
ਮੰਗਤ ਰਾਮ ਪਾਸਲਾ
ਕੁੱਝ ਸੱਜਣਾਂ ਵੱਲੋਂ ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਪੰਜਾਬ ‘ਚ ਗੈਰ ਪੰਜਾਬੀਆਂ (ਪ੍ਰਵਾਸੀ ਜਾਂ ਅੰਤਰਰਾਜੀ ਕਿਰਤੀਆਂ) ਵਿਰੁੱਧ ਕੀਤਾ ਜਾ ਰਿਹਾ ਬੜੀ ਭੱਦੀ ਕਿਸਮ ਦਾ, ਨਫ਼ਰਤ ਭਰਿਆ ਕੂੜ ਪ੍ਰਚਾਰ ਅੱਜ ਵਡੇਰੀ ਚਿੰਤਾ ਦਾ ਸਬੱਬ ਬਣ ਗਿਆ ਹੈ। ਇਹ ਕੰਮ ਕਰਦਿਆਂ ਕਈ ਲੋਕਾਂ ‘ਚ ਤਿੱਖੇ ਬੋਲ-ਕੁਬੋਲ ਬੋਲਣ ਰਾਹੀਂ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਅਪਰਾਧੀ ਮਾਨਸਿਕਤਾ ਵਾਲੇ ਇਕ ਪ੍ਰਵਾਸੀ ਵੱਲੋਂ ਹੁਸ਼ਿਆਰਪੁਰ ਵਿਖੇ ਪੰਜ ਸਾਲਾਂ ਦੇ ਇਕ ਮਾਸੂਮ ਬੱਚੇ ਦਾ ਬੜੀ ਬੇਦਰਦੀ ਨਾਲ ਕਤਲ ਕੀਤੇ ਜਾਣ ਤੋਂ ਪਿੱਛੋਂ ਇਹ ਪ੍ਰਾਪੇਗੰਡਾ ਹੋਰ ਜ਼ੋਰ ਫੜ੍ਹ ਗਿਆ ਹੈ। ਇਸ ਦਰਦਨਾਕ ਤੇ ਅਤਿਅੰਤ ਨਿੰਦਣਯੋਗ ਕਾਰੇ ਬਾਰੇ ਸੁਣ ਕੇ ਹਰ ਸੰਵੇਦਨਸ਼ੀਲ ਮਨੁੱਖ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਇਹ ਹੌਲਨਾਕ ਗੁਨਾਹ ਕਰਨ ਵਾਲੇ ਦਰਿੰਦੇ ਖਿਲਾਫ਼ ਫਾਸਟ ਟਰੈਕ ਕੋਰਟ ਰਾਹੀਂ ਮੁਕੱਦਮਾ ਚਲਾ ਕੇ ਬਿਨਾਂ ਦੇਰੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਹਾਲਾਂਕਿ ਮਰਹੂਮ ਬੱਚੇ ਦੇ ਮਾਂ-ਬਾਪ ਤੇ ਬਾਕੀ ਪਰਿਵਾਰ ਦੇ ਮਨਾਂ ‘ਤੇ ਇਸ ਅਕਹਿ ਤੇ ਅਸਹਿ ਜ਼ੁਲਮ ‘ਚੋਂ ਉਪਜੇ ਸਦਮੇ ਦਾ ਪ੍ਰਭਾਵ ਤਾਂ ਹਮੇਸ਼ਾ ਰਹੇਗਾ, ਪਰ ਦੋਸ਼ੀ ਨੂੰ ਮਿਸਾਲੀ ਸਜ਼ਾ ਦਿੱਤੇ ਜਾਣ ਨਾਲ ਅਜਿਹੇ ਹੋਰ ਕੁਕਰਮੀ ਖੌਫ਼ਜ਼ਦਾ ਜ਼ਰੂਰ ਹੋਣਗੇ। ਅਪਰਾਧ, ਬਿਨਾਂ ਸ਼ੱਕ ਮੌਜੂਦਾ ਅਸਹਿਜ ਪ੍ਰਸਥਿਤੀਆਂ ਕਰਕੇ ਬਣੀ, ਬਿਮਾਰ ਮਾਨਸਿਕਤਾ ਦੀ ਪੈਦਾਵਾਰ ਹਨ। ਇਸੇ ਕਰਕੇ, ਇਹ ਵਰਤਾਰਾ ਕਿਸੇ ਖਾਸ ਦੇਸ਼, ਧਰਮ, ਕੌਮ ਜਾਂ ਫਿਰਕੇ ਤੱਕ ਮਹਿਦੂਦ ਨਹੀਂ ਰਿਹਾ, ਬਲਕਿ ਸੰਸਾਰ ਵਿਆਪੀ ਬਣ ਗਿਆ ਹੈ।
