Now Reading
ਭਾਰਤੀਆਂ ਦਾ ਆਜ਼ਾਦੀ ਲਈ ਸੰਘਰਸ਼ ਗ਼ਦਰ ਰਸਾਲੇ ਦੀ ਸ਼ਾਨਾਮੱਤੀ ਭੂਮਿਕਾ

ਭਾਰਤੀਆਂ ਦਾ ਆਜ਼ਾਦੀ ਲਈ ਸੰਘਰਸ਼ ਗ਼ਦਰ ਰਸਾਲੇ ਦੀ ਸ਼ਾਨਾਮੱਤੀ ਭੂਮਿਕਾ

ਸੁਖਦੇਵ ਸਿੰਘ ਸੋਹਲ
ਭਾਰਤ ਦੇ ਸੁਤੰਤਰਤਾ ਸੰਗਰਾਮ ’ਚ ਗ਼ਦਰ ਰਸਾਲੇ ਦੀ ਅਹਿਮ ਭੂਮਿਕਾ ਰਹੀ ਹੈ। ਪੰਜਾਬ, ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਅੰਗਰੇਜ਼ੀ ਬਸਤੀਵਾਦ ਦਾ ਨਮੂਨਾ ਐਲਾਨਿਆ ਗਿਆ ਸੀ। ਗ਼ਦਰ ਸਾਹਿਤ ਵਿਚ ਲੋਕਾਂ ਦੀ ਗੁਰਬਤ, ਕਰਜ਼ਾ, ਬਿਮਾਰੀਆਂ ਅਤੇ ਅਕਾਲਾਂ ਦਾ ਵੱਡਮੁੱਲਾ ਜ਼ਖੀਰਾ ਦਰਜ ਹੈ। ਗ਼ਦਰ ਲਹਿਰ ਦਾ ਉੱਭਰ ਕੇ ਸਾਹਮਣੇ ਆਉਣਾ ਇਤਿਹਾਸਕ ਤੱਥ ਹੈ। ਇਸ ਲਹਿਰ ਦਾ ਖਾਸਾ ਬਹੁ-ਪੱਖੀ ਸੀ, ਜਿਸ ’ਚ ਸਮਾਜ ਦੇ ਹਰ ਵਰਗ ਨੂੰ ਦੇਸ਼ ਭਗਤੀ ਅਤੇ ਕੌਮਵਾਦ ਦੇ ਸੰਦਰਭ ’ਚ ਵਿਚਾਰਿਆ ਗਿਆ ਸੀ । ਗ਼ਦਰ ਲਹਿਰ ਦਾ ਮੁਖ ਆਧਾਰ ਮਜ਼ਦੂਰ, ਕਿਸਾਨ, ਖੇਤੀ ਕਾਮੇ ਤੇ ਦਸਤਕਾਰ ਸਨ। ਇਸ ਲਹਿਰ ’ਚ ਮੁੱਖ ਤੌਰ ’ਤੇ ਕਿਸਾਨਾਂ ਦੀ ਆਰਥਿਕ ਦਸ਼ਾ ਤੇ ਘੋਲ ਨੂੰ ਰੇਖਾਂਕਿਤ ਕੀਤਾ ਗਿਆ ਹੈ।


ਗ਼ਦਰ ਲਹਿਰ : ਇਤਿਹਾਸਕ ਸੰਦਰਭ
ਗ਼ਦਰ ਲਹਿਰ ਅਜਿਹੀ ਪਹਿਲੀ ਧਰਮ ਨਿਰਪੱਖ ਤਹਿਰੀਕ ਸੀ ਜਿਸ ਦਾ ਮੰਤਵ ਹਥਿਆਰਬੰਦ ਘੋਲ ਰਾਹੀਂ ਭਾਰਤ ਨੂੰ ਆਜ਼ਾਦ ਕਰਾਉਣਾ ਸੀ। ਇਹ ਲਹਿਰ ਭਾਵੇਂ ਕੈਨੇਡਾ ਅਤੇ ਉੱਤਰੀ ਅਮਰੀਕਾ ਦੀ ਧਰਤੀ ’ਤੇ ਉਪਜੀ ਸੀ ਪਰ ਇਸ ਦੀਆਂ ਜੜ੍ਹਾਂ ਅਤੇ ਜਜ਼ਬਾ ਪੰਜਾਬ ’ਚ ਹੀ ਸਨ ਤੇ ਇਹ ਪੰਜਾਬ ਦੀ ਧਰਤੀ ’ਤੇ ਹੀ ਪ੍ਰਵਾਨ ਚੜ੍ਹੀ ਸੀ। ਪੰਜਾਬ ਦੇ ਵਕਤੀ ਲੈਫਟੀਨੈਂਟ ਗਵਰਨਰ ਮਾਇਕਲ ਉਡਵਾਇਰ ਨੇ ਗ਼ਦਰ ਲਹਿਰ ਨੂੰ ‘ਸਾਰੀਆਂ ਸਾਜ਼ਿਸ਼ਾਂ ਤੋਂ ਵੱਧ ਭਿਆਨਕ’ ਗਰਦਾਨਿਆ ਸੀ। ਅੰਗਰੇਜ਼ੀ ਰਾਜ ਨੇ ਜਗੀਰਦਾਰ ਜਮਾਤ ਪੈਦਾ ਕੀਤੀ ਸੀ। ਵਪਾਰ ਅਤੇ ਸੂਦਖੋਰੀ ਕਾਰਨ ਸ਼ਾਹੂਕਾਰਾਂ ਦੀ ਜਮਾਤ ਵੀ ਹੋਰ ਮਜ਼ਬੂਤ ਹੋਈ ਸੀ। ਗ਼ਦਰ ਲਹਿਰ ਦਾ ਪਿਛੋਕੜ ਪੰਜਾਬ ਦੀ ਆਰਥਿਕ-ਸਮਾਜਿਕ ਅਵਸਥਾ ਨਾਲ ਜੁੜਦਾ ਹੈ। ਅੰਗਰੇਜ਼ਾਂ ਦੇ ਭਾਰਤ ’ਤੇ ਕਾਬਜ਼ ਹੋਣ ਤੋਂ ਪਿੱਛੋਂ ਲੋਕਾਂ ਦੀ ਲੁੱਟ ਦਾ ਸਿਲਸਿਲਾ ਤੇਜ਼ ਗਤੀ ਨਾਲ ਚੱਲ ਪਿਆ ਸੀ। ਅੰਗਰੇਜ਼ਾਂ ਵੱਲੋਂ ਦਿੱਤੇ ਜ਼ਮੀਨੀ ਬੰਦੋਬਸਤ ਕਾਰਨ ਜ਼ਮੀਨੀ ਮਾਲੀਏ ਦੀ ਨਗਦ ਅਦਾਇਗੀ, ਜ਼ਮੀਨ ਵੇਚਣ ਤੇ ਖਰੀਦਣ ਦੇ ਅਧਿਕਾਰ ਵਾਹੀਕਾਰਾਂ ਲਈ ਬੜੇ ਹਾਨੀਕਾਰਕ ਸਿੱਧ ਹੋਏ ਸਨ। ਪੇਂਡੂ ਦਸਤਕਾਰੀ ਬਰਤਾਨਵੀ ਮਸ਼ੀਨੀ ਮਾਲ ਦਾ ਮੁਕਾਬਲਾ ਨਾ ਕਰ ਸਕੀ। ਕਿਸਾਨਾਂ ਦੀ ਫਿਤਰਤ ਮਜ਼ਾਰਿਆ ’ਚ ਤਬਦੀਲ ਹੋਣ ਲੱਗੀ। ਭਾਵ ਥੋੜ੍ਹੀਆਂ ਜ਼ਮੀਨਾਂ ਦੇ ਮਾਲਕਾਂ ਲਈ ਨਗਦੀ ਮਾਲੀਆ ਤਾਰਨਾ ਔਖਾ ਹੋ ਗਿਆ। ਵੱਡੀ ਤਾਦਾਤ ’ਚ ਜ਼ਮੀਨ ਸ਼ਾਹੂਕਾਰਾਂ ਦੇ ਹੱਥ ਜਾਣ ਲਗੀ। ਸਾਲ 1901-1909 ਦੌਰਾਨ ਢਾਈ ਕਰੋੜ ਏਕੜ ਤੋਂ ਵੱਧ ਜ਼ਮੀਨ ਗਹਿਣੇ ਪੈ ਚੁਕੀ ਸੀ।


ਜ਼ਿਆਦਾਤਰ ਪ੍ਰਵਾਸ ਨੂੰ ਜਾਣ ਦੇ ਰਸਤੇ ਹਾਂਗਕਾਂਗ ਅਤੇ ਸ਼ੰਘਾਈ ਸਨ ਜੋ ਅੰਗ੍ਰੇਜ਼ੀ ਪ੍ਰਭਾਵ ਹੇਠ ਸਨ। ਅਮਰੀਕਾ ਦੇ ਪੱਛਮੀ ਕੰਢੇ ਤੇ ਜੰਗਲ ਕੱਟ ਕੇ ਜ਼ਮੀਨਾਂ ਆਬਾਦ ਕਰਨ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਸੀ। ਪੰਜਾਬੀ ਕਿਸਾਨਾਂ ਨੇ ਉਤਰੀ ਅਮਰੀਕਾ ਵੱਲ ਵਹੀਰਾਂ ਘੱਤ ਦਿੱਤੀਆਂ। ਤਕਰੀਬਨ 1904 ਈ. ਤੋਂ ਭਾਰਤੀ ਅਤੇ ਪੰਜਾਬੀ ਮੂਲ ਦੇ ਕਾਮਿਆਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਜੋ ਦੋ ਸਾਲਾਂ ’ਚ ਹੀ 1500 ਤੇ ਕਰੀਬ ਪਹੁੰਚ ਗਈ ਸੀ। ਇਹ ਗਿਣਤੀ 1912 ਈ. ’ਚ 20,000 ਤੱਕ ਪਹੁੰਚ ਗਈ ਸੀ। ਇਹ ਸਾਰੇ ਲਕੜੀ ਦੀਆਂ ਮਿੱਲਾਂ, ਕਾਰਖਾਨਿਆਂ ਤੇ ਖੇਤੀ ਫਾਰਮਾਂ ’ਚ ਕੰਮ ਕਰਦੇ ਸਨ। ਅਮਰੀਕਾ ’ਚ ਮਾਰਚ 13, 1913 ਨੂੰ ਫ਼ਿਨਿਸ਼ ਸਮਾਜਵਾਦੀ ਹਾਲ, ਐਸਟੋਰੀਆ ਵਿਖੇ ਹੋਏ ਇਕ ਅਹਿਮ ਇਕੱਠ ’ਚ 120 ਪ੍ਰਤੀਨਿਧਾਂ ਨੇ ਹਿੱਸਾ ਲਿਆ ਸੀ ਜਿੱਥੇ ਪੈਸੀਫ਼ਿਕ ਕੋਸਟ ਅਮਰੀਕਾ ਦੀ ਹਿੰਦੀ ਸੰਸਥਾ ਸਥਾਪਿਤ ਕੀਤੀ ਗਈ ਸੀ। ਇਸਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ, ਮੀਤ ਪ੍ਰਧਾਨ ਕੇਸਰ ਸਿੰਘ, ਜਨਰਲ ਸੱਕਤਰ ਲਾਲਾ ਹਰਦਿਆਲ, ਪ੍ਰੰਬਧਕ ਸੱਕਤਰ ਕਰੀਮ ਬਖ਼ਸ਼ ਅਤੇ ਮੁਨਸ਼ੀ ਰਾਮ ਅਤੇ ਖਜ਼ਾਨਚੀ ਕਾਸ਼ੀ ਰਾਮ ਮੜੌਲੀ ਨੂੰ ਬਨਾਇਆ ਗਿਆ ਸੀ। 31 ਅਕਤੂਬਰ 1913 ਨੂੰ ਸੈਕਰਾਮਟੋਂ ਸ਼ਹਿਰ ’ਚ ਬੁਲਾਈ ਗਈ ਦੂਜੀ ਮੁੱਖ ਸੱਭਾ ’ਚ ਇਕ ਕ੍ਰਾਂਤੀਕਾਰੀ ਰਸਾਲਾ ਕੱਢਣ ਦਾ ਫੈਸਲਾ ਲਿਆ ਗਿਆ ਸੀ।


ਗ਼ਦਰ ਪਰਚਾ : ਆਰੰਭ ਤੇ ਪਸਾਰ
