Now Reading
ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਤੇ ਭਾਈਚਾਰਾ ਤੋੜਨ ਦੀਆਂ ਸਾਜ਼ਿਸ਼ਾਂ ਨੂੰ ਪਛਾਣੋ

ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਤੇ ਭਾਈਚਾਰਾ ਤੋੜਨ ਦੀਆਂ ਸਾਜ਼ਿਸ਼ਾਂ ਨੂੰ ਪਛਾਣੋ


ਮੰਗਤ ਰਾਮ ਪਾਸਲਾ
ਕਿਸੇ ਵੀ ਕੌਮ, ਧਰਮ ਤੇ ਸਿਆਸੀ ਦਲ ਲਈ ਆਪਣਾ ਭਲਾ ਲੋਚਣ ਤੇ ਠੀਕ ਸੇਧ ‘ਚ ਵਿਕਾਸ ਕਰਨ ਹਿਤ ਅਤੀਤ ‘ਚ ਕੀਤੇ ਕੰਮਾਂ ਨੂੰ ਗੁਣ-ਦੋਸ਼ ਦੇ ਆਧਾਰ ‘ਤੇ ਪੜਚੋਲਵੀਂ ਨਜ਼ਰ ਨਾਲ ਘੋਖਣਾ ਬੜਾ ਜ਼ਰੂਰੀ ਹੈ, ਕਿਉਂਕਿ ਇੰਝ ਕੀਤਿਆਂ ਹੀ ਮਾਣ ਕਰਨ ਯੋਗ ਅਮਲ ਹੋਰ ਅੱਗੇ ਵਧਾਏ ਜਾ ਸਕਦੇ ਹਨ ਤੇ ਬੀਤੇ ਦੀਆਂ ਭੁੱਲਾਂ ਸੁਧਾਰੀਆਂ ਜਾ ਸਕਦੀਆਂ ਹਨ। ਅਫਸੋਸ, ਇਸ ਸ਼ਾਨਦਾਰ ਅਸੂਲ ਦੀ ਪਾਲਣਾ ਆਮ ਤੌਰ ‘ਤੇ ਘੱਟ ਹੀ ਕੀਤੀ ਜਾਂਦੀ ਹੈ। ਸਿੱਟੇ ਵਜੋਂ ਬੀਤੇ ਦੀਆਂ ਗਲਤੀਆਂ ਨੂੰ ਵਾਰ-ਵਾਰ ਦੁਹਰਾਏ ਜਾਣ ਦਾ ਖਤਰਾ ਕਾਇਮ ਰਹਿੰਦਾ ਹੈ ਤੇ ਵੱਖੋ-ਵੱਖ ਕਿਸਮ ਦੇ ਭਟਕਾਅ ਭਵਿੱਖ ‘ਚ ਨਵੀਆਂ ਮੁਸੀਬਤਾਂ ਖੜ੍ਹੀਆਂ ਹੋਣ ਦੇ ਸਬੱਬ ਬਣ ਜਾਂਦੇ ਹਨ। ਇਹ ਸਥਿਤੀ ਭਾਰਤ ਦੇ ਲਗਭਗ _ਸਾਰੇ ਰਾਜਸੀ ਦਲਾਂ ਦੀ ਹੈ। ਉਂਝ ਕੋਈ ਵੀ ਸਿਆਸੀ ਧਿਰ ਨਾ ਤਾਂ ਉਚੇਚੇ ਗੁਣਾਂ ਤੋਂ ਸੱਖਣੀ ਹੈ ਤੇ ਨਾ ਹੀ ਕੋਈ ਬੱਜਰ ਗਲਤੀਆਂ ਤੋਂ ਬਰੀ ਸਮਝਿਆ ਜਾ ਸਕਦਾ ਹੈ। ਇਸੇ ਕਰਕੇ ਹਰ ਸੰਸਥਾ ਲਈ ਬੇਬਾਕੀ ਨਾਲ ਆਤਮ ਮੰਥਨ ਕਰਨਾ ਅਜੋਕੇ ਪੇਚੀਦਾ ਸਮੇਂ ਦੀ ਸਖ਼ਤ ਲੋੜ ਬਣ ਚੁੱਕਿਆ ਹੈ। ਨਹੀਂ ਤਾਂ ਲੁਟੇਰੀ ਸੱਤਾਧਾਰੀ ਜਮਾਤ ਤੇ ਸਵਾਰਥੀ ਲੋਕਾਂ ਦੇ ਬੁਣੇ ਮੱਕੜਜਾਲ ‘ਚ ਫਸ ਕੇ ਕੋਈ ਵੀ ਵਿਅਕਤੀ, ਸੰਸਥਾ, ਸਿਆਸੀ ਦਲ ਜਾਂ ਧਰਮ ਆਪਣੇ ਅਸਲ ਰਾਹ ਤੋਂ ਥਿੜਕ ਕੇ ਕੁਰਾਹੇ ਪੈ ਸਕਦਾ ਹੈ। ਏਥੇ ਆਪਾਂ ਪੰਜਾਬ ਦੇ ਬੀਤੇ ਦੇ ਕੁਝ ਪਹਿਲੂਆਂ ਤੇ ਅਜੋਕੀ ਗੁੰਝਲਦਾਰ ਸਥਿਤੀ ਨੂੰ ਉਪਰੋਕਤ ਸੇਧ ‘ਚ ਜਾਨਣ-ਸਮਝਣ ਦਾ ਯਤਨ ਕਰਾਂਗੇ, ਤਾਂ ਜੋ ਸਮੂਹ ਪੰਜਾਬੀ ਕਿਸੇ ਵੱਡੇ ਦੁਖਾਂਤ ਤੋਂ ਬਚਦੇ ਹੋਏ ਪ੍ਰਾਂਤ ਤੇ ਦੇਸ਼ ਦੇ ਉਜਲਾ ਭਵਿੱਖ ਸਿਰਜਣ ਪੱਖੋਂ ਆਪਣਾ ਬਣਦਾ ਯੋਗਦਾਨ ਪਾ ਸਕਣ।