ਦੁੱਖ ਦੀ ਗੱਲ ਇਹ ਹੈ ਕਿ ਇਸ ਵਹਿਸ਼ੀ ਵਾਰਦਾਤ ਦੀ ਆੜ ‘ਚ ਰੋਜ਼ੀ-ਰੋਟੀ ਕਮਾਉਣ ਲਈ ਭਾਰਤ ਦੇ ਕਿਸੇ ਵੀ ਹੋਰ ਪ੍ਰਾਂਤ ਤੋਂ ਪੰਜਾਬ ‘ਚ ਆਏ ਸਮੁੱਚੇ ਕਿਰਤੀਆਂ ਨੂੰ ਇੱਥੋਂ ਕੱਢ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ ਤੇ ਗੈਰ ਪੰਜਾਬੀਆਂ ਵਿਰੁੱਧ ਅਤਿਅੰਤ ਨਿਮਨ ਪੱਧਰ ਦੀ ਭਾਸ਼ਾ ‘ਚ ਗਾਲੀ-ਗਲੋਚ ਕੀਤਾ ਜਾ ਰਿਹਾ ਹੈ। ਕੀ ਇਹ ਘਟੀਆ ਬੋਲ-ਬਾਣੀ ਤੇ ਵਤੀਰਾ ਪੰਜਾਬੀਆਂ ਦੀ ਮਾਣਮੱਤੀ ਵਿਰਾਸਤ ਤੇ ਮਾਨਵੀ ਅਸੂਲਾਂ ਦੇ ਅਨੁਕੂਲ ਹੈ? ਕੀ ਹੋਰਨਾਂ ਪ੍ਰਾਂਤਾਂ ਤੋਂ ਆਏ ਕਿਸੇ ਇਕ ਵਿਅਕਤੀ ਜਾਂ ਕੁੱਝ ਵਿਅਕਤੀਆਂ ਵੱਲੋਂ ਕੀਤਾ ਗਿਆ ਕੋਈ ਸੰਗੀਨ ਗੁਨਾਹ ਜਾਂ ਗੈਰ ਸਮਾਜੀ ਵਿਵਹਾਰ ਸਬੰਧਤ ਪ੍ਰਾਂਤਾਂ ਦੇ ਸਮੁੱਚੇ ਲੋਕਾਂ ਨਾਲ ਨੱਥੀ ਕਰਨਾ ਹੱਕ ਵਜ਼ਾਨਬ ਹੈ ? ਕੀ ਇਹ ਵਤੀਰਾ ਸਿੱਖ ਗੁਰੂ ਸਾਹਿਬਾਨ ਵੱਲੋਂ ਰਚੀ ਮਹਾਨ ਬਾਣੀ ਦੇ ਉਦੇਸ਼ਾਂ ਤੇ ਭਗਤੀ ਲਹਿਰ ਦੇ ਮਹਾਨ ਰਹਿਬਰਾਂ ਦੀਆਂ ਮਾਨਵੀ ਸਿੱਖਿਆਵਾਂ ਨਾਲ ਮੇਲ ਖਾਂਦਾ ਹੈ ? ਕੀ ਇਹ ਸੋਚ ਬੱਬਰ ਅਕਾਲੀਆਂ, ਗ਼ਦਰੀ ਸੂਰਬੀਰਾਂ, ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਦੇਸ਼ ਨੂੰ ਆਜ਼ਾਦ ਕਰਵਾਉਣ ਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਦੇ ਆਸ਼ੇ ਦੇ ਐਨ ਵਿਪਰੀਤ ਨਹੀਂ ਹੈ? ਸਭ ਤੋਂ ਵੱਧ ਕੇ, ਕੀ ‘ਸਰਬੱਤ ਦੇ ਭਲੇ’ ਦੇ ਮਾਣਮੱਤੇ ਸੰਸਾਰ ਵਿਆਪੀ ਸੰਕਲਪ ‘ਚੋਂ ਯੂ.