Now Reading
ਸੀਪੀਐੱਮ ਤੋਂ ਆਰਐੱਮਪੀਆਈ ਤੱਕ 25 ਸਾਲਾਂ ਦਾ ਸ਼ਾਨਾਮੱਤਾ ਸਿਆਸੀ ਸਫ਼ਰ: ਨਿੱਗਰ ਪ੍ਰਾਪਤੀਆਂ, ਘਾਟਾਂ-ਕਮਜ਼ੋਰੀਆਂ ਤੇ ਭਵਿੱਖੀ ਸੇਧਾਂ

ਸੀਪੀਐੱਮ ਤੋਂ ਆਰਐੱਮਪੀਆਈ ਤੱਕ 25 ਸਾਲਾਂ ਦਾ ਸ਼ਾਨਾਮੱਤਾ ਸਿਆਸੀ ਸਫ਼ਰ: ਨਿੱਗਰ ਪ੍ਰਾਪਤੀਆਂ, ਘਾਟਾਂ-ਕਮਜ਼ੋਰੀਆਂ ਤੇ ਭਵਿੱਖੀ ਸੇਧਾਂ

ਅੱਜ ਤੋਂ 26 ਕੁ ਵਰ੍ਹੇ ਪਹਿਲਾਂ, ਸੀਪੀਆਈ (ਐੱਮ) ‘ਚ ਕੰਮ ਕਰਦੇ ਪੰਜਾਬ ਦੇ ਬਹੁ-ਗਿਣਤੀ ਆਗੂਆਂ, ਮੈਂਬਰਾਂ ਤੇ ਹਮਦਰਦਾਂ ਨੇ ਪਾਰਟੀ ਅੰਦਰ ਪੈਦਾ ਹੋ ਰਹੇ ਰਾਜਸੀ ਤੇ ਸਿਧਾਂਤਕ ਵਿਗਾੜਾਂ, ਸਿਖਰਲੇ ਅਦਾਰਿਆਂ ਦੇ ਆਗੂਆਂ ਦੇ ਗੈਰ ਕਮਿਊਨਿਸਟ ਕਿਰਦਾਰ ਤੇ ਅਮਲ ਅਤੇ ਕਮਿਊਨਿਸਟ ਨੈਤਿਕਤਾ ‘ਚ ਆ ਰਹੀ ਨਿਰੰਤਰ ਗਿਰਾਵਟ ਬਾਰੇ ਆਪੋ-ਆਪਣੇ ਫੋਰਮਾਂ ‘ਤੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ। ਉਂਝ, ਪਿਛਲੀ ਸਦੀ ਦੇ ਅੰਤਲੇ ਸਾਲਾਂ ਦੌਰਾਨ, ਇਨ੍ਹਾਂ ਮੁੱਦਿਆਂ ‘ਤੇ ਅੰਤਰ ਪਾਰਟੀ ਘੋਲ ਪਹਿਲਾਂ ਹੀ ਛਿੜ ਚੁੱਕਾ ਸੀ। ਇਹ ਘੋਲ 1964 ‘ਚ ਕਾਇਮ ਹੋਈ ਸੀ.ਪੀ.ਆਈ. (ਐਮ) ਦੇ ਪ੍ਰੋਗਰਾਮ ਦੀਆਂ ਮੂਲ ਸਥਾਪਨਾਵਾਂ ‘ਚ ਸੋਧਵਾਦੀ ਤਬਦੀਲੀਆਂ ਕੀਤੇ ਜਾਣ ਦੇ ਯਤਨਾਂ ਖਿਲਾਫ਼ ਤੇ ਹੋਰ ਅਨੇਕਾਂ ਜਥੇਬੰਦਕ ਕੁਰਾਹਿਆਂ ਦੁਆਲੇ ਕੇਂਦਰਤ ਸੀ। ਇਸੇ ਦੌਰਾਨ ਪਾਰਟੀ ਪ੍ਰੋਗਰਾਮ ਦੀ ਮੂਲ ਭਾਵਨਾ ਦੇ ਐਨ ਵਿਪਰੀਤ ਕੇਂਦਰ ‘ਚ ਕਾਮਰੇਡ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਯਤਨਾਂ ਖਿਲਾਫ਼ ਪਾਰਟੀ ਦੀ ਪੀਬੀ ਅਤੇ ਸੀਸੀ ਅੰਦਰ ਵੀ ਤਿੱਖੇ ਮਤਭੇਦ ਖੜ੍ਹੇ ਹੋ ਗਏ ਸਨ। ਯਾਦ ਰਹੇ, ਸਾਥੀ ਜੋਤੀ ਬਾਸੂ ਨੂੰ ਕਾਂਗਰਸ ਤੇ ਇਸ ਦੇ ਸਹਿਯੋਗੀ ਦਲਾਂ, ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ‘ਚ ਹਾਰ ਦੇ ਕੇ ਸੀਪੀਆਈ (ਐੱਮ) ਤੇ ਦੂਜੀਆਂ ਖੱਬੀਆਂ ਧਿਰਾਂ ਦੇ ਪਾਰਲੀਮੈਂਟ ਮੈਂਬਰ ਜਿੱਤੇ ਸਨ, ਦੀ ਬਾਹਰੀ ਹਮਾਇਤ ਨਾਲ ਪ੍ਰਧਾਨ ਮੰਤਰੀ ਬਣਾਇਆ ਜਾ ਰਿਹਾ ਸੀ।

ਇਸ ਤੋਂ ਇਲਾਵਾ, ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ ਤੇ ਸੂਬਾ ਸਕੱਤਰ ਹੋਣ ਦੇ ਨਾਤੇ ਮੰਗਤ ਰਾਮ ਪਾਸਲਾ ਤੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਪਾਰਟੀ ਦੇ ਸਰਵਉੱਚ ਨੇਤਾ ਮਰਹੂਮ ਸਾਥੀ ਸੁਰਜੀਤ ਵੱਲੋਂ ਸ਼ੱਕੀ ਸਰੋਤਾਂ ਤੋਂ ਲਏ ਗਏ ਬੇਹਿਸਾਬੇ ਧਨ ਬਾਰੇ ਪਾਰਟੀ ਦੀ ਪੋਲਿਟ ਬਿਊਰੋ ਤੇ ਕੇਂਦਰੀ ਕਮੇਟੀ ਨੂੰ ਦੋ ਪੱਤਰ ਵੀ ਲਿਖੇ ਸਨ। ਇਨ੍ਹਾਂ ਪੱਤਰਾਂ ਦਾ ਨਾ ਤਾਂ ਕਦੀ ਕੋਈ ਜਵਾਬ ਦਿੱਤਾ ਗਿਆ ਅਤੇ ਨਾ ਹੀ ਅੱਜ ਤੱਕ ਕੋਈ ਨਿਪਟਾਰਾ ਕੀਤਾ ਗਿਆ ਹੈ।

