਦੀ ਉੱਘੜਵੀਂ ਮਿਸਾਲ ਹੈ। ਇਉਂ ਹੀ ਸਾਲ 1984 ’ਚ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਉਸ ਦੇ ਦੋ ਸਿੱਖ ਅੰਗ ਰੱਖਿਅਕਾਂ ਵਲੋਂ ਕੀਤੇ ਗਏ ਘਿ੍ਰਣਾ ਜਨਕ ਕਤਲ ਤੋਂ ਪਿਛੋਂ ਕੌਮੀ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਅਤੇ ਦੇਸ਼ ਦੇ ਹੋਰਨਾਂ ਭਾਗਾਂ ’ਚ ਗਿਣ-ਮਿਥ ਕੇ ਕੀਤੇ ਗਏ ਹਜ਼ਾਰਾਂ ਸਿੱਖਾਂ ਦੇ ਨਰਸੰਘਾਰ ਵਰਗੇ ਡਰਾਉਣੇ ਤੇ ਅਸੱਭਿਅਕ ਘਟਨਾਕ੍ਰਮ ਵੀ ਵਾਪਰ ਚੁੱਕੇ ਹਨ। ਪੰਜਾਬ ਨਾਲ ਸਬੰਧਤ ਮੁੱਦਿਆਂ, ਜਿਵੇਂ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨਾ, ਦਰਿਆਈ ਪਾਣੀਆਂ ਦੀ ਨਿਆਈਂ ਵੰਡ ਕਰਨੀ, ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਿਲ ਕਰਨੇ ਤੇ ਪੰਜਾਬੀ ਬੋਲੀ ਨੂੰ ਗੁਆਂਢੀ ਰਾਜਾਂ ’ਚ ਸਨਮਾਨਯੋਗ ਥਾਂ ਦੇਣਾ ਆਦਿ ਦਾ ਨਿਪਟਾਰਾ ਨਹੀਂ ਕੀਤਾ ਗਿਆ। ਇਨ੍ਹਾਂ ਮੁੱਦਿਆਂ ਦਾ ਹੱਲ ਨਾ ਕਰਨਾ ਹਾਲਾਂਕਿ ਸਮੂਹ ਪੰਜਾਬੀਆਂ ਨਾਲ ਬੇਇਨਸਾਫ਼ੀ ਹੈ। ਪ੍ਰੰਤੂ ਸੂਬੇ ਅੰਦਰ ਸਿੱਖਾਂ ਦੀ ਬਹੁ ਗਿਣਤੀ ਹੋਣ ਕਰਕੇ ਕੁੱਝ ਲੋਕਾਂ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਸਿੱਖ ਮਸਲਿਆਂ ਵਜੋਂ ਵੀ ਪ੍ਰਭਾਸ਼ਿਤ ਕੀਤਾ ਜਾਂਦਾ ਹੈ।


ਸਾਲ 2014 ’ਚ ਜਦੋਂ ਤੋਂ ਆਰ.ਐਸ.ਐਸ., ਆਪਣੇ ਸਿਆਸੀ ਵਿੰਗ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ ’ਤੇ ਕਾਬਜ਼ ਹੋਇਆ ਹੈ, ਉਦੋਂ ਤੋਂ ਹੀ ਸਥਿਤੀ ’ਚ ਇਕ ਬੁਨਿਆਦੀ, ਮਹੱਤਵਪੂਰਨ ਤਬਦੀਲੀ ਆ ਗਈ ਹੈ। ਭਾਰਤ ਦੀ ਸੱਤਾ ’ਤੇ ਉਹ ਰਾਜਸੀ ਧਿਰ ਆਣ ਬੈਠੀ ਹੈ ਜਿਸ ਨੇ ਸੁਤੰਤਰਤਾ ਸੰਗਰਾਮ ’ਚ ਭਾਗ ਲੈਣ ਦੀ ਥਾਂ ਬਸਤੀਵਾਦੀ ਅੰਗਰੇਜ਼ ਸਾਮਰਾਜੀਆਂ ਦਾ ਸਾਥ ਦਿੱਤਾ ਸੀ। ਇਸ ਧਿਰ ਨੇ 1925 ’ਚ ਆਪਣੀ ਕਾਇਮੀ ਸਮੇਂ ਹੀ ਤੈਅ ਕਰ ਲਿਆ ਸੀ ਕਿ ਮੁਸਲਮਾਨ ਹਮਲਾਵਰ ਵਜੋਂ ਭਾਰਤ ’ਚ ਆਏ ਵਿਦੇਸ਼ੀ ਹਨ, ਇਸ ਲਈ ਉਨ੍ਹਾਂ ਨੂੰ ਦੇਸ਼ ’ਚੋਂ ਬਾਹਰ ਕੱਢ ਕੇ ਜਾਂ ਅਤਿ ਨੀਵੇਂ ਪੱਧਰ ਦੀ ਜ਼ਿੰਦਗੀ ਭੋਗਣ ਲਈ ਮਜ਼ਬੂਰ ਕਰਕੇ ਭਾਰਤ ਨੂੰ ਇਕ ਧਰਮ ਅਧਾਰਤ ‘ਹਿੰਦੂਤਵੀ’ ਦੇਸ਼ ਬਣਾਇਆ ਜਾਵੇਗਾ। ਇਸ ਸੇਧ ’ਚ ਅੱਗੇ ਵੱਧਦਿਆਂ ਮੋਦੀ ਦੇ ਲੰਘੇ 11 ਸਾਲਾਂ ਦੇ ਸ਼ਾਸਨ ਨੇ ਦੇਸ਼ ’ਚ ਮੁਸਲਿਮ ਵਿਰੋਧੀ ਏਜੰਡਾ ਸੈਟ ਕਰਕੇ ਇਹ ਬਿਰਤਾਂਤ ਸਿਰਜਣ ਲਈ ਘਾਤਕ ਹੱਲਾ ਵਿੱਢਿਆ ਹੋਇਆ ਹੈ ਕਿ ‘ਦੇਸ਼ ਦੇ ਹਿੰਦੂਆਂ ਨੂੰ ਮੁਸਲਮਾਨਾਂ ਤੋਂ ਵੱਡਾ ਖਤਰਾ ਹੈ।’ ਦੇਸ਼ ’ਚ ਵੱਧ ਰਹੀ ਗਰੀਬੀ, ਬੇਰੁਜ਼ਗਾਰੀ ਆਦਿ ਮਸਲਿਆਂ ਲਈ ਮੁਸਲਿਮਾਂ ਨੂੰ ਦੋਸ਼ੀ ਠਹਿਰਾਉਣ ਲਈ ਲਈ ਵੱਡੀ ਪੱਧਰ ’ਤੇ ਨਫ਼ਰਤੀ ਪ੍ਰਚਾਰ ਵਿੱਢਿਆ ਹੋਇਆ ਹੈ। ਆਰ.ਐਸ.ਐਸ. ਨੇ ‘ਘੁਸਪੈਠੀਏ’, ‘ਦੇਸ਼ ਧ੍ਰੋਹੀ’ ‘ਜ਼ਿਹਾਦੀ’, ‘ਅੱਤਵਾਦੀ’ ਆਦਿ ਝੂਠੇ ਇਲਜ਼ਾਮ ਲਾ ਕੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਨਿੰਦਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਆਰ.ਐਸ.