ਦੇਸ਼ ‘ਤੇ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਇਸ ਸਰਹੱਦੀ ਤੇ ਸੰਵੇਦਨਸ਼ੀਲ ਪ੍ਰਾਂਤ, ਜਿੱਥੇ ਦੇਸ਼ ਦਾ ਬੇਹੱਦ ਮਹੱਤਵਪੂਰਨ ਘੱਟ ਗਿਣਤੀ ਸਿੱਖ ਭਾਈਚਾਰਾ ਵੱਸਦਾ ਹੈ, ਪ੍ਰਤੀ ਅਤੀਤ ‘ਚ, ਖਾਸ ਕਰਕੇ 70ਵਿਆਂ ਤੋਂ ਪਿਛੋਂ ਵਾਜਬ ਤੇ ਸੰਤੁਲਿਤ ਪਹੁੰਚ ਨਹੀਂ ਅਪਣਾਈ। ਦੂਜੇ ਸ਼ਬਦਾਂ ‘ਚ ਸੂਬੇ ਦੀ ਬਿਹਤਰੀ ਲਈ ਅਜਿਹੀਆਂ ਨੀਤੀਆਂ ‘ਤੇ ਅਮਲ ਨਹੀਂ ਕੀਤਾ ਗਿਆ, ਜਿਸ ਨਾਲ ਇੱਥੋਂ ਦੇ ਵਸਨੀਕ ਬਾਕੀ ਦੇਸ਼ ਵਾਸੀਆਂ ਦੇ ਹਮ ਕਦਮ ਹੋ ਕੇ ਚੰਗਿਆਈ ਦੇ ਰਸਤੇ ਖੁਸ਼ੀ-ਖੁਸ਼ੀ ਅੱਗੇ ਵਧਦੇ ਜਾਣ। ਦੇਸ਼ ਦੇ ਸੰਵਿਧਾਨ ਤੇ ਸੰਘਾਤਮਕ (ਫੈਡਰਲ) ਅਸੂਲਾਂ ਅਨੁਸਾਰ ਪੰਜਾਬ ਨੂੰ ਇਸ ਦੇ ਬਣਦੇ ਅਧਿਕਾਰ ਨਹੀਂ ਦਿੱਤੇ ਗਏ, ਨਾ ਤਾਂ ਦਰਿਆਈ ਪਾਣੀਆਂ ਦੀ ਰੀਪੇਰੀਅਨ ਸਿਧਾਂਤ ਅਨੁਸਾਰ ਨਿਆਈਂ ਵੰਡ ਕੀਤੀ ਗਈ ਅਤੇ ਨਾ ਹੀ ਪੰਜਾਬੀ ਬੋਲੀ ਨੂੰ ਪੰਜਾਬ, ਗੁਆਂਢੀ ਰਾਜਾਂ ਤੇ ਦੇਸ਼ ਦੇ ਬਾਕੀ ਪ੍ਰਾਂਤਾਂ ‘ਚ ਬਣਦਾ ਮਾਣ-ਸਨਮਾਨ ਦਿੱਤਾ ਗਿਆ । ਪੰਜਾਬ ਦੇ ਪਿੰਡ ਉਜਾੜ ਕੇ ਸੂਬੇ ਦੀ ਰਾਜਧਾਨੀ ਵਜੋਂ ਵਸਾਇਆ ਗਿਆ ਚੰਡੀਗੜ੍ਹ ਅੱਜ ਤੱਕ ਵੀ ਪ੍ਰਾਂਤ ਨੂੰ ਨਹੀਂ ਸੌਂਪਿਆ ਗਿਆ । ਪੰਜਾਬ ਦੇ ਪੁਨਰਗਠਨ ਤੋਂ ਪਿੱਛੋਂ ਪੰਜਾਬੀ ਬੋਲਦੇ ਪਿੰਡ ਸਾਜ਼ਿਸ਼ਨ ਪੰਜਾਬ ਤੋਂ ਬਾਹਰ ਰੱਖੇ ਗਏ। ਉਕਤ ਮਸਲੇ ਦਿਆਨਤਦਾਰੀ ਤੇ ਨੇਕ-ਨੀਅਤ ਨਾਲ ਹੱਲ ਨਾ ਕੀਤੇ ਜਾਣ ਦੇ ਸਿੱਟੇ ਵਜੋਂ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦੇ ਮਨਾਂ ‘ਚ ਬੇਗਾਨਗੀ ਦੀ ਭਾਵਨਾ ਪਨਪੀ। ਇਸੇ ਸਵਾਰਥੀ ਪਹੁੰਚ ਨਾਲ ਪੰਜਾਬ ਦੀ ਜਵਾਨੀ ਦੇ ਕੁਰਾਹੇ ਪੈਣ ਦੀ ਐਸੀ ਜ਼ਮੀਨ ਤਿਆਰ ਹੋਈ, ਜਿਸ ਦਾ ਖਮਿਆਜ਼ਾ ਪ੍ਰਾਂਤ ਦੇ ਲੋਕ ਅੱਜ ਤੱਕ ਵੀ ਭੁਗਤ ਰਹੇ ਹਨ। ਖੈਰ, ਸਵਾਲ ਇਹ ਹੈ ਕਿ ਕੀ ਕਾਂਗਰਸ ਪਾਰਟੀ ਨੇ ਉਪਰੋਕਤ ਗਲਤੀਆਂ ਦਾ ਅਹਿਸਾਸ ਕਰਕੇ ਇਨ੍ਹਾਂ ਨੂੰ ਸੁਧਾਰਨ ਦੇ ਕੋਈ ਗੰਭੀਰ ਯਤਨ ਕੀਤੇ ?