ਪਾਰਟੀ ਦੇ ਉਦੋਂ ਦੇ ਜਨਰਲ ਸਕੱਤਰ ਸਾਥੀ ਹਰਕਿਸ਼ਨ ਸਿੰਘ ਸੁਰਜੀਤ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਹ ਸ਼ਿਕਾਇਤਾਂ ਠਰੰਮੇ ਨਾਲ ਸੁਣਨ ਜਾਂ ਗੁਣਾਂ-ਦੋਸ਼ਾਂ ਦੇ ਆਧਾਰ ‘ਤੇ ਇਨ੍ਹਾਂ ਦਾ ਨਿਪਟਾਰਾ ਕਰਨ ਦੀ ਥਾਂ, ਉੱਪਰ ਬਿਆਨੇ ਮੁੱਦਿਆਂ ਬਾਰੇ ਢੁਕਵੇਂ ਮੰਚਾਂ ਤੋਂ ਆਵਾਜ਼ ਉਠਾਉਣ ਵਾਲੇ ਪੰਜਾਬ ਦੇ ਬਹੁ ਗਿਣਤੀ ਪਾਰਟੀ ਮੈਂਬਰਾਂ, ਸੂਬਾਈ ਨੇਤਾਵਾਂ ਤੇ ਜ਼ਿਲ੍ਹਾ ਕਮੇਟੀਆਂ ਦੇ ਮੈਂਬਰਾਂ

ਨੂੰ ਬਦਲੇ ਦੀ ਭਾਵਨਾ ਤਹਿਤ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਹੌਲੀ-ਹੌਲੀ ਇਹ ਗੱਲ ਪੂਰੀ ਤਰ੍ਹਾਂ ਸਾਫ ਹੁੰਦੀ ਗਈ ਕਿ ਸਾਥੀ ਸੁਰਜੀਤ ਤੇ ਉਨ੍ਹਾਂ ਦੇ ਸਹਿਯੋਗੀ ਪਾਰਟੀ ਦੀ ਸ਼ੁੱਧੀ ਲਈ ਅੱਤ ਲੋੜੀਂਦਾ ਅੰਤਰ ਪਾਰਟੀ ਘੋਲ, ਜਿਸ ਦਾ ਮਹੱਤਵ ਸੀਪੀਐੱਮ ਦੇ ਵਿਧਾਨ ਤੇ ਕਮਿਊਨਿਸਟ ਜਥੇਬੰਦੀ ਬਾਰੇ ਕੌਮਾਂਤਰੀ ਲੈਨਿਨਵਾਦੀ ਅਸੂਲਾਂ ‘ਚ ਬਹੁਤ ਹੀ ਜ਼ੋਰ-ਸ਼ੋਰ ਨਾਲ ਉਭਾਰਿਆ ਗਿਆ ਹੈ, ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਾ ਕਰਨ ਤੇ ਉਪਰੋਕਤ ਮੁੱਦਿਆਂ ਬਾਰੇ ਅਵਾਜ਼ ਉਠਾਉਣ ਵਾਲੇ ਸਾਥੀਆਂ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦਾ ਫੈਸਲਾ ਕਰੀ ਬੈਠੇ ਹਨ। ਅੰਤ, ਸਾਲ 2001 ‘ਚ ਇਨ੍ਹਾਂ ਸਾਥੀਆਂ ਨੇ ਕਿਸੇ ਹੋਰ ਰਾਜਸੀ ਧਿਰ ਨਾਲ ਜੁੜਨ ਜਾਂ ਨਿਰਾਸ਼ ਹੋ ਕੇ ਘਰੀਂ ਬੈਠ ਜਾਣ ਦੀ ਥਾਂ ਆਪਸੀ ਵਿਚਾਰ-ਵਟਾਂਦਰੇ ਤੋਂ ਪਿਛੋਂ ਨਵੀਂ ਇਨਕਲਾਬੀ ਪਾਰਟੀ ਖੜ੍ਹੀ ਕਰਨ ਦਾ ਨਿਰਣਾ ਲਿਆ ਅਤੇ ਪ੍ਰੈਸ ਕਾਨਫਰੰਸ ਕਰਕੇ ਨਵੀਂ ਪਾਰਟੀ ਦਾ ਸੂਬਾਈ ਅਜਲਾਸ ਸੱਦਣ ਦਾ ਐਲਾਨ ਕਰ ਦਿੱਤਾ। 15-16 ਦਸੰਬਰ 2001 ਨੂੰ ਜਲੰਧਰ ਸ਼ਹਿਰ ‘ਚ ਕੀਤੇ ਗਏ ਇਸ ਅਜਲਾਸ ਅੰਦਰ ਨਵੀਂ ਪਾਰਟੀ ਸੀਪੀਐੱਮ ਪੰਜਾਬ ਦਾ ਗਠਨ ਕਰਕੇ ਪਾਰਟੀ ਦੇ ਪ੍ਰੋਗਰਾਮ ਤੇ ਵਿਧਾਨ ਦਾ ਖਰੜਾ ਤਿਆਰ ਕਰਨ ਲਈ ਇਕ ਕਮੇਟੀ ਗਠਿਤ ਕਰ ਦਿੱਤੀ ਗਈ। ਸਰਬ ਸੰਮਤੀ ਨਾਲ ਨਵੀਂ ਪਾਰਟੀ ਦੀ ਸੂਬਾ ਕਮੇਟੀ, ਸਕੱਤਰੇਤ ਤੇ ਸਕੱਤਰ ਦੀ ਚੋਣ ਵੀ ਕਰ ਲਈ ਗਈ। ਪਹਿਲੇ ਦਿਨ, 15 ਦਸੰਬਰ ਨੂੰ ਜਲੰਧਰ ਦੇ ਪ੍ਰਤਾਪ ਬਾਗ ਵਿਖੇ ਕੀਤੀ ਗਈ ਵਿਸ਼ਾਲ ਰੈਲੀ, ਜਿਸ ‘ਚ ਹਜ਼ਾਰਾਂ ਮਜ਼ਦੂਰਾਂ-ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ, ਔਰਤਾਂ ਤੇ ਅਗਾਂਹਵਧੂ ਲੋਕਾਂ ਨੇ ਹਿੱਸਾ ਲਿਆ ਸੀ, ਮਾਰਕਸਵਾਦੀ ਸਿਧਾਂਤ ਤੇ ਜਥੇਬੰਦੀ ਦੇ ਲੈਨਿਨਵਾਦੀ ਅਸੂਲਾਂ ਨੂੰ ਪ੍ਰਣਾਈ ਨਵੀਂ ਪਾਰਟੀ ਪ੍ਰਤੀ ਪੰਜਾਬ ਦੇ ਮਿਹਨਤੀ ਲੋਕਾਂ ਤੇ ਪ੍ਰਗਤੀ ਹਾਮੀ ਧਿਰਾਂ ਦੀ ਅਗਾਉਂ ਪ੍ਰਵਾਨਗੀ ਕਹੀ ਜਾ ਸਕਦੀ ਹੈ। ਇਸ ਪ੍ਰਭਾਵਸ਼ਾਲੀ ਜਨਤਕ ਰੈਲੀ ਦੀ ਨਿਵੇਕਲੀ ਛਾਪ, ਪੰਜਾਬ ਦੀ ਖੱਬੀ ਲਹਿਰ ਦੇ ਇਤਿਹਾਸ ‘ਚ ਅੱਜ ਤੱਕ ਵੀ ਕਾਇਮ ਹੈ।