ਐਸ. ਨਾਲ ਜੁੜੇ ਖਰੂਦੀ ਸੰਗਠਨਾਂ ਵੱਲੋਂ ਮੁਸਲਮਾਨਾਂ ਵਿਰੁੱਧ ‘ਹਜ਼ੂਮੀ ਹਿੰਸਾ’ ਦਾ ਪ੍ਰਯੋਗ ਵੀ ਰੱਜ ਕੇ ਕੀਤਾ ਜਾਂਦਾ ਹੈ। ਇਸ ਕਰਤੂਤ ’ਚ ਦੇਸ਼ ਦੇ ਬਿਜਲਈ ਮੀਡੀਏ, ਨਿਆਂ ਪਾਲਕਾ ਤੇ ਰਾਜਕੀ ਮਸ਼ੀਨਰੀ ਦੇ ਅਨੇਕਾਂ ਅੰਗਾਂ ਨੇ ਵੀ ‘ਭਰਪੂਰ ਯੋਗਦਾਨ’ ਪਾਇਆ ਹੈ। ‘ਸੰਘੀਆਂ’ ਵੱਲੋਂ ਇਸਾਈ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਵੀ ਢੇਰ ਵਾਰਦਾਤਾਂ ਕੀਤੀਆਂ ਗਈਆਂ ਹਨ। ਇਹੋ ਨਹੀਂ ਸੰਘੀ ਗ੍ਰੋਹਾਂ ਨੇ ਸਿੱਖ ਭਾਈਚਾਰੇ ਖਿਲਾਫ਼ ਵੀ ਲੁਕਵਾਂ ਨਫ਼ਰਤੀ ਪ੍ਰਚਾਰ ਵਿੱਢਿਆ ਹੋਇਆ ਹੈ। ਇਸ ਕੰਮ ਲਈ ਪਹਿਲਾਂ ਸਿੱਖਾਂ ਦੀਆਂ ਰਾਜਸੀ-ਧਾਰਮਿਕ ਸੰਸਥਾਵਾਂ ’ਚ ਸੰਘੀ ਏਜੰਟਾਂ ਦੀ ਘੁਸਪੈਠ ਕਰਵਾਈ ਗਈ ਤੇ ਹੁਣ ਪੰਜਾਬ ’ਚ ਸ਼ਹਿਰੀ ਹਿੰਦੂਆਂ ਤੇ ਦਲਿਤ ਵਸੋਂ, ਖਾਸ ਕਰਕੇ ਬਾਲਮੀਕੀ ਸਮਾਜ ਨੂੰ ਲਾਲਚਾਂ ਤੇ ਲਾਰਿਆਂ ਰਾਹੀਂ ਭਾਜਪਾ ’ਚ ਸ਼ਾਮਿਲ ਕੀਤੇ ਜਾਣ ਦੀ ਮੁਹਿੰਮ ਵਿੱਢੀ ਹੋਈ ਹੈ। ਇਹ ਉਚੇਚਾ ਨੋਟ ਕਰਨ ਯੋਗ ਹੈ ਕਿ ਮਨੂੰਵਾਦੀ ਵਿਵਸਥਾ ਸ਼ੂਦਰਾਂ ਤੇ ਕਥਿਤ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਸਾਂਝੇ ਧਾਰਿਮਕ ਸਥਾਨਾਂ ’ਚ ਦਾਖ਼ਲ ਹੋਣ, ਪਾਣੀ ਦੇ ਸਾਂਝੇ ਸਰੋਤਾਂ ਦੀ ਵਰਤੋਂ ਕਰਨ, ਇੱਥੋਂ ਤੱਕ ਕਿ ਸਾਂਝੇ ਸ਼ਮਸ਼ਾਨ ਘਾਟਾਂ ’ਚ ਮਿ੍ਰਤਕਾਂ ਦਾ ਅੰਤਮ ਸਸਕਾਰ ਕਰਨ ਤੋਂ ਵੀ ਵਰਜਦੀ ਹੈ। ਉਸੇ ਮਨੂਵਾਦੀ ਵਿਵਸਥਾ ਦੇ ਕੱਟੜ ਮੁਦੱਈ ਸੱਤਾ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਮੰਦਰ ਬਣਵਾ ਕੇ ਦੇਣ, ਮੁਫ਼ਤ ਧਾਰਮਿਕ ਯਾਤਰਾਵਾਂ ਕਰਵਾਉਣ ਤੇ ਹੋਰ ਅਨੇਕਾਂ ਤਰ੍ਹਾਂ ਦੇ ਪ੍ਰਲੋਭਨਾਂ ਨਾਲ ਭੁਚਲਾਉਣ ਦਾ ਯਤਨ ਕਰ ਰਹੇ ਹਨ। ਸਿੱਖਾਂ ਦੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਵਿਚਲੇ ਸੱਤਾ ਦੇ ਭੁੱਖੇ ਤੇ ਮਾਇਆ ਦੇ ਲੋਭੀ, ਭਿ੍ਰਸ਼ਟ ਤੱਤਾਂ ਨੂੰ ਸਰਕਾਰੀ ਵਿਭਾਗਾਂ ਤੇ ਏਜੰਸੀਆਂ ਦਾ ਡਰ ਦਿਖਾ ਕੇ ਭਾਜਪਾ ’ਚ ਸ਼ਰਨ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਤੀਤ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਆਪਣੇ ਕਾਰਜਕਾਲਾਂ ਦੌਰਾਨ ਕੀਤੇ ਭਿ੍ਰਸ਼ਟ ਕਾਰਿਆਂ ਸਦਕਾ ਬੁਰੀ ਤਰ੍ਹਾਂ ਬਦਨਾਮ ਹੋਏ ਅਕਾਲੀ ਦਲ ਦੇ ਸਾਰੇ ਧੜੇ ਹੀ ਅੱਜ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ। ਪ੍ਰੰਤੂ ਕਿਸੇ ਵੀ ਅਕਾਲੀ ਧੜੇ ਨਾਲ ਰਾਜਸੀ ਗੰਢ-ਤੁੱਪ ਕਰਨ ਦਾ ਨਿਸ਼ਾਨਾ ਭਾਜਪਾ ਨੇ ਅਜੇ ਵੀ ਤਿਆਗਿਆ ਨਹੀਂ। ਭਾਜਪਾ, ਪੰਜਾਬ ’ਚ ਆਪਣੇ ਪੈਰ ਹੋਰ ਪਸਾਰਨ ਲਈ ‘ਆਪ’ ਨਾਲ ਵੀ ਨਾਤਾ ਜੋੜ ਸਕਦੀ ਹੈ। ਸਿੱਖਾਂ ਅੰਦਰ ਚੋਖਾ ਪ੍ਰਭਾਵ ਰੱਖਦੀਆਂ ਦਮਦਮੀ ਟਕਸਾਲ ਜਿਹੀਆਂ ਕਈ ਸੰਪਰਦਾਵਾਂ ਦੇ ਮੁਖੀ ਪਹਿਲਾਂ ਹੀ ਆਰ.ਐਸ.ਐਸ. ਦਾ ਪੱਲਾ ਫੜ੍ਹਕੇ ਭਾਜਪਾ ਦਾ ਗੁਣਗਾਨ ਕਰ ਰਹੇ ਹਨ।


ਉਪਰੋਕਤ ਵਰਤਾਰਾ ਜਿੱਥੇ ਦੇਸ਼ ਦੀਆਂ ਸਮੁੱਚੀਆਂ ਘੱਟ ਗਿਣਤੀਆਂ ਲਈ ਖਤਰੇ ਦੇ ਘੰਟੀ ਹੈ, ਉੱਥੇ ਪੰਜਾਬ ਦੇ ਦੇਸ਼ ਭਗਤੀ ਦੇ ਜੁਝਾਰੂ ਵਿਰਸੇ ਤੇ ਨਾਬਰੀ ਦੇ ਸੁਭਾਅ ਦੇ ਖਾਤਮੇ ਵੱਲ ਵੀ ਸੇਧਤ ਹੈ। ਇਨ੍ਹਾ ਖਤਰਿਆਂ ਬਾਰੇ ਜੇਕਰ ਜਨ ਸਾਧਾਰਨ, ਖਾਸ ਕਰਕੇ ਸਿੱਖ ਸਮਾਜ ਸਾਵਧਾਨ ਨਾ ਹੋਇਆ ਤਾਂ ਇਸ ਦੇ ਬਹੁਤ ਭਿਆਨਕ ਨਤੀਜੇ ਭੁਗਤਣੇ ਪੈਣੇ ਹਨ।