ਪੀ., ਬਿਹਾਰ ਜਾਂ ਬਾਕੀ ਪ੍ਰਦੇਸ਼ਾਂ ਦੇ ਕਿਰਤੀਆਂ ਨੂੰ ਮਨਫੀ ਕਰ ਦਿੱਤਾ ਜਾਣਾ ਚਾਹੀਦਾ ਹੈ ? ਇਨ੍ਹਾਂ ਸਵਾਲਾਂ ਦਾ ਜਵਾਬ ਜੇਕਰ ਤਰਕ ਦੇ ਆਧਾਰ ‘ਤੇ ਦਿੱਤਾ ਜਾਵੇ ਤਾਂ ਲਾਜ਼ਮੀ ‘ਨਾਂਹ’ ਹੀ ਹੋਵੇਗਾ। ਪ੍ਰੰਤੂ ਜੇਕਰ ਇਸ ਨੂੰ ਸੌੜੀ ਸੋਚਣੀ ਤੇ ਫਿਰਕੂ ਨਫ਼ਰਤ ਨਾਲ ਭਰੇ ਦਿਮਾਗਾਂ ਵਾਲੇ ਤੱਤਾਂ ਦੀ ਸੋਚ ਦੇ ਤਰਾਜ਼ੂ ‘ਤੇ ਤੋਲਿਆ ਜਾਵੇ ਤਾਂ ਉਤਰ ‘ਹਾਂ’ ਹੀ ਹੋ ਸਕਦਾ ਹੈ ? ਇਹ ਐਨ ਸੰਭਵ ਹੈ ਕਿ ਕਈ ਪ੍ਰਵਾਸੀ ਗੈਰ ਸਮਾਜੀ ਗਤੀਵਿਧੀਆਂ ‘ਚ ਲਿਪਤ ਹੋਣ। ਪਰ ਇਹ ਵੀ ਸੱਚ ਹੈ ਕਿ ਅਜਿਹੇ ਕਾਰਿਆਂ ‘ਚ ਤਾਂ ਅਨੇਕਾਂ ਪੰਜਾਬ ਵਾਸੀ ਵੀ ਬਰਾਬਰ ਦੇ ਭਾਈਵਾਲ ਹਨ। ਨਸ਼ਾ ਤਸਕਰੀ, ਕਤਲ, ਲੁੱਟਾਂ-ਖੋਹਾਂ, ਗੈਂਗਵਾਰ, ਬਲਾਤਕਾਰ ਆਦਿ ਜ਼ੁਰਮਾਂ ‘ਚ ਤਾਂ ਪੰਜਾਬੀ ਕਈ ਵਾਰ ਪ੍ਰਵਾਸੀਆਂ ਨਾਲੋਂ ਵੀ ਵਧੇਰੇ ਦੋਸ਼ੀ ਪਾਏ ਜਾਂਦੇ ਹਨ।
ਇਸ ਪ੍ਰਚਾਰ ‘ਚ ਜਿੱਥੇ ਸੌੜੀ ਸੋਚ ਵਾਲੇ ਫਿਰਕੂ ਅਨਸਰ ਗਲਤਾਨ ਹਨ, ਉਥੇ ਕੇਂਦਰੀ ਸਰਕਾਰ ਦੀਆਂ ਏਜੰਸੀਆਂ ਤੇ ਆਰ.ਐਸ.ਐਸ. ਨਾਲ ਜੁੜੇ ਵੱਖੋ-ਵੱਖ ਸੰਗਠਨਾਂ ਵੱਲੋਂ ਸਿਰਜੇ ਵੰਡਵਾਦੀ ਤਾਣੇ-ਬਾਣੇ ਦਾ ਹੱਥ ਹੋਣ ਤੋਂ ਵੀ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਦੁਨੀਆਂ ਦੇ ਕਈ ਦੇਸ਼ਾਂ, ਖਾਸ ਕਰਕੇ ਆਸਟ੍ਰੇਲੀਆ, ਕੈਨੇਡਾ, ਇੰਗਲੈਂਡ, ਅਮਰੀਕਾ, ਆਇਰਲੈਂਡ ਆਦਿ ਵਿਖੇ ਸੱਜ ਪਿਛਾਖੜੀ ਸੰਗਠਨਾਂ ਵੱਲੋਂ ਪ੍ਰਵਾਸੀਆਂ ਵਿਰੁੱਧ ਕੀਤੇ ਜਾ ਰਹੇ ਮੁਜ਼ਾਹਰਿਆਂ ਦੇ ਖਾਸੇ ਨੂੰ ਘੋਖਵੀਂ ਨਜ਼ਰ ਨਾਲ ਦੇਖਿਆ ਜਾਵੇ ਤਾਂ ਪੰਜਾਬ ‘ਚ ਚੱਲ ਰਹੀ ਪ੍ਰਵਾਸੀ ਮਜ਼ਦੂਰਾਂ ਵਿਰੋਧੀ ਮੁਹਿੰਮ ਦੀਆਂ ਤਾਰਾਂ ਕੌਮਾਂਤਰੀ ਪੱਧਰ ‘ਤੇ ਜੁੜੀਆਂ ਹੋਣ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤੀ ਜਾਣੀ ਚਾਹੀਦੀ। ਨਾਲ ਦੀ ਨਾਲ ਇਹ ਵਤੀਰਾ ਪੰਜਾਬ-ਪੰਜਾਬੀਅਤ ਅਤੇ ਗੁਰੂ ਸਾਹਿਬਾਨ ਵੱਲੋਂ ਰਚੀ ਬਾਣੀ ਤੇ ਸਿੱਖ ਫਲਸਫੇ ਨੂੰ ਵੀ ਸੰਗੋੜਨ ਤੇ ਵਿਗਾੜ ਕੇ ਪੇਸ਼ ਕਰਨ ਦੀ ਡੂੰਘੀ ਸਾਜਿਸ਼ ਵਜੋਂ ਵੀ ਸਮਝਿਆ ਜਾਣਾ ਚਾਹੀਦਾ ਹੈ। ਕੀ ਦੂਜੇ ਪ੍ਰਾਤਾਂ ਤੋਂ ਆਏ ਲੋਕਾਂ ਬਾਰੇ ਪੰਜਾਬ ‘ਚੋਂ ਹੁੰਦਾ ਇਹ ਦੁਸ਼ਪ੍ਰਚਾਰ ਸੁਣਕੇ ਪੂਰੇ ਦੇਸ਼ ਦੇ ਲੋਕਾਂ ਦੇ ਮਨਾਂ ‘ਚ ਪੰਜਾਬੀਆਂ, ਖਾਸ ਤੌਰ ‘ਤੇ ਸਿੱਖਾਂ ਖਿਲਾਫ਼ ਨਫ਼ਰਤ ਜਾਂ ਗੁੱਸਾ ਨਹੀਂ ਭੜਕੇਗਾ? ਯਾਦ ਰਹੇ ਦੇਸ਼ ਦੇ ਦੂਜੇ ਭਾਗਾਂ ‘ਚ ਵੱਸਦੇ- ਰਸਦੇ, ਖੁਸ਼ ਤੇ ਖੁਸ਼ਹਾਲ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਉੱਥੋਂ ਦੇ ਲੋਕਾਂ ਵਲੋਂ ਬੜੇ ਸਤਿਕਾਰ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ। ਆਪਣੇ-ਆਪ ਨੂੰ ਪੰਜਾਬ-ਪੰਜਾਬੀਅਤ ਦੇ ਸਭ ਤੋਂ ਵੱਡੇ ਆਲੰਬਰਦਾਰ ਸਮਝਣ ਵਾਲੇ ਉਪਰੋਕਤ ਮੁਹਿੰਮ ਦੇ ਚਾਲਕਾਂ ਦੇ ਭੜਕਾਊ ਕਾਰ-ਵਿਹਾਰ ਤੇ ਹੋਛੀ ਬੋਲ-ਬਾਣੀ ਦੇ ਪ੍ਰਤੀਕਰਮ ਵਜੋਂ ਪੰਜਾਬੀਆਂ ਤੇ ਸਿੱਖਾਂ ਦੇ ਸਤਿਕਾਰ ਤੇ ਅਕਸ ਨੂੰ ਭਾਰੀ ਨੁਕਸਾਨ ਪੁੱਜ ਸਕਦਾ ਹੈ।
1978 ‘ਚ ਪੈਦਾ ਹੋਏ ਸਿੱਖ-ਨਿਰੰਕਾਰੀ ਵਿਵਾਦ ਤੋਂ ਪਿੱਛੋਂ ਪੰਜਾਬ ਬੜੇ ਹੀ ਡਰਾਉਣੇ ਤੇ ਕਾਲੇ ਦੌਰ ‘ਚੋਂ ਲੰਘ ਚੁੱਕਿਆ ਹੈ। ਉਸ ਦੌਰ ‘ਚ ਪੰਜਾਬ ‘ਚ 26 ਹਜ਼ਾਰ ਤੋਂ ਜ਼ਿਆਦਾ ਬੇਗੁਨਾਹ ਲੋਕਾਂ ਦੀਆਂ ਹੱਤਿਆਵਾਂ ਹੋਈਆਂ ਸਨ । ਉਦੋਂ, ਬੇਦੋਸ਼ਿਆਂ ਨਾਲ ਪੁਲਸ ਤੇ ਅਰਧ ਸੈਨਿਕ ਬਲਾਂ ਵੱਲੋਂ ਕੀਤੀਆਂ ਦਿਲ ਕੰਬਾਊ ਜ਼ਿਆਦਤੀਆਂ ਦੀ ਫਹਿਰਿਸਤ ਵੀ ਬੜੀ ਲੰਮੀ ਹੈ। ਪੰਜਾਬ ਦੇ ਲੋਕ, ਸਿੱਖ ਹਿਰਦੇ ਵਲੂੰਧਰਨ ਵਾਲਾ ‘ਆਪ੍ਰੇਸ਼ਨ ਬਲਿਊ ਸਟਾਰ’ ਤੇ 1984 ‘ਚ ਸ਼੍ਰੀ ਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਪਿਛੋਂ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ‘ਚ ਹਜ਼ਾਰਾਂ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦਾ ਖੂਨ ਡੋਲ੍ਹੇ ਜਾਣ ਜਿਹੇ ਡਰਾਉਣੇ ਬਿਰਤਾਂਤਾਂ ਸਮੇਤ ਹੋਰ ਬੜਾ ਕੁੱਝ ਆਪਣੀਆਂ ਅੱਖਾਂ ਨਲ ਤੱਕ ਚੁੱਕੇ ਹਨ। ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੇ ਆਪਣੇ ਵਿਰੁੱਧ ਕੀਤਾ ਕੂੜ ਪ੍ਰਚਾਰ, ਗੁਰੂ ਸਾਹਿਬਾਨ ਵੱਲੋਂ ਦਿਖਾਏ ਰਸਤੇ ‘ਤੇ ਚੱਲਣ ਦੀ ਮਹਾਨ ਰਵਾਇਤ ਸਦਕਾ ਹੌਂਸਲੇ, ਦਲੇਰੀ ਤੇ ਬੜੀ ਸਿਦਕ ਦਿਲੀ ਨਾਲ ਬਹੁਤ ਤਰੱਦਦ ਕਰਕੇ ਪਛਾੜਿਆ ਸੀ । ਨਤੀਜਾ, ਕਿਰਤੀਆਂ ਤੇ ਦੀਨ- ਦੁਖੀਆਂ ਲਈ ਜਾਨਾਂ ਵਾਰਨ ਦੇ ਜ਼ਜਬੇ ਨਾਲ ਸ਼ਿੰਗਾਰੇ ਪੰਜਾਬੀਆਂ ਦੇ ਖੂਬਸੂਰਤ ਚਿਹਰੇ-ਮੋਹਰੇ ਨੂੰ ਸਮੁੱਚੇ ਭਾਰਤ ਦੇ ਲੋਕਾਂ ਨੇ ਇਕ ਵਾਰ ਫਿਰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਹੈ। ਮੋਦੀ ਸਰਕਾਰ ਦੇ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਤੇ ਦਿੱਲੀ ਦੀਆਂ ਬਹੂਹਾਂ ‘ਤੇ ਸਾਲ ਭਰ ਲੜੇ ਗਏ ਇਤਿਹਾਸਕ ਘੋਲ ਨੂੰ ਹਾਸਲ ਹੋਈ ਹਰਿਆਣਾ, ਰਾਜਸਥਾਨ, ਯੂ.ਪੀ. ਸਮੇਤ ਦੇਸ਼ ਤੇ ਦੁਨੀਆਂ ਭਰ ਦੇ ਲੋਕਾਂ ਦੀ ਹਮਾਇਤ ਇਸ ਤੱਥ ਦਾ ਮੂੰਹੋਂ ਬੋਲਦਾ ਸਬੂਤ ਹੈ। 2025 ‘ਚ ਆਏ ਹੜ੍ਹਾਂ ਦੌਰਾਨ ਪੰਜਾਬੀਆਂ ਦੀ ਪਿੱਠ ‘ਤੇ ਆਣ ਖੜ੍ਹੇ ਸਮੂਹ ਦੇਸ਼ ਵਾਸੀਆਂ, ਜਿਨ੍ਹਾਂ ‘ਚ ਦੂਜੇ ਪ੍ਰਾਂਤਾਂ ਦੇ ਹਿੰਦੂ- ਮੁਸਲਮਾਨਾਂ ਸਮੇਤ ਸਭ ਲੋਕ ਸ਼ਾਮਲ ਹਨ, ਵੱਲੋਂ ਕੀਤੀ ਸਹਾਇਤਾ ਨੇ ਪੰਜਾਬੀਆਂ ਨਾਲ ਬਾਕੀ ਮੁਲਖ ਦੇ ਪਿਆਰ ਦੀ ਗੰਢ ਹੋਰ ਪੀਡੀ ਕੀਤੀ ਹੈ।