ਗ਼ਦਰ ਰਸਾਲਾ ਪਹਿਲੀ ਨੰਵਬਰ 1913 ਨੂੰ ਉਰਦੂ ਜ਼ੁਬਾਨ ’ਚ ਸੈਨਫਰਾਂਸਿਸਕੋ ਤੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ’ਚ ਛਪੀ ਸਮੱਗਰੀ ’ਤੇ 1857 ਦੇ ਗ਼ਦਰ ਦੀ ਅਮਿੱਟ ਛਾਪ ਸੀ। ਗੁਰਮੁੱਖੀ ਲਿੱਪੀ ’ਚ ਇਸ ਦਾ ਪ੍ਰਕਾਸ਼ਨ 9 ਦੰਸਬਰ 1913 ਨੂੰ ਸ਼ੁਰੂ ਹੋਇਆ ਸੀ। ਰਸਾਲੇ ਲਈ ਗ਼ਦਰ ਪਾਰਟੀ ਦਾ ਹਰ ਮੈਂਬਰ ਘੱਟੋ-ਘੱਟ ਇਕ ਡਾਲਰ ਪ੍ਰਤੀ ਮਹੀਨਾ ਚੰਦਾ ਦਿੰਦਾ ਸੀ। ਇਸ ਨੂੰ ਛਾਪਣ ਦਾ ਜ਼ਿਆਦਾਤਰ ਕੰਮ ਹੱਥੀ ਕਰਨਾ ਪੈਂਦਾ ਸੀ, ਜਿਸ ’ਚ ਕਰਤਾਰ ਸਿੰਘ ਸਰਾਭਾ ਅਤੇ ਆਰ.ਐਲ ਗੁਪਤਾ ਆਦਿ ਨੇ ਵਡੇਰਾ ਯੋਗਦਾਨ ਪਾਇਆ ਸੀ। 1914 ’ਚ ਇਹ ਰਸਾਲਾ ਅੰਗਰੇਜ਼ੀ, ਉਰਦੂ, ਹਿੰਦੀ, ਗੁਜਰਾਤੀ ਤੋਂ ਇਲਾਵਾ ਗੋਰਖਾਲੀ ਅਤੇ ਗੁਰਮੁੱਖੀ ’ਚ ਵੀ ਵੱਡੀ ਗਿਣਤੀ ’ਚ ਨਿਕਲਣ ਲੱਗ ਪਿਆ ਸੀ। ਕੈਨੇਡਾ, ਅਮਰੀਕਾ, ਜਾਪਾਨ, ਫਿਲਪਾਈਨ, ਹਾਂਗਕਾਂਗ, ਚੀਨ, ਮਲਾਇਆ, ਸਿੰਘਾਪੁਰ, ਅੰਗਰੇਜ਼ੀ ਗ਼ੁਆਨਾ, ਤਿ੍ਰਨੀਦਾਦ, ਹੁੰਡਰਾ, ਦੱਖਣੀ ਅਤੇ ਪੂਰਬੀ ਅਫ਼ਰੀਕਾ, ਮਨੀਲਾ, ਫ਼ਰਾਂਸ, ਤੁਰਕੀ ਆਦਿ ਦੇਸ਼ਾਂ ’ਚ ਪਾਠਕ ਇਸ ਨੂੰ ਦਿਲਚਸਪੀ ਨਾਲ ਪੜ੍ਹਨ ਲੱਗ ਪਏ ਸਨ। ਬਹੁਤ ਸਾਰੀਆਂ ਕਾਪੀਆਂ ਖੁਫ਼ੀਆ ਤੌਰ ’ਤੇ ਭਾਰਤ ਵੀ ਭੇਜੀਆਂ ਜਾਂਦੀਆਂ ਸਨ। ਉੱਤਰੀ ਅਮਰੀਕਾ ’ਚ ਅਨਪੜ੍ਹ ਪੰਜਾਬੀ ਲਿਖਾਰੀ ਬਣਨੇ ਸ਼ੁਰੂ ਹੋ ਗਏ ਸਨ। ਇਸ ਨਾਲ ਆਮ ਲੋਕਾਂ ’ਚ ਲਹਿਰ ਬਾਰੇ ਭਰੋਸਾ ਵਧਿਆ। ਇਕ ਰਿਪੋਰਟ ਮੁਤਾਬਿਕ ਇਕ ਸਮੇਂ ਇਸ ਦੀ ਛਪਣ ਗਿਣਤੀ 10 ਲੱਖ ਤੱਕ ਪਹੁੰਚ ਗਈ ਸੀ। ਇੰਨੀ ਵੱਡੀ ਗਿਣਤੀ ’ਚ ਛੱਪਦਾ ਪੰਜਾਬੀ ਦਾ ਇਹ ਪਹਿਲਾ ਪਰਚਾ ਸੀ। ਪੰਜਾਬੀ ਪੱਤਰਕਾਰੀ ਦੇ ਇਤਿਹਾਸ ’ਚ ਵੀ ਇਸ ਦਾ ਅਹਿਮ ਸਥਾਨ ਹੈ। ਇਸਦਾ ਵਿਸ਼ੇਸ਼ ਕੇਂਦਰ ਅੰਮ੍ਰਿਤਸਰ-ਲਾਹੌਰ ਖੇਤਰ ਸੀ। ਗ਼ਦਰ ਲਹਿਰ ’ਚ ਕਿਰਤ ਸਾਹਿਤਕਾਰਾਂ ਦਾ ਜਨਮ ਹੋਇਆ, ਕਿਉਂਕਿ ਇਸ ’ਚ ਛਪਣ ਵਾਲੇ ਜ਼ਿਆਦਾਤਰ ਕਿਸਾਨ, ਮਜ਼ਦੂਰ ਤੇ ਕਾਮੇ ਸਨ।


ਬਸਤੀਵਾਦ ਅਧੀਨ ਕਿਸਾਨਾਂ ਦੀ ਦਸ਼ਾ
ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਦੀ ਜ਼ਿਆਦਾਤਰ ਆਬਾਦੀ ਕਿਸਾਨਾਂ, ਮੁਜ਼ਾਰਿਆਂ ਤੇ ਮਜ਼ਦੂਰਾਂ ਦੀ ਸੀ। ਪੰਜਾਬ ਦੀ ਕਿਸਾਨੀ ਵਿਚ ਮੁਕੰਮਲ ਵਖਰੇਵਾਂ ਸੀ। ਸਾਲ 1869-1907 ਦੌਰਾਨ ਕਿਸਾਨਾਂ ਕੋਲ ਜ਼ਮੀਨੀ ਰਕਬਾ 47.16 ਫੀਸਦੀ ਤੋਂ ਘੱਟ ਕੇ 37.46 ਫ਼ੀਸਦੀ ਰਹਿ ਗਿਆ ਸੀ ਅਤੇ ਵਾਹੀਕਾਰੀ ਲਈ ਇਹ ਰਕਬਾ 59.01 ਫ਼ੀਸਦੀ ਤੋਂ ਘੱਟ ਕੇ 46.47 ਫ਼ੀਸਦੀ ਹੋ ਗਿਆ ਸੀ। ਇਸ ਤਰ੍ਹਾਂ ਮੁਜ਼ਾਰਿਆਂ ਦੀ ਗਿਣਤੀ ਵੀ ਸਾਲ 1889-1907 ਦੌਰਾਨ 30.65 ਫ਼ੀਸਦੀ ਤੋਂ ਵੱਧ ਕੇ 43.61 ਫ਼ੀਸਦੀ ਹੋ ਗਈ ਸੀ। ਕੱਚੇ ਮੁਜ਼ਾਰੇ ਸਾਲ 1891 ਵਿਚ 35.7 ਫ਼ੀਸਦੀ ਸਨ, ਜੋ 1921 ’ਚ 45.9 ਫ਼ੀਸਦੀ ਹੋ ਗਏ ਸਨ। ਪੰਜਾਬ ’ਚ ਵੱਡੇ ਜ਼ਿਮੀਂਦਾਰ ਅਤੇ ਅਮੀਰ ਸ਼ਾਹੂਕਾਰ ਸਨ। ਤਕਰੀਬਨ 4 ਫ਼ੀਸਦੀ ਵੱਡੇ ਜ਼ਿਮੀਂਦਾਰਾਂ ਕੋਲ 25 ਫ਼ੀਸਦੀ ਵਾਹੀ ਯੋਗ ਜ਼ਮੀਨ ਸੀ। ਜ਼ਿਮੀਂਦਾਰ ਔਖੇ ਵੇਲੇ ਕਿਰਤੀ ਦੇ ਅਨਾਜ ਦੇ ਨਾਲ-ਨਾਲ ਪਸ਼ੂਆਂ ’ਤੇ ਵੀ ਕਾਬਜ਼ ਹੋਣ ਲੱਗ ਪਏ ਸਨ। ਗ਼ਦਰ ਲਹਿਰ ਦੇ ਇਕ ਕਿਤਾਬਚੇ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਅੰਗਰੇਜ਼ੀ ਸਾਮਰਾਜ ਵਿਚ ਕਿਸਾਨ ਤੋਂ ਵੱਧ ਦਰਦ ਭਰਿਆ ਪਾਤਰ ਹੋਰ ਕੋਈ ਨਹੀਂ ਸੀ। ਪਲੇਗ ਕਾਰਨ ਸਾਲ 1896-1912 ਦੌਰਾਨ ਤਕਰੀਬਨ 67 ਲੱਖ ਲੋਕ ਮਰੇ ਸਨ। ਪਿੰਡਾਂ-ਸ਼ਹਿਰਾਂ ’ਚ ਮਾਤਮ ਛਾ ਗਿਆ ਸੀ।
“ਲੱਖਾਂ ਮਾਰੇ ਭੁੱਖੇ ਕਰ ਕਰ ਲੱਖਾਂ ਨਾਲ ਬਿਮਾਰੀ,
ਫਿਰ ਵੀ ਦੱਸੇ ਯਾਰ ਫਿਰੰਗੀ ਭੱਠ ਪਈ ਇਹ ਯਾਰੀ।
ਪੇਟੋਂ ਭੁੱਖੇ ਤੇੜੋਂ ਨੰਗੇ ਆਣ ਪਈ ਬਰਬਾਦੀ,
ਫੁੱਟੇ ਲੇਖ ਅਸਾਡੇ ਜਿਸ ਦਿਨ ਟੁੱਟਾ ਹਾਰ ਆਜ਼ਾਦੀ।’’
‘‘ਕਾਫੀ’’, 19 ਮਈ 1917: ਭਗਵਾਨ ਸਿੰਘ ਪ੍ਰੀਤਮ ਦੀ ਸਮੁੱਚੀ ਕਵਿਤਾ, ਪੰਨਾ 131
ਸੋਕੇ, ਕਾਲ ਅਤੇ ਵਧੇ ਟੈਕਸਾਂ ਕਰਕੇ ਲੋਕਾਂ ਨੂੰ ਹੇਠਲੀ ਪੱਧਰ ਦੇ ਅਨਾਜ ਖਾਣੇ ਪਏ ਸਨ।
“ਭੁੱਖੇ ਮਰਨ ਬੱਚੇ ਕਾਲ ਵਿਚ ਸਾਡੇ,
ਖੱਟੀ ਖਾਣ ਸਾਡੀ ਇੰਗਲਿਸਤਾਨ ਵਾਲੇ।
ਕਣਕ ਬੀਜਦੇ ਖਾਣ ਨੂੰ ਜੌਂ ਮਿਲਦੇ,
ਪੈਸਾ ਛੱਡਦੇ ਨਹੀਂ ਲਗਾਨ ਵਾਲੇ।
ਲਾਇਆ ਟੈਕਸ ਫਰੰਗੀਆਂ ਬੋਹਤ ਯਾਰੋ,
ਭੁਖੇ ਮਰਨ ਗਰੀਬ ਦੁਕਾਨ ਵਾਲੇ।’’
‘‘ਗ਼ਦਰ ਦਾ ਹੋਕਾ’’, ਜਨਵਰੀ 1914 : ਕੇਸਰ ਸਿੰਘ ਨਾਵਲਕਾਰ, ਗ਼ਦਰ ਲਹਿਰ ਦੀ ਕਵਿਤਾ, ਪੰਨਾ 101
ਆਮ ਲੋਕਾਂ ਦੀ ਗਰੀਬੀ, ਮੁਫ਼ਲਿਸੀ ਅਤੇ ਕੁੱਝ ਨਾ ਕਰਨ ਦੀ ਅਸਮਰੱਥਾ ਨੂੰ ਕਵਿਤਾਵਾਂ ਰਾਹੀਂ ਪ੍ਰਗਟ ਕੀਤਾ।
“ਪਾਟੇ ਕਪੜੇ ਜਿਸਮ ਕਮਜ਼ੋਰ ਹੋਇਆ
ਜੁੱਸੇ ਜੋਸ਼ ਤੇ ਜਿਗਰ ਦਾ ਤਾਣ ਕਿਉਂ ਨਹੀਂ?