ਮੌਜੂਦਾ ਪ੍ਰਸਥਿਤੀਆਂ ਦੇ ਮੱਦੇ ਨਜ਼ਰ ਦੇਸ਼ ’ਚ ਕਿਸੇ ਵੀ ਧਾਰਮਿਕ ਘੱਟ ਗਿਣਤੀ ਨਾਲ ਸਬੰਧਤ ਆਮ ਲੋਕਾਂ ਲਈ ਇਹ ਲਾਜ਼ਮੀ ਹੈ ਕਿ ਉਹ, ਉਨ੍ਹਾਂ ਸਾਰੇ ਭਟਕਾਵਾਂ ਬਾਰੇ ਸੁਚੇਤ ਰਹਿਣ ਜਿਨ੍ਹਾਂ ਨਾਲ ਉਨ੍ਹਾਂ ਨੂੰ ਬਾਕੀ ਦੇਸ਼ ਵਾਸੀਆਂ ਦੀਆਂ ਨਜ਼ਰਾਂ ’ਚ ਬੱਦੂ ਕੀਤੇ ਜਾ ਸਕਦਾ ਹੋਵੇ। ਸਾਲ 1978 ’ਚ ਅੰਮ੍ਰਿਤਸਰ ਸ਼ਹਿਰ ’ਚ ਦਮਦਮੀ ਟਕਸਾਲ ਦੇ ਅਨੁਆਈਆਂ ਤੇ ਨਿਰੰਕਾਰੀਆਂ ਵਿਚਕਾਰ ਹੋਈ ਖੂਨੀ ਝੜਪ ਬਾਰੇ ਜੇਕਰ ਅੱਜ ਧੀਰਜ ਤੇ ਸਿਆਣਪ ਨਾਲ ਆਪਾ ਪੜਚੋਲ ਕੀਤੀ ਜਾਵੇ ਤਾਂ ਇਹ ਸੌਖਿਆਂ ਹੀ ਸਮਝ ਪੈ ਜਾਂਦੀ ਹੈ ਕਿ ਇਹ ਟਕਰਾਅ ਨਾ ਕੇਵਲ ਬੇਲੋੜਾ ਸੀ ਬਲਕਿ ਸਿੱਖਾਂ ਦੇ ਵਡੇਰੇ ਹਿੱਤਾਂ ਦੇ ਵੀ ਖਿਲਾਫ਼ ਸੀ। ਇਸ ਕਿਸਮ ਦੇ ਟਕਰਾਅ ਸ਼ਾਤਰ ਹਾਕਮ ਜਮਾਤਾਂ ਵੱਲੋਂ ਯੋਜਨਾਬੱਧ ਘੜੇ ਜਾਂਦੇ ਹਨ। ਬਹੁ ਗਿਣਤੀ ਧਰਮ ਨਾਲ ਸਬੰਧਤ ਲੋਕਾਂ ਦੀ ਵੱਡੀ ਤੋਂ ਵੱਡੀ ਗਲਤੀ ਵੀ ਛੁਪਾ ਦਿੱਤੀ ਜਾਂਦੀ ਹੈ, ਪ੍ਰੰਤੂ ਕਿਸੇ ਵੀ ਘੱਟ ਗਿਣਤੀ ਭਾਈਚਾਰੇ ਵੱਲੋਂ ਕੀਤੀ ਗਈ ਕੋਈ ਛੋਟੀ ਜਿਹੀ ਇਤਰਾਜ਼ਯੋਗ ਕਾਰਵਾਈ ਜਾਂ ਗੈਰ ਮਿਆਰੀ ਬੋਲ-ਕੁਬੋਲ ਸਮਾਜ ’ਚ ਤੇਜ਼ੀ ਨਾਲ ਫੈਲਦੇ ਹਨ। ਸਿੱਟੇ ਵਜੋਂ ਧਾਰਮਕ ਘੱਟ ਗਿਣਤੀਆਂ ਨੂੰ ਅਨੇਕਾਂ ਵਾਰ ਰਾਜਸੀ ਹਮਲਿਆਂ, ਜਿਸਮਾਨੀ ਹਿੰਸਾ ਤੇ ਮਾਨਸਿਕ ਪਰਤਾੜਨਾ ਸਹਾਰਨੀ ਪੈਂਦੀ ਹੈ।


ਸਾਲ 1977 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਸ਼ਰਮਨਾਕ ਹਾਰ ਤੋਂ ਪਿੱਛੋਂ, ਖੱਬੀਆਂ-ਜਮਹੂਰੀ ਤਾਕਤਾਂ ਲੁਟੇਰੀਆਂ ਹਾਕਮ ਜਮਾਤਾਂ ਦੀਆਂ ਨੀਤੀਆਂ ਵਿਰੁੱਧ ਪੂਰੇ ਦੇਸ਼ ’ਚ ਸ਼ਾਂਤੀਪੂਰਨ ਜਨ ਸੰਘਰਸ਼ਾਂ ’ਚ ਕੁੱਦੀਆਂ ਹੋਈਆਂ ਸਨ। ਜਨ ਸਧਾਰਣ ਦੇ ਮਨਾਂ ’ਚ ਵੀ ਸੰਘਰਸ਼ਾਂ ਦੇ ਰਾਹ ਪੈਣ ਦਾ ‘ਨਵਾਂ ਚਾਅ’ ਉਗਮ ਰਿਹਾ ਸੀ। ਇਹ ਸੁਵੱਲਾ ਵਰਤਾਰਾ ਉਦੋਂ ਪੰਜਾਬ ’ਚ ਵੀ ਜ਼ੋਰ ਫੜ੍ਹ ਰਿਹਾ ਸੀ। ਪ੍ਰੰਤੂ 1978 ਦੇ ਅੰਮ੍ਰਿਤਸਰ ਦੇ ਖੂਨੀ ਕਾਂਡ ਤੋਂ ਪਿੱਛੋਂ ਦੂਜੇ ਕਈ ਐਸੇ ਧਾਰਮਿਕ, ਸਿਆਸੀ ਤੇ ਵਿਚਾਰਧਾਰਕ ਬਿਰਤਾਂਤ ਸਿਰਜੇ ਗਏ, ਜੋ ਪਹਿਲਾਂ ਦੇਸ਼ ਦੀ ਰਾਜਨੀਤੀ ਤੇ ਸਮਾਜਿਕ ਵਿਵਸਥਾ ’ਚੋਂ ਨਦਾਰਦ ਸਨ। ‘‘ਸਿੱਖਾਂ ਨਾਲ ਧੱਕੇਸ਼ਾਹੀ, ਸਿੱਖਾਂ ਨਾਲ ਵਿਤਕਰਾ ਤੇ ਸਿੱਖਾਂ ਦੀ ਆਜ਼ਾਦੀ’’ ਵਰਗੇ ਨਾਅਰੇ ਪੰਜਾਬ ਦੇ ਹਰ ਕੋਨੇ ’ਚ ਸੁਣੇ ਜਾਣ ਲੱਗੇ। ਇਹੋ ਨਾਅਰੇ ਅੱਗੋਂ ਜਾ ਕੇ ‘ਵੱਖਰੇ ਸਿੱਖ ਰਾਜ’ ਯਾਨਿ ‘ਖਾਲਿਸਤਾਨ’ ਦੀ ਮੰਗ ਨਾਲ ਇਕ-ਮਿੱਕ ਹੋ ਗਏ। ਬਿਨਾਂ ਸ਼ੱਕ ਇਸ ਸਾਰੀ ਪ੍ਰਕਿਰਿਆ ’ਚ ਸਧਾਰਣ ਸਿੱਖ ਵੀ ਸ਼ਾਮਲ ਸਨ, ਜੋ ਇਨ੍ਹਾਂ ਨਾਅਰਿਆਂ ਪਿੱਛੇ ਲੁਕੇ ਖਤਰਿਆਂ ਤੇ ਸਰਕਾਰੀ ਛਡਯੰਤਰਾਂ ਤੋਂ ਅਣਜਾਣ ਹੁੰਦੇ ਹੋਏ ਇਨ੍ਹਾਂ ’ਚੋਂ ਸਿਰਫ ਸਿੱਖ ਹਿੱਤਾਂ ਦੀ ਰਾਖੀ ਦਾ ਸੰਕਲਪ ਹੀ ਖੋਜਦੇ ਸਨ। ਇਨ੍ਹਾਂ ਗੁੰਝਲਦਾਰ ਹਾਲਤਾਂ ਨੂੰ, ਸਾਮਰਾਜੀ ਤਾਕਤਾਂ ਪੂਰੀ ਨੀਝ ਤੇ ਲਲਚਾਈਆਂ ਅੱਖਾਂ ਨਾਲ ਦੇਖ ਰਹੀਆਂ ਸਨ, ਤਾਂ ਕਿ ਵੱਖੋ-ਵੱਖ ਕਲੇਸ਼ਾਂ ਦਾ ਸ਼ਿਕਾਰ ਹੋਏ ਭਾਰਤ ਨੂੰ ਆਪਣੀ ਲੁੱਟ ਦੇ ‘ਤੰਦੂਆ ਤੰਤਰ’ ’ਚ ਹੋਰ ਉਲਝਾਇਆ ਜਾ ਸਕੇ।