ਪਿੱਛੋਂ, ਦੂਜੇ ਪ੍ਰਾਂਤਾਂ ਦੀਆਂ ਹਮ ਖਿਆਲ ਖੱਬੀਆਂ ਧਿਰਾਂ ਤੇ ਅਹਿਮ ਵਿਅਕਤੀਆਂ ਨਾਲ ਸੰਪਰਕ ਬਣਾ ਕੇ ਇਕ ਦੇਸ਼ ਪੱਧਰੀ ਇਨਕਲਾਬੀ ਪਾਰਟੀ ਦੇ ਗਠਨ ਦੇ ਯਤਨ ਵੀ ਆਰੰਭੇ ਗਏ। ਇਹ ਕਾਰਜ ਸਿਰੇ ਚਾੜ੍ਹਨ ਲਈ ਕਈ ਉਤਰਾਅ-ਚੜ੍ਹਾਅ, ਸਫਲਤਾ- ਅਸਫਲਤਾ ਤੇ ਦਿੱਕਤਾਂ ਪੇਸ਼ ਆਈਆਂ। ਪਰ ਆਗੂਆਂ ਦੀ ਸੂਝ- ਬੂਝ, ਰਾਜਸੀ ਪਕਿਆਈ, ਮਾਰਕਸੀ-ਲੈਨਿਨੀ ਸਿਧਾਂਤ ਪ੍ਰਤੀ ਸਮਰਪਣ ਤੇ ਖੱਬੀ ਲਹਿਰ ‘ਚ ਉੱਗਮੇ ਸਿਧਾਂਤਕ-ਵਿਚਾਰਧਾਰਕ ਵਿਗਾੜਾਂ ਦਾ ਵਿਰੋਧ ਕਰਦਿਆਂ ਇਕ ਨਵੀਂ ਹਕੀਕੀ ਇਨਕਲਾਬੀ ਪਾਰਟੀ ਖੜ੍ਹੀ ਕਰਨ ਦੀ ਇਤਿਹਾਸਕ ਜ਼ਿੰਮੇਵਾਰੀ ਨਿਭਾਉਣ ਦੇ ਪੱਕੇ ਇਰਾਦੇ ਸਦਕਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਸਥਾਪਨਾ ਕੀਤੀ ਜਾ ਚੁੱਕੀ ਹੈ। ਇਨਕਲਾਬੀ ਲਹਿਰ ਦੀ ਉਸਾਰੀ ਦੇ ਸਿਰ- ਤੋੜ ਯਤਨ ਕਰ ਰਹੀ ਨਵੀਂ ਪਾਰਟੀ ਦਾ ਅੱਠ ਪ੍ਰਾਂਤਾਂ ‘ਚ ਜਥੇਬੰਦਕ ਢਾਂਚਾ ਤੇ ਚੋਖਾ ਰਾਜਸੀ ਆਧਾਰ ਹੈ। ਨਾਲ ਹੀ ਇਕ ਹੋਰ ਪ੍ਰਭਾਵੀ ਕਮਿਊਨਿਸਟ ਸੰਗਠਨ, ਐੱਮਸੀਪੀਆਈ (ਯੂ) ਨਾਲ ਵੀ ਸਾਂਝੀ ਤਾਲਮੇਲ ਕਮੇਟੀ ਬਣਾ ਕੇ ਜਨਤਕ ਲਹਿਰ ਉਸਾਰਨ ਦੇ ਯਤਨ ਆਰੰਭੇ ਗਏ ਹਨ। ਇਹ ਸਿਧਾਂਤਕ ਫੈਸਲਾ ਵੀ ਕਰ ਲਿਆ ਗਿਆ ਹੈ ਕਿ ਦੋਨੋਂ ਪਾਰਟੀਆਂ, ਨੇੜ ਭਵਿੱਖ ‘ਚ ਇਕਜੁੱਟ ਇਨਕਲਾਬੀ ਪਾਰਟੀ ਵਜੋਂ ਕੰਮ ਕਰਨਗੀਆਂ। ਇਸ ਦਿਸ਼ਾ ‘ਚ ਕਈ ਹੋਰ ਖੱਬੇ ਪੱਖੀ ਧੜਿਆਂ ਨਾਲ ਵੀ ਗੱਲਬਾਤ ਜਾਰੀ ਹੈ। ਛੇਤੀ ਹੀ ਕਿਸਾਨ, ਨੌਜਵਾਨ ਤੇ ਇਸਤਰੀ ਸੰਗਠਨਾਂ ਦੀ ਸਥਾਪਨਾ ਕਰਕੇ ਕੁੱਲ ਹਿੰਦ ਪੱਧਰ ਦੇ ਬਾਕੀ ਜਨ ਸੰਗਠਨ ਵੀ ਖੜ੍ਹੇ ਕੀਤੇ ਜਾਣਗੇ।