ਦੂਜੇ ਪ੍ਰਾਂਤਾਂ ਦੇ ਮਜ਼ਦੂਰਾਂ ਵਿਰੁੱਧ ਚਲਾਈ ਜਾਂਦੀ ਨਫ਼ਰਤੀ ਮੁਹਿੰਮ ਨਾਲ ਆਪਾਂ ਕਿਤੇ ਫੇਰ ਕੇਂਦਰੀ ਹੁਕਮਰਾਨਾਂ ਦੇ ਓਸੇ ਮੱਕੜ ਜਾਲ ‘ਚ ਤਾਂ ਨਹੀਂ ਫਸ ਰਹੇ? ਹੁਕਮਰਾਨ ਵੀ ਉਹ ਜਿਹੜੇ ਦੇਸ਼ ਅੰਦਰ ‘ਧਰਮ ਅਧਾਰਤ ਗੈਰ ਲੋਕ ਰਾਜੀ’ ਰਾਜਸੀ-ਸਮਾਜਿਕ ਢਾਂਚਾ ਕਾਇਮ ਕਰਨਾ ਚਾਹੁੰਦੇ ਹਨ। ਆਰ.ਐਸ.ਐਸ., ਇਸ ਨਾਲ ਜੁੜੇ ਅਨੇਕਾਂ ਸੰਗਠਨਾਂ ਅਤੇ ਮੋਦੀ ਸਰਕਾਰ ਨੇ ਦੇਸ਼ ਦੇ ਸਮੂਹ ਘੱਟ ਗਿਣਤੀ ਭਾਈਚਾਰਿਆਂ ਵਿਰੁੱਧ ਕਾਤਲਾਨਾ ਮੁਹਿੰਮ ਵਿੱਢੀ ਹੋਈ ਹੈ। ਕੀ ਪੰਜਾਬ ‘ਚ ਪ੍ਰਵਾਸੀਆਂ ਵਿਰੁੱਧ ਕੀਤਾ ਜਾ ਰਿਹਾ ਨਫ਼ਰਤੀ ਕੂੜ ਪ੍ਰਚਾਰ ਉਸੇ ਮੁਹਿੰਮ ਦਾ ਹਿੱਸਾ ਤਾਂ ਨਹੀਂ ? ਸਮਾਂ ਵੀ ਉਹ ਚੁਣਿਆ ਗਿਆ ਹੈ, ਜਦੋਂ ਬਿਹਾਰ ਦੇ ਜੁਝਾਰੂ ਲੋਕ ਆਪਣਾ ਏਕਾ ਕਾਇਮ ਕਰਕੇ ਆਉਂਦੀਆਂ ਅਸੈਂਬਲੀ ਚੋਣਾਂ ‘ਚ ਕੇਂਦਰੀ ਤੇ ਸੂਬਾਈ ਸਰਕਾਰ ਨਾਲ ਲਹੂ ਵੀਟਵਾਂ ਮੁਕਾਬਲਾ ਲੜਨ ਲਈ ਕਮਰਕੱਸੇ ਕਰ ਰਹੇ ਹਨ। ਸੰਕੀਰਨ ਸੋਚ ਦੇ ਧਾਰਨੀ ਤੇ ਗੈਰ- ਜ਼ਿੰਮੇਵਾਰ ਤੱਤਾਂ ਨੂੰ ਵੱਖੋ-ਵੱਖ ਲਾਲਚਾਂ ਅਧੀਨ ਯੋਜਨਾਬੱਧ ਢੰਗ ਨਾਲ ਪੰਜਾਬ ‘ਚ ਹਿੰਸਕ ਕਾਰੇ ਕਰਨ ਲਈ ਉਕਸਾਇਆ ਜਾ ਰਿਹਾ ਹੈ। ਇੰਜ ਹਾਕਮਾਂ ਨੇ ਲੋਕਾਂ ਦੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਤੋੜਨ ਦੇ ਯਤਨ ਤੇਜ਼ ਕਰ ਦਿੱਤੇ ਹਨ। ਕੀ ਇਹ ਸਭ ਪੰਜਾਬ ਦੇ ਨਾਬਰੀ ਦੇ ਸੁਭਾਅ ਨੂੰ ਮੇਟਣ ਲਈ ਤਾਂ ਨਹੀਂ ਕੀਤਾ ਜਾ ਰਿਹਾ? ਇਹ ਹੁੜਦੰਗ ਕਿਧਰੇ ਸਿੱਖ ਗੁਰੂ ਸਾਹਿਬਾਨ ਵੱਲੋਂ ਰਚੀ ਸਰਬੱਤ ਦਾ ਭਲਾ ਮੰਗਦੀ, ਸਾਂਝੀਵਾਲਤਾ ਦੀ ਮੁੱਦਈ, ਮਨੁੱਖੀ ਆਜ਼ਾਦੀਆਂ ਦੀ ਅਲੰਬਰਦਾਰ ਤੇ ਭਾਈ ਲਾਲੋ ਦੇ ਪੱਖ ‘ਚ ਖਲੋਣ ਦਾ ਸਪਸ਼ਟ ਹੋਕਾ ਦਿੰਦੀ ਬਾਣੀ ਨੂੰ ਆਮ ਲੋਕਾਂ ਦੇ ਮਨਾਂ ‘ਚੋਂ ਵਿਸਾਰਨ ਦੀ ਫਿਰਕੂ-ਫਾਸ਼ੀਵਾਦੀਆਂ ਦੀ ਯੋਜਨਾ ਦਾ ਭਾਗ ਤਾਂ ਨਹੀਂ ਹੈ ?