ਢਾਈ ਟੋਟਰੂ ਖਾ ਗਏ ਖੇਤ ਸਾਡਾ
ਹਿੰਦੋਸਤਾਨ ਦਾ ਕੋਈ ਕਿਰਸਾਨ ਕਿਉਂ ਨੀ? ’’
‘‘ਸੱਚੀ ਪੁਕਾਰ’’, ਭਗਵਾਨ ਸਿੰਘ ‘ਪ੍ਰੀਤਮ’ ਦੀ ਸਮੁੱਚੀ ਕਵਿਤਾ,
ਪੰਨੇ 41, 43
ਭਾਰਤ ਵਿਚ ਰੋਜ਼ਾਨਾ ਪ੍ਰਤੀ ਵਿਅਕਤੀ ਆਮਦਨ ਸਿਰਫ਼ 5 ਪੈਸੇ ਸੀ ਅਤੇ ਔਸਤਨ ਆਮਦਨ ਪ੍ਰਤੀ ਸਾਲ 1902 ਵਿਚ 2 ਰੁਪੈ ਅਤੇ 12 ਆਨੇ ਸੀ ਜੋ 1912 ਵਿਚ 7 ਰੁਪਏ ਹੋਈ ਸੀ। ਭਾਰਤ ਵਿਚ ਜ਼ਿਆਦਾਤਰ ਲੋਕ ਬੇਜ਼ਮੀਨੇ ਤੇ ਮਜ਼ਦੂਰ ਸਨ। ਇਸ ਸਥਿਤੀ ਨੂੰ ਅਮਰੀਕਾ, ਜਿਥੇ ਗ਼ਰੀਬ ਤੋਂ ਗ਼ਰੀਬ ਵੀ ਦੋ ਢਾਈ ਡਾਲਰ ਦਿਹਾੜੀ ਕਮਾਉਂਦਾ ਸੀ, ਦੇ ਹਾਲਾਤ ਨਾਲ ਜੋੜ ਕੇ ਸਮਝਾਇਆ ਗਿਆ। ਉੱਥੇ ਰੋਜ਼ ਤਿੰਨ ਚਾਰ ਵਾਰ ਖਾਣਾ ਖਾਧਾ ਜਾਂਦਾ ਤੇ ਬੱਚੇ ਸਾਫ-ਸੁਥਰੇ ਕਪੜੇ ਪਾਉਂਦੇ। ਲੋਕਾਂ ਦੀ ਗੁਰਬਤ ਦਾ ਜ਼ਿੰਮੇਵਾਰ ਅੰਗਰੇਜ਼ੀ ਨਿਜ਼ਾਮ ਨੂੰ ਠਹਿਰਾਇਆ ਗਿਆ। ਹਿੰਦੂਸਤਾਨ ਗ਼ਦਰ ਪ੍ਰੈਸ ਵਿਚੋਂ 1915 ਈ. ਨੂੰ ਛੱਪੇ ਕਿਤਾਬਚੇ ਅੰਗਾਂ ਦੀ ਗਵਾਹੀ : ਅੰਗਰੇਜ਼ੀ ਰਾਜ ਵਿੱਚ ਪਰਜਾ ਦੇ ਦੁਖ ਦੀ ਕਹਾਣੀ ਨੂੰ ਪੰਜਾਬੀ, ਹਿੰਦੀ, ਅਤੇ ਉਰਦੂ ’ਚ ਛਾਪਿਆ ਗਿਆ। ਇਸ ਦੀਆਂ 10 ਹਜ਼ਾਰ ਕਾਪੀਆਂ ਮੁਫ਼ਤ ਵੰਡੀਆਂ ਗਈਆਂ। ਇਸ ’ਚ ਭਾਰਤ ਦੀ ਵੱਧ ਰਹੀ ਗਰੀਬੀ, ਟੈਕਸ, ਫੌਜ਼ੀ ਖਰਚਾ, ਅਨਾਜ ਦੀ ਬਰਾਮਦ, ਕਾਲ, ਭੁੱਖਮਰੀ, ਬਿਮਾਰੀਆਂ ਆਦਿ ਨੂੰ ਵਿਸਥਾਰ ਨਾਲ ਬਿਆਨ ਕੀਤਾ ਗਿਆ ਸੀ। ਅੰਗਰੇਜ਼ੀ ਸਰਕਾਰ ਦੇ ਮੁਨਾਫੇ ਨੂੰ ਲੁੱਟ ਦੱਸਿਆ ਗਿਆ। ਅਲੀ ਬਾਬਾ ਅਤੇ ਚਾਲੀ ਚੋਰ ਦੀ ਕਹਾਣੀ ਰਾਹੀਂ ਭਾਰਤੀ ਫੌਜ ਨੂੰ ਭਾਰਤੀਆਂ ਦੀ ਗ਼ੁਲਾਮੀ ਦੇ ਸੰਤਾਪ ਨੂੰ ਸਮਝਾਉਣ ਲਈ ਵਰਤਿਆ ਗਿਆ। 1911-12 ’ਚ ਹਿੰਦ ਸਰਕਾਰ ਦਾ ਕੁੱਲ ਖਰਚਾ 28 ਕਰੋੜ 63 ਲੱਖ ਰੁਪਿਆ ਸੀ, ਜਿਸ ਵਿਚੋਂ 16 ਕਰੋੜ 50 ਲੱਖ ਕਰਜ਼ੇ ਦਾ ਸੂਦ ਅਤੇ ਰੇਲਾਂ ਅਤੇ ਨਹਿਰਾਂ ਦੇ ਰੁਪਏ ਦਾ ਸੂਦ ਸੀ। ਇਹ ਸੂਦ 1857 ਦੇ ਗ਼ਦਰ ਵੇਲੇ ਤੋਂ ਚੱਲਿਆ ਆ ਰਿਹਾ ਸੀ। ਸਾਰੀ ਆਮਦਨ ਨੂੰ ਲੁੱਟ ਦਾ ਮਾਲ ਕਿਹਾ ਗਿਆ। ਇਸ ਲੁੱਟ ਦਾ ਸਬੰਧ ਮੱਕਾਰੀ ਨਾਲ ਜੋੜਿਆ ਗਿਆ।
“ਮਾਲ ਲੁੱਟ ਕੇ ਮੁਲਕ ਬਰਬਾਦ ਕੀਤਾ।
ਘੱਟਾ ਅੱਖੀਆਂ ਦੇ ਵਿੱਚ ਪਾ ਗਿਆ ਜੇ।’’
ਹਿੰਦੋਸਤਾਨੀਓ : 21 ਮਾਰਚ 1917 : ਭਗਵਾਨ ਸਿੰਘ ਪ੍ਰੀਤਮ ਦੀ ਸਮੁੱਚੀ ਕਵਿਤਾ, ਪੰਨਾ 121.
ਭਾਰੀ ਜ਼ਮੀਨੀ ਮਾਮਲੇ ਨੇ ਕਿਸਾਨਾਂ ਨੂੰ ਅਨਾਜ ਵੇਚਣ ਲਈ ਮਜ਼ਬੂਰ ਕੀਤਾ ਅਤੇ ਮਹਿੰਗੇ ਭਾਅ ਦੀਆਂ ਅੰਗਰੇਜ਼ੀ ਵਸਤਾਂ ਖਰੀਦਣੀਆਂ ਪਈਆਂ। 1902 ਵਿੱਚ 5 ਲੱਖ 15 ਹਜ਼ਾਰ ਟਨ ਕਣਕ, ਜਿਸਦੀ ਕੀਮਤ 4 ਕਰੋੜ 52 ਲੱਖ ਰੁਪਏ ਸੀ ਬਰਾਮਦ ਹੋਈ, ਜੋ 1911 ’ਚ ਵੱਧ ਕੇ 13 ਲੱਖ 61 ਹਜ਼ਾਰ ਟਨ, ਜਿਸਦੀ ਕੀਮਤ 13 ਕਰੋੜ 35 ਲੱਖ ਰੁਪਏ ਸੀ, ਹੋ ਗਈ ਸੀ। ਜ਼ਿਆਦਾਤਰ ਅਨਾਜ ਬਰਤਾਨੀਆ ਨੂੰ ਗਿਆ। ਗ਼ਦਰੀ ਅੰਗਰੇਜ਼ਾਂ ਦੀ ਲੁੱਟ ਨੂੰ ਲਿਖਤਾਂ ਰਾਹੀਂ ਕੇਵਲ ਬੇਪਰਦ ਹੀ ਨਹੀਂ ਸਨ ਕਰਦੇ ਸਗੋਂ ਲੋਕਾਈ ਨੂੰ ਇਸ ਖਿਲਾਫ਼ ਲਾਮਬੰਦ ਵੀ ਕਰਦੇ ਸਨ। ਬਸਤੀਵਾਦੀ ਨਿਜ਼ਾਮ ਨੇ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਜ਼ਮੀਨਾਂ ਤੋਂ ਬੇਦਖਲ ਕੀਤਾ।
“ਵਾਰਸ ਹਿੰਦ ਦੇ ਬਣੇ ਅੰਗਰੇਜ਼ ਜ਼ਾਲਮ,
ਕੀਤੇ ਪਕੜ ਬੇਦਖਲ ਕਿਰਸਾਣ ਵੀਰੋ।
ਨੈਹਰਾਂ, ਖੂਹਾਂ, ਜ਼ਮੀਨਾਂ ਦੇ ਤੁਸੀਂ ਮਾਲਕ,
ਕਾਹਦੇ ਵਾਸਤੇ ਤਾਰੋਂ ਲਗਾਨ ਵੀਰੋ।’’
ਮਈ 26, 1914 : ਗ਼ਦਰ ਲਹਿਰ ਦੀ ਕਵਿਤਾ
(ਸੰਪਾਦਕ ਕੇਸਰ ਸਿੰਘ ਨਾਵਲਕਾਰ), ਪੰਨਾ 126.