ਪ੍ਰਾਂਤ ਦੀ ਦੂਜੀ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ-ਪੰਜਾਬੀਆਂ ਨਾਲ ਘੱਟ ਨਹੀਂ ਗੁਜ਼ਾਰੀ। ਅੱਜ-ਕੱਲ੍ਹ ਬੇਸ਼ੱਕ ਕਈ ਅਕਾਲੀ ਦਲ ਸਰਗਰਮ ਹਨ। ਅਤੀਤ ‘ਚ ਵੀ ਕਈ ਅਕਾਲੀ ਦਲ ਹੋਂਦ ‘ਚ ਆਉਂਦੇ ਰਹੇ ਹਨ। ਇਨ੍ਹਾਂ ‘ਚੋਂ ਕਈ ਗਾਹੇ- ਬਗਾਹੇ ਵੱਡੀਆਂ ਚੁਣਾਵੀ ਜਿੱਤਾਂ ਵੀ ਹਾਸਲ ਕਰਦੇ ਰਹੇ ਹਨ, ਪ੍ਰੰਤੂ ਅਜੇ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੀ ਮੂਲ ਅਕਾਲੀ ਦਲ ਮੰਨਿਆ ਜਾਂਦਾ ਹੈ। ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਐਸ ਜੀ ਪੀ ਸੀ ‘ਤੇ ਵੀ ਕਈ ਦਹਾਕਿਆਂ ਤੋਂ ਬਾਦਲ ਦਲੀਏ ਹੀ ਕਾਬਜ਼ ਹਨ। ਲੰਘੀ ਸਦੀ ਦੇ ਸੱਤਵੇਂ ਦਹਾਕੇ ਦੇ ਅਖ਼ੀਰਲੇ ਸਾਲਾਂ ‘ਚ ਸ਼੍ਰੋਮਣੀ ਅਕਾਲੀ ਦਲ ਤੇ ਸੀ ਪੀ ਆਈ (ਐਮ.) ਨੇ ਦਰਿਆਈ ਪਾਣੀਆਂ ਦੀ ਹੱਕੀ ਵੰਡ ਤੇ ਪੰਜਾਬ ਦੇ ਹੋਰ ਮੁੱਦਿਆਂ ਦਾ ਠੀਕ ਹੱਲ ਕੱਢੇ ਜਾਣ ਲਈ ਜਮਹੂਰੀ ਲੀਹਾਂ ‘ਤੇ ਸਮੂਹ ਪੰਜਾਬੀਆਂ ਦਾ ਸਰਵ- ਸਾਂਝਾ ਘੋਲ ਵਿੱਢਣ ਲਈ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਪੂਰੀ ਤੋਂ ਇਕ ਅੰਦੋਲਨ ਵਿੱਢਿਆ ਸੀ। ਇਸੇ ਕਰਕੇ ਇਸ ਅੰਦੋਲਨ ਨੂੰ ‘ਕਪੂਰੀ ਮੋਰਚੇ’ ਦਾ ਨਾਂਅ ਦਿੱਤਾ ਗਿਆ ਸੀ। ਅਕਾਲੀ ਦਲ ਨੇ ਸੌੜੀ ਤੇ ਇਕ-ਪਾਸੜ ਸੋਚ ਅਧੀਨ ਸਮੂਹ ਪੰਜਾਬੀਆਂ ਦੀਆਂ ਉਕਤ ਮੰਗਾਂ ਨੂੰ ਕੇਵਲ ਸਿੱਖਾਂ ਦੀਆਂ ਮੰਗਾਂ ਵਜੋਂ ਪੇਸ਼ ਕਰਨ ਲਈ ਇਹ ਮੋਰਚਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਤਬਦੀਲ ਕਰ ਲਿਆ ਤੇ ਇਸ ਨੂੰ ‘ਧਰਮ ਯੁੱਧ’ ਮੋਰਚੇ ਦਾ ਨਾਂਅ ਦੇ ਦਿੱਤਾ। ਅਕਾਲੀਆਂ ਦੀ ਇਸ ਮੌਕਾਪ੍ਰਸਤੀ, ਡਾਵਾਂਡੋਲਤਾ ਤੇ ਸੱਤਾ ਨਾਲ ਹਰ ਹਾਲਤ ਚਿੰਬੜੇ ਰਹਿਣ ਦੀ ਲਾਲਸਾ ਕਰਕੇ ਉਕਤ ਮੋਰਚੇ ਦੀ ਵਾਗਡੋਰ ਅਖੌਤੀ ਗਰਮ ਖਿਆਲੀਆਂ ਦੇ ਹੱਥਾਂ ‘ਚ ਚਲੀ ਗਈ ਤੇ ਰਵਾਇਤੀ ਅਕਾਲੀ ਆਗੂ ਹੌਲੀ-ਹੌਲੀ ਗੈਰ-ਪ੍ਰਸੰਗਕ ਬਣਦੇ ਗਏ। ਨਤੀਜਾ- ਦਰਿਆਈ ਪਾਣੀਆਂ ਦੀ ਨਿਆਈਂ ਵੰਡ ਦੀ ਹੱਕੀ ਮੰਗ ਤੇ ਹੋਰ ਜਮਹੂਰੀ ਮੰਗਾਂ ਪਿਛਾਂਹ ਧੱਕ ਕੇ ਮੁੱਖ ਮੁੱਦਾ ਇਹ ਬਣਾ ਲਿਆ ਗਿਆ ਕਿ ‘ਭਾਰਤ ‘ਚ ਸਿੱਖ ਗੁਲਾਮ ਹਨ’ ਤੇ ‘ਸਿੱਖਾਂ ਨੂੰ ਆਜ਼ਾਦੀ’ ਚਾਹੀਦੀ ਹੈ।

ਉਂਝ ਦੇਖਿਆ ਜਾਵੇ ਤਾਂ ਭਾਰਤ ‘ਚ ਸਿੱਖਾਂ ਸਮੇਤ ਹਰ ਧਰਮ ਨੂੰ ਮੰਨਣ ਵਾਲੇ ਗਰੀਬ ਲੋਕ ਦੇਸ਼ ਦੀਆਂ ਹਾਕਮ ਜਮਾਤਾਂ ਦੇ ਗੁਲਾਮ ਹੀ ਹਨ। ਅੱਗੋਂ ਇਸ ਆਸ਼ੇ (ਆਜ਼ਾਦੀ) ਦੀ ਪ੍ਰਾਪਤੀ ਲਈ ਦਰਬਾਰ ਸਾਹਿਬ ਦੀ ਫਿਜ਼ਾ ਅੰਦਰੋਂ ਗੂੰਜਣੇ ਸ਼ੁਰੂ ਹੋਏ ‘ਹਥਿਆਰਬੰਦ ਘੋਲ’ ਵਿੱਢਣ ਦੇ ਨਾਅਰੇ ਪੰਜਾਬ ਤੋਂ ਹੁੰਦੇ ਹੋਏ ਦੇਸ਼ ਦੇ ਕੋਨੇ- ਕੋਨੇ ਤੀਕ ਜਾ ਪੁੱਜੇ। ਅੰਮ੍ਰਿਤਸਰ ਸਾਹਿਬ ਸਮੇਤ ਕਈ ਹੋਰ ਥਾਵਾਂ ‘ਤੇ ਦਮਦਮੀ ਟਕਸਾਲ ਤੇ ਨਿਰੰਕਾਰੀਆਂ ਦਰਮਿਆਨ ਹੋਈਆਂ ਖੂਨੀ ਝੜਪਾਂ ‘ਚ ਦਰਜਨਾਂ ਮੌਤਾਂ ਹੋਈਆਂ। ਇਸ ਹਿੰਸਕ ਦੌਰ ‘ਚ ‘ਆਜ਼ਾਦ ਸਿੱਖ ਰਾਜ’ ਦੀ ਮੰਗ ਲਈ ਲੜ ਰਹੇ ਹਥਿਆਰਬੰਦ ਟੋਲਿਆਂ ਨੇ ਡਰ ਦਾ ਮਹੌਲ ਪੈਦਾ ਕਰਕੇ ਸੱਤਾਧਾਰੀ ਧਿਰ ਤੋਂ ਮੰਗਾਂ ਮਨਵਾਉਣ ਲਈ ਬਹੁਤ ਸਾਰੇ ਬੇਗੁਨਾਹਾਂ ਦੇ ਕਤਲ ਵੀ ਕੀਤੇ । ਬੇਗੁਨਾਹਾਂ, ਖਾਸ ਕਰਕੇ ਹਿੰਦੂ ਵਸੋਂ ਦੇ ਘਿਨੌਣੇ ਕਤਲਾਂ ਪਿੱਛੇ ਦਹਿਸ਼ਤਗਰਦਾਂ ਦੀ ਇਕ ਮਨਸ਼ਾ ਇਹ ਵੀ ਸੀ ਕਿ ਇਨ੍ਹਾਂ ਕਤਲਾਂ ਦੇ ਪ੍ਰਤੀਕਰਮ ਵਜੋਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਖਿਲਾਫ ਵੀ ਹਿੰਸਕ ਹਮਲੇ ਹੋਣੇ ਸ਼ੁਰੂ ਹੋ ਜਾਣ ਤੇ ਪੂਰੇ ਦੇਸ਼ ‘ਚ ਹਿੰਸਾ ਭੜਕ ਉੱਠੇ। ਪੰਜਾਬ ‘ਚ ਦਹਿਸ਼ਤਗਰਦਾਂ ਹੱਥੋਂ ਮਾਰੇ ਗਏ ਜ਼ਿਆਦਾਤਰ ਲੋਕ ਬਿਨਾਂ ਸ਼ੱਕ ਹਿੰਦੂ ਭਾਈਚਾਰੇ ਨਾਲ ਸਬੰਧਤ ਸਨ, ਪ੍ਰੰਤੂ ਅਰਾਜਕਤਾ ਦੇ ਉਸ ਮਹੌਲ ‘ਚ ਸਿੱਖਾਂ ਸਮੇਤ ਸਾਰੇ ਧਰਮਾਂ ਨੂੰ ਮੰਨਣ ਵਾਲੇ ਤੇ ਵੱਖੋ-ਵੱਖ ਜਾਤੀਆਂ ਨਾਲ ਸੰਬੰਧਤ ਆਮ ਲੋਕਾਂ ਤੋਂ ਇਲਾਵਾ ਸਿਆਸੀ ਆਗੂ, ਅਖ਼ਬਾਰਾਂ ਦੇ ਸੰਪਾਦਕ ਤੇ ਪੱਤਰਕਾਰ, ਕਲਾਕਾਰ ਤੇ ਉੱਘੇ ਬੁੱਧੀਜੀਵੀ ਵੀ ਕਤਲ ਕੀਤੇ ਗਏ।