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਜਿੱਥੇ ਭਾਰਤ ਅੰਦਰ ਸਮਾਜਵਾਦੀ ਇਨਕਲਾਬ ਦੀ ਸਫਲਤਾ ਲਈ ਜਨਤਕ ਲਹਿਰ ਉਸਾਰਨ ਦੇ ਆਜਾਦਾਨਾ ਯਤਨ ਕਰੇਗੀ, ਉਥੇ ਦੂਜੀਆਂ ਖੱਬੀਆਂ- ਇਨਕਲਾਬੀ ਧਿਰਾਂ ਨਾਲ ਮਿਲ ਕੇ ਸਾਂਝੇ ਯਤਨਾਂ ਪੱਖੋਂ ਵੀ ਭਰਭੂਰ ਯੋਗਦਾਨ ਪਾਏਗੀ। ਪਾਰਟੀ ਸਮਝਦੀ ਹੈ ਕਿ ਕੋਈ ਇਕੱਲੀ ਕਮਿਊਨਿਸਟ ਪਾਰਟੀ ਦੇਸ਼ ਦੀਆਂ ਸਮੁੱਚੀਆਂ ਪ੍ਰਸਥਿਤੀਆਂ ਨੂੰ ਜਾਨਣ, ਠੀਕ ਯੁੱਧਨੀਤੀ ਤੇ ਦਾਅਪੇਚ ਘੜਣ, ਮਾਰਕਸਵਾਦ- ਲੈਨਿਨਵਾਦ ਨੂੰ ਭਾਰਤ ਦੀਆਂ ਠੋਸ ਹਾਲਤਾਂ ‘ਤੇ ਲਾਗੂ ਕਰਨ ‘ਚ ਮੁਹਾਰਤ ਜਾਂ ਇਜ਼ਾਰੇਦਾਰੀ ਹੋਣ ਦਾ ਦਾਅਵਾ ਨਹੀਂ ਕਰ ਸਕਦੀ। ਐਪਰ ਇਹ ਵੀ ਸੱਚ ਹੈ ਕਿ ਹਰ ਕਮਿਊਨਿਸਟ ਤੇ ਖੱਬੀ ਧਿਰ ਕੋਲ ਵੱਖੋ-ਵੱਖ ਲੋਕ ਘੋਲ ਲੜਨ ਅਤੇ ਜਿੱਤਾਂ-ਹਾਰਾਂ ਦਾ ਮਾਣਮੱਤਾ ਤਜ਼ਰਬਾ ਵੀ ਮੌਜੂਦ ਹੈ। ਜੇਕਰ ਸਾਰੀਆਂ ਧਿਰਾਂ ਮਿਲ-ਬੈਠ ਕੇ ਸਾਂਝੇ ਪ੍ਰਵਾਨਿਤ ਮੁੱਦਿਆਂ, ਰਾਜਸੀ ਸਮਝਾਂ ਤੇ ਘੋਲਾਂ ਦੇ ਰੂਪਾਂ ਬਾਰੇ ਸੰਵਾਦ ਰਚਾਉਣ ਰਾਹੀਂ ਸਾਂਝੀ ਜਦੋਜਹਿਦ ਵਿੱਢਣ ਦਾ ਯਤਨ ਕਰਨ ਤਾਂ ਇਨਕਲਾਬੀ ਲਹਿਰ ਦੇ ਪਸਾਰ ‘ਚ ਬਹੁਤ ਸਹਾਇਤਾ ਮਿਲ ਸਕਦੀ ਹੈ। ਆਰਐੱਮਪੀਆਈ ਇਸ ਆਸ਼ੇ ਦੀ ਪੂਰਤੀ ਲਈ ਆਪਣੀ ਸਮਰੱਥਾ ਅਨੁਸਾਰ ਪੂਰਾ ਯੋਗਾਦਨ ਪਾਉਣ ਦਾ ਯਤਨ ਕਰਦੀ ਆ ਰਹੀ ਹੈ ਤੇ ਕਰਦੀ ਕਰੇਗੀ। ਆਰਐੱਮਪੀਆਈ “ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ, ਹਕੀਕੀ ਜਮਹੂਰੀ ਤੇ ਧਰਮ ਨਿਰਪੱਖ, ਸਮਾਨਤਾਵਾਦੀ ਸਮਾਜ” ਸਿਰਜਣ ਲਈ ਸਮਾਜਿਕ ਬਦਲਾਅ ਦੀ ਲਹਿਰ ਨੂੰ ਹਰ ਪੱਖੋਂ ਮਜ਼ਬੂਤ ਕਰਨ ਪ੍ਰਤੀ ਦ੍ਰਿੜ੍ਹ ਸੰਕਲਪ ਹੈ। ਇਸ ਕਾਰਜ ਦੀ ਫਤਹਿਯਾਬੀ ਲਈ ਅਤੀਤ ਦੀਆਂ ਇਨਕਲਾਬੀ ਤੇ ਸਮਾਜ ਸੁਧਾਰਕ ਲਹਿਰਾਂ, ਨਰੋਏ ਸਭਿਆਚਾਰਕ ਵਿਰਸੇ ਤੇ ਵੱਖੋ-ਵੱਖ ਦੌਰ ‘ਚ ਸਮਾਜ ਲਈ ਜਾਨਾਂ ਵਾਰਨ ਵਾਲੇ ਸੂਰਬੀਰਾਂ ਦੀਆਂ ਕੁਰਬਾਨੀਆਂ ਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦੀ ਹੋਏ ਮਿਹਨਤਕਸ਼ ਲੋਕਾਂ ਨੂੰ ਇਕਜੁੱਟ ਕਰਨ ਲਈ ਹਰ ਵਾਹ ਲਾਵੇਗੀ। ਹਰ ਤਰ੍ਹਾਂ ਦੇ ਦੁੱਖ-ਤਕਲੀਫ਼ਾਂ ਸਹਾਰਨ ਵਾਲੇ, ਲੋਕਾਂ ਲਈ ਸਮਰਪਿਤ ਧਾਰਮਿਕ ਮਹਾਂ ਪੁਰਸ਼ਾਂ ਦੀਆਂ ਸਿੱਖਿਆਵਾਂ, ਸਮਾਜਿਕ ਬਦਲਾਅ ਲਈ ਜੂਝਣ ਵਾਲੇ, ਦੇਸ਼ ਨੂੰ ਆਜ਼ਾਦ ਕਰਵਾਉਣ ਤੇ ਬਰਾਬਰੀ ਵਾਲਾ ਸਮਾਜ ਕਾਇਮ ਕਰਨ ਦੇ ਚਾਹਵਾਨ ਇਨਕਲਾਬੀ ਯੋਧਿਆਂ ਦੀਆਂ ਮਿਸਾਲੀ ਕੁਰਬਾਨੀਆਂ ਤੋਂ ਪ੍ਰੇਰਨਾ ਲੈਂਦੀ ਹੋਈ ਆਰ.ਐਮ.ਪੀ.ਆਈ. ਦੇਸ਼ ਦੀਆਂ ਠੋਸ ਰਾਜਸੀ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਹਾਲਤਾਂ ਦੇ ਅਨੁਕੂਲ ਸਮਾਜਿਕ ਤਬਦੀਲੀ ਦੀ ਲਹਿਰ ਦੇ ਪਸਾਰ ਤੇ ਮਜ਼ਬੂਤੀ ਲਈ ਕੰਮ ਕਰੇਗੀ।