ਭਾਰਤ ਤੇ ਪੰਜਾਬ ‘ਚੋਂ ਪ੍ਰਵਾਸ ਕਰਕੇ ਗਏ ਅਤੇ ਇੰਗਲੈਂਡ, ਅਮਰੀਕਾ, ਕੈਨੇਡਾ, ਜਰਮਨੀ, ਫਰਾਂਸ ਆਦਿ ਦੇਸ਼ਾਂ ‘ਚ ਵਸੇ ਵੱਡੀ ਗਿਣਤੀ ਲੋਕ ਓਥੇ ਜਾ ਕੇ ਆਪਣੀ ਸਖ਼ਤ ਮਿਹਨਤ ਨਾਲ ਆਰਥਿਕ ਪੱਖੋਂ ਚੋਖੇ ਮਜ਼ਬੂਤ ਹੋ ਚੁੱਕੇ ਹਨ। ਇਹੋ ਨਹੀਂ ਵਿਦੇਸ਼ਾਂ ਨੂੰ ਗਏ ਭਾਰਤੀ, ਖਾਸ ਕਰਕੇ ਬੱਚੇ ਤੇ ਬਜ਼ੁਰਗ ਉਥੋਂ ਦੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਦਾ ਆਨੰਦ ਮਾਣਦੇ ਹਨ, ਜੋ ਬਿਨਾਂ ਸ਼ੱਕ ਉਨ੍ਹਾਂ ਦਾ ਹੱਕ ਵੀ ਬਣਦਾ ਹੈ। ਭਾਰਤੀ ਲੋਕ ਉਨ੍ਹਾਂ ਦੇਸ਼ਾਂ ਦੀਆਂ ਚੋਣਾਂ ‘ਚ ਹਿੱਸਾ ਲੈ ਕੇ ਐਮ.ਪੀ., ਐਮ.ਐਲ.ਏ., ਕਾਊਂਸਲਰ ਹੀ ਨਹੀਂ, ਬਲਕਿ ਕੇਂਦਰੀ ਵਜ਼ੀਰ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪੁੱਜਦੇ ਰਹੇ ਹਨ। ਅਸੀਂ ਪੰਜਾਬੀ ਇਸ ‘ਤੇ ਮਾਣ ਵੀ ਕਰਦੇ ਹਾਂ । ਪ੍ਰੰਤੂ ਸਾਡੇ ਹੀ ਦੇਸ਼ ਦੇ ਵਸਨੀਕ, ਜੋ ਦੂਜੇ ਪ੍ਰਾਂਤਾਂ ਤੋਂ ਰੋਟੀ-ਰੋਜ਼ੀ ਕਮਾਉਣ ਲਈ ਪੰਜਾਬ ਆਏ ਹਨ, ਨੂੰ ਪੰਜਾਬ ‘ਚੋਂ ਬਾਹਰ ਕੱਢਣ ਦੀ ਮੰਗ ਕੀਤੀ ਜਾਂਦੀ ਹੈ ਤੇ ‘ਸੋਧਾ ਲਾਉਣ’ ਦੇ ਲਲਕਾਰੇ ਮਾਰੇ ਜਾਂਦੇ ਹਨ। ਵੋਟ ਪਾਉਣ, ਆਧਾਰ ਕਾਂਡ ਬਣਵਾਉਣ, ਸਮਾਜਿਕ ਸਹੂਲਤਾਂ ਲੈਣ ਤੇ ਜਾਇਦਾਦ ਖਰੀਦਣ ਵਰਗੇ ਬੁਨਿਆਦੀ ਸੰਵਿਧਾਨਿਕ ਅਧਿਕਾਰਾਂ ਤੋਂ ਵੰਚਿਤ ਕਰਨ ਦੀ ਮੰਗ ਕਿੰਨੀ ਕੁ ਵਾਜ਼ਬ ਜਾਂ ਤਰਕ ਸੰਗਤ ਹੈ ? ਜੇਕਰ ਰੋਟੀ-ਰੋਜ਼ੀ ਲਈ ਭਾਰਤ ਦੇ ਦੂਜੇ ਪ੍ਰਾਂਤਾਂ ‘ਚ ਜਾਂ ਵਿਦੇਸ਼ਾਂ ਨੂੰ ਗਏ ਭਾਰਤੀਆਂ ਤੇ ਪੰਜਾਬੀਆਂ ਪ੍ਰਤੀ ਉਥੋਂ ਦੀਆਂ ਸਰਕਾਰਾਂ ਤੇ ਸਥਾਨਿਕ ਲੋਕਾਂ ਨੇ ਇਹੋ ਵਤੀਰਾ ਧਾਰਨ ਕਰ ਲਿਆ ਤਾਂ ਉਸ ਨਾਲ ਹੋਣ ਵਾਲੇ ਵਸੀਹ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ। ਜਿਹੜੇ ਲੋਕ ਅੱਜ ਪ੍ਰਵਾਸੀਆਂ ਖ਼ਿਲਾਫ਼ ਨਫ਼ਰਤੀ ਕੂੜ ਪ੍ਰਚਾਰ ਤੇ ਭੜਕਾਊ ਕਾਰ- ਵਿਹਾਰ ‘ਚ ਮਸਤ ਹਨ, ਉਹ ਤਾਂ ਸ਼ਾਇਦ ਉਦੋਂ ਹਾਕਮ ਧਿਰ ਦੀ ਝੋਲੀ ‘ਚ ਬਹਿ ਕੇ ਸੱਤਾ ਦਾ ਸੁੱਖ ਭੋਗਦੇ ਹੋਏ ਮੁਸਕਰਾ ਰਹੇ ਹੋਣਗੇ !
ਪਰ ਭੁਗਤ ਭੋਗੀਆਂ ਦਾ ਕੀ ਬਣੇਗਾ?