ਕਮਿਊਨਿਸਟ ਸਾਂਝੀਵਾਲਤਾ ਤੇ ਸਮਾਨਤਾ ਦੇ ਮੁੱਦਈ ਅਤੇ ਧਰਮ ਨਿਰਪੱਖ ਸੋਚ ਦੇ ਧਾਰਨੀ ਹੋਣ ਕਰਕੇ ਬਿਨਾਂ ਕਿਸੇ ਧਾਰਮਿਕ, ਜਾਤੀ-ਪਾਤੀ ਤੇ ਵਿਚਾਰਧਾਰਕ ਵਿਤਕਰੇ ਦੇ ਸਮੂਹ ਪੰਜਾਬੀਆਂ ਦੀ ਜਾਨ-ਮਾਲ ਦੀ ਰਾਖੀ ਦੀ ਮੰਗ ਲਈ ਜੂਝਦੇ ਸਨ । ਉਹ ਧਰਮ ਆਧਾਰਤ ਦੇਸ਼ ਦੀ ਸਥਾਪਨਾ ਦੇ ਵਿਰੋਧੀ ਸਨ ਤੇ ਪੰਜਾਬ ਦੇ ਮੰਗਾਂ-ਮਸਲਿਆਂ ਦਾ ਸਥਾਈ ਤੇ ਸਨਮਾਨ ਯੋਗ ਹੱਲ ਲੱਭਣ ਲਈ ਆਵਾਜ਼ ਬੁਲੰਦ ਕਰਦੇ ਸਨ। ਸਭ ਤੋਂ ਵਧ ਕੇ ਸਿੱਖ ਫਲਸਫੇ ਦੇ ਮਾਨਵੀ ਸਰੋਕਾਰਾਂ ਨੂੰ ਬੱਦੂ ਕਰਨ ਵਾਲੇ ਦਹਿਸ਼ਤੀ ਕਾਰਿਆਂ ਦਾ ਬਾਦਲੀਲ, ਡਟਵਾਂ ਵਿਰੋਧ ਕਰਦੇ ਸਨ। ਹਥਿਆਰਬੰਦ ਗ੍ਰੋਹਾਂ ਨੇ ਇਸੇ ਕਰਕੇ ਕਮਿਊਨਿਸਟ ਲਹਿਰ ਦੇ ਉੱਚ ਕੋਟੀ ਦੇ ਲਗਭਗ 300 ਆਗੂ ਤੇ ਕਾਰਕੁਨ ਅਤੇ ਹੋਰ ਅਗਾਂਹਵਧੂ ਲੋਕ ਸ਼ਹੀਦ ਕੀਤੇ।

ਇਸ ਦੇ ਉਲਟ ਪੰਜਾਬ ਸਮੱਸਿਆ ਦੇ ਸਿਆਸੀ ਹੱਲ ਦੀ ਮੰਗ ਨੂੰ ਬੇਲੋੜੀ ਸਮਝਣ ਵਾਲੀ ਭਾਜਪਾ, ਜੋ ਪਿੱਛੋਂ ਜਾ ਕੇ ਬੇਗੁਨਾਹਾਂ ਦੇ ਕਾਤਲਾਂ ਪ੍ਰਤੀ ਨਰਮ ਗੋਸ਼ਾ ਰੱਖਣ ਵਾਲੇ ਅਕਾਲੀ ਦਲ ਦੀ ਭਾਈਵਾਲ ਵੀ ਬਣ ਗਈ ਸੀ, ਨੇ ਹਥਿਆਰਬੰਦ ਗ੍ਰੋਹਾਂ ਨਾਲ ਸਿਰਫ਼ ਸਖ਼ਤੀ ਨਾਲ ਨਜਿੱਠਣ ‘ਤੇ ਜ਼ੋਰ ਦਿੱਤਾ ਸੀ। ਇਕ ਸਮੇਂ ਕਮਿਊਨਿਸਟਾਂ ਤੇ ਅਕਾਲੀ ਦਲ ਨੇ ਪੰਜਾਬ ਸਮੱਸਿਆ ਦੇ ਸਿਆਸੀ ਸਮਾਧਾਨ ਲਈ ਪੂਰਾ ਜ਼ੋਰ ਲਾਇਆ ਸੀ, ਪ੍ਰੰਤੂ ਇਹ ਵੀ ਸੱਚ ਹੈ ਕਿ ਬਹੁ ਗਿਣਤੀ ਅਕਾਲੀ ਧੜਿਆਂ ਤੇ ਆਗੂਆਂ ਨੇ ਡਰਦਿਆਂ ਜਾਂ ਸਿਧਾਂਤਕ ਕਮਜ਼ੋਰੀ ਕਰਕੇ ਖਾਲਿਸਤਾਨ ਦੀ ਕਾਇਮੀ ਲਈ ਹਥਿਆਰਬੰਦ ਘੋਲ ਲੜ ਰਹੇ ਲੋਕਾਂ ਦਾ ਅਸੂਲੀ ਤੇ ਡਟਵਾਂ ਵਿਰੋਧ ਕਰਨ ਦੀ ਥਾਂ ਉਨ੍ਹਾਂ ਵੱਲ ਨੂੰ ਪਤਿਆਊ ਵਤੀਰਾ ਧਾਰਨ ਕਰੀ ਰੱਖਿਆ ਸੀ। ਸ਼ਾਂਤੀ ਕਾਇਮ ਰੱਖਣ ਤੇ ਅੱਤਵਾਦ ‘ਤੇ ਕਾਬੂ ਪਾਉਣ ਲਈ ਪੁਲਸ ਤੇ ਅਰਧ ਸੈਨਿਕ ਬਲਾਂ ਨੇ ਬੇਗੁਨਾਹਾਂ ਦੇ ਅਨੇਕਾਂ ਕਾਤਲਾਂ ਨੂੰ ਮਾਰ ਮੁਕਾਇਆ। ਇਹ ਫਰਜ਼ ਨਿਭਾਉਂਦਿਆਂ ਪੁਲਸ ਤੇ ਅਰਧ ਸੈਨਿਕ ਬਲਾਂ ਦੇ ਸੈਂਕੜੇ ਜਵਾਨ ਤੇ ਅਧਿਕਾਰੀ ਵੀ ਮਾਰੇ ਗਏ ਸਨ, ਪ੍ਰੰਤੂ ਇਹ ਵੀ ਸੱਚ ਹੈ ਕਿ ਪੰਜਾਬ ਪੁਲਸ ਦੇ ਅਨੇਕਾਂ ਅਧਿਕਾਰੀਆਂ- ਕਰਮਚਾਰੀਆਂ ਨੇ ਬੇਸ਼ੁਮਾਰ ਧਨ ਇਕੱਠਾ ਕਰਨ ਤੇ ਪਦ ਉਨਤੀ ਦੀ ਲਾਲਸਾ ਅਧੀਨ ਜਾਂ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਬਹੁਤ ਸਾਰੇ ਬੇਕਸੂਰ ਤੇ ਅਮਨ ਪਸੰਦ ਲੋਕ ਝੂਠੇ ਪੁਲਸ ਮੁਕਾਬਲਿਆਂ ‘ਚ ਮਾਰੇ ਵੀ ਤੇ ਅਨੇਕਾਂ ਹੋਰਨਾਂ ‘ਤੇ ਅਣਮਨੁੱਖੀ ਜਬਰ ਵੀ ਢਾਹਿਆ।

ਉਦੋਂ ਦੀ ਕਾਂਗਰਸੀ ਸਰਕਾਰ ਨੇ ਵੱਖਰੇ ਦੇਸ਼ ਦੀ ਮੰਗ ਲਈ ‘ਯੁੱਧ ਲੜ ਰਹੇ’ ਅੱਤਵਾਦੀਆਂ ਨੂੰ ਦਰਬਾਰ ਸਾਹਿਬ ‘ਚੋਂ ਖਦੇੜਣ ਲਈ ਉੱਥੇ ‘ਅਪਰੇਸ਼ਨ ਬਲਿਊ ਸਟਾਰ’ ਤਹਿਤ ਫੌਜ ਭੇਜੀ। ਉਕਤ ਅਪਰੇਸ਼ਨ ਦੌਰਾਨ ਬੇਗੁਨਾਹਾਂ ਦੇ ਕਾਤਲ, ਵੱਖਵਾਦੀਆਂ ਸਮੇਤ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਸੈਂਕੜੇ ਬੇਗੁਨਾਹ ਲੋਕ ਵੀ ਮਾਰੇ ਗਏ ਸਨ । ਸਾਡੀ ਜਾਚੇ ਇਹ ਕਦਮ ਟਾਲਿਆ ਜਾ ਸਕਦਾ ਸੀ। ਇਸ ਪਿੱਛੋਂ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦਾ ਉਨ੍ਹਾ ਦੇ ਦੋ ਸਿੱਖ ਅੰਗ-ਰੱਖਿਅਕਾਂ ਨੇ ਕਤਲ ਕਰ ਦਿੱਤਾ। ਇਸ ਦੀ ਆੜ ‘ਚ ਕੌਮੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ‘ਚ ਫਿਰਕੂ ਭੀੜਾਂ ਤੇ ਸ਼ਰਾਰਤੀ ਅਨਸਰਾਂ ਨੇ ਸਿੱਖਾਂ ਦਾ ਘਿਨਾਉਣਾ ਕਤਲੇਆਮ ਕੀਤਾ। ਇਹ ਐਸੀਆਂ ਦੁੱਖਦਾਈ ਘਟਨਾਵਾਂ ਹਨ, ਜਿਨ੍ਹਾਂ ਸਮੁੱਚੇ ਦੇਸ਼ ਦੀ ਰਾਜਨੀਤੀ ‘ਤੇ ਬਹੁਤ ਹੀ ਗੰਭੀਰ, ਸਦੀਵੀ ਅਸਰ ਪਾਇਆ ਹੈ।

ਅੱਜ-ਕੱਲ੍ਹ ਜਸਵੰਤ ਸਿੰਘ ਖਾਲੜਾ, ਜੋ ਆਪਣੀ ਜਾਨ ਖਤਰੇ ‘ਚ ਪਾ ਕੇ ਪੁਲਸ ਵੱਲੋਂ ਕੀਤੇ ਗਏ ਬੇਨਾਮੀ ਲਾਸ਼ਾਂ ਦੇ ਸਸਕਾਰ ਸਬੰਧੀ ਵੇਰਵੇ ਇਕੱਠੇ ਕਰ ਰਿਹਾ ਸੀ, ਦੇ ਜੀਵਨ ‘ਤੇ ਬਣਾਈ ਗਈ ਫਿਲਮ ‘ਸਤਲੁਜ’ ਬਾਰੇ ਗਹਿਗੱਚ ਬਹਿਸ ਛਿੜੀ ਹੋਈ ਹੈ। ਇਹ ਬਹਿਸ ਉਸ ਦੌਰ ‘ਚ ਕੀਤੇ ਗਏ ਮਾਨਵੀ ਅਧਿਕਾਰਾਂ ਦੇ ਘਾਣ ਜਾਂ ਪੁਲਸ ਵਧੀਕੀਆਂ ਤੋਂ ਪਰਦਾ ਚੁੱਕਣ ਦੇ ਆਸ਼ੇ ਤੋਂ ਭਟਕ ਕੇ ਸੰਕੀਰਨ ਸੋਚ ਅਧੀਨ ਕੀਤੀਆਂ ਜਾ ਰਹੀਆਂ ਫਿਰਕੂ ਟਿੱਪਣੀਆਂ ਤੱਕ ਸਿਮਟ ਕੇ ਰਹਿ ਗਈ ਹੈ । ਕੁਝ ਲੋਕ ਸਮੂਹ ਸਿੱਖਾਂ ਨੂੰ ਅੱਤਵਾਦੀ ਐਲਾਨ ਕੇ ਬੇਗੁਨਾਹ ਸਿੱਖਾਂ ਦੇ ਕਤਲਾਂ ਨੂੰ ਵੀ ਹੱਕੀ ਸਿੱਧ ਕਰੀ ਜਾ ਰਹੇ ਹਨ। ਦੂਜੇ ਪਾਸੇ ਇਸ ਨਾਲੋਂ ਪਾਟਵੇਂ ਵਿਚਾਰ ਰੱਖਣ ਵਾਲੇ ਕੁਝ ਲੋਕ ਉਕਤ ਸਾਰੇ ਸੰਤਾਪ ਲਈ ਕੇਵਲ ਸਰਕਾਰ ਤੇ ਪੁਲਸ ਨੂੰ ਹੀ ਦੋਸ਼ੀ ਠਹਿਰਾ ਰਹੇ ਹਨ। ਦੂਜੀ ਕਿਸਮ ਦੇ ਲੋਕ ਖਾਲਿਸਤਾਨ ਦੇ ਨਾਂਅ ‘ਤੇ ਹਥਿਆਰਬੰਦ ਘੋਲ ਲੜ ਰਹੇ ਨੌਜਵਾਨਾਂ ਵੱਲੋਂ ਕੀਤੇ ਗਏ ਬੇਦੋਸ਼ਿਆਂ ਦੇ ਘ੍ਰਿਣਤ ਕਤਲਾਂ ਤੇ ਹੋਰ ਗੁਨਾਹਾਂ ਤੋਂ ਉਨ੍ਹਾਂ ਨੂੰ ਸਾਫ ਬਰੀ ਕਰਨ ਲਈ ਸੌ-ਸੌ ਦਲੀਲਾਂ ਘੜਨ ‘ਚ ਮਸ਼ਰੂਫ ਹਨ। ਕੁਝ ਆਪੂੰ ਬਣੇ ਹਿੰਦੂ ਨੇਤਾ ਸਿੱਖ ਗੁਰੂ ਸਾਹਿਬਾਨ ਤੇ ਸਿੱਖਾਂ ਬਾਰੇ ਬੜੀਆਂ ਨਿੰਦਣਯੋਗ ਟਿੱਪਣੀਆਂ ਕਰਕੇ ਆਪਣੇ-ਆਪ ਨੂੰ ‘ਯੋਧੇ’ ਸਿੱਧ ਕਰਨ ‘ਚ ਫਖ਼ਰ ਮਹਿਸੂਸ ਕਰ ਰਹੇ ਹਨ। ਉਕਤ ਸਾਰਾ ਕੁਝ ਪੰਜਾਬ ਤੇ ਦੇਸ਼ ਦੇ ਮਹੌਲ ਨੂੰ ਮੁੜ 1984 ਦੇ ਸਮਿਆਂ ਵਰਗਾ ਬਣਾਉਣ ‘ਚ ਮਦਦਗਾਰ ਸਿੱਧ ਹੋ ਰਿਹਾ ਹੈ। ਯਾਦ ਰਹੇ ਉਦੋਂ ਬੇਲੋੜੀ ਹਿੰਸਾ ਨੇ ਹਜ਼ਾਰਾਂ ਬੇਗੁਨਾਹ ਮਰਦ-ਔਰਤਾਂ ਤੇ ਬੱਚਿਆਂ ਦੀਆਂ ਕੀਮਤੀ ਜਾਨਾਂ ਲਈਆਂ ਸਨ। ਕੀ ਅਸੀਂ ਪੰਜਾਬੀਆਂ ਨੇ ਕਦੀ ਹੇਠ ਲਿਖੇ ਕੁਝ ਸਵਾਲਾਂ ਦੇ ਕੋਈ ਵਾਜਬ ਉਤਰ ਤਲਾਸ਼ਣ ਦਾ ਯਤਨ ਕੀਤਾ ਹੈ ?

*ਭਾਰਤ ਅੰਦਰ ‘ਸਿੱਖਾਂ ਦੀ ਗੁਲਾਮੀ’ ਦਾ ਝੂਠਾ ਬਿਰਤਾਂਤ ਸਿਰਜ ਕੇ ‘ਆਜ਼ਾਦੀ’ ਹਾਸਲ ਕਰਨ ਦੀ ਬੇਤੁਕੀ, ਗੈਰ-ਵਾਜਬ ਤੇ ਅਸੰਭਵ ਮੰਗ ਉਭਾਰੀ ਜਾਂਦੀ ਹੈ। ਜਦਕਿ ਸਿੱਖ ਭਾਈਚਾਰੇ ਨੂੰ ਭਾਰਤ ਅੰਦਰ ਹਮੇਸ਼ਾ ਇਕ ਅਤਿ ਸਨਮਾਨਯੋਗ ਧਾਰਮਿਕ ਘੱਟ ਗਿਣਤੀ ਸਮਝਿਆ ਜਾਂਦਾ ਹੈ। ਸਿੱਖ ਅਨੇਕਾਂ ਸਰਵ-ਉਚ ਪਦਾਂ ‘ਤੇ ਬਿਰਾਜਮਾਨ ਰਹੇ ਹਨ।

*ਕੀ ਨਿਰੰਕਾਰੀਆਂ ਨਾਲ ਪੈਦਾ ਕੀਤੇ ਬੇਲੋੜੇ ਜਜ਼ਬਾਤੀ ਵਿਵਾਦ ਤੇ ਟਕਰਾਅ ‘ਚੋਂ ਹਿੰਸਾ ਭੜਕਣ ਤੋਂ ਇਲਾਵਾ ਵੀ ਕੋਈ ਸਾਰਥਿਕ ਸਿੱਟਾ ਨਿਕਲਿਆ ਹੈ?

See Also

*ਕੀ ਸ਼੍ਰੋਮਣੀ ਅਕਾਲੀ (ਬਾਦਲ), ਦੂਜੇ ਅਕਾਲੀ ਧੜੇ, ਸਿੱਖ ਸੰਸਥਾਵਾਂ ਤੇ ਸਤਿਕਾਰਤ ਸਿੱਖ ਬੁੱਧੀਜੀਵੀਆਂ ਨੇ ਆਪਣੇ ਵਿਵੇਕ ਤੋਂ ਕੰਮ ਲੈਂਦੇ ਹੋਏ ਖਾਲਿਸਤਾਨ ਦੀ ਮੰਗ ਨੂੰ ਬੇਲੋੜੀ ਦੱਸਣ ਤੋਂ ਟਾਲਾ ਨਹੀਂ ਸੀ ਵੱਟੀ ਰੱਖਿਆ ? ਉਨ੍ਹਾਂ ਇਸ ਮੰਗ ਦਾ ਸਿੱਧਾ ਤੇ ਲੁਕਵਾਂ ਪ੍ਰਚਾਰ ਕਰਨ ਵਾਲਿਆਂ ਤੋਂ ਸਿੱਖ ਸੰਗਤ ਨੂੰ ਸੁਚੇਤ ਕਿਉਂ ਨਾ ਕੀਤਾ?

*ਕੀ ਪੰਜਾਬ ਦੀ ਹਿੰਦੂ ਵੱਸੋਂ ਨੇ ਸਵੈ-ਮੰਥਨ ਕਰਕੇ ਹਿੰਦੂ-ਸਿੱਖਾਂ ਵਿਚਕਾਰ ਨਫ਼ਰਤ ਦੀ ਕੰਧ ਖੜ੍ਹੀ ਕਰਨ ਲਈ ਸਿੱਖਾਂ ਖਿਲਾਫ ਝੂਠਾ, ਨਫਰਤੀ ਪ੍ਰਚਾਰ ਕਰਨ ਵਾਲੇ ਸ਼ਰਾਰਤੀ, ਸਮਾਜੀ ਵਿਰੋਧੀ ਤੱਤਾਂ ਅਤੇ ਸਰਕਾਰੀ ਏਜੰਸੀਆਂ ਦੇ ਹੱਥਠੋਕਿਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਆਮ ਲੋਕਾਂ ‘ਚੋਂ ਨਿਖੇੜਿਆ ? ਉਲਟਾ ਕਿਤੇ ਉਨ੍ਹਾਂ ਨੂੰ ਹੱਲਾਸ਼ੇਰੀ ਤਾਂ ਨਹੀਂ ਦਿੱਤੀ ?