ਕੀ ਕਿਸੇ ਸਿੱਖ ਵਿਦਵਾਨ ਜਾਂ ਵੱਡੇ ਸਿਆਸੀ ਆਗੂ ਨੇ ਜ਼ੋਰਦਾਰ ਢੰਗ ਨਾਲ ਖਾਲਿਸਤਾਨ (ਵੱਖਰੇ ਸਿੱਖ ਰਾਜ), ਜੋ ਮੌਜੂਦਾ ਹਾਲਤਾਂ ’ਚ ਨਾ ਸੰਭਵ ਹੈ ਤੇ ਨਾ ਹੀ ਲਾਭਕਾਰੀ, ਦੀ ਮੰਗ ਦਾ ਤਰਕ ਸੰਗਤ ਵਿਰੋਧ ਕੀਤਾ? ਇਹ ਰਾਜਸ਼ਾਹੀ ਦੀ ਮੁੜ ਬਹਾਲੀ ਦਾ ਇਕ ਪਿਛਾਖੜੀ ਨਾਅਰਾ ਹੈ, ਜੋ ਲੋਕ ਰਾਜੀ ਪ੍ਰਣਾਲੀ ਤੇ ਮਨੁੱਖੀ ਆਜ਼ਾਦੀਆਂ ਦੇ ਸੰਕਲਪ ਨੂੰ ਆਪਣੇ ਪੈਰਾਂ ਹੇਠ ਮਧੋਲ ਸੁੱਟੇਗਾ। ਕੀ ਸਾਲ 1978 ’ਚ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਹੋਈ ਖੂਨੀ ਝੜਪ ਤੋਂ ਪਹਿਲਾਂ ਸਿੱਖਾਂ ਪ੍ਰਤੀ ਭਾਰਤੀ ਲੋਕਾਂ ਦੇ ਮਨਾਂ ਅੰਦਰ ਅਥਾਹ ਭਰੋਸਾ ਤੇ ਮੁਹੱਬਤ ਨਹੀਂ ਸੀ? ਕੀ ਆਮ ਲੋਕ, ਖਾਸ ਕਰਕੇ ਔਰਤਾਂ ਸਿੱਖਾਂ ਸੰਗ ਸਫਰ ਕਰਦਿਆਂ ਜਾਂ ਉਨ੍ਹਾਂ ਦੀ ਮੌਜੂਦਗੀ ’ਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਸੀ ਕਰਦੇ? ਕੀ ਸਿੱਖਾਂ ਨੂੰ ਵੀ ਬਾਕੀ ਭਾਈਚਾਰਿਆਂ ਵਾਂਗ ਦੇਸ਼ ਦੇ ਸਰਵ ਉਚ ਅਹੁਦਿਆਂ ’ਤੇ ਬੈਠਣ ਦਾ ਮੌਕਾ ਨਹੀਂ ਮਿਲਿਆ? ਕੀ ਧਰਮ ਦੇ ਆਧਾਰ ’ਤੇ ਦੋ ਕੌਮਾਂ ਦੇ ਸਿਧਾਂਤ ਤਹਿਤ 1947 ’ਚ ਹੋਈ ਪਾਕਿਸਤਾਨ ਦੀ ਕਾਇਮੀ ਉਥੋਂ ਦੇ ਬਹੁਗਿਣਤੀ ਮੁਸਲਮਾਨਾਂ ਲਈ ਅੱਜ ਇਕ ਸਰਾਪ ਸਿੱਧ ਨਹੀਂ ਹੋ ਰਹੀ? ਕੀ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ, ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਿਲ ਕਰਨ, ਦਰਿਆਈ ਪਾਣੀਆਂ ਦੀ ‘ਰੀਪੇਅਰਨ ਅਸੂਲ’ ਮੁਤਾਬਕ ਨਿਆਈਂ ਵੰਡ ਕਰਨ ਤੇ ਮਾਂ ਬੋਲੀ ਪੰਜਾਬੀ ਨੂੰ ਪੰਜਾਬ, ਚੰਡੀਗੜ੍ਹ ਤੇ ਗੁਆਂਢੀ ਰਾਜਾਂ ’ਚ ਸਨਮਾਨਜਨਕ ਸਥਾਨ ਦੇਣ ਵਰਗੀਆਂ ਮੰਗਾਂ ਸਿਰਫ ਪੰਜਾਬ ਦੇ ਸਿੱਖਾਂ ਨਾਲ ਹੀ ਸਬੰਧਤ ਹਨ ਜਾਂ ਸਮੂਹ ਪੰਜਾਬੀਆਂ ਨਾਲ? ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਤੇ ਦਰਿਆਈ ਪਾਣੀਆਂ ਦੀ ਨਿਆਈਂ ਵੰਡ ਬਾਰੇ ਤਾਂ ਸ਼ਾਇਦ ਚੰਡੀਗੜ੍ਹ ਤੇ ਹਰਿਆਣਾ-ਰਾਜਸਥਾਨ ’ਚ ਵੱਸਦੇ ਵੱਡੀ ਗਿਣਤੀ ਸਿੱਖਾਂ ਦੀ ਵੀ ਪੰਜਾਬੀਆਂ ਨਾਲ ਸਹਿਮਤੀ ਨਾ ਹੋਵੇ। ਲੋੜ ਇਸ ਗੱਲ ਦੀ ਸੀ ਤੇ ਅੱਜ ਵੀ ਹੈ ਕਿ ਪੰਜਾਬ ਦੇ ਸਾਰੇ ਮੁੱਦਿਆਂ ਬਾਰੇ, ਵਿਸ਼ੇਸ਼ ਤੌਰ ’ਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਵਿਰੁੱਧ ਸਾਰੇ ਪੰਜਾਬੀ ਇਕਜੁੱਟ ਹੋ ਕੇ ਸੰਘਰਸ਼ ਕਰਨ, ਜੋ ਕਿ ਕੇਂਦਰ ਦੇ ਮੌਜੂਦਾ ਹਾਕਮ ਕਦਾਚਿੱਤ ਨਹੀਂ ਚਾਹੁੰਦੇ। ਪੰਜਾਬੀਆਂ ਦੇ ਇਕਜੁੱਟ ਸੰਘਰਸ਼ ਨੂੰ ਭਾਰਤ ਦੇ ਸਮੁੱਚੇ ਲੋਕਾਂ ਤੇ ਜਮਹੂਰੀ ਹਲਕਿਆਂ ਦੀ ਪੂਰਨ ਹਮਾਇਤ ਹਾਸਲ ਹੋ ਸਕਦੀ ਹੈ।


ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਨਾਨਕ ਦੇਵ ਜੀ ਵੱਲੋਂ ਕੀਤੀ ਗਈ ਮਾਨਵੀ ਸਰੋਕਾਰਾਂ ਨਾਲ ਲਬਰੇਜ ਬਾਣੀ ਦੀ ਰਚਨਾ ਤੋਂ ਪ੍ਰਭਾਵਿਤ ਹੋ ਕੇ ਇਸ ਖਿੱਤੇ ਦੇ ਪੀੜਤ ਲੋਕ ਸਿੱਖ ਧਰਮ ਦੀ ਬੁੱਕਲ ’ਚ ਆਏ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ, ਕਿਸੇ ਕਿਸਮ ਦੇ ਭੈ, ਹਿੰਸਾ ਤੇ ਜ਼ੋਰ-ਜਬਰਦਸਤੀ ਤੋਂ ਬਿਨਾਂ ਨਿਰੋਲ ਆਪਣੇ ਵਲੋਂ ਰਚੀ ਸਰਬਤ ਦੇ ਭਲੇ ਦਾ ਹੋਕਾ ਦਿੰਦੀ ਬਾਣੀ ਦੇ ਸਿਰ ’ਤੇ ਭਾਰਤੀ ਸਮਾਜ ਅੰਦਰਲੇ ਵੱਖੋ-ਵੱਖ ਧਰਮਾਂ, ਜਾਤੀਆਂ, ਫਿਰਕਿਆਂ ਤੇ ਵਿਚਾਰਾਂ ਦੇ ਲੋਕਾਂ ਦੇ ਸਾਂਝੇ ਰਹਿਬਰ ਬਣ ਕੇ ਉਭਰੇ ਸਨ। ਉਸ ਤੋਂ ਪਿੱਛੋਂ ਦਸਵੇਂ ਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਦੇ ਕਾਲ ਤੱਕ ਸਿੱਖ ਧਰਮ ਬਹੁਤ ਸਾਰੇ ਇਮਤਿਹਾਨਾਂ ’ਚੋਂ ਗੁਜ਼ਰਿਆ। ਜ਼ਾਲਮ ਸਥਾਪਤੀ ਦਾ ਟਾਕਰਾ ਕਰਨ ਲਈ ਲੋਕਰਾਜੀ ਢੰਗ ਨਾਲ ਇਕਜੁੱਟ ਹੋ ਕੇ ਸੰਘਰਸ਼ ਕਰਨ ਤੇ ਲੋੜ ਪੈਣ ’ਤੇ ਹਥਿਆਰਬੰਦ ਹੋ ਕੇ ਜ਼ੁਲਮੀ ਸੱਤਾ ਦਾ ਮੁਕਾਬਲਾ ਕਰਨ ਦਾ ਸੰਕਲਪ, ਜਿਸ ਅੰਦਰ ਸਿੱਖਾਂ ਨੇ ਅਨੋਖੀ ਬਹਾਦਰੀ ਤੇ ਕੁਰਬਾਨੀ ਦਾ ਮੁਜ਼ਾਹਰਾ ਕੀਤਾ, ਵੀ ਸਾਹਮਣੇ ਆਇਆ। ਗੁਰੂ ਨਾਨਕ ਦੇਵ ਜੀ ਦੀ ਬਾਣੀ ਅੰਦਰ ਜ਼ਾਲਮ ਰਾਜਿਆਂ ਤੇ ਮੁਕੱਦਮਾਂ ਨੂੰ ਸ਼ੀਂਹ-ਕੁੱਤੇ ਕਹਿਣ, ਜਾਤਪਾਤ ਦਾ ਖੰਡਨ ਕਰਨ ਅਤੇ ਧਰਮ ਦੇ ਬੁਰਕੇ ਹੇਠ ਲੁਕੇ ਝੂਠੇ, ਮੱਕਾਰ ਤੇ ਭੇਖਾਧਾਰੀ ਲੋਕਾਂ ਨੂੰ ਕਟਹਿਰੇ ’ਚ ਖੜ੍ਹੇ ਕਰਕੇ ਨੰਗਿਆ ਕਰਦੇ ਹੋਏ ਸਰਬੱਤ ਦਾ ਭਲਾ ਮੰਗਿਆ ਗਿਆ ਹੈ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਲੋੜ ਅਨੁਸਾਰ ਹਥਿਆਰਬੰਦ ਹੋ ਕੇ ਜ਼ਾਲਮ ਦਾ ਟਾਕਰਾ ਕਰਨ ਲਈ ‘ਖਾਲਸਾ’ ਪੰਥ ਦੀ ਸਾਜਨਾ ਕਰਕੇ ਨਵੀਂ ਦਿਸ਼ਾ ਦਿਖਾਈ, ਉਥੇ ਆਪਣੇ ਆਪ ਨੂੰ ਗਰੀਬਾਂ ਦਾ ਸੇਵਾਦਾਰ ਵੀ ਆਖਿਆ। ਕਮਾਲ ਤਾਂ ਇਹ ਹੈ ਕਿ ਦੱਸਵੇਂ ਪਾਤਸ਼ਾਹ ਨੇ ਅੰਨ੍ਹੀ ਆਸਥਾ ਦੇ ਨਾਂ ’ਤੇ ਆਪਣੇ ਅਨੁਆਈਆਂ ਵਾਸਤੇ ‘ਉਨ੍ਹਾਂ’ (ਗੁਰੂ ਗੋਬਿੰਦ ਸਿੰਘ ਜੀ) ਨੂੰ ਪ੍ਰਾਮਾਤਮਾ ਕਹਿਣ ਤੋਂ ਸਖਤੀ ਨਾਲ ਮਨ੍ਹਾ ਕੀਤਾ। ਨੌਵੇਂ ਗੁਰੂ ਤੇਗ਼ ਬਹਾਦਰ ਜੀ ਵਲੋਂ ਦਿੱਲੀ ਦੇ ਚਾਂਦਨੀ ਚੌਂਕ ’ਚ ਦਿੱਤੀ ਸ਼ਹਾਦਤ ਦਾ ਮੂਲ ਭਾਵ ਜ਼ੋਰ-ਜਬਰਦਸਤੀ ਕਰਵਾਈ ਜਾਂਦੀ ਕਿਸੇ ਵੀ ਕਿਸਮ ਦੀ ਧਰਮ ਤਬਦੀਲੀ ਦਾ ਵਿਰੋਧ ਕਰਨਾ ਸੀ। ਸਤਿਗੁਰੂ ਰਵਿਦਾਸ ਜੀ, ਭਗਤ ਕਬੀਰ ਜੀ ਤੇ ਬਾਬਾ ਫਰੀਦ ਜੀ ਦੀ ਬਾਣੀ ਨੇ ਮਨੁੱਖੀ ਲੋੜਾਂ ਦੀ ਪੂਰਤੀ ਕਰਨ ਵਾਲਾ ਸਮਾਜ ਸਿਰਜਣ, ਜਾਤੀ ਹੰਕਾਰ ਦਾ ਖੰਡਨ ਕਰਨ ਤੇ ਆਪਣੇ ਆਪ ਨੂੰ ਸਵੈ ਅਲੋਚਨਾ ਰਾਹੀਂ ਦਰੁਸਤ ਕਰਨ ਦਾ ਪੈਗ਼ਾਮ ਦਿੱਤਾ ਸੀ। ਕੀ ਅਸੀਂ ਉਪਰੋਕਤ ਅਮੁੱਲੇ ਵਿਚਾਰਾਂ ਦੇ ਵਿਪਰੀਤ ਕੰਮ ਕਰਕੇ ਗੁਰਬਾਣੀ ਪ੍ਰਤੀ ਕੋਈ ਨਿਰਾਦਰ ਤਾਂ ਨਹੀਂ ਦਿਖਾ ਰਹੇ? ਗੁਰਬਾਣੀ ਤੇ ਭਗਤੀ ਲਹਿਰ ਦੇ ਮਹਾਂਪੁਰਸ਼ਾਂ ਦੇ ਕਥਨਾਂ ਦੀ ਉੱਤਮਤਾ ਨੂੰ ਸਮਝਣ ਲਈ ਗਾਲੀ-ਗਲੋਚ ਭਰੀ ਅਭੱਦਰ ਭਾਸ਼ਾ ਵਰਤਣ ਤੇ ਗੁੱਸੇ ਹੋਣ ਦੀ ਨਹੀਂ, ਬਲਕਿ ਨਿਮਰਤਾ ਨਾਲ ਗੰਭੀਰ ਆਤਮ ਮੰਥਨ ਕੀਤੇ ਜਾਣ ਦੀ ਲੋੜ ਹੈ।

See Also


ਸਾਰੀਆਂ ਵਿਪਰੀਤ ਤੇ ਮੁਸ਼ਕਿਲ ਹਾਲਤਾਂ ਦਾ ਸਾਹਮਣਾ ਕਰਦੇ ਹੋਏ ਸਿੱਖ ਗੁਰੂ ਸਾਹਿਬਾਨ ਤੇ ਦੂਜੇ ਸੂਰਮਿਆਂ ਨੇ ਕਿਸੇ ਵੀ ਸਮੇਂ ਜਾਂ ਇਤਿਹਾਸਿਕ ਮੋੜ ’ਤੇ ਸ਼ਾਂਤੀ, ਪਿਆਰ, ਸਦਭਾਵਨਾ ਤੇ ਵਿਰੋਧੀਆਂ ਸੰਗ ਤਰਕ-ਦਲੀਲ ਨਾਲ ਸੰਵਾਦ ਰਚਾਉਣ ਦਾ ਰਸਤਾ ਨਹੀਂ ਸੀ ਤਿਆਗਿਆ। ਪ੍ਰੰਤੂ ਇਹ ਡਾਢਾ ਅਫਸੋਸਨਾਕ ਹੈ ਕਿ ਸਾਲ 1978 ਤੋਂ ਸ਼ੁਰੂ ਕਰ ਕੇ ਪਿਛਲੀ ਸਦੀ ਦੇ ਅੰਤਲੇ ਸਾਲਾਂ ਤੱਕ ਕੁੱਝ ਨਾਮ ਨਿਹਾਦ ‘ਗਰਮ ਖਿਆਲੀਆਂ’ ਵੱਲੋਂ ਬਿਨਾਂ ਤਾਕਤਾਂ ਦਾ ਤੋਲ ਦੇਖਿਆਂ ਅਤੇ ਆਪਣੀ ਤੇ ਦੁਸ਼ਮਣ ਦੀ ਤਾਕਤ ਨੂੰ ਵਧਾ-ਘਟਾ ਕੇ ਅੰਗਦਿਆਂ ਬੇਗੁਨਾਹ ਲੋਕਾਂ, ਜੋ ਕਿਸੇ ਵੀ ਐਂਗਲ ਤੋਂ ਸਿੱਖਾਂ ਦੇ ਦੁਸ਼ਮਣ ਨਹੀਂ ਸਨ, ਦੇ ਕਤਲ ਕੀਤੇ ਗਏ। ਨਾਲ ਹੀ ਸਰਕਾਰੀ ਮਸ਼ੀਨਰੀ ਨੇ ਵੀ ‘ਅੱਤਵਾਦ-ਵੱਖਵਾਦ’ ਨੂੰ ਕੁਚਲਣ ਦੇ ਨਾਂ ’ਤੇ ਪੂਰੀ ਬੇਤਰਸੀ ਨਾਲ ਬੇਗੁਨਾਹ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ। ਬਿਨਾਂ ਸ਼ੱਕ ਪੰਜਾਬ ਅੰਦਰ 26000 ਤੋਂ ਜ਼ਿਆਦਾ ਬੇਗੁਨਾਹ ਲੋਕਾਂ ਦੀਆਂ ਹੱਤਿਆਵਾਂ ਪਿੱਛੇ ਸਰਕਾਰੀ ਏਜੰਸੀਆਂ ਤੇ ਸਰਕਾਰ ਵੱਲੋਂ ਸ਼ਿਸ਼ਕਾਰੇ ਤੱਤਾਂ ਦਾ ਹੱਥ ਸੀ। ਪ੍ਰੰਤੂ ਜਿਨ੍ਹਾਂ ਹਥਿਆਰਬੰਦ ਅੱਤਵਾਦੀਆਂ ਨੇ ਖੁਦ ਆਪ ਬੇਗੁਨਾਹ ਲੋਕਾਂ ਨੂੰ ‘ਗੱਡੀ ਚਾੜ੍ਹਨ’ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ ਤੇ ਖੁਸ਼ੀਆਂ ਮਨਾਈਆਂ ਸਨ, ਉਨ੍ਹਾਂ ਨੂੰ ਨਿਰਦੋਸ਼ ਕਿਵੇਂ ਕਿਹਾ ਜਾਵੇ ਜਾਂ ਸਰਕਾਰੀ ਤੱਤਾਂ ਦੇ ਖਾਤੇ ’ਚ ਪਾ ਕੇ ਬਰੀ ਕਿਵੇਂ ਕਰ ਦਿੱਤਾ ਜਾਵੇ? ਸੱਤਾ ਦੇ ਨਾਪਾਕ ਇਰਾਦਿਆਂ ਤੇ ਸਰਕਾਰੀ ਏਜੰਸੀਆਂ ਦੀ ਖੇਡ ’ਚ ਸ਼ਾਮਿਲ ਕਥਿਤ ਸਿੱਖ ਸੰਘਰਸ਼ ’ਚ ਸ਼ਾਮਲ ਬਹੁਤ ਸਾਰੇ ‘ਯੋਧਿਆਂ’ ਦੇ ਕਾਰਨਾਮੇ ਹੁਣ ਤਾਂ ਬਹੁਤ ਸਾਰੀਆਂ ਕਿਤਾਬਾਂ ਤੇ ਸਰਕਾਰੀ ਫਾਈਲਾਂ ’ਚੋਂ ਜੱਗ ਜ਼ਾਹਰ ਹੋ ਹੀ ਚੁੱਕੇ ਹਨ।


ਕਈ ਵਾਰ ਜੋਸ਼ੋ-ਜਨੂੰਨ ’ਚ ਬਿਨਾਂ ਕੋਈ ਗੰਭੀਰ ਸੋਚ-ਵਿਚਾਰ, ਜੋ ਗੁਰਬਾਣੀ ਦਾ ਮੂਲ ਤੱਤ ਹੈ, ਕੀਤਿਆਂ ਕਿਸੇ ਵਿਅਕਤੀ ਵਿਸ਼ੇਸ਼ ਤੋਂ ਪ੍ਰਭਾਵਤ ਹੋ ਕੇ ਇਕ ਪਾਸੜ ਭੱਜ ਪੈਣਾ ਪੰਜਾਬੀਆਂ ਦਾ ਸੁਭਾਅ ਹੈ। ਜੇਕਰ ਕਿਸੇ ਨੇ ਕਹਿ ਦਿੱਤਾ, ‘ਸਿੱਖ ਗੁਲਾਮ ਹਨ ਜਾਂ ਸਿੱਖਾਂ ਦਾ ਆਪਣਾ ਆਜ਼ਾਦ ਦੇਸ਼ ਭਾਵ ਖਾਲਿਸਤਾਨ ਚਾਹੀਦਾ ਹੈ’ ਤਾਂ ਸਿੱਖ ਸਮਾਜ ਦਾ ਇਕ ਹਿੱਸਾ, ਖਾਸਕਰ ਨੌਜਵਾਨ ਉਸ ਨਾਅਰੇ ਤੋਂ ਪ੍ਰੇਰਤ ਹੋ ਕੇ ਮਰਨ-ਮਾਰਨ ਲਈ ਸੰਘਰਸ਼ ’ਚ ਕੁੱਦ ਪੈਂਦੇ ਹਨ। ਭਾਵੇਂ ਇਹ ਵਰਤਾਰਾ ਮੰਤਕੀ ਤੌਰ ’ਤੇ ਸਿੱਖਾਂ ਦੇ ਖਿਲਾਫ਼ ਤੇ ਹਾਕਮਾਂ ਦੇ ਰਾਜ ਦੀ ਉਮਰ ਲੰਬੀ ਕਰਨ ਵਾਲਾ ਸਿੱਧ ਹੋਇਆ ਹੈ।


ਅੱਜ ਸਾਰੇ ਦੇਸ਼ ਅੰਦਰ ਜੇਕਰ ਸੱਚਮੁੱਚ ਹੀ ਕਿਸੇ ਨਾਲ ਧੱਕਾ ਹੋ ਰਿਹਾ ਹੈ ਤਾਂ ਉਹ ਸਮੁੱਚੇ ਮਿਹਨਤਕਸ਼ ਲੋਕਾਂ ਭਾਵ ‘ਭਾਈ ਲਾਲੋਆਂ’ ਨਾਲ ਕਾਰਪੋਰੇਟ ਘਰਾਣਿਆਂ ਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਦੀ ਮੋਦੀ ਸਰਕਾਰ ਦੇ ਹੱਥੋਂ ਹੋ ਰਿਹਾ ਹੈ। ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਲੋਕਾਂ ਨਾਲੋਂ ਕਿਤੇ ਜ਼ਿਆਦਾ ਗਿਣਤੀ ’ਚ ਪੀੜਤ ਤਾਂ ਮਿਹਨਤਕਸ਼ ਹਿੰਦੂ ਖ਼ੁਦ ਹਨ, ਜਿਨ੍ਹਾਂ ਦੇ ਹਿੱਤਾਂ ਦੀ ਰਾਖੀ ਦਾ ਝੂਠਾ ਦਾਅਵਾ ਸੰਘ ਪਰਿਵਾਰ ਤੇ ਮੋਦੀ ਸਰਕਾਰ ਕਰ ਰਹੇ ਹਨ। ਉਂਝ ਪੀੜਤ ਲੋਕਾਂ ’ਚ ਸਾਰੇ ਹੀ ਧਰਮਾਂ, ਜਾਤੀਆਂ, ਕੌਮੀਅਤਾਂ ਤੇ ਇਲਾਕਿਆਂ ਦੇ ਕਿਰਤੀ ਲੋਕ ਸ਼ਾਮਲ ਹਨ। ਇਸ ਧੱਕੇ ਤੇ ਜ਼ੁਲਮ ਦਾ ਟਾਕਰਾ ਵੀ ਜਮਹੂਰੀ ਤੇ ਅਗਾਂਹਵਧੂ ਪੈਂਤੜੇ ’ਤੇ ਖੜ੍ਹੇ ਹੋ ਕੇ ਸੱਭ ਨੇ ਇਕਜੁੱਟ ਹੋ ਕੇ ਹੀ ਕਰਨਾ ਹੈ।