ਲੰਘੇ 25 ਸਾਲਾਂ ਦੇ ਆਪਣੇ ਸਫਰ ਦੌਰਾਨ, ਆਰਐੱਮਪੀਆਈ ਨੇ ਪੰਜਾਬ ਤੇ ਕਈ ਦੂਜੇ ਪ੍ਰਾਤਾਂ ‘ਚ ਦਰੁਸਤ ਰਾਜਨੀਤਕ ਪੈਂਤੜੇ ਲੈਂਦਿਆਂ ਮਿਹਨਤਕਸ਼ਾਂ ਦੇ ਹਿੱਤਾਂ ਦੀ ਰਾਖੀ ਲਈ ਕਈ ਮਹੱਤਵਪੂਰਨ ਆਰਥਿਕ, ਰਾਜਨੀਤਕ, ਸਮਾਜਿਕ ਤੇ ਵਿਚਾਰਧਾਰਕ ਸੰਘਰਸ਼ ਲੜੇ ਹਨ ਤੇ ਖਾਸ ਹੱਦ ਤੱਕ ਸਫਲਤਾਵਾਂ ਵੀ ਹਾਸਲ ਕੀਤੀਆਂ ਹਨ। ਕਮਿਊਨਿਸਟ ਮਿਆਰਾਂ ਤੇ ਸਦਾਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦਿਆਂ, ਰਾਜਨੀਤੀ ‘ਚ ਆਏ ਸੱਜੇ-ਖੱਬੇ ਭਟਕਾਵਾਂ ਤੇ ਅਵਸਰਵਾਦੀ ਰੁਝਾਨਾਂ ਤੋਂ ਸਾਵਧਾਨ ਰਹਿੰਦੇ ਹੋਏ ਪੂਰੀ ਇਮਾਨਦਾਰੀ ਨਾਲ ਮਿਹਨਤੀਆਂ ਦੀ ਵਿਸ਼ਾਲ ਲਹਿਰ ਖੜ੍ਹੀ ਕਰਨ ਦਾ ਯਤਨ ਵੀ ਕੀਤਾ ਹੈ। ਇਸ ਕਾਰਜ ’ਚ, ਪਾਰਟੀ ਨੂੰ ਆਮ ਮਿਹਨਤਕਸ਼ਾਂ ਦਾ ਹਰ ਪੱਖੋਂ ਸਹਿਯੋਗ ਵੀ ਮਿਲਿਆ ਹੈ। ਪ੍ਰੰਤੂ ਇਹ ਵੀ ਸੱਚ ਹੈ ਕਿ ਪਾਰਟੀ ਦੇ ਸੀਮਤ ਜਨ ਆਧਾਰ ਦੇ ਚਲਦਿਆਂ ਰਾਜਸੀ ਘਟਨਾਵਾਂ ‘ਚ ਦਖਲ ਅੰਦਾਜ਼ੀ ਪੱਖੋਂ ਅਜੇ ਬਹੁਤ ਘਾਟਾਂ-ਕਮਜ਼ੋਰੀਆਂ ਵੀ ਹਨ। ਰਾਜਸੀ ਪੱਖੋਂ ਭਾਵੇਂ ਅਸੀਂ ਬੁਨਿਆਦੀ ਰੂਪ ‘ਚ ਦਰੁਸਤ ਪੈਂਤੜੇ ਲਏ ਹਨ, ਪ੍ਰੰਤੂ ਇਹ ਕਹਿਣਾ ਸਰਾਸਰ ਜ਼ਿਆਦਤੀ ਹੋਵੇਗਾ ਕਿ ਜਥੇਬੰਦਕ ਪੱਖੋਂ ਅਸੀਂ ਤਸੱਲੀ ਦੀ ਹੱਦ ਤੱਕ ਲੈਨਿਨਵਾਦੀ ਅਸੂਲਾਂ ‘ਤੇ ਅਧਾਰਤ ਪਾਰਟੀ ਤੇ ਜਨਤਕ ਜਥੇਬੰਦੀਆਂ ਦੀ ਉਸਾਰੀ ਕਰ ਲਈ ਹੈ। ਅਜੇ ਵੀ ਬਹੁਤ ਸਾਰੀਆਂ ਜਥੇਬੰਦਕ ਘਾਟਾਂ ਮੌਜੂਦ ਹਨ। ਮੈਂਬਰਾਂ ਦੀ ਸਿਧਾਂਤਕ-ਵਿਚਾਰਧਾਰਕ ਤੇ ਰਾਜਸੀ ਚੇਤਨਾ ਵੀ ਬਹੁਤੀ ਉੱਚ ਪੱਧਰ ਦੀ ਨਹੀਂ ਹੈ। ਇਸ ਦਿਸ਼ਾ ’ਚ ਉਚੇਚੇ, ਬੱਝਵੇਂ ਯਤਨ ਲੋੜੀਂਦੇ ਹਨ।