  • ਕੀ ਸਰਕਾਰੀ ਏਜੰਸੀਆਂ, ਪੁਲਸ ਤੇ ਅਰਧ ਸੈਨਿਕ ਬਲਾਂ ਵੱਲੋਂ ਆਪਣੇ ਫਰਜ਼ ਨਿਭਾਉਂਦਿਆਂ ਕਿਸੇ ਵੀ ਦੋਸ਼ੀ ਨੂੰ ਆਪਣੀ ਸੁਵਿਧਾ ਅਨੁਸਾਰ ਗੈਰ- ਸੰਵਿਧਾਨਕ ਢੰਗਾਂ ਰਾਹੀਂ ਮਾਰਨਾ ਹੱਕ ਵਜਾਨਬ ਹੈ ?
  • ਖਾਲਿਸਤਾਨ ਵਿਰੁੱਧ ਦੇਸ਼ ਭਗਤਕ ਯੁੱਧ ‘ਚ ਸਮੂਹ ਪੰਜਾਬੀਆਂ ਦੀ ਜਾਨ-ਮਾਲ ਦੀ ਰਾਖੀ, ਫਿਰਕੂ ਸਦਭਾਵਨਾ ਦੀ ਮਜ਼ਬੂਤੀ ਅਤੇ ਧਰਮ ਅਧਾਰਤ ਦੇਸ਼ ਕਾਇਮ ਕਰਨ ਦੀ ਖਤਰਨਾਕ ਮੰਗ ਦਾ ਬਾਦਲੀਲ ਸਿਧਾਂਤਕ ਵਿਰੋਧ ਕਰਦਿਆਂ ਕਮਿਊਨਿਸਟਾਂ, ਅਗਾਂਹਵਧੂ ਲਹਿਰ ਤੇ ਲੋਕ ਪੱਖੀ ਬੁੱਧੀਜੀਵੀਆਂ ਨੇ ਆਪਣੀਆਂ ਜਾਨਾਂ ਵਾਰੀਆਂ ਹਨ। ਇਹ ਦਲੇਰਾਨਾ ਕਾਰਨਾਮਾ ਮਾਨਵ ਇਤਿਹਾਸ ‘ਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਐਪਰ ਖਾਲਿਸਤਾਨੀ ਲਹਿਰ ਦੀ ਚੜ੍ਹਤ ਦੇ ਸਮੇਂ ਕਈ ਵਾਰ ਕੁਝ ਇਕ ਸਾਥੀਆਂ ਵੱਲੋਂ ਕੀਤੀ ਇਕ ਪਾਸੜ ਬਿਆਨਬਾਜ਼ੀ ਅਤੇ ਕਈ ਮੌਕਿਆਂ ‘ਤੇ ਸਰਕਾਰੀ ਜਬਰ ਨੂੰ ਅੱਖੋਂ ਪਰੋਖੇ ਕਰਕੇ ਹਾਕਮ ਧਿਰ ਦਾ ਪੱਖ ਪੂਰਨਾ ਗੈਰ-ਕਮਿਊਨਿਸਟ ਵਿਹਾਰ ਤੇ ਬੱਜਰ ਗਲਤੀ ਨਹੀਂ ਸੀ ? ਭਾਵੇਂ ਕੁਝ ਲੋਕਾਂ ਤੇ ਦਲਾਂ ਨੇ ਆਪਣੇ ਇਸ ਭਟਕਾਅ ਨੂੰ ਜਨਤਕ ਮੰਚਾਂ ਤੋਂ ਸਵੀਕਾਰਿਆ ਹੈ, ਪ੍ਰੰਤੂ ਸਮੁੱਚੀ ਕਮਿਊਨਿਸਟ ਲਹਿਰ ਦੇ ਵੱਡੇ ਹਿੱਸੇ ਨੇ ਅਜੇ ਤੱਕ ਵੀ ਇਹ ਭੁੱਲ ਸਵੀਕਾਰ ਨਹੀਂ ਕੀਤੀ, ਸੁਧਾਈ ਕਰਨੀ ਤਾਂ ਦੂਰ ਦੀ ਗੱਲ ਹੈ!
  • ਅਕਾਲੀ ਦਲ ਨੇ ਆਰ ਐੱਸ ਐੱਸ ਦੀ ਰਾਜਸੀ ਸ਼ਾਖਾ ਭਾਜਪਾ ਨਾਲ ਗਠਜੋੜ ਕਰਕੇ ਅਤੇ ਆਪਣੀ ਇਸ ਮੌਕਾਪ੍ਰਸਤੀ ਨੂੰ ਹਿੰਦੂ-ਸਿੱਖ ਏਕਤਾ ਦਾ ਨਾਂਅ ਦੇ ਕੇ ਸਾਂਝੀਆਂ ਸਰਕਾਰਾਂ ਬਣਾਉਣ ਰਾਹੀਂ ਆਰ ਐੱਸ ਐੱਸ ਨੂੰ ਪੰਜਾਬ ਦੀ ਧਰਤੀ ‘ਤੇ ਪੈਰ ਪਸਾਰਨ ਦਾ ਮੌਕਾ ਦਿੱਤਾ ਹੈ। ਕੀ ਅਕਾਲੀ ਲੀਡਰਸ਼ਿਪ ਨੇ ਕਦੀ ਆਪਣੀ ਇਸ ਬੱਜਰ ਗਲਤੀ ਨੂੰ ਸਵੀਕਾਰ ਕੀਤਾ ਹੈ? ਅਫਸੋਸ, ਅਕਾਲੀ ਦਲ (ਬਾਦਲ) ਸਮੇਤ ਸਾਰੇ ਅਕਾਲੀ ਧੜੇ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਅੱਜ ਵੀ ਭਾਜਪਾ ਨਾਲ ਚੋਣ ਸਮਝੌਤਾ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਜਦੋਂ ਕਿ ਸੱਤਾਧਾਰੀ ਆਰ.ਐਸ.ਐਸ. ਦਾ ਥਾਪੜਾ ਹਾਸਲ ਮੋਦੀ ਸਰਕਾਰ ਦੇਸ਼ ਦੇ ਧਰਮ ਨਿਰਪੱਖ, ਜਮਹੂਰੀ ਤੇ ਸੰਘਾਤਮਕ ਢਾਂਚੇ ਨੂੰ ਤੋੜ ਕੇ ਇੱਥੇ ਇਕ ਗੈਰ-ਲੋਕਰਾਜੀ, ਧਰਮ ਅਧਾਰਤ ਢਾਂਚਾ ਉਸਾਰਨਾ ਚਾਹੁੰਦੀ ਹੈ।
  • ਕੀ ਅਸੀਂ ਪੰਜਾਬੀ, ਅੱਜ ਵੀ ਪ੍ਰਾਂਤ ਦੇ ਹਾਲਾਤ ਵਿਗਾੜਨ ਲਈ ਸਰਕਾਰੀ ਏਜੰਸੀਆਂ ਤੇ ਦੇਸ਼ ਦੇ ਦੁਸ਼ਮਣ ਸਾਮਰਾਜੀਆਂ ਦੀਆਂ ਖਤਰਨਾਕ ਚਾਲਾਂ ਤੋਂ ਸੁਚੇਤ ਹਾਂ ? ਜੇਕਰ ਅਸੀਂ ਉਪਰੋਕਤ ਸਵਾਲਾਂ ਦਾ ਮੁਲਾਂਕਣ ਸਮੇਂ ਸਿਰ ਕੀਤਾ ਹੁੰਦਾ ਤਾਂ ਪੰਜਾਬ ਡੂੰਘੇ ਦੁਖਾਂਤ ‘ਚ ਘਿਰ ਕੇ ਅੱਜ ਜਿਸ ਬੇਬਸੀ ਤੇ ਬੇਭਰੋਸਗੀ ਦਾ ਡੰਗ ਝੱਲ ਰਿਹਾ ਹੈ, ਸ਼ਾਇਦ ਉਹ ਨਾ ਝੱਲਣਾ ਪੈਂਦਾ। ਇਨ੍ਹਾਂ ਮੁੱਦਿਆਂ ਬਾਰੇ ਵਿਚਾਰਾਂ ਕਰਕੇ ਅੱਜ ਵੀ ਕੋਈ ਸਵੱਲਾ ਰਾਹ ਲੱਭਿਆ ਜਾ ਸਕਦਾ ਹੈ। ਉਹ ਰਾਹ, ਜਿਸ ਦੀ ਦੇਸ਼ ਅਤੇ ਪੰਜਾਬ ਨੂੰ ਅੱਜ ਸਖ਼ਤ ਲੋੜ ਹੈ।