ਸਾਡੀ ਲੜਾਈ ਪ੍ਰਵਾਸੀਆਂ ਨਾਲ ਨਹੀਂ, ਬਲਕਿ ਉਨ੍ਹਾਂ ਹਾਕਮਾਂ ਨਾਲ ਹੈ, ਜਿਨ੍ਹਾਂ ਨੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਰਾਹੀਂ ਸਾਡੇ ਸਿਰ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ ਵਰਗੀਆਂ ਲਾਹਨਤਾਂ ਮੜ੍ਹੀਆਂ ਹਨ। ਜੇਕਰ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਵੀ ਕੱਢ ਦਿੱਤਾ ਜਾਵੇ, ਜੋ ਸੰਭਵ ਹੀ ਨਹੀਂ ਹੈ, ਤਾਂ ਵੀ ਸਾਡੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਲੱਭਣਾ। ਜੇਕਰ ਇਨ੍ਹਾਂ ਮੁਸ਼ਕਿਲਾਂ ਦਾ ਸਦੀਵੀਂ ਹੱਲ ਲੱਭਣਾ ਹੈ ਤਾਂ ਅੱਜ ਲੋੜ ਦੁਫੇੜ ਪਾਉਣ ਦੀ ਨਹੀਂ, ਬਲਕਿ ਕਿਰਤੀਆਂ ਦੀਆਂ ਸਾਂਝਾਂ ਪੀਡੀਆਂ ਕਰਨ ਦੀ ਹੈ।
ਅਸਾਨੂੰ ਸਮੇਂ-ਸਮੇਂ ਇਸ ਧਰਤੀ ‘ਤੇ ਜਨਮ ਲੈਣ ਵਾਲੇ ਮਹਾਂ ਪੁਰਸ਼ਾਂ ਨੇ ਠਰੰਮੇ ਨਾਲ, ਤਰਕ ਦੇ ਆਧਾਰ ‘ਤੇ ਸੁਣਨ-ਸਮਝਣ ਤੇ ਯੋਗ ਨਿਰਣਾ ਕਰਨ ਦੀ ਤਾਮੀਜ਼ ਬਖਸ਼ੀ ਹੈ। ਕੱਟੜਤਾ ਤੇ ਵੈਰ ਭਾਵ ਤੋਂ ਪਾਸਾ ਵੱਟ ਕੇ ਭਾਈਚਾਰਕ ਸਾਂਝਾਂ ਵਧਾਉਣ ਤੇ ਦੁੱਖ- ਸੁੱਖ ਵੇਲੇ ਇਕ-ਦੂਜੇ ਦੇ ਕੰਮ ਆਉਣ ਦੀ ਰਵਾਇਤ ਸਾਡੀ ਮਾਣਮੱਤੀ ਵਿਰਾਸਤ ਹੈ । ਅਸਾਨੂੰ ਸੋਚ-ਸਮਝ ਤੋਂ ਵਿਰਵੇ ਪਿਛਲੱਗ ਹਜ਼ੂਮ ਵਾਂਗ ਹਵਾਂ ਦੇ ਬੁੱਲਿਆਂ ਨਾਲ ਇਕ ਪਾਸੜ ਵਹਿ ਤੁਰਨ ਦੀ ਘਾਟ ਨੂੰ ਤਿਆਗਣਾ ਹੋਵੇਗਾ। ਅਜਿਹੀਆਂ ਕੁਤਾਹੀਆਂ ਸਦਕਾ ਆਪਾਂ ਅਤੀਤ ‘ਚ ਬੜਾ ਨੁਕਸਾਨ ਝੱਲ ਚੁੱਕੇ ਹਾਂ। ਆਪਾਂ ਜੇਕਰ ਆਪਣੀ ਮਾਣਮੱਤੀ ਵਿਰਾਸਤ ਨੂੰ ਸਾਂਭ ਕੇ ਸਾਂਝੀਵਾਲਤਾ ਤੇ ਬਰਾਬਰੀ ਦੇ ਅਸੂਲਾਂ ‘ਤੇ ਆਧਾਰਿਤ ਖੂਬਸੂਰਤ ਸਮਾਜ ਸਿਰਜਣ ਲਈ ਆਪਣਾ ਘੇਰਾ ਹੋਰ ਵਧਾਉਣਾ ਹੈ ਤਾਂ ਸਾਨੂੰ ਗੁਰੂ ਸਾਹਿਬਾਨ ਤੇ ਹੋਰ ਮਹਾਂਪੁਰਸ਼ਾਂ, ਸਮਾਜ ਸੁਧਾਰਕਾਂ ਤੇ ਇਨਕਲਾਬੀਆਂ ਵਲੋਂ ਦਿਖਾਏ ਉਸ ਮਾਰਗ ‘ਤੇ ਚੱਲਣ ਦੀ ਲੋੜ ਹੈ, ਜੋ ਲੁਟੇਰੇ ਲੋਕਾਂ ਦੇ ਖ਼ਿਲਾਫ਼ ਜੂਝਣ ਤੇ ਕਿਰਤੀਆਂ ਦੇ ਏਕੇ ਦੀ ਗੱਲ ਕਰਦਾ ਹੈ।