ਪਾਰਟੀ ਦਾ ਮਾਸਕ ਸਿਧਾਂਤਕ ਪਰਚਾ ‘ਸੰਗਰਾਮੀ ਲਹਿਰ’ 25 ਸਾਲਾਂ ਤੋਂ ਲਗਾਤਾਰ ਸਫਲਤਾ ਨਾਲ ਚੱਲ ਰਿਹਾ ਹੈ, ਪ੍ਰੰਤੂ ਪਾਠਕ ਗਿਣਤੀ ਹੋਰ ਵਧਾਉਣ ਦੀ ਲੋੜ ਹੈ। ਇਵੇਂ ਹੀ ‘ਪੀ.ਸੁੰਦਰੀਆ ਪ੍ਰਕਾਸ਼ਨ’ ਸ਼ੁਰੂ ਕਰਕੇ ਆਰੰਭਿਆ ਗਿਆ ਪਾਰਟੀ ਸਾਹਿਤ ਤੇ ਹੋਰ ਸਿਧਾਂਤਕ-ਵਿਚਾਰਧਾਰਕ ਪੁਸਤਕਾਂ ਛਾਪਣ ਦਾ ਕੰਮ ਵੀ ਹੋਰ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਸਫਾਂ ਨੂੰ ਵਿੱਦਿਆ ਦੇਣ ਲਈ ਤਿਆਰ ਕੀਤੇ ਗਏ ਸਿਲੇਬਸ ਦੇ ਆਧਾਰ ‘ਤੇ ਕਾਡਰ ਦੀ ਸਕੂਲਿੰਗ ਕੀਤੀ ਜਾਂਦੀ ਹੈ। ਜਮਹੂਰੀ ਲੀਹਾਂ ‘ਤੇ ਕੰਮ ਕਰਦੀਆਂ ਵੱਖੋ-ਵੱਖ ਜਨਤਕ ਜਥੇਬੰਦੀਆਂ ਸਮਾਜ ਦੇ ਵੱਖੋ-ਵੱਖ ਵਰਗਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਲਈ ਅਤੇ ਸਰਕਾਰੀ ਨੀਤੀਆਂ ਦੇ ਵਿਰੋਧ ‘ਚ ਸਾਂਝੇ ਜਨ ਅੰਦੋਲਨ ਮਜ਼ਬੂਤ ਕਰਨ ਵੱਲ ਅਗਰਸਰ ਹਨ। ਇਹ ਤਸੱਲੀ ਦੀ ਗੱਲ ਹੈ ਕਿ ਘੋਲਾਂ ‘ਚ ਦਲਿਤਾਂ-ਗਰੀਬਾਂ, ਔਰਤਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਨਿਰੰਤਰ ਵੱਧ ਰਹੀ ਹੈ। ਪਾਰਟੀ ਕਮੇਟੀਆਂ ਇਨ੍ਹਾਂ ਨੂੰ ਰਾਜਸੀ- ਸਿਧਾਂਤਕ ਚੇਤਨਾ ਨਾਲ ਲੈਸ ਕਰਕੇ ਪਾਰਟੀ ਸਫ਼ਾਂ ‘ਚ ਸ਼ਾਮਿਲ ਕਰਨ ਦੇ ਕਾਰਜ ਨੂੰ ਪ੍ਰਮੁੱਖਤਾ ਨਾਲ ਲੈਣ ਦੀ ਮਹੱਤਤਾ ਨੂੰ ਵੀ ਬੜੀ ਸ਼ਿੱਦਤ ਨਾਲ ਅਨੁਭਵ ਕਰ ਰਹੀਆਂ ਹਨ।

ਇਹ ਸਭ ਪ੍ਰਾਪਤੀਆਂ, ਪਾਰਟੀ ਦੇ ਸਾਰੇ ਆਗੂਆਂ, ਮੈਂਬਰਾਂ, ਹਮਦਰਦਾਂ ਦੇ ਸਾਂਝੇ ਯਤਨਾਂ ਤੇ ਦਰੁਸਤ ਰਾਜਸੀ ਸਮਝਦਾਰੀ ਦਾ ਨਤੀਜਾ ਹਨ। ਇਨ੍ਹਾਂ ਪ੍ਰਾਪਤੀਆਂ ‘ਚ ਢੇਰਾਂ ਵਾਧਾ ਕਰਨ ਦੀ ਲੋੜ ਹੈ ਤੇ ਮੌਜੂਦ ਘਾਟਾਂ ‘ਤੇ ਵੀ ਮਾਰਕਸੀ ਲੈਨਿਨੀ ਵਿਧੀ ਨਾਲ ਕਾਬੂ ਪਾਇਆ ਜਾਣਾ ਚਾਹੀਦਾ ਹੈ। ਇਨਕਲਾਬੀ ਪਾਰਟੀ ਦੀ ਸਿਰਜਣਾ ਤੇ ਵਿਕਾਸ ਇਕ ਨਿਰੰਤਰ ਤੇ ਯੋਜਨਾਬੱਧ ਪ੍ਰੀਕ੍ਰਿਆ ਹੈ, ਜਿਸ ਬਾਬਤ ਲੀਡਰਸ਼ਿਪ ਨੇ ਹਰ ਸਮੇਂ ਢੁਕਵੀਂ ਯੋਜਨਾਬੰਦੀ ਹੁੰਦੀ ਹੈ।