ਸਾਮਰਾਜੀ ਲੁੱਟ-ਖਸੁੱਟ ਦੌਰਾਨ ਆਮ ਲੋਕਾਂ ਦੇ ਹਾਲਾਤਾਂ ਨੂੰ ਕਲਮਬੰਦ ਕੀਤਾ ਗਿਆ। ਇਸ ਵਿਚ ਪੈਸੇ ਦੀ ਭਾਰਤ ਤੋਂ ਇੰਗਲੈਂਡ ਵੱਲ ਨੂੰ ਨਿਕਾਸੀ ਦਾ ਪੁਰਜ਼ੋਰ ਹਵਾਲਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਮੀਰਾਂ-ਗਰੀਬਾਂ ਵਿਚਕਾਰ ਵੱਧ ਰਹੇ ਆਰਥਿਕ ਪਾੜੇ ਨੂੰ ਵੀ ਸਾਹਮਣੇ ਲਿਆਂਦਾ ਗਿਆ। ਜਿਸ ਰਾਜ ’ਚ ਕੁੱਝ ਕੁ ਅਮੀਰ ਹੋਣ ਤੇ ਬਾਕੀ ਸਾਰੇ ਗਰੀਬ, ਉਥੇ ਆਜ਼ਾਦੀ ਤੇ ਸੁੱਖ-ਚੈਨ ਕਦੇ ਨਹੀਂ ਹੋ ਸਕਦਾ। ਗ਼ਦਰੀਆਂ ਨੂੰ ਦੇਸ਼ ਦੀ ਅੰਗਰੇਜ਼ਾਂ ਹੱਥੋਂ ਲੁੱਟ ਦਾ ਪਤਾ ਸੀ, ਇਸ ਲਈ ਉਨ੍ਹਾਂ ਲੋਕਾਂ ਨੂੰ ਜਾਗਣ ਦਾ ਹੋਕਾ ਦਿੱਤਾ।
“ਸਾਡੇ ਪੈਸੇ ਨਾਲ ਸਾਡਾ ਸਿਰ ਕੁਟ ਕੇ,
ਜ਼ਾਲਮ ਫਿਰੰਗੀ ਦੇਸ਼ ਲੈ ਗਏ ਲੁੱਟ ਕੇ।
ਗੋਡਿਆਂ ਤੇ ਸਿਰ ਕਾਹਨੂੰ ਬੈਠੇ ਸੁੱਟ ਕੇ,
ਜ਼ਾਲਮ ਫਿਰੰਗੀ ਦੇਸ ਲੈ ਗਏ ਲੁੱਟ ਕੇ।’’
ਮਾਮਲਾ ਵਧਾਇਆ ਬੇਈਮਾਨ ਉਠਕੇ,
ਜ਼ਾਲਮ ਫਿਰੰਗੀ ਦੇਸ਼ ਲੈ ਗਏ ਲੁੱਟ ਕੇ।
1914 : ਗ਼ਦਰ ਲਹਿਰ ਦੀ ਕਵਿਤਾ (ਕੇਸਰ ਸਿੰਘ ਨਾਵਲਕਾਰ), ਪੰਨਾ 107

See Also

ਗ਼ਦਰ ਰਸਾਲਾ ਅਤੇ ਕਿਸਾਨੀ ਸੰਘਰਸ਼
ਗ਼ਦਰੀ ਨਾ ਤਾਂ ਸਾਜ਼ਿਸ਼ੀ ਸਨ, ਨਾ ਅਰਾਜਕਤਾਵਾਦੀ। ਉਹ ਤਾਂ ਸਗੋਂ ਵਿਦੇਸ਼ੀ ਗੁਲਾਮੀ ਦੇ ਜੂਲੇ ਤੋਂ ਮੁਕਤੀ ਪ੍ਰਾਪਤ ਕਰਕੇ ਦੇਸ਼ ’ਚ ਪ੍ਰਜਾਤੰਤਰ ਤੇ ਕਲਿਆਣਕਾਰੀ ਰਾਜ ਸਥਾਪਿਤ ਕਰਨਾ ਚਾਹੁੰਦੇ ਸਨ । ਗ਼ਦਰ ਲਹਿਰ 1907 ਦੇ ਕਿਸਾਨ ਅੰਦੋਲਨ ’ਚੋਂ ਉਪਜੀ ਸੀ । ਉਤਰੀ ਅਮਰੀਕਾ ’ਚ ਪੁੱਜੇ ਗ਼ਦਰੀਆਂ ਨੇ ਆਪਣੇ ਪਿਛੋਕੜ ਨੂੰ ਇਤਿਹਾਸ ਨਾਲ ਜੋੜਿਆ। 1907 ’ਚ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੇ ਬਾਰਾਂ ’ਚ ਮਾਮਲਾ ਵਧਣ ਖਿਲਾਫ਼ ਬੜੇ ਜ਼ੋਰਦਾਰ ਲੈਕਚਰ ਕੀਤੇ ਸਨ। ਬਹੁਤ ਵੱਡੇ ਇਕੱਠ ਹੋਏ। ਫ਼ੌਜ ਵੀ ਬਾਗ਼ੀ ਹੋਣ ਲੱਗੀ। ਸਰਕਾਰ ਨੇ ਦੋਹਾਂ ਨੂੰ ਬਰਮਾ ਭੇਜ ਦਿੱਤਾ। ਭਾਈ ਭਗਵਾਨ ਸਿੰਘ, ਜੋ ਗ਼ਦਰ ਪਾਰਟੀ ਦਾ ਦੂਸਰਾ ਪ੍ਰਧਾਨ ਬਣਿਆ ਸੀ, ਨੇ 1907 ’ਚ ਸਰਦਾਰ ਅਜੀਤ ਸਿੰਘ ਨਾਲ ਤਰਨ ਤਾਰਨ ਦੇ ਗੁਰਦਵਾਰਾ ਦੀ ਪ੍ਰਕਰਮਾ ’ਚ ਹੋਏ ਇਕੱਠ ਨੂੰ ਸੰਬੋਧਨ ਕੀਤਾ ਸੀ। ਇਸ ਦਾ ਕਿਸਾਨ ਲਹਿਰ ’ਤੇ ਡੂੰਘਾ ਪ੍ਰਭਾਵ ਪਿਆ। ਅਜੀਤ ਸਿੰਘ ਨੂੰ ਗਿ੍ਰਫ਼ਤਾਰੀ ਤੋਂ ਬਚਨ ਲਈ ਦੌੜ ਕੇ ਅੰਮ੍ਰਿਤਸਰ ਜਾਣਾ ਪਿਆ। ਫਿਰ 1908 ਵਿਚ ਫਰਜ਼ੀ ਨਾਂ ਹੇਠ ਡਸਕਾ ਜ਼ਿਲ੍ਹਾ ਸਿਆਲਕੋਟ ਜਾਣਾ ਪਿਆ। 1909 ’ਚ ਫਰਜ਼ੀ ਨਾਂ ਹੇਠ ਕਲਕੱਤੇ ਪਹੁੰਚ ਗਿਆ, ਜਿਥੋਂ 1910 ਵਿਚ ਹਾਂਗਕਾਂਗ ਅਤੇ ਫਿਰ ਕਨੇਡਾ ਜਾਣਾ ਆਸਾਨ ਹੋ ਗਿਆ। ਗ਼ਦਰ ਲਹਿਰ ਦੌਰਾਨ ਸਰਦਾਰ ਅਜੀਤ ਸਿੰਘ ਨੂੰ ਕਿਸਾਨੀ ਸੰਘਰਸ਼ ਦੀ ਮਿਸਾਲ ਵਜੋਂ ਯਾਦ ਕੀਤਾ ਗਿਆ।
ਗ਼ਦਰੀ ਕਲਕੱਤੇ, ਮਦਰਾਸ ਤੇ ਕੋਲੰਬੋ ਰਾਹੀਂ ਭਾਰਤ ਪਰਤਨ ਲੱਗੇ। ਫਰਵਰੀ 1915 ਤੱਕ 2312 ਅਤੇ 1916 ਵਿਚ ਤਕਰੀਬਨ 8000 ਪੰਜਾਬੀ ਭਾਰਤ ਆ ਗਏ ਸਨ। ਦਰਅਸਲ, ਗ਼ਦਰੀਆਂ ਨੇ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੰਗਰੇਜ਼ੀ ਰਾਜ ਵਿਰੁੱਧ ਲੜਾਈ ਦਾ ਸੱਦਾ ਦੇ ਦਿੱਤਾ ਸੀ।
“ਚਲੋ ਦੇਸ਼ ਨੂੰ ਚਲੀਏ ਜੁਧ ਕਰਨੇ,
ਇਹੋ ਆਖਰੀ ਬਚਨ ਫਰਮਾਨ ਹੋਏ।
ਗਿੱਦੜ ਪਿਛਾਂਹ ਤੇ ਜਾਣਗੇ ਸ਼ੇਰ ਅੱਗੇ,
ਜਦੋਂ ਬਿਗਲ ਲੜਾਈ ਦੇ ਆਣ ਹੋਏ।’’
ਅਪ੍ਰੈਲ 14, 1914: ਗ਼ਦਰ ਲਹਿਰ ਦੀ ਕਵਿਤਾ
(ਸੰਪਾਦਕ ਕੇਸਰ ਸਿੰਘ ਕੇਸਰ), ਪੰਨਾ 120.
“ਅਸੀਂ ਵਤਨ ਦੇ ਲਾਡਲੇ, ਵਤਨ ਅਸਾਡਾ ਬਾਪ
ਦੇਸੋਂ ਕੱਢ ਫਰੰਗੀਆ, ਰਾਜ ਕਰਾਂਗੇ ਆਪ’’
ਭਗਵਾਨ ਸਿੰਘ ਗਿਆਨੀ ‘ਪ੍ਰੀਤਮ’, ਗ਼ਦਰੀ ਗੂੰਜਾਂ,
ਲਾਹੌਰ ਬੁੱਕਸ਼ਾਪ, ਲੁਧਿਆਣਾ, 2002, ਪੰਨਾ 198.
ਇਹ ਜੰਗ ਬਹੁਪੱਖੀ ਸੀ। ਇਸ ਵਿਚ ਨਾ-ਮਿਲਵਰਨ ਅਤੇ ਯੂਰਪ ਨੂੰ ਅਨਾਜ ਭੇਜਣਾ ਬੰਦ ਕਰਨ ਦੀ ਵਿਉਂਤ ਵੀ ਸ਼ਾਮਲ ਸੀ। ਇਸ ਨਾਲ ਯੁੱਧ ਦਾ ਦਾਇਰਾ ਵਿਕਸਤ ਹੋਣ ਦੀ ਆਸ ਸੀ।
“ਦਾਣਾ ਫੱਕਾ ਬੰਦ ਕਰੋ ਹੁਣ ਇੰਗਲੈਂਡ ਨੂੰ ਜਾਵਨ ਤੇ
ਕਣਕ ਟੇਸ਼ਨਾਂ ਉਤੇ ਜੇਹੜੀ ਹੋ ਜਾਉ ਅੱਗ ਲਗਾਵਨ ਤੇ
ਰੇਲਾਂ ਤਾਰਾਂ ਕਟ ਦਿਉ ਹੁਣ, ਪੁੱਲਾਂ ਨੂੰ ਹੋ ਜਾਉ ਢਾਵਨ ਤੇ।’’
ਸਤੰਬਰ 22, 1914 : ਗ਼ਦਰ ਦੀ ਕਵਿਤਾ
(ਕੇਸਰ ਸਿੰਘ ਨਾਵਲਕਾਰ), ਪੰਨੇ 150-51.
ਗ਼ਦਰ ਲਹਿਰ ਮੁੱਖ ਤੌਰ ’ਤੇ ਕਿਸਾਨੀ ਅੰਦੋਲਨ ਸੀ ਜੋ ਬਸਤੀਵਾਦੀ ਨੀਤੀਆਂ ਦੇ ਅਸਰ ਵਿਚੋਂ ਉੱਠਿਆ ਸੀ। ਇਸਦਾ ਪਹਿਲਾ ਸਬਕ 1907 ਦੇ ਕਿਸਾਨੀ ਅੰਦੋਲਨ ਵਿਚੋਂ ਲਿਆ ਗਿਆ। ਬਸਤੀਵਾਦ ਅਤੇ ਸਾਮਰਾਜਵਾਦ ਦਾ ਜ਼ਾਲਿਮ ਚਿਹਰਾ ਬੇਪਰਦ ਕੀਤਾ ਗਿਆ। ਗ਼ਦਰ ਸਾਹਿਤ ਮੁਖ ਤੌਰ ’ਤੇ ਲੋਕ ਇਤਿਹਾਸ ਦੀ ਇਕ ਪ੍ਰਮਾਣਤ ਵੰਨਗੀ ਹੈ ਜੋ ਤੱਥਾਂ ’ਤੇ ਆਧਾਰਿਤ ਹੈ ਤੇ ਇਸ ਨੂੰ ਸੰਘਰਸ਼ ਦੇ ਰੂਪ ’ਚ ਢਾਲਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਹੈ। ਬਸਤੀਵਾਦੀ ਨੀਤੀਆਂ ਦਾ ਰਾਜਨੀਤਕ ਆਰਥਿਕਤਾ ਦੇ ਆਧਾਰ ’ਤੇ ਵਿਸ਼ਲੇਸ਼ਣ ਕਰਕੇ ਲੋਕਾਂ ਦੀਆਂ ਭਾਸ਼ਾਵਾਂ ਵਿਚ ਕਲਮਬੰਦ ਕੀਤਾ ਗਿਆ। ਗ਼ਦਰ ਲਹਿਰ ਵਿਚ ਅੰਗਰੇਜ਼ੀ ਸਾਮਰਾਜ ਨੂੰ ਕੇਂਦਰ ’ਚ ਰੱਖ ਕੇ ਸੰਘਰਸ਼ ਛੇੜਨ ਦੀ ਨੀਤੀ ਉਲੀਕੀ ਗਈ। ਸਾਮਰਾਜਵਾਦੀ ਨੀਤੀਆਂ ਨੂੰ ਨਿੰਦਿਆ ਗਿਆ ਤੇ ਇਸ ਵਿਰੁੱਧ ਹਥਿਆਰਬੰਦ ਲੜਾਈ ਲੜੀ ਗਈ। ਇਸ ’ਚ ਕਿਸਾਨ, ਕਾਮੇ ਤੇ ਫੌਜੀ ਮੁੱਖ ਪਾਤਰ ਸਨ ਅਤੇ ਅਗਵਾਈ ਵੀ ਇਨ੍ਹਾਂ ਲੋਕਾਂ ਪਾਸ ਹੀ ਸੀ। ਇਸ ਕਰਕੇ ਹੀ ਇਹ ਅਖੀਰ ਤੱਕ ਅੰਗਰੇਜ਼ੀ ਸਾਮਰਾਜ ਵਿਰੁੱਧ ਦਿ੍ਰੜ੍ਹਤਾ ਨਾਲ ਡਟੀ ਰਹੀ। ਇਸ ਲਹਿਰ ਦੀ ਅਮੀਰੀ ਇਸਦਾ ਸਿਧਾਂਤ ਅਤੇ ਸਰਵਪੱਖੀ ਵਿਚਾਰਧਾਰਾ ਸੀ। ਇਸ ਵਿਚਾਰਧਾਰਾ ਦਾ ਮੁੱਖ ਆਧਾਰ ਆਰਥਿਕ ਰਾਸ਼ਟਰਵਾਦ ਸੀ। ਇਸ ਪੱਖ ਨੂੰ ਰਾਸ਼ਟਰੀ ਪੱਧਰ ਦੀ ਇਤਿਹਾਸਕਾਰੀ ਵਿਚ ਅਜੇ ਤੱਕ ਅਣਗੌਲਿਆ ਗਿਆ ਹੈ। ਇਸ ਲਈ ਗ਼ਦਰ ਨੂੰ ਇਕ ਅਦਰਸ਼ ਅਤੇ ਰਾਜਨੀਤਕ ਸਚਾਈ ਦੇ ਤੌਰ ’ਤੇ ਨਹੀਂ ਅਪਨਾਇਆ ਗਿਆ। ਸਾਮਰਾਜ ਵਿਰੱੁਧ ਲੜਾਈ ਦੇ ਨਾਲ ਨਾਲ ਭਾਰਤ ’ਚ ਫਿਰਕਾਪ੍ਰਸਤੀ ਅਤੇ ਰਾਜਨੀਤਕ ਅਵਸਰਵਾਦ ਨੂੰ ਭੰਡਿਆ ਗਿਆ। ਗ਼ਦਰੀ ਸਾਹਿਤ ਦੀ ਭਾਸ਼ਾ ਖੁੱਲ ਕੇ ਅਜਿਹੀਆਂ ਬਿਰਤੀਆਂ ਨੂੰ ਸਪੱਸ਼ਟ ਕਰਦੀ ਹੈ ਅਤੇ ਭਾਰਤੀ ਗ਼ੁਲਾਮੀ ਦਾ ਕਾਰਨ ਵੀ ਮੰਨਦੀ ਹੈ। ਇਸਦੇ ਇਲਾਵਾ ਧਾਰਮਿਕ, ਆਰਥਿਕ ਅਤੇ ਸਮਾਜਿਕ ਬਰਾਬਰਤਾ ਦੀ ਕਾਮਨਾ ਕੀਤੀ ਗਈ ਜਿਥੇ ਕੋਈ ਜਬਰ ਅਤੇ ਲੱੁਟ-ਖਸੁੱਟ ਨਾ ਹੋਵੇ। ਗ਼ਦਰ ਲਹਿਰ ਦਾ ਇਕ ਪ੍ਰਵਾਹ ਬਾਅਦ ਵਿਚ ਕਿਰਤੀ ਕਿਸਾਨ ਲਹਿਰ ਵਿਚ ਉਜਾਗਰ ਹੋਇਆ। ਇਹ ਕਮਿਊਨਿਸਟ ਲਹਿਰ ਨਾਲ ਵੀ ਜੁੜਿਆ। ਗ਼ਦਰ ਵਿਰਸਾ ਪੰਜਾਬ ਦੇ ਇਲਾਵਾ ਸਾਰੇ ਭਾਰਤ ਦਾ ਵੱਡਮੁਲਾ ਵਿਰਸਾ ਹੈ ਜੋ ਆਜ਼ਾਦੀ ਦੇ ਸੰਗਰਾਮ ’ਚ ਮਹੱਤਵਪੂਰਨ ਸਥਾਨ ਰੱਖਦਾ ਹੈ।

ਪ੍ਰੋਫ਼ੈਸਰ, ਇਤਿਹਾਸ ਵਿਭਾਗ,
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ

Scroll To Top