ਅੱਜ, ਜਦੋਂ ਦੇਸ਼ ਦੀ ਸੱਤਾ ‘ਤੇ ਆਪਣੀ ਸਿਆਸੀ ਕਠਪੁਤਲੀ ਭਾਜਪਾ ਰਾਹੀਂ ਆਰ ਐੱਸ ਐੱਸ ਕਾਬਜ਼ ਹੋ ਚੁੱਕਾ ਹੈ। ਆਰ ਐੱਸ ਐੱਸ, ਜੋ ਦੇਸ਼ ਦੇ ਲੋਕਰਾਜੀ, ਧਰਮ ਨਿਰਪੱਖ ਤੇ ਸੰਘਾਤਮਕ ਢਾਂਚੇ ਅਤੇ ਭਾਰਤੀ ਸੰਵਿਧਾਨ ਤੇ ਇਸ ‘ਚ ਦਰਜ ਬਰਾਬਰੀ ਦੀ ਪੈਰਵੀ ਕਰਦੀਆਂ ਜਾਤ-ਪਾਤ ਵਿਰੋਧੀ ਧਾਰਾਵਾਂ ਨੂੰ ਸਿਰੇ ਤੋਂ ਖਾਰਜ ਕਰਨ ਲਈ ਪੱਬਾਂ ਭਾਰ ਹੈ। ਇਹ ਦੇਸ਼ ਅੰਦਰ ਧਰਮ ਅਧਾਰਤ ਗੈਰ ਲੋਕਰਾਜੀ ‘ਹਿੰਦੂਤਵੀ-ਮੰਨੂਵਾਦੀ ਰਾਜ’ ਸਥਾਪਤ ਕਰਨਾ ਚਾਹੁੰਦਾ ਹੈ।

ਧਾਰਮਿਕ ਘੱਟ ਗਿਣਤੀਆਂ ਨੂੰ ਦੇਸ਼ ਬਦਰ ਕਰਨਾ ਜਾਂ ਥੱਲੇ ਲਾਉਣਾ, ਬਹੁਜਨ ਸਮਾਜ ਤੇ ਔਰਤਾਂ ਨੂੰ ਗੁਲਾਮ ਬਣਾਉਣਾ ਅਤੇ ਅਗਾਂਹਵਧੂ ਵਿਚਾਰ-ਸੋਚ ਦਾ ਖਾਤਮਾ ਕਰਨਾ ਆਰ ਐੱਸ ਐੱਸ ਦੀ ਅਗਵਾਈ ਵਾਲੇ ਫਿਰਕੂ-ਫਾਸ਼ੀ, ਤਾਨਾਸ਼ਾਹ ਰਾਜ ਪ੍ਰਬੰਧ ਦਾ ਅਗਲੇਰਾ ਮਕਸਦ ਹੈ। ਇਸ ਹਾਲਾਤ ‘ਚ ਸਮੁੱਚੇ ਦੇਸ਼ ਵਾਸੀਆਂ, ਖਾਸ ਕਰਕੇ ਧਾਰਮਿਕ ਘੱਟ ਗਿਣਤੀਆਂ ਨੂੰ ਬੜੀ ਸਾਵਧਾਨੀ ਤੇ ਸਿਆਣਪ ਤੋਂ ਕੰਮ ਲੈਣਾ ਹੋਵੇਗਾ। ਇਸ ਲਈ ਸਮੁੱਚੇ ਦੇਸ਼ ਵਾਸੀਆਂ, ਵਿਸ਼ੇਸ਼ ਕਰਕੇ ਸਿੱਖਾਂ ਦੀ ਇਹ ਪਰਮ ਪਵਿੱਤਰ ਜ਼ਿੰਮਵਾਰੀ ਹੈ ਕਿ ਉਹ ਸਿੱਖ ਗੁਰੂ ਸਾਹਿਬਾਨ ਵੱਲੋਂ ਰਚੀ ਬਾਣੀ ਤੇ ਹੋਰ ਇਨਕਲਾਬੀ ਯੋਧਿਆਂ ਦੀ ਵਿਚਾਰਧਾਰਾ ਨੂੰ ਅਪਣਾਉਂਦੇ ਹੋਏ ਆਰ ਐੱਸ ਐੱਸ ਦੀਆਂ ਘਾਤਕ ਫਿਰਕੂ-ਫਾਸ਼ੀ ਚਾਲਾਂ ਨੂੰ ਅਸਫਲ ਬਣਾਉਣ ਤੇ ਸੰਘੀਆਂ ਵਲੋਂ ਪੰਜਾਬ ਦੀ ਸੱਤਾ ‘ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਭਾਂਜ ਦੇਣ। ਇੰਝ ਕਰਕੇ ਹੀ ਸਮੂਹ ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਤੇ ਰਾਜਾਂ ਦੇ ਅਧਿਕਾਰਾਂ ਦਾ ਬਚਾਅ ਕੀਤਾ ਜਾ ਸਕੇਗਾ। ਅੱਗੋਂ ਸਮੂਹ ਪੰਜਾਬੀ ਮੌਜੂਦਾ ਲੁਟੇਰੇ ਰਾਜ-ਪ੍ਰਬੰਧ ਦਾ ਖਾਤਮਾ ਕਰਕੇ ਸਾਂਝੀਵਾਲਤਾ ਤੇ ਬਰਾਬਰੀ ਦੇ ਅਸੂਲਾਂ ‘ਤੇ ਆਧਾਰਤ ਭਾਈ ਲਾਲੋਆਂ ਦੇ ਹਿੱਤਾਂ ਦੀ ਰਾਖੀ ਦੀ ਮੁਕੰਮਲ ਗਰੰਟੀ ਕਰਦਾ ਸਮਾਜ ਸਿਰਜਣ ਦੀ ਲਹਿਰ ਦੀ ਸੁਯੋਗ ਅਗਵਾਈ ਕਰ ਸਕਦੇ ਹਨ।

Scroll To Top