ਅੱਜ ਜਦੋਂ ਸੰਸਾਰ ਕਮਿਊਨਿਸਟ ਅੰਦੋਲਨ ਸਾਹਵੇਂ ਵੱਡੀਆਂ, ਗੰਭੀਰ ਚੁਣੌਤੀਆਂ ਮੂੰਹ ਅੱਡੀ ਖੜੀਆਂ ਹਨ ਤੇ ਪੂੰਜੀਵਾਦ ਹਰ ਹਰਬਾ ਵਰਤ ਕੇ ਇਨਕਲਾਬੀ ਲਹਿਰ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ, ਉਦੋ ਭਾਰਤ ਅੰਦਰ ਇਕ ਹਕੀਕੀ ਇਨਕਲਾਬੀ ਪਾਰਟੀ ਖੜ੍ਹੀ ਕਰਨ ਦਾ ਕਾਰਜ ਕਾਫ਼ੀ ਔਖਾ ਤੇ ਮੁਸ਼ਕਿਲਾਂ ਭਰਿਆ ਤਾਂ ਜ਼ਰੂਰ ਹੈ ਪਰ ਅਸੰਭਵ ਬਿਲਕੁਲ ਵੀ ਨਹੀਂ ਹੈ। 2001 ‘ਚ ਪੰਜਾਬ ਦੇ ਜਿਨ੍ਹਾਂ ਇਨਕਲਾਬੀ ਸਾਥੀਆਂ ਨੇ ਇਕ ਹਕੀਕੀ ਕਮਿਊਨਿਸਟ ਪਾਰਟੀ ਖੜ੍ਹੀ ਕਰਨ ਦਾ ਨਿਰਣਾ ਲਿਆ ਸੀ, ਉਹ ਕਿਸੇ ਇਕ ਆਗੂ ਜਾਂ ਧੜੇ ਦਾ ਕੰਮ ਨਹੀਂ ਹੈ। ਇਸ ਕੰਮ ‘ਚ ਦੇਸ਼ ਦੇ ਆਜ਼ਾਦੀ ਸੰਗਰਾਮ ‘ਚ ਭਾਗ ਲੈਣ ਵਾਲੇ ਸੰਗੀ-ਸਾਥੀ, ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਦੇ ਘੋਲਾਂ ਦੀ ਕੁਠਾਲੀ ‘ਚ ਤਪ ਕੇ ਕੁੰਦਨ ਬਣੇ

ਸਿਰਲੱਥ ਯੋਧੇ ਅਤੇ ਜਾਨ ਤਲੀ ‘ਤੇ ਰੱਖ ਕੇ ਹਰ ਰੰਗ ਦੇ ਫਿਰਕੂਆਂ ਤੇ ਅੱਤਵਾਦ-ਵੱਖਵਾਦ ਵਿਰੁੱਧ ਜੂਝਣ ਵਾਲੇ ਮਰਦ-ਏ-ਮੁਜਾਹਿਦ ਸ਼ਾਮਿਲ ਸਨ। ਪਾਰਟੀ ਦੀ ਸਥਾਪਨਾ ‘ਚ ਮਾਰਕਸੀ-ਲੈਨਿਨੀ ਫਲਸਫੇ ਦੇ ਜਾਣਕਾਰ ਤੇ ਭਾਰਤ ਦੀਆਂ ਠੋਸ ਪ੍ਰਸਥਿਤੀਆਂ ਅਨੁਸਾਰ ਇਸ ਵਿਗਿਆਨ ਨੂੰ ਲਾਗੂ ਕਰਕੇ ਸਮਾਜਿਕ ਬਦਲਾਅ ਦਾ ਝੰਡਾ ਬੁਲੰਦ ਕਰਨ ਵਾਲੇ ਕਮਿਊਨਿਸਟਾਂ ਨੇ ਵੀ ਆਪਣਾ ਯੋਗਦਾਨ ਪਾਇਆ ਹੈ। ਇਹ ਨਵੀਂ ਪਾਰਟੀ ਕਿਸੇ ਲੁਟੇਰੀ ਹਾਕਮ ਧਿਰ ਦੀ ਸਰਕਾਰ, ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਦੀ ਸਹਾਇਤਾ ਜਾਂ ਪੁਸ਼ਤ-ਪਨਾਹੀ ਨਾਲ ਨਹੀਂ, ਬਲਕਿ ਹੱਕ ਸੱਚ ਦੇ ਪਹਿਰਾਬਰਦਾਰ, ਅਸੂਲੀ ਰਾਜਨੀਤੀ ਤੇ ਜਮਾਤੀ ਚੇਤਨਾ ਦੇ ਆਪਾ ਵਾਰੂ ਸਿਪਾਹਲਾਰਾਂ ਦੀ ਲਗਨ, ਮਿਹਨਤ ਤੇ ਦੀ ਘਾਲਣਾ ਦੀ ਦੇਣ ਹੈ। ਸਰਮਾਏਦਾਰ-ਜਗੀਰਦਾਰ ਜਮਾਤਾਂ ਤੇ ਸਾਮਰਾਜੀਆਂ ਦੀ ਲੁੱਟ-ਖਸੁੱਟ ਤੋਂ ਪੀੜਤ ਲੋਕ ਅੱਜ ਭੁੱਖ, ਗਰੀਬੀ, ਬੇਰੁਜ਼ਗਾਰੀ ਤੇ ਹਰ ਕਿਸਮ ਦੀਆਂ ਤੰਗੀਆਂ-ਤੁਰਸ਼ੀਆਂ ਤੋਂ ਮੁਕਤੀ ਹਾਸਲ ਕਰਨ ਲਈ ਜੂਝ ਰਹੇ ਹਨ। ਨਾਲ ਹੀ ਭਾਜਪਾ ਤੇ ਉਸਦੇ ਵਿਚਾਰਧਾਰਕ ਆਕਾ ਆਰਐੱਸਐੱਸ ਦੇ ਫਿਰਕੂ ਫਾਸ਼ੀ ਏਜੰਡੇ ਦੇ ਖਤਰਨਾਕ ਮਨਸੂਬਿਆਂ ਨਾਲ ਦੋ-ਚਾਰ ਹੋ ਰਹੇ ਹਨ। ਆਰਐੱਮਪੀਆਈ, ਅਜਿਹੇ ਚਿੰਤਾਜਨਕ ਹਾਲਾਤ ਵਿਚ ਫਿਰਕੂ ਫਾਸ਼ੀ ਸ਼ਕਤੀਆਂ ਨੂੰ ਭਾਂਜ ਦੇਣ ਲਈ ਸਾਰੀਆਂ ਧਰਮ ਨਿਰਪੱਖ, ਲੋਕਰਾਜੀ ਤੇ ਖੱਬੀਆਂ ਧਿਰਾਂ ਦੀ ਵਿਸ਼ਾਲ ਏਕਤਾ ਕਾਇਮ ਕਰਨ ਲਈ ਪੂਰਾ ਤਾਨ ਲਾਏਗੀ। ਭਾਜਪਾ ਰਾਹੀਂ ਸੱਤਾ ‘ਤੇ ਕਾਬਜ਼ ਫਿਰਕੂ ਫਾਸ਼ੀ ਸ਼ਕਤੀਆਂ ਨੂੰ ਸੱਤਾ ਨੂੰ ਲਾਹੁਣ ਲਈ ਗੈਰ ਭਾਜਪਾ ਦਲਾਂ, ਧਰਮ ਨਿਰਪੱਖ ਤੇ ਜਮਹੂਰੀ ਲੋਕਾਂ ਦਾ ਵਿਸ਼ਾਲ ਏਕਾ ਉਸਾਰਨ ਦੇ ਨਾਲ ਨਾਲ ਪੂੰਜੀਵਾਦੀ ਜਗੀਰੂ ਲੁੱਟ-ਖਸੁੱਟ ਖਤਮ ਕਰਕੇ ਮਨੁੱਖੀ ਆਜ਼ਾਦੀਆਂ ਦੀ ਗਰੰਟੀ ਕਰਦੇ ਸਮਾਜ ਦੀ ਕਾਇਮੀ ਲਈ ਇਨਕਲਾਬੀ ਲਹਿਰ ਦੀ ਮਜ਼ਬੂਤੀ ਦੇ ਕੰਮ ਨੂੰ ਇਕ ਪਲ ਲਈ ਵੀ ਅੱਖੋਂ ਓਹਲੇ ਨਹੀਂ ਕੀਤਾ ਜਾਵੇਗਾ।