ਕੁੱਝ ਕੁ ਮੁੱਠੀ ਭਰ ਲੋਕਾਂ ਦੀਆਂ ਗੈਰ ਜ਼ਿੰਮੇਵਾਰਾਨਾ ਕਾਰਵਾਈਆਂ ਤੇ ਬੋਲ-ਕੁਬੋਲ ਨਾਲ, ਦੇਸ਼-ਵਿਦੇਸ਼ਾਂ ’ਚ ਵਸਦੇ ਸਿੱਖਾਂ ਦੀ ਪਛਾਣ ਅੱਜ ਇਕ ‘‘ਹਥਿਆਰਬੰਦ ਝਗੜਾਲੂ ਤੇ ਹਿੰਸਕ ਫਿਰਕੇ’’ ਵਜੋਂ ਬਣ ਰਹੀ ਹੈ। ਹਰ ਗੱਲ ’ਚ ਕੁੱਝ ਗੈਰ ਜ਼ਿੰਮੇਵਾਰ ਤੇ ਸ਼ਰਾਰਤੀ ਤੱਤਾਂ ਵੱਲੋਂ ਨੰਗੀਆਂ ਤਲਵਾਰਾਂ ਲੈ ਕੇ ਘੁੰਮਣਾ ਤੇ ਝਗੜਾ ਕਰਨਾ ਹੀ ਸਿੱਖਾਂ ਦੀ ਸ਼ਿਨਾਖਤ ਬਣਾ ਦਿੱਤਾ ਗਿਆ ਹੈ। ਸਿੱਖ ਗੁਰੂ ਸਾਹਿਬਾਨ ਦੀਆਂ ਮਾਨਵੀ ਸਿੱਖਿਆਵਾਂ ਨੂੰ ਸਿਰਫ ਹਥਿਆਰਬੰਦ ਹੋ ਕੇ ਵੱਖਰੀ ਪਹਿਚਾਣ ਬਣਾਈ ਰੱਖਣ ਤੱਕ ਸੀਮਤ ਕਰ ਦਿੱਤਾ ਗਿਆ ਹੈ। ਕਥਿਤ ਪ੍ਰਵਾਸੀਆਂ ਭਾਵ ਅੰਤਰਰਾਜੀ ਮਜ਼ਦੂਰਾਂ ਵਿਰੁੱਧ ਪਿਛਲੇ ਦਿਨੀ ਵਿੱਢੀ ਗਈ ‘‘ਭਈਏ ਭਜਾਓ, ਪੰਜਾਬ ਬਚਾਓ’’ ਨਾਂ ਦੀ ਨਫ਼ਰਤੀ ਮੁਹਿੰਮ ਦੌਰਾਨ ਨਿਹੰਗ ਭੇਖ ’ਚ ਸਜੇ ਕੁੱਝ ਲੋਕ ਨੰਗੀਆਂ ਤਲਵਾਰਾਂ ਲੈ ਕੇ ਯੂ.ਪੀ., ਬਿਹਾਰ ਦੇ ਮਜ਼ਦੂਰਾਂ ਦੀਆਂ ਸਬਜ਼ੀ ਵਾਲੀਆਂ ਰੇਹੜੀਆਂ ਉਲਟਾਉਂਦੇ ਦੇਖੇ ਗਏ। ਕੀ ਇਹ ਵਿਹਾਰ ਸਿੱਖੀ ਸਿਧਾਂਤਾਂ ਦੇ ਅਨੁਕੂਲ ਸੀ? ਗੁਰੂ ਸਾਹਿਬਾਨ ਤੇ ਭਗਤੀ ਲਹਿਰ ਦੇ ਮਹਾਂਪੁਰਸ਼ਾਂ ਵੱਲੋਂ ਰਚੀ ਬਾਣੀ ਤਾਂ ਸਾਰੀ ਮਨੁੱਖਤਾ ਦੇ ਭਲੇ ਲਈ ਜ਼ਾਲਮਾਂ ਵਿਰੁੱਧ ਏਕਤਾ ਬਣਾ ਕੇ ਸ਼ਾਂਤਮਈ ਤੇ ਅਨੁਸ਼ਾਸਨਬੱਧ ਯੁੱਧ ਕਰਨ ਦੀ ਸਿੱਖਿਆ ਦਿੰਦੀ ਹੈ। ਅਜਿਹਾ ਯੁੱਧ ਜਿਸਦਾ ਮੰਤਵ ਜਮਹੂਰੀ ਹੱਕ-ਹਕੂਕ ਤੇ ਮਨੁੱਖੀ ਆਜ਼ਾਦੀਆਂ ਦੀ ਗਰੰਟੀ ਕਰਦਾ ਬਰਾਬਰਤਾ ਦੇ ਅਸੂਲਾਂ ’ਤੇ ਆਧਾਰਿਤ ਸਾਂਝੀਵਾਲਤਾ ਵਾਲਾ ਸਮਾਜ ਸਿਰਜਣਾ ਹੈ। ਹਥਿਆਰਬੰਦ ਘੋਲਾਂ ਬਾਰੇ ਤਾਂ ਕਿਸੇ ਵਿਸ਼ੇਸ਼ ਸਥਿਤੀ ’ਚ ਆਪਣੀ ਤੇ ਦੁਸ਼ਮਣ ਧਿਰ ਦੀ ਯੁੱਧ ਸਮਰੱਥਾ ਤੇ ਵਿਵਹਾਰਕ ਹਾਲਤਾਂ ਅਨੁਸਾਰ ਹੀ ਸੋਚਿਆ ਜਾ ਸਕਦਾ ਹੈ। ਕਈ ਵਾਰ ਤਾਂ ਕੁੱਝ ਤੱਤਾਂ ਦੇ ਗੈਰ ਜ਼ਿੰਮੇਵਾਰ ਬਿਆਨਾਂ ਤੋਂ ਇੰਝ ਜਾਪਦਾ ਹੈ ਜਿਵੇਂ ਕੁੱਝ ਸਿੱਖ ਆਪਣੇ ਧਰਮ ਦੀਆਂ ਦੇਸ਼-ਦੁਨੀਆਂ ਤੱਕ ਫੈਲਣ ਦੀਆਂ ਸੰਭਾਵਨਾਵਾਂ ਨੂੰ ਸਮੇਟਣ ਤੇ ਆਪਣੀ ਸੰਕੀਰਨ ਸੋਚਣੀ ਤੇ ਮੰਦੇ ਬੋਲਾਂ ਰਾਹੀਂ ਇਸ ਨੂੰ ਲਗਾਤਾਰ ਸੰਗੋੜਨ ਦਾ ਯਤਨ ਕਰ ਰਹੇ ਹਨ। ਸਿੱਖੀ ਦੇ ਪਸਾਰੇ ਨੂੰ ਜੇਕਰ ਸਿੱਖ ਫਲਸਫ਼ੇ ਦੀ ਕਸਵੱਟੀ ’ਤੇ ਜੋਖਣ ਦਾ ਯਤਨ ਕਰੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਸਿੱਖਾਂ ਦੇ ਅਜੋਕੇ ਸਿਆਸੀ ਤੇ ਧਾਰਮਿਕ ਆਗੂ ਹਕੀਕੀ ਸਿੱਖੀ ਦਾ ਪ੍ਰਚਾਰ ਗੁਆਂਢੀ ਸੂਬਿਆਂ ਤੱਕ ਵੀ ਨਹੀਂ ਕਰ ਸਕੇ। ਇਹੋ ਨਹੀਂ ਖ਼ੁਦ ‘ਖਾਲਸੇ’ ਦੀ ਧਰਤੀ ਕਹੀ ਜਾਂਦੀ ਪੰਜਾਬ ਅੰਦਰ ਵੀ ‘ਸਿੱਖੀ’, ‘ਸਾਰ ਤੱਤ’ ਦੇ ਨਜ਼ਰੀਏ ਤੋਂ ਕੇਵਲ ਘੱਟ ਗਿਣਤੀ ਲੋਕਾਂ ਤੱਕ ਹੀ ਸਿਮਟਦੀ ਜਾ ਰਹੀ ਹੈ। ਜਿਹੜਾ ਵੀ ਵਿਅਕਤੀ ਜਾਂ ਸੰਸਥਾ ਸਿੱਖ ਗੁਰੂ ਸਾਹਿਬਾਨ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਉਸਦੇ ਪੈਰੋਕਾਰ ਹੋਣ ਦਾ ਐਲਾਨ ਕਰਦਾ/ਕਰਦੀ ਹੈ, ਤਾਂ ਗੈਰ ਜ਼ਿੰਮੇਵਾਰ ਤੇ ਸੰਕੀਰਨ ਲੋਕਾਂ ਵੱਲੋਂ ਸਾਰੀ ਊਰਜਾ ਇਨ੍ਹਾਂ ਜੁੜ ਰਹੇ ਸਹਿਯੋਗੀਆਂ ਨੂੰ ‘ਸਿੱਖ ਵਿਰੋਧੀ’ ਗਰਦਾਨਣ ’ਤੇ ਲੱਗ ਜਾਂਦੀ ਹੈ। ਕੀ ਕਮਿਊਨਿਸਟ, ਹੋਰ ਖੱਬੇ ਪੱਖੀ ਲੋਕ ਤੇ ਵਿਦਵਾਨ, ਜੋ ਸਮਾਜਵਾਦੀ ਪ੍ਰਬੰਧ ਦੀ ਕਾਇਮੀ ਲਈ ਸੰਘਰਸ਼ ਕਰ ਰਹੇ ਹਨ ਜਾਂ ਇਸ ਦਿਸ਼ਾ ’ਚ ਆਪਣਾ ਯੋਗਦਾਨ ਪਾ ਰਹੇ ਹਨ, ਸਿੱਖ ਧਰਮ ਦੇ ਕਿਸੇ ਅਸੂਲ ਦਾ ਵਿਰੋਧ ਕਰ ਰਹੇ ਹਨ? ਕਈ ਵਾਰ ਤਾਂ ਇੰਝ ਲੱਗਦਾ ਹੈ ਕਿ ਅਜਿਹੇ ਲੋਕਾਂ ਦੀ ਸਮਝਦਾਰੀ ਅਨੁਸਾਰ ਸਿੱਖ ਗੁਰੂ ਸਾਹਿਬਾਨ ਦੇ ਅਨੁਆਈ ਹੋਣ ਦੀ ਇਜ਼ਾਰੇਦਾਰੀ ਸਿਰਫ ਉਨ੍ਹਾਂ ਦੀ ਹੀ ਹੈ, ਹੋਰ ਕਿਸੇ ਗੈਰ ਸਿੱਖ ਨੂੰ ਇਸ ਰਸਤੇ ’ਤੇ ਪੈਣ ਹੀ ਨਹੀਂ ਦੇਣਾ।


ਅਸੀਂ, ਉਪਰੋਕਤ ਬਿਰਤਾਂਤ ਕਿਸੇ ਮੰਦਭਾਵਨਾ ਜਾਂ ਕਿਸੇ ਵਿਸ਼ੇਸ਼ ਫਿਰਕੇ ਦੀ ਨੀਅਤ ’ਤੇ ਸ਼ੱਕ ਕਰਨ ਦੀ ਇੱਛਾ ਨਾਲ ਨਹੀਂ ਲਿਖਿਆ ਗਿਆ। ਬਲਕਿ ਇਹ ਤਾਂ ਉਸ ਦਰਦ ਦਾ ਹਿੱਸਾ ਹੈ, ਜਿਹੜਾ ਸਿੱਖ ਗੁਰੂ ਸਾਹਿਬਾਨ ਤੇ ਭਗਤੀ ਲਹਿਰ ਦੇ ਮਹਾਂ ਪੁਰਸ਼ਾਂ ਦੀਆਂ ਮਾਨਵੀ ਤੇ ਮੁੱਲਵਾਨ ਸਿੱਖਿਆਵਾਂ ਅਤੇ ਬੱਬਰ ਅਕਾਲੀਆਂ, ਗ਼ਦਰੀ ਸੂਰਬੀਰਾਂ ਤੇ ਸ਼ਹੀਦ-ਇ-ਆਜ਼ਮ ਸ. ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਕੁਰਬਾਨੀਆਂ ਉਪਰ ਪੋਚਾ ਫੇਰ ਕੇ ਸੱਜ ਪਿਛਾਖੜ ਸਨਾਤਨੀ ਹਿੰਦੂਤਵੀ ਸ਼ਕਤੀਆਂ ਭਾਵ ‘ਸੰਘੀਆਂ ਦੇ ਨਿਸ਼ਾਨੇ’ ਭਾਰਤ ਅੰਦਰ ਇਕ ਧਰਮ ਅਧਾਰਤ ਗੈਰ ਲੋਕਰਾਜੀ ਵਿਵਸਥਾ ਕਾਇਮ ਕਰਨ ਦੇ ’ਚੋਂ ਉਪਜਿਆ ਹੈ। ਮਨੂੰਵਾਦੀ ਵਿਵਸਥਾ ਦੀ ਪੁਨਰ ਸਥਾਪਤੀ ਸਮੁੱਚੇ ਮਿਹਨਤਕਸ਼ਾਂ ਦੇ ਨਾਲ-ਨਾਲ ਸਾਰੀਆਂ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਅਗਾਂਹਵਧੂ ਲੋਕਾਂ ਦੇ ਹਿੱਤਾਂ ਦਾ ਘਾਣ ਕਰਨ ਦਾ ਜਰੀਆ ਬਣੇਗੀ। ਅਸੀਂ ਦੇਸ਼ ਤੇ ਪੰਜਾਬ ਦੇ ਸਭਨਾਂ ਲੋਕਾਂ, ਖਾਸ ਕਰਕੇ ਸਿੱਖ ਸੰਗਤ, ਸਿੱਖ ਵਿਦਵਾਨਾਂ, ਸਿੱਖ ਰਾਜਨੀਤੀਵਾਨਾਂ ਤੇ ਸਿੱਖੀ ਦੇ ਮੂਲ ਸਿਧਾਂਤਾਂ ਦੇ ਅਨੁਆਈਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਗੁਰੂ ਸਾਹਿਬਾਨ ਦੀ ਬਾਣੀ ਦੇ ਮੂਲ ਸਿਧਾਂਤਾਂ ਨੂੰ ਸਾਹਮਣੇ ਰੱਖ ਕੇ ਹਾਕਮ ਧਿਰਾਂ ਦੇ ਸਿਰਜੇ ਸਾਰੇ ਛਡਯੰਤਰਾਂ ਤੋਂ ਸਾਵਧਾਨ ਰਹਿਣ। ਸਿੱਖ ਸਫ਼ਾਂ ’ਚ ਘੁਸਪੈਠ ਕਰ ਚੁੱਕੇ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ਤੋਂ ਸੁਚੇਤ ਰਹਿ ਕੇ ਪੰਜਾਬ ਤੇ ਦੇਸ਼ ਅੰਦਰ ਐਸੀ ਸਾਂਝੀ ਲਹਿਰ ਖੜ੍ਹੀ ਕਰਨ ’ਚ ਆਪਣਾ ਯੋਗਦਾਨ ਪਾਉਣ, ਜਿਹੜੀ ਭਾਰਤ ਨੂੰ ਮੌਜੂਦਾ ਖਤਰਨਾਕ ਸਥਿਤੀ ਚੋਂ ਬਾਹਰ ਕੱਢ ਕੇ ਕਾਰਪੋਰਟ ਘਰਾਣਿਆਂ ਦੀ ਲੁੱਟ-ਖਸੁੱਟ ਤੋਂ ਮੁਕਤੀ ਹਾਸਲ ਕਰਨ ਦੇ ਸਮਰੱਥ ਹੋਵੇ ਅਤੇ ਸਾਂਝੀਵਾਲਤਾ, ਬਰਾਬਰੀ ਤੇ ਮਨੁੱਖੀ ਆਜ਼ਾਦੀ ਦੀ ਪਹਿਰੇਦਾਰੀ ਕਰਨ ਵੱਲ ਸੇਧਤ ਹੋਵੇ। ਹਾਕਮ ਧਿਰ ਵੱਲੋਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਅਨੇਕਾਂ ਵਾਰ ਬੇਲੋੜੇ, ਹਾਨੀਕਾਰਕ ਤੇ ਵੰਡਵਾਦੀ ਸਵਾਲ ਖੜ੍ਹੇ ਕਰਕੇ ਕਿਰਤੀ ਲੋਕਾਂ ਦੀ ਉੱਸਰ ਰਹੀ ਸਾਂਝੀ ਲਹਿਰ ਤੇ ਜਨਤਕ ਸੰਘਰਸ਼ ਨੂੰ ਲੀਹੋ ਲਾਹੁਣ ਵਾਲੀਆਂ ਛਾਤਰ ਚਾਲਾਂ ਤੋਂ ਵੀ ਸਾਵਧਾਨ ਰਹਿਣ ਦੀ ਵੱਡੀ ਲੋੜ ਹੈ। ਲੋਕਾਂ ਨੂੰ ਧੋਖਾ ਦੇਣ ਵਾਲੇ ‘ਸੰਘ ਪਰਿਵਾਰ’ ਦੇ ਵੱਖੋ-ਵੱਖ ਮੈਂਬਰ ਇਕੋ ਸਮੇਂ ਭਾਂਤ-ਭਾਂਤ ਦੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰਦੇ ਹਨ, ਪ੍ਰੰਤੂ ਉਨ੍ਹਾਂ ਸਾਰਿਆਂ ਦਾ ਸਰੋਤ ਸੰਘ ਦੇ ਕੇਂਦਰੀ ਦਫ਼ਤਰ ‘ਨਾਗਪੁਰ’ ਵੱਲੋਂ ਮਿਥਿਆ ਫਿਰਕੂ-ਫਾਸ਼ੀ ਰਾਜਕੀ ਢਾਂਚਾ ਕਾਇਮ ਕਰਨ ਦਾ ਨਿਸ਼ਾਨਾ ਹੀ ਹੈ।

Scroll To Top