– ਮੰਗਤ ਰਾਮ ਪਾਸਲਾ

See Also

ਰਾਜਸੀ ਤਬਦੀਲੀ ਦੇ ਲੋਕ ਯੁੱਧ ਦੀਆਂ ਬੁਨਿਆਦੀ ਸੇਧਾਂ

(ੳ) ਮਾਰਕਸੀ -ਲੈਨਿਨੀ ਸਿਧਾਂਤ ਦੀ ਸੇਧ ‘ਚ, ‘ਜਮਾਤ ਰਹਿਤ, ਜਾਤ ਰਹਿਤ, ਨਾਰੀ ਮੁਕਤੀ ਵਲ ਸੇਧਤ, ਹਕੀਕੀ ਧਰਮ ਨਿਰਪੱਖ ਤੇ ਖਰਾ ਜਮਹੂਰੀ, ਹਰ ਤਰ੍ਹਾਂ ਦੀ ਲੁੱਟ-ਚੋਂਘ ਤੇ ਜਬਰ-ਵਿਤਕਰੇ ਤੋਂ ਮੁਕਤ ਸਮਾਜ, ਭਾਵ ਸਮਾਜਵਾਦੀ ਢਾਂਚ ਕਾਇਮ ਕਰਨ ਲਈ ਜੂਝਣਾ।

(ਅ) ਭਾਰਤ ਅੰਦਰ ਲੋਕ ਜਮਹੂਰੀ ਇਨਕਲਾਬ ਦੇ ਨਿਸ਼ਾਨੇ ਦੀ ਪੂਰਤੀ ਲਈ ਵਿਦੇਸ਼ੀ ਪੂੰਜੀ ਨੂੰ ਜ਼ਬਤ ਕਰਨ, ਕਾਰਪੋਰੇਟ ਘਰਾਣਿਆਂ ਦੀ ਪੂੰਜੀ ਦਾ ਕੌਮੀਕਰਨ ਕਰਨ ਤੇ ਜਗੀਰਦਾਰੀ ਦਾ ਖਾਤਮਾ ਕਰਕੇ ਜ਼ਮੀਨ ਬਿਨਾਂ ਮੁਆਵਜ਼ਾ ਹੱਲ ਵਾਹਕਾਂ ‘ਚ ਵੰਡਣ ਦਾ ਕਾਰਜ ਪੂਰਾ ਕਰਨਾ।

(ੲ) ਅਤਿ ਘਿਨਾਉਣੀ ਹਦ ਤਕ ਸੰਸਥਾਗਤ ਰੂਪ ਧਾਰਨ ਕਰ ਚੁੱਕੀ ਵਰਣ ਵਿਵਸਥਾ ਦੇ ਫਲਸਰੂਪ ਪੈਦਾ ਹੁੰਦੇ ਜਬਰ- ਵਿਤਕਰੇ ਦੇ ਖਾਤਮੇ ਲਈ ਜਾਤ-ਪਾਤ ਵਿਰੁੱਧ ਘੋਲ, ਜਮਾਤੀ ਸੰਘਰਸ਼ ਦਾ ਅਟੁੱਟ ਹਿੱਸਾ ਬਣਾਉਣਾ। ਇਹ ਦੋਨੋਂ ਸੰਘਰਸ਼ ਇਕ ਦੂਸਰੇ ਦੇ ਵਿਰੋਧੀ ਨਹੀਂ, ਸਗੋਂ ਪਰਿਪੂਰਕ ਹਨ।

(ਸ) ਮਜ਼ਦੂਰਾਂ, ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਦੇ ਸੰਘਰਸ਼ ਭਾਰੂ ਹੱਦ ਤਕ ਆਰਥਿਕਵਾਦ ਦਾ ਸ਼ਿਕਾਰ ਹਨ।

Scroll To Top